ਆਸਟਰੇਲੀਆ ਦਾ 'ਲਾਟਰੀ' ਵੀਜ਼ਾ ਕੀ ਹੈ, ਜਿਸ ਨੂੰ ਅਪਲਾਈ ਕਰਨ ਲਈ '7 ਬੈਂਡ' ਦੀ ਲੋੜ ਨਹੀਂ ਹੈ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਆਸਟਰੇਲੀਆ ਸਰਕਾਰ ਨੇ ਇੱਕ ਵਾਰ ਫਿਰ ਨੌਜਵਾਨਾਂ ਲਈ 'ਲਾਟਰੀ' ਵੀਜ਼ਾ ਯਾਨੀ ਵਰਕ ਐਂਡ ਹੌਲੀਡੇਅ ਵੀਜ਼ਾ ਦਾ ਐਲਾਨ ਕੀਤਾ ਹੈ।
ਇਸ ਰਾਹੀਂ ਨੌਜਵਾਨ ਉੱਥੇ ਘੁੰਮਣ ਜਾਣ ਦੇ ਨਾਲ-ਨਾਲ ਕੰਮ ਵੀ ਕਰ ਸਕਣਗੇ। ਇਸ ਵੀਜ਼ਾ ਤਹਿਤ ਆਸਟਰੇਲੀਆ ਜਾਣ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਲਈ ਹਰ ਕੋਈ ਅਪਲਾਈ ਨਹੀਂ ਕਰ ਸਕਦਾ ਕਿਉਂਕਿ ਇਸ ਵੀਜ਼ਾ ਲਈ ਕੁਝ ਸ਼ਰਤਾਂ ਹਨ।ਇਹ ਆਸਟਰੇਲੀਆ ਦਾ 'ਲਾਟਰੀ' ਵੀਜ਼ਾ ਕੀ ਹੈ, ਇਸ ਲਈ ਕੌਣ-ਕੌਣ ਅਪਲਾਈ ਕਰ ਸਕਦਾ ਹੈ, ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ ਤੇ ਕਿੰਨੀ ਫੀਸ ਲੱਗੇਗੀ, ਇਨ੍ਹਾਂ ਸਾਰੇ ਸਵਾਲਾਂ ਬਾਰੇ ਇਸ ਰਿਪੋਰਟ ਵਿੱਚ ਜਾਣਦੇ ਹਾਂ।
ਆਸਟਰੇਲੀਆ ਦਾ 'ਲਾਟਰੀ' ਵੀਜ਼ਾ ਕੀ ਹੈ?

ਤਸਵੀਰ ਸਰੋਤ, Getty Images
ਆਸਟਰੇਲੀਆ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਆਸਟਰੇਲੀਆਈ ਸਰਕਾਰ ਨੇ ਜ਼ਿਆਦਾ ਮੰਗ ਵਾਲੇ ਦੇਸ਼ ਭਾਰਤ, ਚੀਨ ਤੇ ਵੀਅਤਨਾਮ ਲਈ 'ਵਰਕ ਐਂਡ ਹੌਲੀਡੇਅ' (ਸਬਕਲਾਸ 462) ਵੀਜ਼ਾ ਦੀ ਪ੍ਰੀ-ਐਪਲੀਕੇਸ਼ਨ (ਬੈਲੇਟ) ਪ੍ਰਕਿਰਿਆ ਸ਼ੁਰੂ ਕੀਤੀ ਹੈ।
ਆਸਟ੍ਰੇਲੀਆ ਸਰਕਾਰ ਦੀ ਇਹ ਬੈਲਟ (ਲਾਟਰੀ) ਪ੍ਰਣਾਲੀ ਮੁਤਾਬਕ ਇਹ ਇੱਕ ਨਿਰਪੱਖ, ਸਰਲ ਅਤੇ ਪਾਰਦਰਸ਼ੀ ਤਰੀਕਾ ਹੈ, ਜਿਸ ਰਾਹੀਂ ਉਨ੍ਹਾਂ ਸਾਥੀ ਦੇਸ਼ਾਂ ਦੇ ਬਿਨੈਕਾਰਾਂ ਦੀ ਚੋਣ ਬੇਤਰਤੀਬ ਤਰੀਕੇ ਨਾਲ (ਰੈਂਡਮਲੀ) ਕੀਤੀ ਜਾਂਦੀ ਹੈ, ਜਿੱਥੇ ਵੀਜ਼ਾ ਦੀ ਮੰਗ ਉਪਲਬਧ ਸੀਟਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ।
ਪ੍ਰੋਗਰਾਮ ਸਾਲ 2024 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ 2026-2027 ਲਈ ਵੀਜ਼ਾ ਬੈਲਟ ਪ੍ਰਕਿਰਿਆ ਵਾਸਤੇ ਭਾਰਤ, ਚੀਨ ਅਤੇ ਵੀਅਤਨਾਮ ਦੀਆਂ ਰਜਿਸਟ੍ਰੇਸ਼ਨਾਂ ਵੀਰਵਾਰ 4 ਜੂਨ 2026 ਤੋਂ ਵੀਰਵਾਰ 25 ਜੂਨ 2026 ਤੱਕ 3 ਹਫ਼ਤਿਆਂ ਲਈ ਖੁੱਲ੍ਹੀਆਂ ਰਹਿਣਗੀਆਂ।
