ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਦੁਖੀ ਦੇਸ਼, ਫਿਨਲੈਂਡ ਸਭ ਤੋਂ ਖੁਸ਼, ਜਾਣੋ ਭਾਰਤ ਕਿਹੜੇ ਨੰਬਰ 'ਤੇ- ਪ੍ਰੈੱਸ ਰਿਵੀਊ

ਤਸਵੀਰ ਸਰੋਤ, ELISE BLANCHARD/AFP VIA GETTY IMAGES
ਇੱਕ ਸਰਵੇਖਣ ਅਨੁਸਾਰ, ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਦੁਖੀ ਦੇਸ਼ ਹੈ ਤੇ ਅਜਿਹਾ ਲੰਘੇ ਸਾਲ ਅਗਸਤ ਵਿੱਚ ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਸੀ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਐਤਵਾਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਵਿਸ਼ਵ ਖੁਸ਼ੀ ਰਿਪੋਰਟ ਦੇ ਅਨੁਸਾਰ, ਅਫਗਾਨਿਸਤਾਨ ਨੂੰ ਸਰਵੇਖਣ ਕੀਤੇ ਗਏ 149 ਦੇਸ਼ਾਂ ਵਿੱਚੋਂ ਆਖਰੀ ਸਥਾਨ 'ਤੇ ਰੱਖਿਆ ਗਿਆ ਹੈ, ਜਿੱਥੇ ਖੁਸ਼ੀ ਦੀ ਦਰ ਸਿਰਫ 2.5 ਹੈ।
ਇਸੇ ਤਰ੍ਹਾਂ ਲੇਬਨਾਨ ਦੁਨੀਆ ਦਾ ਦੂਜਾ ਸਭ ਤੋਂ ਦੁਖੀ ਦੇਸ਼ ਹੈ। ਜਦਕਿ 3.7 ਖੁਸ਼ੀ ਦੀ ਦਰ ਦੇ ਸਕੋਰ ਨਾਲ ਭਾਰਤ 136ਵੇਂ ਸਥਾਨ 'ਤੇ ਹੈ।
7.8 ਸਕੋਰ ਦੇ ਨਾਲ ਫਿਨਲੈਂਡ ਲਗਾਤਾਰ ਚੌਥੇ ਸਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਡੈਨਮਾਰਕ ਅਤੇ ਸਵਿਟਜ਼ਰਲੈਂਡ ਹਨ ਤੇ ਆਈਸਲੈਂਡ ਅਤੇ ਨੀਦਰਲੈਂਡ ਵੀ ਸਿਖਰਲੇ ਪੰਜ ਦੇਸ਼ਾਂ ਵਿੱਚ ਸ਼ਾਮਲ ਹਨ।
ਅਧਿਐਨਕਰਤਾਵਾਂ ਨੇ ਤਿੰਨ ਸਾਲਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਦੇਸ਼ਾਂ ਨੂੰ ਇਹ ਦਰਜੇ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ, ਸਮਾਜਿਕ ਸੁਰੱਖਿਆ, ਜੀਵਨ ਸੰਭਾਵਨਾ, ਜੀਵਨ ਸਬੰਧੀ ਫੈਸਲੇ ਲੈਣ ਦੀ ਆਜ਼ਾਦੀ, ਆਬਾਦੀ ਦੀ ਉਦਾਰਤਾ ਅਤੇ ਅੰਦਰੂਨੀ ਤੇ ਬਾਹਰੀ ਭ੍ਰਿਸ਼ਟਾਚਾਰ ਦੇ ਪੱਧਰਾਂ ਸਮੇਤ ਕਈ ਸ਼੍ਰੇਣੀਆਂ ਨੂੰ ਦੇਖਿਆ ਹੈ।
ਇਹ ਵੀ ਪੜ੍ਹੋ:
ਜਾਪਾਨ ਦੇ ਪ੍ਰਧਾਨ ਮੰਤਰੀ ਨੇ ਪੁਤਿਨ ਨੂੰ ਮਨਾਉਣ ਲਈ ਮੋਦੀ ਵੱਲੋਂ ਕੀਤੀ ਦਖਲ ਦੀ ਮੰਗ
ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ ਹੋਈ ਸਿਖਰ ਵਾਰਤਾ ਦੇ ਏਜੰਡੇ ਵਿੱਚ ਯੂਕਰੇਨ ਅਤੇ ਚੀਨ ਦਾ ਮੁੱਦਾ ਅਹਿਮ ਰਿਹਾ।
ਦੋਵਾਂ ਦੇਸ਼ਾਂ ਨੇ ਪੰਜ ਸਾਲਾਂ ਵਿੱਚ ਭਾਰਤ ਵਿੱਚ ਜਾਪਾਨ ਦੁਆਰਾ 42 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਵੀ ਕੀਤਾ।
ਜਾਪਾਨੀ ਬੁਲਾਰੇ ਦੇ ਅਨੁਸਾਰ ਵਲਾਦੀਮੀਰ ਪੁਤਿਨ ਨੂੰ "ਮੁਕਤ ਅਤੇ ਖੁੱਲ੍ਹੀ ਅੰਤਰਰਾਸ਼ਟਰੀ ਵਿਵਸਥਾ" ਨੂੰ ਕਾਇਮ ਰੱਖਣ ਲਈ ਮਨਾਉਣ ਲਈ ਕਿਸ਼ਿਦਾ ਨੇ ਮੋਦੀ ਤੋਂ ਸਹਿਯੋਗ ਦੀ ਮੰਗ ਕੀਤੀ।

