ਇਲੋਨ ਮਸਕ ਬਣੇ ਦੁਨੀਆਂ ਦੇ ਪਹਿਲੇ ਖ਼ਰਬਪਤੀ, ਕਦੇ ਘਰ-ਘਰ ਜਾ ਕੇ ਚਾਕਲੇਟ ਵੇਚਣ ਵਾਲੇ ਮਸਕ ਆਖ਼ਰ ਇੰਨੇ ਅਮੀਰ ਕਿਵੇਂ ਬਣੇ

ਇਲੋਨ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਭਾਵ ਖਰਬਪਤੀ ਬਣ ਗਏ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲੋਨ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਭਾਵ ਖਰਬਪਤੀ ਬਣ ਗਏ ਹਨ
    • ਲੇਖਕ, ਲਿਵ ਮੈਕਮੋਹਨ, ਨਤਾਲੀ ਸ਼ੇਰਮਨ, ਡੀਅਰਬੇਲ ਜੋਰਡਨ ਅਤੇ ਓਸਮੰਡ ਚੀਆ
    • ਰੋਲ, ਬਿਜ਼ਨਸ ਅਤੇ ਟੈਕਨੋਲੋਜੀ ਰਿਪੋਰਟਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 12 ਮਿੰਟ

ਟੈਕਨੋਲੋਜੀ ਦੀ ਦੁਨੀਆ ਦੇ ਦਿੱਗਜ, ਸਪੇਸ ਐਕਸ, ਟੈਸਲਾ ਅਤੇ ਐਕਸ (ਪਹਿਲਾਂ ਟਵਿੱਟਰ) ਦੇ ਬੌਸ, ਇਲੋਨ ਮਸਕ ਦੁਨੀਆ ਦੇ ਪਹਿਲੇ ਟ੍ਰਿਲੀਅਨੇਅਰ ਭਾਵ ਖਰਬਪਤੀ ਬਣ ਗਏ ਹਨ।

ਕੁਝ ਸਮੇਂ ਤੋਂ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹੇ ਹਨ, ਜਾਂ ਘੱਟੋ-ਘੱਟ ਇਸ ਮੁਕਾਮ ਦੇ ਬਹੁਤ ਕਰੀਬ ਰਹੇ ਹਨ।

ਫੋਰਬਸ ਦੇ ਅਨੁਸਾਰ, ਅਕਤੂਬਰ 2025 ਵਿੱਚ ਉਹ ਅੱਧੇ ਟ੍ਰਿਲੀਅਨ ਡਾਲਰ ਭਾਵ ਅੱਧੇ ਖਰਬ ਡਾਲਰ ਤੋਂ ਵੱਧ ਦੀ ਕੁੱਲ ਜਾਇਦਾਦ ਹਾਸਿਲ ਕਰਨ ਵਾਲੇ ਪਹਿਲੇ ਵਿਅਕਤੀ ਬਣੇ।

ਇੱਕ ਮਹੀਨੇ ਬਾਅਦ, ਟੈਸਲਾ ਦੇ ਸ਼ੇਅਰਹੋਲਡਰਾਂ ਨੇ ਇੱਕ ਰਿਕਾਰਡ-ਤੋੜ ਪੇ-ਡੀਲ (ਸੈਲੇਰੀ ਪੈਕੇਜ) ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੀਮਤ ਭਵਿੱਖ ਵਿੱਚ 1 ਖਰਬ ਡਾਲਰ ਤੱਕ ਪਹੁੰਚ ਸਕਦੀ ਹੈ।

ਪਰ ਜੂਨ 2026 ਵਿੱਚ, ਮਸਕ ਦੀ ਕੁੱਲ ਜਾਇਦਾਦ ਅਰਬਪਤੀ ਤੋਂ ਖਰਬਪਤੀ ਦੇ ਪੱਧਰ ਤੱਕ ਪਹੁੰਚ ਗਈ। ਇਹ ਮਸਕ ਦੀ ਰਾਕੇਟ ਬਣਾਉਣ ਅਤੇ ਸੈਟੇਲਾਈਟ ਚਲਾਉਣ ਵਾਲੀ ਕੰਪਨੀ ਸਪੇਸਐਕਸ ਦੀ ਸ਼ੇਅਰ ਬਾਜ਼ਾਰ ਵਿੱਚ ਲਿਸਟਿੰਗ ਤੋਂ ਬਾਅਦ ਹੋਇਆ ਹੈ। ਦੱਸ ਦੇਈਏ ਕਿ ਸਪੇਸਐਕਸ ਦੀ ਐਕਸ, ਗ੍ਰੋਕ ਅਤੇ ਸਟਾਰਲਿੰਕ ਵਿੱਚ ਵੀ ਹਿੱਸੇਦਾਰੀ ਹੈ।

ਹਾਲਾਂਕਿ, ਉਹ ਸਿਰਫ਼ ਆਪਣੀ ਅਥਾਹ ਦੌਲਤ ਲਈ ਹੀ ਨਹੀਂ ਜਾਣੇ ਜਾਂਦੇ।

ਸਪੇਸਐਕਸ ਦੇ ਬੌਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਈ ਤਰ੍ਹਾਂ ਦੇ ਵਿਸ਼ਿਆਂ 'ਤੇ ਆਪਣੀ ਰਾਇ ਰੱਖਣ ਲਈ ਕੀਤਾ ਹੈ, ਜਿਸ ਵਿੱਚ ਮੌਜੂਦਾ ਮਾਮਲਿਆਂ ਤੋਂ ਲੈ ਕੇ ਮਨੁੱਖਤਾ ਦੇ ਭਵਿੱਖ ਤੱਕ ਦੇ ਮੁੱਦੇ ਸ਼ਾਮਲ ਹਨ।

ਹਾਲ ਦੇ ਸਾਲਾਂ ਵਿੱਚ ਉਨ੍ਹਾਂ ਦੀ ਦਿਲਚਸਪੀ ਸਿਆਸਤ ਵਿੱਚ ਵੀ ਵਧੀ ਹੈ। ਇਸ ਵਿੱਚ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਨੂੰ ਜਿੱਤਣ ਵਿੱਚ ਮਦਦ ਕਰਨਾ ਵੀ ਸ਼ਾਮਲ ਹੈ, ਜਿਸ ਕਾਰਨ ਕੁਝ ਨਿਵੇਸ਼ਕ ਨਾਰਾਜ਼ ਵੀ ਹੋਏ ਸਨ।

ਉਸ ਤੋਂ ਬਾਅਦ ਮਸਕ ਨੇ ਯੂਕੇ ਦੇ ਮਾਮਲਿਆਂ ਵਿੱਚ ਵੀ ਦਿਲਚਸਪੀ ਦਿਖਾਈ ਹੈ। ਉਨ੍ਹਾਂ ਦੇ ਵਿਚਾਰਾਂ ਨੂੰ ਲੈਕੇ ਅਤੇ ਜਿਸ ਤਰੀਕੇ ਨਾਲ ਐਕਸ ਜਨਤਕ ਬਹਿਸ ਅਤੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਦਾ ਹੈ, ਉਸ ਨੂੰ ਲੈ ਕੇ ਉਨ੍ਹਾਂ ਨੂੰ ਕੁਝ ਸਿਆਸਤਦਾਨਾਂ (ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ) ਦੀ ਆਲੋਚਨਾ ਅਤੇ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ।

ਇਲੋਨ ਮਸਕ ਦਾ ਜਨਮ ਕਿੱਥੇ ਹੋਇਆ ਸੀ?