ਆਸਟਰੇਲੀਆ ਦੇ ਗ੍ਰਹਿ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਉਹ ਪ੍ਰੋਗਰਾਮ ਦੇ ਪੂਰੇ ਸਾਲ ਦੌਰਾਨ ਹੋਰ ਰੈਂਡਮ ਚੋਣਾਂ ਵੀ ਕਰਦੇ ਰਹਿਣਗੇ।

ਇਮੀਗ੍ਰੇਸ਼ਨ ਮਾਹਰ ਨਵਜੋਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵੀਜ਼ਾ ਲਈ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੋਵੇਗਾ ਉਨ੍ਹਾਂ ਵਿੱਚੋਂ ਜਿਸ ਦੀ ਚੋਣ ਹੋਵੇਗੀ ਆਸਟਰੇਲੀਆ ਸਰਕਾਰ ਵੱਲੋਂ ਸਿਰਫ ਉਸ ਨੂੰ ਹੀ ਈ-ਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ ਅਤੇ ਜਿਸਦੀ ਚੋਣ ਨਹੀਂ ਹੋਵੇਗੀ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।
ਨਵਜੋਤ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਆਸਟਰੇਲੀਆ ਸਰਕਾਰ ਵੱਲੋਂ 2024 ਵਿੱਚ ਸ਼ੁਰੂ ਕੀਤਾ ਗਿਆ ਸੀ।
ਨਵੀਂ ਦਿੱਲੀ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨ ਨੇ 2024 ਵਿੱਚ ਭਾਰਤ ਨਾਲ ਇਹ ਪ੍ਰੋਗਰਾਮ ਸ਼ੁਰੂ ਕਰਨ ਸਬੰਧੀ ਵੈੱਬਸਾਈਟ ਉਪਰ ਜਾਣਕਾਰੀ ਸਾਂਝੀ ਕੀਤੀ ਹੋਈ ਹੈ।
ਆਸਟਰੇਲੀਆ ਹਾਈ ਕਮਿਸ਼ਨ ਮੁਤਾਬਕ, "ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 16 ਸਤੰਬਰ 2024 ਨੂੰ ਭਾਰਤ ਅਧਿਕਾਰਤ ਤੌਰ 'ਤੇ 'ਵਰਕਿੰਗ ਹੌਲੀਡੇਅ ਮੇਕਰ' ਵੀਜ਼ਾ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਿਆ ਸੀ। ਇਹ ਭਾਈਵਾਲੀ 'ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ' ਦੇ ਤਹਿਤ ਕੀਤੀ ਗਈ ਸੀ।
ਇਹ ਵੀ ਦੱਸਿਆ ਗਿਆ ਹੈ ਕਿ ਹਰ ਪ੍ਰੋਗਰਾਮ ਸਾਲ ਵਿੱਚ ਆਸਟ੍ਰੇਲੀਆ 18 ਤੋਂ 30 ਸਾਲ ਦੀ ਉਮਰ ਦੇ ਵੱਧ ਤੋਂ ਵੱਧ 1,000 ਯੋਗ ਭਾਰਤੀ ਨਾਗਰਿਕਾਂ ਨੂੰ ਪਹਿਲਾ 'ਵਰਕ ਐਂਡ ਹੌਲੀਡੇਅ' (ਸਬਕਲਾਸ 462) ਵੀਜ਼ਾ ਦੇ ਸਕਦਾ ਹੈ।
ਕੌਣ-ਕੌਣ ਅਪਲਾਈ ਕਰ ਸਕਦਾ ਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ?