ਤਸਵੀਰ ਸਰੋਤ, Twitter/MEA
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਯੂਕਰੇਨ ਦਾ ਜ਼ਿਕਰ ਨਹੀਂ ਕੀਤਾ, ਕਿਸ਼ੀਦਾ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ ਕਿਹਾ ਸੀ ਕਿ ਕਿਸੇ ਵੀ ਥਾਂ 'ਤੇ ਵਰਤਮਾਨ ਸਥਿਤੀ ਨੂੰ ਇੱਕਪੱਖੀ ਰੂਪ ਦੇਣ ਦੀ ਕਿਸੇ ਵੀ ਕੋਸ਼ਿਸ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਜਾਪਾਨ ਨੇ ਦਾਅਵਾ ਕੀਤਾ ਕਿ ਇਸ ਮੁੱਦੇ 'ਤੇ ਭਾਰਤ ਨਾਲ ਸਮਝੌਤਾ ਹੋਇਆ ਹੈ ਹਾਲਾਂਕਿ ਕਿਸੇ ਭਾਰਤੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਭਾਰਤ ਅਤੇ ਜਾਪਾਨ ਨੇ ਸਾਂਝੇ ਬਿਆਨ 'ਚ ਰੂਸ ਅਤੇ ਯੂਕਰੇਨ ਦਾ ਨਾਮ ਲਏ ਬਿਨਾਂ, ਅੰਤਰਰਾਸ਼ਟਰੀ ਕਾਨੂੰਨ ਦੀ ਮਹੱਤਤਾ ਅਤੇ ਕਿਸੇ ਤਾਕਤ ਦੀ ਵਰਤੋਂ ਕੀਤੇ ਬਿਨਾਂ ਵਿਵਾਦਾਂ ਨੂੰ ਸੁਲਝਾਉਣ ਦੀ ਜ਼ਰੂਰਤ ਦੀ ਗੱਲ ਕੀਤੀ।
ਯੂਕਰੇਨ 'ਚ ਮਾਰੇ ਗਏ ਵਿਦਿਆਰਥੀ ਦੇ ਪਿਤਾ ਬੋਲੇ, ਖੋਜ ਲਈ ਦਾਨ ਦੇਵਾਂਗੇ ਪੁੱਤਰ ਦੀ ਮ੍ਰਿਤਕ ਦੇਹ
ਯੂਕਰੇਨ ਦੇ ਖਾਰਕਿਵ ਸ਼ਹਿਰ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਕਰੱਪਾ ਗਿਆਨਗੌਦਰ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਅਧਿਐਨ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ।

ਤਸਵੀਰ ਸਰੋਤ, TWITTER/DIVYASPANDANA
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਨਵੀਨ ਦੇ ਪਿਤਾ ਸ਼ੰਕਰੱਪਾ ਨੇ ਸ਼ਨੀਵਾਰ ਨੂੰ ਦੱਸਿਆ, "ਮੇਰਾ ਬੇਟਾ ਮੈਡੀਕਲ ਦੇ ਖੇਤਰ ਵਿੱਚ ਕੁਝ ਹਾਸਲ ਕਰਨਾ ਚਾਹੁੰਦਾ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਘੱਟੋ-ਘੱਟ ਉਸ ਦੇ ਸਰੀਰ ਦੀ ਵਰਤੋਂ ਹੋਰ ਮੈਡੀਕਲ ਵਿਦਿਆਰਥੀ ਪੜ੍ਹਾਈ ਲਈ ਕਰ ਸਕਦੇ ਹਨ। ਇਸ ਲਈ ਅਸੀਂ ਫੈਸਲਾ ਕੀਤਾ ਕਿ ਉਸ ਦਾ ਸਰੀਰ ਮੈਡੀਕਲ ਅਧਿਐਨ ਲਈ ਡੋਨੇਟ ਕਰਾਂਗੇ।''
ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਸਪੱਸ਼ਟ ਕੀਤਾ ਕਿ ਰੂਸ-ਯੂਕਰੇਨ ਜੰਗ 'ਚ ਗੋਲੀਬਾਰੀ ਦੌਰਾਨ ਮਾਰੇ ਗਏ ਨਵੀਨ ਦੀ ਦੇਹ ਸੋਮਵਾਰ ਨੂੰ ਸਵੇਰੇ 3 ਵਜੇ ਬੈਂਗਲੁਰੂ ਹਵਾਈ ਅੱਡੇ 'ਤੇ ਪਹੁੰਚੇਗੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