ਮਸਕ ਦੀ ਸਾਲ 2000 ਦੀ ਇੱਕ ਤਸਵੀਰ

ਤਸਵੀਰ ਸਰੋਤ, Pauline Lubens/MediaNews Group/The Mercury News via Getty Images

ਤਸਵੀਰ ਕੈਪਸ਼ਨ, ਮਸਕ ਆਪਣੇ ਭਰਾ ਨਾਲ ਮਿਲ ਕੇ ਘਰ-ਘਰ ਜਾ ਕੇ ਘਰ ਵਿੱਚ ਬਣਾਏ ਚਾਕਲੇਟ ਈਸਟਰ ਐਗ ਵੇਚਦੇ ਸਨ ਅਤੇ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ ਸੀ (ਮਸਕ ਦੀ ਸਾਲ 2000 ਦੀ ਇੱਕ ਤਸਵੀਰ)

ਦੱਖਣੀ ਅਫ਼ਰੀਕਾ ਦੇ ਪ੍ਰਿਟੋਰੀਆ ਵਿੱਚ ਜਨਮੇ ਮਸਕ ਨੇ ਛੋਟੀ ਉਮਰ ਵਿੱਚ ਹੀ ਐਂਟਰਪ੍ਰੇਨੇਓਰਸ਼ਿਪ ਲਈ ਆਪਣੀ ਕਾਬਲੀਅਤ ਦਿਖਾ ਦਿੱਤੀ ਸੀ। ਉਹ ਆਪਣੇ ਭਰਾ ਨਾਲ ਮਿਲ ਕੇ ਘਰ-ਘਰ ਜਾ ਕੇ ਘਰ ਵਿੱਚ ਬਣਾਏ ਚਾਕਲੇਟ ਈਸਟਰ ਐਗ ਵੇਚਦੇ ਸਨ ਅਤੇ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਕੰਪਿਊਟਰ ਗੇਮ ਬਣਾਈ ਸੀ।

ਉਨ੍ਹਾਂ ਨੇ ਆਪਣੇ ਬਚਪਨ ਨੂੰ ਮੁਸ਼ਕਿਲ ਦੱਸਿਆ ਹੈ। ਇਹ ਸਮਾਂ ਉਨ੍ਹਾਂ ਦੇ ਮਾਪਿਆਂ ਦੇ ਤਲਾਕ, ਸਕੂਲ ਵਿੱਚ ਬੁਲਿੰਗ (ਦੂਜੇ ਬੱਚਿਆਂ ਦੁਆਰਾ ਪਰੇਸ਼ਾਨ ਕਰਨਾ) ਅਤੇ ਐਸਪਰਗਰ ਸਿੰਡਰੋਮ ਕਾਰਨ ਸਮਾਜਿਕ ਸੰਕੇਤਾਂ ਨੂੰ ਸਮਝਣ ਵਿੱਚ ਆਉਣ ਵਾਲੀਆਂ ਮੁਸ਼ਕਿਲ ਨਾਲ ਪ੍ਰਭਾਵਿਤ ਸੀ।

ਜਿਵੇਂ ਹੀ ਮੌਕਾ ਮਿਲਿਆ, ਉਹ ਘਰ ਛੱਡ ਕੇ ਕਾਲਜ ਚਲੇ ਗਏ। ਉਹ ਕੈਨੇਡਾ ਅਤੇ ਫਿਰ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਆਈਵੀ ਲੀਗ ਕਾਲਜ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਵਿੱਚ ਇਕਨਾਮਿਕਸ ਅਤੇ ਫ਼ਿਜ਼ਿਕਸ ਦੀ ਪੜ੍ਹਾਈ ਕੀਤੀ।

ਉਨ੍ਹਾਂ ਦੇ ਪਹਿਲੀ ਪਤਨੀ ਜਸਟਿਨ ਮਸਕ ਇੱਕ ਲੇਖਿਕਾ ਹਨ, ਜਿਨ੍ਹਾਂ ਨੂੰ ਉਹ ਕਾਲਜ ਵਿੱਚ ਮਿਲੇ ਸਨ ਅਤੇ 2000 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਜਸਟਿਨ ਨੇ ਮੇਰੀ ਕਲੇਅਰ ਲਈ 2010 ਵਿੱਚ ਲਿਖੇ ਇੱਕ ਲੇਖ ਵਿੱਚ ਨੇ ਲਿਖਿਆ ਕਿ ਕਰੋੜਾਂ ਕਮਾਉਣ ਤੋਂ ਪਹਿਲਾਂ ਵੀ ਮਸਕ ਅਜਿਹੇ ਵਿਅਕਤੀ ਨਹੀਂ ਸਨ ਜੋ "ਨਾ" ਨੂੰ ਸਵੀਕਾਰ ਕਰ ਲੈਣ।

ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ, "ਮੁਕਾਬਲਾ ਕਰਨ ਅਤੇ ਹਾਵੀ ਹੋਣ ਦੀ ਜੋ ਇੱਛਾ-ਸ਼ਕਤੀ ਉਨ੍ਹਾਂ ਨੂੰ ਬਿਜ਼ਨਸ ਵਿੱਚ ਇੰਨਾ ਕਾਮਯਾਬ ਬਣਾਉਂਦੀ ਸੀ, ਉਹ ਘਰ ਆਉਣ 'ਤੇ ਜਾਦੂਈ ਤਰੀਕੇ ਨਾਲ ਖ਼ਤਮ ਨਹੀਂ ਹੋ ਜਾਂਦੀ ਸੀ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਵਿਆਹ ਵਿੱਚ ਡਾਂਸ ਕਰਦੇ ਸਮੇਂ ਮਸਕ ਨੇ ਉਨ੍ਹਾਂ ਨੂੰ ਕਿਹਾ ਸੀ, "ਇਸ ਰਿਸ਼ਤੇ ਵਿੱਚ ਮੈਂ ਹੀ 'ਅਲਫ਼ਾ' (ਮੁੱਖ ਵਿਅਕਤੀ) ਹਾਂ।"

ਇਲੋਨ ਮਸਕ ਨੇ ਪੈਸੇ ਕਿਵੇਂ ਕਮਾਏ?