ਤਸਵੀਰ ਸਰੋਤ, Getty Images
ਆਸਟਰੇਲੀਆ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ 'ਤੇ ਇਸ ਪ੍ਰੋਗਰਾਮ ਸਬੰਧੀ ਜਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਰਜਿਸਟ੍ਰੇਸ਼ਨ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
- ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਨ ਵੇਲੇ ਬਿਨੈਕਾਰ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਬੈਲਟ (ਲਾਟਰੀ) ਵਿੱਚ ਹਿੱਸਾ ਲੈਣ ਵਾਲੇ ਯੋਗ ਦੇਸ਼ਾਂ ਦੁਆਰਾ ਜਾਰੀ ਕੀਤਾ ਗਿਆ ਇੱਕ ਜਾਇਜ਼ ਪਾਸਪੋਰਟ ਹੋਣਾ ਚਾਹੀਦਾ ਹੈ।
- ਇੱਕ ਜਾਇਜ਼ ਰਾਸ਼ਟਰੀ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਭਾਰਤੀ ਪਾਸਪੋਰਟ ਹੋਲਡਰਾਂ ਲਈ ਪੈਨ ਕਾਰਡ ਦੀ ਜ਼ਰੂਰਤ ਹੋਵੇਗੀ।
- ਇੱਕ ਚਾਲੂ ਈਮੇਲ ਪਤਾ ਹੋਣਾ ਜ਼ਰੂਰੀ ਹੈ।
- ਇਸ ਪੂਰੀ ਪ੍ਰਕਿਰਿਆ ਲਈ 25 ਆਸਟਰੇਲੀਆਈ ਡਾਲਰ ਫੀਸ ਵਜੋਂ ਭੁਗਤਾਨ ਕਰਨਗੇ ਹੋਣਗੇ, ਜੋ ਕਿ ਭਾਰਤ ਦੇ ਕਰੀਬ 1700 ਰੁਪਏ ਬਣਦੇ ਹਨ।
ਆਸਟਰੇਲੀਆਈ ਸਰਕਾਰ ਮੁਤਾਬਕ ਜੇ ਕਿਸੇ ਵੀ ਬਿਨੈਕਾਰ ਦੀ ਚੋਣ ਨਹੀਂ ਹੁੰਦੀ ਤਾਂ ਇਹ 25 ਡਾਲਰ ਵਾਪਸ ਨਹੀਂ ਕੀਤੇ ਜਾਣਗੇ।
ਕਿਵੇਂ ਅਪਲਾਈ ਕੀਤਾ ਜਾ ਸਕਦਾ?

ਤਸਵੀਰ ਸਰੋਤ, Getty Images
ਇਸ ਪ੍ਰੋਗਰਾਮ ਲਈ ਅਸਾਨੀ ਨਾਲ ਅਪਲਾਈ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਸਾਰੀ ਜਾਣਕਾਰੀ ਆਸਟਰੇਲੀਆ ਸਰਕਾਰ ਦੀ ਵੈੱਬਸਾਈਟ 'ਤੇ ਦਿੱਤੀ ਗਈ ਹੈ।
ਵਰਕ ਐਂਡ ਹੌਲੀਡੇਅ (ਸਬਕਲਾਸ 462) ਵੀਜ਼ਾ ਦੀ ਪ੍ਰੀ-ਐਪਲੀਕੇਸ਼ਨ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ 'ਇਮੀਅਕਾਉਂਟ' ਬਣਾਉਣਾ ਚਾਹੀਦਾ ਹੈ।