ਇਲੋਨ ਮਸਕ

ਤਸਵੀਰ ਸਰੋਤ, Liesa Johannssen-Koppitz/Bloomberg via Getty Images

ਤਸਵੀਰ ਕੈਪਸ਼ਨ, ਕਈ ਵਿਰੋਧਾਭਾਸਾਂ ਦੇ ਬਾਵਜੂਦ ਮਸਕ ਨੇ ਬਹੁਤ ਵੱਡੀ ਦੌਲਤ ਕਮਾਈ ਹੈ

ਸਟੈਨਫੋਰਡ ਯੂਨੀਵਰਸਿਟੀ ਵਿੱਚ ਫ਼ਿਜ਼ਿਕਸ ਦੇ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਵਿੱਚ ਦਾਖਲਾ ਲੈਣ ਤੋਂ ਕੁਝ ਹੀ ਸਮੇਂ ਬਾਅਦ ਮਸਕ ਨੇ ਪੜ੍ਹਾਈ ਛੱਡ ਦਿੱਤੀ ਅਤੇ 1990 ਦੇ ਦਹਾਕੇ ਦੇ "ਡਾਟ-ਕਾਮ ਬੂਮ" ਦੌਰਾਨ ਦੋ ਟੈਕਨੋਲੋਜੀ ਸਟਾਰਟਅਪ ਸ਼ੁਰੂ ਕੀਤੇ।

ਇਨ੍ਹਾਂ ਵਿੱਚ ਇੱਕ ਵੈੱਬ ਸੌਫਟਵੇਅਰ ਫਰਮ ਅਤੇ ਇੱਕ ਆਨਲਾਈਨ ਬੈਂਕਿੰਗ ਕੰਪਨੀ ਸੀ, ਜੋ ਬਾਅਦ ਵਿੱਚ ਪੇਪਾਲ ਬਣੀ ਅਤੇ ਜਿਸ ਨੂੰ 2002 ਵਿੱਚ ਏਬੇਅ ਨੂੰ 1.5 ਅਰਬ ਡਾਲਰ ਵਿੱਚ ਵੇਚ ਦਿੱਤਾ ਗਿਆ।

ਉਨ੍ਹਾਂ ਨੇ ਆਪਣੀ ਕਮਾਈ ਇੱਕ ਨਵੀਂ ਰਾਕੇਟ ਕੰਪਨੀ, ਸਪੇਸਐਕਸ – ਜਿਸ ਨੂੰ ਉਹ ਨਾਸਾ ਦਾ ਕਿਫਾਇਤੀ ਬਦਲ ਬਣਾਉਣਾ ਚਾਹੁੰਦੇ ਸਨ – ਅਤੇ ਇੱਕ ਨਵੀਂ ਇਲੈਕਟ੍ਰਿਕ ਕਾਰ ਕੰਪਨੀ, ਟੈਸਲਾ ਵਿੱਚ ਲਗਾਈ। ਟੈਸਲਾ ਵਿੱਚ ਉਹ 2008 ਵਿੱਚ ਚੀਫ਼ ਐਗਜ਼ਿਕਿਊਟਿਵ ਬਣਨ ਤੱਕ ਬੋਰਡ ਦੇ ਚੇਅਰਮੈਨ ਰਹੇ।

ਇਨ੍ਹਾਂ ਦੋਹਾਂ ਕੰਪਨੀਆਂ ਨੇ ਆਪਣੇ-ਆਪਣੇ ਉਦਯੋਗਾਂ ਵਿੱਚ ਵੱਡਾ ਬਦਲਾਅ ਲਿਆਉਣ ਦਾ ਕੰਮ ਕੀਤਾ, ਭਾਵੇਂ ਕਈ ਵਾਰ ਉਹ ਆਰਥਿਕ ਤੌਰ 'ਤੇ ਲਗਭਗ ਡੁੱਬਣ ਦੇ ਕਿਨਾਰੇ ਤੱਕ ਪਹੁੰਚ ਗਈਆਂ ਸਨ।

ਉਨ੍ਹਾਂ ਦੇ ਹੋਰ ਕਾਰੋਬਾਰੀ ਉਪਰਾਲਿਆਂ ਵਿੱਚ ਅਕਤੂਬਰ 2022 ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (ਹੁਣ ਐਕਸ) ਦਾ ਟੇਕਓਵਰ ਵੀ ਸ਼ਾਮਲ ਹੈ।

ਮਸਕ ਦੀ ਲੰਬੇ ਸਮੇਂ ਦੀ ਇੱਛਾ ਅਤੇ ਉਦੇਸ਼ ਹੈ ਕਿ ਐਕਸ ਇੱਕ "ਐਵਰੀਥਿੰਗ ਐਪ" (ਸਭ ਕੁਝ ਕਰਨ ਵਾਲਾ ਐਪ) ਬਣੇ, ਜੋ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰੇ। ਹਾਲਾਂਕਿ, ਕੁਝ ਅਨੁਮਾਨਾਂ ਅਨੁਸਾਰ ਕੰਪਨੀ ਦੀ ਕੀਮਤ ਸ਼ੁਰੂਆਤੀ 44 ਅਰਬ ਡਾਲਰ ਤੋਂ ਘਟ ਕੇ ਸਿਰਫ਼ 9.4 ਅਰਬ ਡਾਲਰ ਰਹਿ ਗਈ ਹੈ।

ਕੁਝ ਕੰਪਨੀਆਂ ਨੇ ਇਹ ਪਲੇਟਫਾਰਮ ਛੱਡ ਦਿੱਤਾ। ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮਸਕ ਦੇ ਕਾਰਜਕਾਲ ਦੌਰਾਨ ਐਕਸ 'ਤੇ ਹੇਟ ਸਪੀਚ (ਨਫ਼ਰਤ ਫੈਲਾਉਣ ਵਾਲੀਆਂ ਗੱਲਾਂ) ਵਧੀਆਂ ਅਤੇ ਕੁਝ ਕੰਪਨੀਆਂ ਇਸ ਨਾਲ ਜੁੜਨਾ ਨਹੀਂ ਚਾਹੁੰਦੀਆਂ ਸਨ।

ਮਸਕ ਦੀ ਸਾਲ 2004 ਦੀ ਇੱਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸਕ ਦਾ ਤਿੰਨ ਵਾਰ ਤਲਾਕ ਹੋ ਚੁੱਕਿਆ ਹੈ (ਮਸਕ ਦੀ ਸਾਲ 2004 ਦੀ ਇੱਕ ਤਸਵੀਰ)

ਏਆਈ ਸੈਕਟਰ ਵਿੱਚ ਵੀ ਉਨ੍ਹਾਂ ਦੀਆਂ ਵੱਡੀਆਂ ਇੱਛਾਵਾਂ ਹਨ- ਉਹ ਚੈਟਜੀਪੀਟੀ ਦੀ ਮੂਲ ਕੰਪਨੀ ਵਿੱਚ ਸ਼ੁਰੂਆਤੀ ਨਿਵੇਸ਼ਕ ਸਨ (2018 ਵਿੱਚ ਵੱਖ ਹੋਣ ਤੋਂ ਪਹਿਲਾਂ) ਅਤੇ 2023 ਵਿੱਚ ਉਨ੍ਹਾਂ ਨੇ "ਬ੍ਰਹਿਮੰਡ ਦੀ ਅਸਲ ਪ੍ਰਕਿਰਤੀ ਨੂੰ ਸਮਝਣ" ਲਈ ਆਪਣੀ ਕੰਪਨੀ ਐਕਸਏਆਈ ਸ਼ੁਰੂ ਕੀਤੀ

ਫਰਵਰੀ 2024 ਵਿੱਚ, ਉਨ੍ਹਾਂ ਨੇ ਓਪਨਏਆਈ ਅਤੇ ਉਸ ਦੇ ਬੌਸ ਸੈਮ ਆਲਟਮੈਨ ਵਿਰੁੱਧ ਮੁਕੱਦਮਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਕੰਪਨੀ ਨੂੰ ਸ਼ੁਰੂ ਕਰਨ ਵਿੱਚ ਉਨ੍ਹਾਂ ਨੇ ਮਦਦ ਕੀਤੀ ਸੀ, ਉਸ ਮਾਈਕ੍ਰੋਸਾਫ਼ਟ ਨਾਲ ਜੁੜ ਕੇ ਆਪਣੇ ਨਾਨ-ਪ੍ਰੋਫ਼ਿਟ ਅਤੇ ਓਪਨ-ਸੋਰਸ ਵਾਲੇ ਮੂਲ ਸਿਧਾਂਤਾਂ ਤੋਂ ਦੂਰ ਹੋ ਗਈ ਹੈ।

ਹਾਲਾਂਕਿ, ਮਈ 2026 ਵਿੱਚ ਕੈਲੀਫ਼ੋਰਨੀਆ ਦੀ ਜੂਰੀ ਨੇ ਮਸਕ ਦਾ ਮੁਕੱਦਮਾ ਖ਼ਾਰਜ ਕਰ ਦਿੱਤਾ। ਜੂਰੀ ਦਾ ਕਹਿਣਾ ਸੀ ਕਿ ਮੁਕੱਦਮਾ ਕਰਨ ਵਿੱਚ ਉਨ੍ਹਾਂ ਨੇ ਬਹੁਤ ਦੇਰ ਕਰ ਦਿੱਤੀ ਸੀ।

ਮਸਕ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਿਲਚਸਪੀਆਂ ਬਾਰੇ ਪੱਤਰਕਾਰ ਕ੍ਰਿਸ ਸਟੋਕੇਲ-ਵਾਕਰ ਕਹਿੰਦੇ ਹਨ, "ਮੈਨੂੰ ਕਦੇ ਵੀ ਪੂਰਾ ਯਕੀਨ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਖੁਦ ਵੀ ਪਤਾ ਹੁੰਦਾ ਹੈ ਕਿ ਉਹ ਕੱਲ੍ਹ ਕੀ ਕਰਨਾ ਚਾਹੁੰਦੇ ਹਨ।"

"ਉਹ ਕਾਫ਼ੀ ਹੱਦ ਤੱਕ ਸਜਿਹ ਸੁਭਾਅ ਦੇ ਆਧਾਰ 'ਤੇ ਕੰਮ ਕਰਦੇ ਹਨ।"

2015 ਦੀ ਇੱਕ ਜੀਵਨੀ ਵਿੱਚ, ਲੇਖਕ ਐਸ਼ਲੀ ਵੈਂਸ ਨੇ ਮਸਕ ਨੂੰ "ਟਕਰਾਅ ਪਸੰਦ ਕਰਨ ਵਾਲਾ ਅਤੇ ਆਪਣੇ ਆਪ ਨੂੰ ਸਭ ਕੁਝ ਜਾਣਨ ਵਾਲਾ" ਵਿਅਕਤੀ ਦੱਸਿਆ ਸੀ, ਜਿਸ ਵਿੱਚ "ਬਹੁਤ ਜ਼ਿਆਦਾ ਹੰਕਾਰ" ਹੈ।

ਪਰ ਉਨ੍ਹਾਂ ਨੇ ਮਸਕ ਨੂੰ ਇੱਕ ਅਜੀਬ ਡਾਂਸਰ ਅਤੇ ਝਿਝਕਣ ਵਾਲਾ ਜਨਤਕ ਬੁਲਾਰਾ ਵੀ ਦੱਸਿਆ ਸੀ।

ਮੀਡੀਆ ਵਿੱਚ ਉਨ੍ਹਾਂ ਨੂੰ 'ਪਾਗਲ ਬੁੱਧੀਮਾਨ' ਅਤੇ ਐਕਸ ਦਾ 'ਸਭ ਤੋਂ ਵੱਡਾ ਟ੍ਰੋਲ' ਕਿਹਾ ਗਿਆ ਹੈ। ਉਹ ਆਪਣੀਆਂ ਵੱਡੀਆਂ ਇੱਛਾਵਾਂ ਦੇ ਨਾਲ-ਨਾਲ ਛੋਟੀਆਂ-ਮੋਟੀਆਂ ਲੜਾਈਆਂ ਲਈ ਵੀ ਜਾਣੇ ਜਾਂਦੇ ਹਨ।

ਇਸ ਤੋਂ ਇਲਾਵਾ, ਉਨ੍ਹਾਂ 'ਤੇ ਅਤੇ ਉਨ੍ਹਾਂ ਦੀਆਂ ਕੰਪਨੀਆਂ 'ਤੇ ਰੈਗੂਲੇਟਰਾਂ, ਨਿਵੇਸ਼ਕਾਂ ਅਤੇ ਹੋਰ ਲੋਕਾਂ ਵੱਲੋਂ ਨਸਲੀ ਵਿਤਕਰੇ ਅਤੇ ਉਨ੍ਹਾਂ ਦੇ ਦਾਅਵਿਆਂ ਦੀ ਭਰੋਸੇਯੋਗਤਾ ਵਰਗੇ ਮੁੱਦਿਆਂ 'ਤੇ ਗੰਭੀਰ ਮੁਕੱਦਮੇ ਵੀ ਕੀਤੇ ਗਏ ਹਨ।