ਵੈੱਬਸਾਈਟ 'ਤੇ ਦੱਸਿਆ ਗਿਆ ਹੈ ਇਹ ਸਾਰੀ ਪ੍ਰਕਿਰਿਆ ਇਮੀਅਕਾਉਂਟ ਰਾਹੀਂ ਹੀ ਪੂਰੀ ਕੀਤੀ ਜਾਵੇਗੀ।

ਵੈੱਬਸਾਈਟ 'ਤੇ ਅਪਲਾਈ ਕਰਨ ਦੀ ਇਹ ਪ੍ਰਕਿਰਿਆ ਦੱਸੀ ਗਈ ਹੈ।
- ਸਭ ਤੋਂ ਪਹਿਲਾਂ ਆਪਣੇ ਇਮੀਅਕਾਉਂਟ ਵਿੱਚ ਲੌਗ ਇਨ ਕਰੋ ਅਤੇ ਆਪਣੇ ਦੇਸ਼ ਦੇ ਬੈਲੇਟ ਵਿੱਚ ਜਾ ਕੇ ਰਜਿਸਟਰ ਕਰੋ।
- ਮਲਟੀ-ਫੈਕਟਰ ਅਥੈਂਟੀਕੇਸ਼ਨ (ਐੱਮਐੱਫਏ) ਸੈੱਟ ਅੱਪ ਕਰੋ। ਫਿਰ ਨਵੀਂ ਐਪਲੀਕੇਸ਼ਨ ਨੂੰ ਚੁਣੋ।
- 'ਵੀਜ਼ਾ ਪ੍ਰੀ-ਐਪਲੀਕੇਸ਼ਨ ਰਜਿਸਟ੍ਰੇਸ਼ਨ' 'ਤੇ ਕਲਿੱਕ ਕਰੋ।
- ਰਜਿਸਟ੍ਰੇਸ਼ਨ ਫਾਰਮ ਖੋਲ੍ਹਣ ਲਈ 'ਰਜਿਸਟ੍ਰੇਸ਼ਨ- ਵਰਕ ਐਂਡ ਹੌਲੀਡੇਅ ਵੀਜ਼ਾ (462) 'ਤੇ ਕਲਿੱਕ ਕਰੋ।
- ਆਪਣੇ ਪਾਸਪੋਰਟ ਮੁਤਾਬਕ ਯੋਗ ਦੇਸ਼ ਦੀ ਚੋਣ ਕਰੋ।
- ਫਾਰਮ ਨੂੰ ਪੂਰਾ ਭਰੋ ਅਤੇ ਇਹ ਯਕੀਨੀ ਬਣਾਓ ਕਿ ਕੋਈ ਗਲਤੀ ਨਾ ਹੋਵੇ। ਆਪਣੀ ਰਜਿਸਟ੍ਰੇਸ਼ਨ ਜਮ੍ਹਾਂ ਕਰਨ ਲਈ 25 ਆਸਟ੍ਰੇਲੀਅਨ ਡਾਲਰ ਦੀ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ।
ਚੁਣੇ ਜਾਣ ਮਗਰੋਂ ਅਗਲੀ ਪ੍ਰਕਿਰਿਆ ਕੀ ਹੈ?

ਤਸਵੀਰ ਸਰੋਤ, Getty Images
ਆਸਟਰੇਲੀਆ ਸਰਕਾਰ ਦੇ ਗ੍ਰਹਿ ਮੰਤਰਾਲੇ ਮੁਤਾਬਕ ਰਜਿਸਟ੍ਰੇਸ਼ਨਾਂ ਦੀ ਚੋਣ ਇੱਕ ਰੈਂਡਮ ਅਤੇ ਆਟੋਮੈਟਿਕ ਪ੍ਰਕਿਰਿਆ ਹੈ। ਇਹ ਸਿਸਟਮ ਚੋਣ ਕਰਨ ਲਈ ਕਿਸੇ ਖਾਸ ਮਾਪਦੰਡ ਦੀ ਵਰਤੋਂ ਨਹੀਂ ਕਰਦਾ।
ਜੇਕਰ ਸਰਕਾਰ ਵੱਲੋਂ ਰੈਂਡਮਲੀ ਤੁਹਾਡੀ ਰਜਿਸਟ੍ਰੇਸ਼ਨ ਦੀ ਚੋਣ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਤੁਹਾਨੂੰ ਤੁਰੰਤ ਈਮੇਲ ਰਾਹੀਂ ਚੁਣੇ ਜਾਣ ਦੀ ਸੂਚਨਾ ਵਾਲਾ ਪੱਤਰ ਭੇਜਿਆ ਜਾਵੇਗਾ।
ਤੁਹਾਨੂੰ ਇਹ ਪੱਤਰ ਇਮੀਅਕਾਉਂਟ ਰਾਹੀਂ 'ਵਰਕ ਐਂਡ ਹੌਲੀਡੇਅ (ਸਬਕਲਾਸ 462) ਵੀਜ਼ਾ' ਲਈ ਅਪਲਾਈ ਕਰਨ ਦਾ ਸੱਦਾ ਦੇਵੇਗਾ। ਜਦੋਂ ਬਿਨੈਕਾਰ ਨੂੰ ਇਹ ਸੱਦਾ ਪੱਤਰ ਮਿਲ ਜਾਵੇਗਾ ਤਾਂ ਉਸ ਕੋਲ ਅਪਲਾਈ ਕਰਨ ਲਈ 28 ਦਿਨ ਦਾ ਸਮਾਂ ਹੋਵੇਗਾ।