ਮਸਕ ਦਾ ਤਿੰਨ ਵਾਰ ਤਲਾਕ ਹੋ ਚੁੱਕਿਆ ਹੈ - ਜਿਨ੍ਹਾਂ ਵਿੱਚੋਂ ਦੋ ਵਾਰ ਇੱਕੋ ਮਹਿਲਾ, ਬ੍ਰਿਟਿਸ਼ ਅਦਾਕਾਰਾ ਤਾਲੂਲਾਹ ਰਾਈਲੀ ਨਾਲ ਤਲਾਕ ਹੋਇਆ ਹੈ। ਮਸਕ ਆਪਣੀਆਂ ਕਮੀਆਂ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਨ।

ਉਨ੍ਹਾਂ ਨੇ 2022 ਦੇ ਇੱਕ TED ਇੰਟਰਵਿਊ ਵਿੱਚ ਕਿਹਾ ਸੀ, "ਜੇ ਤੁਸੀਂ ਮੇਰੀਆਂ ਗਲਤੀਆਂ ਦੀ ਲਿਸਟ ਬਣਾਓ, ਤਾਂ ਮੈਂ ਦੁਨੀਆ ਦਾ ਸਭ ਤੋਂ ਮਾੜਾ ਇਨਸਾਨ ਲੱਗਾਂਗਾ।"

"ਪਰ ਜੇ ਤੁਸੀਂ ਉਨ੍ਹਾਂ ਨੂੰ ਮੇਰੇ ਚੰਗੇ ਕੰਮਾਂ ਨਾਲ ਰੱਖ ਕੇ ਦੇਖੋ, ਤਾਂ ਗੱਲ ਕਾਫ਼ੀ ਜ਼ਿਆਦਾ ਸਮਝ ਵਿੱਚ ਆਉਂਦੀ ਹੈ।"

ਇਲੋਨ ਮਸਕ ਦੀ ਕੁੱਲ ਜਾਇਦਾਦ ਕਿੰਨੀ ਹੈ?

ਮੰਨਿਆ ਜਾਂਦਾ ਹੈ ਕਿ ਮਸਕ ਦੇ ਸ਼ਿਵੋਨ ਜ਼ਿਲਿਸ ਨਾਲ ਚਾਰ ਬੱਚੇ ਹਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਮੰਨਿਆ ਜਾਂਦਾ ਹੈ ਕਿ ਮਸਕ ਦੇ ਸ਼ਿਵੋਨ ਜ਼ਿਲਿਸ ਨਾਲ ਚਾਰ ਬੱਚੇ ਹਨ

ਇਨ੍ਹਾਂ ਵਿਰੋਧਾਭਾਸਾਂ ਦੇ ਬਾਵਜੂਦ ਮਸਕ ਨੇ ਬਹੁਤ ਵੱਡੀ ਦੌਲਤ ਕਮਾਈ ਹੈ।

ਫੋਰਬਸ (ਜੋ ਅਰਬਪਤੀਆਂ ਦੀ ਜਾਇਦਾਦ 'ਤੇ ਨਜ਼ਰ ਰੱਖਦਾ ਹੈ) ਦੇ ਅਨੁਸਾਰ, ਅਕਤੂਬਰ 2025 ਵਿੱਚ ਉਹ ਅੱਧੇ ਟ੍ਰਿਲੀਅਨ ਡਾਲਰ ਤੋਂ ਵੱਧ ਦੀ ਨੈੱਟ ਵਰਥ / ਕੁੱਲ ਜਾਇਦਾਦ ਹਾਸਿਲ ਕਰਨ ਵਾਲੇ ਪਹਿਲੇ ਵਿਅਕਤੀ ਬਣੇ।

ਮਸਕ ਪਹਿਲਾਂ ਹੀ ਅਮੀਰ ਟੈਕ ਅਰਬਪਤੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ, ਜਿਸ ਵਿੱਚ ਗੂਗਲ ਦੇ ਕੋ-ਫਾਊਂਡਰ ਲੈਰੀ ਪੇਜ ਅਤੇ ਸਰਗੇਈ ਬ੍ਰਿਨ, ਓਰੇਕਲ ਦੇ ਕੋ-ਫਾਊਂਡਰ ਲੈਰੀ ਐਲਿਸਨ, ਅਮੇਜ਼ਾਨ ਦੇ ਫਾਊਂਡਰ ਜੇਫ਼ ਬੇਜੋਸ ਅਤੇ ਫੇਸਬੁੱਕ ਦੇ ਨਿਰਮਾਤਾ ਮਾਰਕ ਜ਼ਕਰਬਰਗ ਸ਼ਾਮਲ ਹਨ।

ਪਰ ਹੁਣ ਜਦੋਂ ਸਪੇਸਐਕਸ ਇੱਕ ਪਬਲਿਕਲੀ ਟ੍ਰੇਡਿਡ ਕੰਪਨੀ ਬਣ ਗਈ ਹੈ, ਤਾਂ ਉਨ੍ਹਾਂ ਦੇ ਹੋਰ ਵੀ ਅਮੀਰ ਹੋਣ ਦੀ ਉਮੀਦ ਹੈ।

ਰਾਕੇਟ ਬਣਾਉਣ ਵਾਲੀ ਇਸ ਕੰਪਨੀ ਨੇ ਆਪਣੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਨੀਸ਼ੀਅਲ ਪਬਲਿਕ ਆਫਰਿੰਗ (ਆਈਪੀਓ) ਤੋਂ ਪਹਿਲਾਂ ਹੀ ਵਿੱਤੀ ਸੰਸਥਾਵਾਂ ਤੋਂ 75 ਅਰਬ ਡਾਲਰ ਦਾ ਨਿਵੇਸ਼ ਇਕੱਠਾ ਕਰ ਲਿਆ ਸੀ।

12 ਜੂਨ ਨੂੰ ਅਮਰੀਕਾ ਦੇ ਟੈਕ-ਹੈਵੀ ਨੈਸਡੈਕ ਇੰਡੈਕਸ 'ਤੇ ਆਪਣੇ ਸ਼ੇਅਰ ਲਾਂਚ ਕਰਨ ਤੋਂ ਪਹਿਲਾਂ, ਮਸਕ ਨੇ ਗੱਲ ਕਰਦਿਆਂ ਕਿਹਾ ਕਿ ਜਦੋਂ ਸਪੇਸਐਕਸ ਸ਼ੁਰੂ ਹੋਈ ਸੀ, ਤਾਂ ਉਨ੍ਹਾਂ ਨੂੰ ਇਸ ਦੇ "ਸਫਲ ਹੋਣ ਦੀ ਸੰਭਾਵਨਾ 10% ਤੋਂ ਵੀ ਘੱਟ" ਲੱਗਦੀ ਸੀ - ਪਰ ਹੁਣ ਇਹ "ਹੁਣ ਤੱਕ ਦੇ ਸਭ ਤੋਂ ਵੱਡੇ ਆਈਪੀਓ" ਨਾਲ ਪਬਲਿਕ ਹੋ ਰਹੀ ਹੈ।

ਇਹ ਆਪਣੇ ਸ਼ੁਰੂਆਤੀ ਲਿਸਟਿੰਗ ਪ੍ਰਾਈਜ਼ 135 ਡਾਲਰ ਪ੍ਰਤੀ ਸ਼ੇਅਰ ਤੋਂ 20 ਫੀਸਦੀ ਜ਼ਿਆਦਾ ਦੇ ਵਾਧੇ ਨਾਲ ਖੁੱਲ੍ਹੇ।

ਨਤੀਜੇ ਵਜੋਂ, ਬਲੂਮਬਰਗ ਅਤੇ ਫੋਰਬਸ ਦੇ ਅਨੁਸਾਰ, ਮਸਕ ਦੀ ਨੈੱਟ ਵਰਥ ਦਾ ਅਨੁਮਾਨ 1 ਖਰਬ ਡਾਲਰ ਤੋਂ ਵੱਧ ਹੋ ਗਿਆ ਹੈ।

ਪਰ ਉਨ੍ਹਾਂ ਦੀ ਨੈੱਟ ਵਰਥ ਦਾ ਇੱਕ ਵੱਡਾ ਹਿੱਸਾ ਸਪੇਸਐਕਸ ਦੇ ਸਟਾਕ ਵਿੱਚ ਲੱਗਿਆ ਹੋਇਆ ਹੈ, ਇਸ ਲਈ ਜੇ ਇਸ ਦੇ ਸ਼ੇਅਰਾਂ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਉਂਦੀ ਹੈ ਤਾਂ ਖਰਬਪਤੀ ਵਜੋਂ ਉਨ੍ਹਾਂ ਦੀ ਸਥਿਤੀ ਬਦਲ ਸਕਦੀ ਹੈ।

ਉਹ ਟੈਸਲਾ ਤੋਂ ਵੀ ਬਹੁਤ ਪੈਸਾ ਕਮਾ ਸਕਦੇ ਹਨ, ਕਿਉਂਕਿ ਕਾਰ ਬਣਾਉਣ ਵਾਲੀ ਇਸ ਕੰਪਨੀ ਦੇ ਬੋਰਡ ਨੇ ਇੱਕ ਅਜਿਹੀ ਡੀਲ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਜੇ ਉਹ ਅਗਲੇ ਦਹਾਕੇ ਵਿੱਚ ਕਈ ਵੱਡੇ ਟੀਚੇ ਹਾਸਿਲ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ 1 ਖਰਬ ਡਾਲਰ ਤੋਂ ਵੱਧ ਦਾ ਪੇਅ-ਪੈਕੇਜ ਮਿਲ ਸਕਦਾ ਹੈ

ਇਨ੍ਹਾਂ ਟੀਚਿਆਂ ਦੀ ਸੂਚੀ ਵਿੱਚ ਟੈਸਲਾ ਦੀ ਵੈਲਿਊ ਨੂੰ ਅੱਠ ਗੁਣਾ ਵਧਾਉਣਾ, ਦਸ ਲੱਖ ਏਆਈ ਰੋਬੋਟ ਅਤੇ 12 ਮਿਲੀਅਨ ਟੈਸਲਾ ਕਾਰਾਂ ਵੇਚਣਾ ਸ਼ਾਮਲ ਹੋਵੇਗਾ।

2024 ਦੌਰਾਨ ਮਸਕ ਟੈਸਲਾ ਤੋਂ ਮਿਲੇ 56 ਅਰਬ ਡਾਲਰ ਦੇ ਪੇਅ-ਪੈਕੇਜ ਨੂੰ ਲੈਕੇ ਕਾਨੂੰਨੀ ਲੜਾਈ ਵਿੱਚ ਫਸੇ ਰਹੇ।

ਦਸੰਬਰ 2024 ਵਿੱਚ, ਡੇਲਾਵੇਅਰ ਦੇ ਇੱਕ ਜੱਜ ਨੇ ਦੂਜੀ ਵਾਰ ਉਨ੍ਹਾਂ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਸੀ ਪਰ ਦਸੰਬਰ 2025 ਵਿੱਚ ਡੇਲਾਵੇਅਰ ਸੁਪਰੀਮ ਕੋਰਟ ਨੇ ਇਸ ਪੈਕੇਜ ਨੂੰ ਮੁੜ ਬਹਾਲ ਕਰ ਦਿੱਤਾ।

ਮਸਕ, ਡਿਜ਼ਿਟਲ ਕਰੰਸੀ ਦਾ ਵੀ ਸਮਰਥਨ ਕਰਦੇ ਹਨ ਅਤੇ ਕਈ ਹੋਰ ਛੋਟੀਆਂ ਕੰਪਨੀਆਂ ਵਿੱਚ ਵੀ ਉਨ੍ਹਾਂ ਦੀ ਹਿੱਸੇਦਾਰੀ ਹੈ, ਜਿਨ੍ਹਾਂ ਵਿੱਚ ਸੁਰੰਗਾਂ ਬਣਾਉਣ ਵਾਲੀ ਕੰਪਨੀ 'ਦਿ ਬੋਰਿੰਗ ਕੰਪਨੀ' ਵੀ ਸ਼ਾਮਲ ਹੈ।

ਮਸਕ, ਜੋ ਆਪਣੇ ਆਪ ਨੂੰ 'ਕੰਮ ਲਈ ਪਾਗਲ' ਕਹੇ ਜਾਣ 'ਤੇ ਮਾਣ ਮਹਿਸੂਸ ਕਰਦੇ ਹਨ, ਅਕਸਰ ਕਹਿੰਦੇ ਰਹੇ ਹਨ ਕਿ ਉਹ ਸਿਰਫ਼ ਪੈਸਾ ਕਮਾਉਣ ਲਈ ਕਾਰੋਬਾਰ ਨਹੀਂ ਕਰਦੇ।

ਉਨ੍ਹਾਂ ਦੇ ਦੋਸਤ ਅਤੇ ਟੈਸਲਾ ਵਿੱਚ ਨਿਵੇਸ਼ਕ ਰਹੇ ਰੌਸ ਗੇਰਬਰ ਕਹਿੰਦੇ ਹਨ, ''ਇਲੋਨ ਕਿਸੇ ਚੀਜ਼ ਵਿੱਚ ਉਦੋਂ ਹੀ ਸ਼ਾਮਲ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਕਾਰਨ ਕਰਕੇ ਬਹੁਤ ਜ਼ਰੂਰੀ ਹੈ... ਜਿਵੇਂ ਸਮਾਜ ਜਾਂ ਮਨੁੱਖਤਾ ਲਈ।"

ਇਲੋਨ ਮਸਕ ਦੇ ਸਿਆਸੀ ਵਿਚਾਰ ਕੀ ਹਨ?