ਨਵਜੋਤ ਸਿੰਘ ਵੀ ਦੱਸਦੇ ਹਨ ਕਿ ਜਦੋਂ ਤੱਕ ਤੁਹਾਨੂੰ ਚੁਣੇ ਜਾਣ ਦਾ ਸੱਦਾ ਨਹੀਂ ਆਉਂਦਾ, ਉਦੋਂ ਤੱਕ ਤੁਸੀਂ 'ਵਰਕ ਐਂਡ ਹੌਲੀਡੇਅ (ਸਬਕਲਾਸ 462) ਵੀਜ਼ਾ' ਲਈ ਅਪਲਾਈ ਕਰਨ ਦੇ ਯੋਗ ਨਹੀਂ ਹੋ ਸਕਦੇ।
ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਪ੍ਰੋਗਰਾਮ ਲਈ ਚੁਣੇ ਜਾਣ ਵਾਲਾ ਪੱਤਰ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਤੁਸੀਂ ਵੀਜ਼ਾ ਅਪਲਾਈ ਕਰਨ ਦੇ ਯੋਗ ਹੋ ਜਾਂ ਤੁਹਾਨੂੰ ਵੀਜ਼ਾ ਮਿਲ ਹੀ ਜਾਵੇਗਾ।

ਅਪਲਾਈ ਕਰਨ ਅਤੇ ਵੀਜ਼ਾ ਮਨਜ਼ੂਰ ਕਰਵਾਉਣ ਲਈ ਤੁਹਾਨੂੰ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।
ਆਸਟਰੇਲੀਆ ਦੇ ਗ੍ਰਹਿ ਮੰਤਰਾਲਾ ਦੀ ਵੈੱਬਸਾਈਟ ਮੁਤਾਬਕ ਜਦੋਂ ਚੋਣ ਮਗਰੋਂ ਬਿਨੈਕਾਰ ਅਪਲਾਈ ਕਰੇਗਾ ਤਾਂ ਉਸ ਲਈ ਕੁਝ ਸ਼ਰਤਾਂ ਹਨ ਤੇ ਹੇਠ ਲਿਖੀਆਂ ਲੋੜਾਂ ਪੂਰੀਆਂ ਕਰਦਾ ਹੋਣਾ ਚਾਹੀਦਾ ਹੈ।
- ਬਿਨੈਕਾਰ ਸਿਰਫ ਆਪਣੇ ਲਈ ਹੀ ਅਪਲਾਈ ਕਰ ਸਕਦਾ ਹੈ, ਉਹ ਆਪਣੇ ਨਾਲ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨਹੀਂ ਜੋੜ ਸਕਦਾ।
- ਇਸ ਵੀਜ਼ਾ ਉਪਰ ਬਿਨੈਕਾਰ 12 ਮਹੀਨੇ ਲਈ ਆਸਟਰੇਲੀਆ ਰਹਿ ਸਕਦਾ ਹੈ। ਚਾਰ ਮਹੀਨੇ ਲਈ ਉਹ ਪੜ੍ਹਾਈ ਕਰ ਸਕਦਾ ਹੈ।
- ਇਹ ਵੀਜ਼ਾ ਤੁਹਾਨੂੰ ਆਸਟਰੇਲੀਆ ਵਿੱਚ ਛੁੱਟੀਆਂ ਮਨਾਉਣ ਦੇ ਨਾਲ-ਨਾਲ ਕੁਝ ਸਮੇਂ ਲਈ ਕੰਮ ਕਰਨ ਦੀ ਇਜ਼ਾਜਤ ਵੀ ਦਿੰਦਾ ਹੈ ਤਾਂ ਜੋ ਤੁਸੀਂ ਆਪਣੀਆਂ ਛੁੱਟੀਆਂ ਦਾ ਖਰਚਾ ਚੁੱਕ ਸਕੋ।
- ਜਦੋਂ ਤੱਕ ਇਹ ਵੀਜ਼ਾ ਵੈਲਿਡ ਹੈ, ਤੁਸੀਂ ਜਿੰਨੀ ਵਾਰ ਚਾਹੋ ਆਸਟਰੇਲੀਆ ਤੋਂ ਬਾਹਰ-ਅੰਦਰ ਆ ਸਕਦੇ ਹੋ।