ਟਰੰਪ ਦੇ ਓਵਲ ਆਫ਼ਿਸ ਵਿੱਚ ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸਕ ਨੂੰ ਵ੍ਹਾਈਟ ਹਾਊਸ ਵਿੱਚ ਆਪਣੇ ਆਖਰੀ ਦਿਨ ਰਾਸ਼ਟਰਪਤੀ ਦੁਆਰਾ "ਸੁਨਹਿਰੀ ਚਾਬੀ" ਦਿੱਤੀ ਗਈ ਸੀ

2002 ਵਿੱਚ ਅਮਰੀਕੀ ਨਾਗਰਿਕ ਬਣੇ ਮਸਕ ਨੇ ਲੰਬੇ ਸਮੇਂ ਤੱਕ ਉਸ ਸੋਚ ਦਾ ਵਿਰੋਧ ਕਰਦੇ ਰਹੇ ਜੋ ਉਨ੍ਹਾਂ ਕਿ ਕਿਸੇ ਸਿਆਸੀ ਪਾਰਟੀ ਜਾਂ ਸੋਚ ਨਾਲ ਜੋੜਨ ਦੀ ਕੋਸ਼ਿਸ਼ ਸੀ। ਉਹ ਆਪਣੇ ਆਪ ਨੂੰ "ਅੱਧਾ ਡੈਮੋਕ੍ਰੈਟ, ਅੱਧਾ ਰਿਪਬਲਿਕਨ", "ਸਿਆਸੀ ਤੌਰ 'ਤੇ ਉਦਾਰਵਾਦੀ" ਅਤੇ "ਸੁਤੰਤਰ" ਦੱਸਦੇ ਰਹੇ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਬਰਾਕ ਓਬਾਮਾ, ਹਿਲੇਰੀ ਕਲਿੰਟਨ ਅਤੇ - ਮਨ ਮਾਰ ਕੇ - ਜੋਅ ਬਾਇਡਨ ਨੂੰ ਵੋਟ ਦਿੱਤੀ ਸੀ, ਜੋ ਸਾਰੇ ਡੈਮੋਕ੍ਰੈਟ ਸਨ।

ਪਰ ਹਾਲੀਆ ਸਾਲਾਂ ਵਿੱਚ ਉਨ੍ਹਾਂ ਨੇ ਡੌਨਲਡ ਟਰੰਪ ਦਾ ਸਮਰਥਨ ਕੀਤਾ ਹੈ, ਜੋ ਰਿਪਬਲਿਕਨ ਹਨ।

ਮਸਕ ਨੇ 2024 ਵਿੱਚ ਟਰੰਪ 'ਤੇ ਹੋਈ ਜਾਨਲੇਵਾ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਦੇ ਦੂਜੇ ਕਾਰਜਕਾਲ ਲਈ ਅਧਿਕਾਰਕ ਤੌਰ 'ਤੇ ਸਮਰਥਨ ਕੀਤਾ ਅਤੇ ਮੁਹਿੰਮ ਦੇ ਸਭ ਤੋਂ ਵੱਡੇ ਸਮਰਥਕਾਂ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚੋਂ ਇੱਕ ਬਣ ਗਏ।

ਉਹ ਅਰਥਵਿਵਸਥਾ, ਇਮੀਗ੍ਰੇਸ਼ਨ ਅਤੇ ਗਨ ਕੰਟ੍ਰੋਲ ਵਰਗੇ ਕਈ ਮੁੱਦਿਆਂ 'ਤੇ ਡੈਮੋਕ੍ਰੈਟਿਕ ਪਾਰਟੀ ਦੇ ਰੁਖ ਦੇ ਆਲੋਚਕ ਬਣ ਗਏ ਅਤੇ ਪਾਰਟੀ ਦੀਆਂ ਕਈ ਨੀਤੀਆਂ ਨੂੰ "ਵੋਕ" ਕਹਿ ਕੇ ਉਨ੍ਹਾਂ ਦੀ ਆਲੋਚਨਾ ਕੀਤੀ।

ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤਿਆਂ ਵਿੱਚ ਮਸਕ ਦੀ "ਅਮਰੀਕਾ ਸੁਪਰ ਪੈਕ" ਨੇ ਉਹਨਾਂ ਸੂਬਿਆਂ ਦੇ ਵੋਟਰਾਂ ਲਈ 10 ਲੱਖ ਡਾਲਰ (1 ਮਿਲੀਅਨ ਡਾਲਰ) ਦੀ ਇੱਕ ਵਿਵਾਦਿਤ ਇਨਾਮੀ/ਗਿਵਅਵੇ ਮੁਹਿੰਮ ਚਲਾਈ, ਜਿੱਥੇ ਚੋਣਾਂਵੀ ਮੁਕਾਬਲਾ ਬਹੁਤ ਜ਼ਿਆਦਾ ਸੀ। ਇਸ ਦੇ ਨਾਲ ਹੀ ਮਸਕ ਟਰੰਪ ਦੇ ਚੋਣ ਪ੍ਰਚਾਰ ਸਮਾਗਮਾਂ ਅਤੇ ਰੈਲੀਆਂ ਵਿੱਚ ਵੀ ਨਜ਼ਰ ਆਏ।

ਚੋਣਾਂ ਤੋਂ ਬਾਅਦ, ਰਾਸ਼ਟਰਪਤੀ ਟਰੰਪ ਨੇ ਮਸਕ ਨੂੰ - ਜਿਨ੍ਹਾਂ ਨੂੰ ਉਨ੍ਹਾਂ ਨੇ ਖੁਦ ਆਪਣਾ "ਪਹਿਲਾ ਦੋਸਤ" ਕਿਹਾ - ਇੱਕ ਨਵੇਂ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (ਡੋਜ) ਲਈ ਚੁਣਿਆ।