- ਇਸ ਲਈ ਅਪਲਾਈ ਕਰਨ ਲਈ 670 ਆਸਟਰੇਲੀਆਈ ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ।
- ਬਿਨੈਕਾਰ ਕੋਲ ਘੱਟੋ-ਘੱਟ 2 ਸਾਲ ਦਾ ਮਾਨਤਾ ਪ੍ਰਾਪਤ ਡਿਪਲੋਮਾ ਹੋਣਾ ਚਾਹੀਦਾ ਹੈ।
- ਅਪਲਾਈ ਕਰਨ ਸਮੇਂ ਤੁਹਾਡੇ ਬੈਂਕ ਖਾਤੇ ਵਿੱਚ ਆਸਟਰੇਲੀਆਈ 5000 ਡਾਲਰ ਯਾਨੀ ਭਾਰਤ ਦੀ ਕਰੀਬ 3 ਤੋਂ 3.5 ਲੱਖ ਰੁਪਏ ਰਕਮ ਹੋਣੀ ਚਾਹੀਦੀ ਹੈ।
ਨਵਜੋਤ ਸਿੰਘ ਇਹ ਵੀ ਦੱਸਦੇ ਹਨ ਕਿ ਇਸ ਪ੍ਰੋਗਰਾਮ ਲਈ ਲੱਖਾਂ ਲੋਕ ਅਪਲਾਈ ਕਰਦੇ ਹਨ ਪਰ ਭਾਰਤ ਦੇ ਸਿਰਫ 1000 ਨੌਜਵਾਨਾਂ ਨੂੰ ਹੀ ਵੀਜ਼ਾ ਅਪਲਾਈ ਕਰਨ ਦਾ ਮੌਕਾ ਮਿਲਦਾ ਹੈ।

ਤਸਵੀਰ ਸਰੋਤ, Getty Images
"ਬਿਨੈਕਾਰ ਨੂੰ ਜਦੋਂ ਚੁਣੇ ਜਾਣ ਦਾ ਸੱਦਾ ਆਉਂਦਾ ਹੈ ਤਾਂ ਉਸ ਕੋਲ ਬਾਰਵੀਂ ਤੋਂ ਬਾਅਦ ਘੱਟੋ-ਘੱਟ ਦੋ ਸਾਲ ਦਾ ਕੋਈ ਡਿਪਲੋਮਾ ਹੋਣਾ ਲਾਜ਼ਮੀ ਹੈ ਤੇ ਵੱਧ ਤੋਂ ਵੱਧ ਪੜ੍ਹਾਈ ਜਿੰਨੀ ਮਰਜੀ ਕੀਤੀ ਹੋਵੇ। ਜਦੋਂ ਅਪਲਾਈ ਕਰਨਾ ਹੈ ਤਾਂ ਉਸ ਲਈ ਉੱਚ ਪੱਧਰੀ ਅੰਗਰੇਜ਼ੀ (IELTS ਅਤੇ PTE) ਵਿੱਚੋਂ ਕਰੀਬ 4 ਬੈਂਡ ਚਾਹੀਦੇ ਹਨ।"
"ਇਹ ਮਾਪਦੰਡ ਕੋਈ ਵੱਧ ਨਹੀਂ ਹਨ, ਨੌਜਵਾਨ ਅਸਾਨੀ ਨਾਲ ਇਸ ਨੂੰ ਪੂਰਾ ਕਰ ਸਕਦੇ ਹਨ ਤੇ ਆਸਟਰੇਲੀਆ ਜਾਣ ਦਾ ਸੁਪਨਾ ਪੂਰਾ ਕਰਨ ਲਈ ਇਹ ਇੱਕ ਚੰਗੀ ਚੋਣ ਹੈ। ਇਨ੍ਹਾਂ ਨੇ ਉਮਰ ਇਸੇ ਲਈ 18 ਤੋਂ 30 ਸਾਲ ਰੱਖੀ ਹੈ ਕਿਉਂਕਿ ਬੱਚਾ ਪੜ੍ਹਾਈ ਕਰਦਾ ਹੋਵੇ ਤੇ ਅੱਗੇ ਜਾ ਕੇ ਵੀ ਪੜ੍ਹ ਸਕੇ।"
ਨਵਜੋਤ ਇਹ ਵੀ ਦੱਸਦੇ ਹਨ ਕਿ ਜੇ ਤੁਸੀਂ ਆਸਟਰੇਲੀਆ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਤਾਂ ਤੁਸੀਂ ਇਸ ਵੀਜ਼ਾ ਰਾਹੀਂ ਆਪਣੀ ਅੱਗੇ ਦੀ ਜ਼ਿੰਦਗੀ ਬਾਰੇ ਵੀ ਸੋਚ ਸਕਦੇ ਹੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