ਇਸ ਪਹਿਲ ਤਹਿਤ ਸਰਕਾਰੀ ਖ਼ਰਚ ਵਿੱਚ ਭਾਰੀ - ਅਤੇ ਬਹੁਤ ਵਿਵਾਦਿਤ - ਕਟੌਤੀਆਂ ਕੀਤੀਆਂ ਗਈਆਂ।

ਪਰ ਉਨ੍ਹਾਂ ਦੀ ਦੋਸਤੀ ਸਭ ਦੇ ਸਾਹਮਣੇ ਹੀ ਉਸ ਵੇਲੇ ਟੁੱਟ ਗਈ, ਜਦੋਂ ਟੈਕਸ ਅਤੇ ਖਰਚ ਨਾਲ ਜੁੜੇ ਬਿੱਲ ਨੂੰ ਲੈਕੇ ਸ਼ੁਰੂ ਹੋਈ ਜਨਤਕ ਬਹਿਸ ਇੰਨੀ ਵਧ ਗਈ ਕਿ ਦੋਵਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇੱਕ-ਦੂਜੇ 'ਤੇ ਨਿੱਜੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਮਸਕ ਨੇ 28 ਮਈ 2025 ਨੂੰ ਵ੍ਹਾਈਟ ਹਾਊਸ ਛੱਡਣ ਦਾ ਐਲਾਨ ਕੀਤਾ ਅਤੇ ਉਸ ਤੋਂ ਕੁਝ ਹੀ ਸਮੇਂ ਬਾਅਦ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਰਿਸ਼ਤੇ ਖ਼ਤਮ ਹੋ ਗਏ ਹਨ।

ਹਾਲਾਂਕਿ, ਉਸ ਤੋਂ ਬਾਅਦ ਉਨ੍ਹਾਂ ਵਿਚਕਾਰ ਤਣਾਅ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਮਸਕ ਉਨ੍ਹਾਂ ਟੈਕ ਦਿੱਗਜਾਂ ਵਿੱਚ ਸ਼ਾਮਲ ਸਨ, ਜੋ ਚੀਨ ਦੀ ਇੱਕ ਅਹਿਮ ਯਾਤਰਾ ਦੌਰਾਨ ਟਰੰਪ ਦੇ ਨਾਲ ਗਏ ਸਨ

ਟਰੰਪ ਨਾਲ ਚੀਨ ਦੌਰੇ 'ਤੇ ਮਸਕ

ਤਸਵੀਰ ਸਰੋਤ, Alex Wong/Getty Images

ਤਸਵੀਰ ਕੈਪਸ਼ਨ, ਹਾਲ ਹੀ ਵਿੱਚ ਚੀਨ ਦੀ ਇੱਕ ਅਹਿਮ ਯਾਤਰਾ ਦੌਰਾਨ ਟਰੰਪ ਦੇ ਨਾਲ ਹੋਰ ਟੈਕ ਦਿੱਗਜਾਂ ਸਣੇ ਮਸਕ ਵੀ ਮੌਜੂਦ ਸਨ

ਮਸਕ ਨੇ ਹਾਲ ਹੀ ਵਿੱਚ ਯੂਕੇ ਦੀਆਂ ਸਿਆਸੀ ਘਟਨਾਵਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਹੈ।

ਖ਼ਾਸ ਤੌਰ 'ਤੇ, 'ਗਰੂਮਿੰਗ ਗੈਂਗਜ਼' ਅਤੇ ਇਮੀਗ੍ਰੇਸ਼ਨ (ਪਰਵਾਸ) ਵਰਗੇ ਮੁੱਦਿਆਂ 'ਤੇ ਉਨ੍ਹਾਂ ਨੇ ਐਕਸ 'ਤੇ ਸਰ ਕੀਅਰ ਸਟਾਰਮਰ ਦੀ ਲੇਬਰ ਸਰਕਾਰ ਦੀ ਆਲੋਚਨਾ ਕੀਤੀ ਹੈ।

ਮਸਕ ਨੇ ਯੂਕੇ ਦੀ ਸਿਆਸਤ ਵਿੱਚ ਸੱਜੇ-ਪੱਖੀ ਵਿਚਾਰਧਾਰਾ ਵਾਲੇ ਪ੍ਰਮੁੱਖ ਲੋਕਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ 'ਟੌਮੀ ਰੌਬਿਨਸਨ' ਦੇ ਨਾਮ ਨਾਲ ਮਸ਼ਹੂਰ ਸੱਜੇ-ਪੱਖੀ ਕਾਰਕੁਨ ਵੀ ਸ਼ਾਮਲ ਹਨ।

ਪਹਿਲਾਂ 'ਰਿਫਾਰਮ ਯੂਕੇ' ਦੇ ਆਗੂ ਨਾਈਜਲ ਫੈਰਾਜ ਦਾ ਸਮਰਥਨ ਕਰਨ ਤੋਂ ਬਾਅਦ, ਮਸਕ ਨੇ 2025 ਵਿੱਚ ਪਾਰਟੀ ਦੇ ਆਗੂ ਵਜੋਂ ਇੱਕ ਹੋਰ ਸੰਸਦ ਮੈਂਬਰ, ਰੂਪਰਟ ਲੋਵੇ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।

ਅਤੇ 2026 ਵਿੱਚ, ਇੰਗਲੈਂਡ ਵਿੱਚ ਸਥਾਨਕ ਚੋਣਾਂ ਤੋਂ ਪਹਿਲਾਂ ਲੋਵੇ ਨੇ 'ਰਿਫਾਰਮ' ਪਾਰਟੀ ਨੂੰ ਟੱਕਰ ਦੇਣ ਲਈ 'ਰਿਸਟੋਰ ਬ੍ਰਿਟੇਨ' ਨਾਮ ਦੀ ਇੱਕ ਨਵੀਂ ਪਾਰਟੀ ਬਣਾਈ। ਮਸਕ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਅਤੇ ਐਕਸ 'ਤੇ ਲਿਖਿਆ- "ਇਹ ਜਿੱਤੇਗੀ। ਇਸ ਨੂੰ ਜਿੱਤਣਾ ਹੀ ਪਵੇਗਾ। ਬ੍ਰਿਟੇਨ ਨੂੰ ਬਚਾਉਣ ਲਈ।"

ਹਾਲਾਂਕਿ, ਯੂਕੇ ਦੀ ਸਿਆਸਤ ਬਾਰੇ ਉਨ੍ਹਾਂ ਦੀਆਂ ਲਗਾਤਾਰ ਪੋਸਟਾਂ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਵਾਲ ਉਠਾਏ ਹਨ। ਕੁਝ ਲੋਕਾਂ ਮੁਤਾਬਕ ਤਾਂ ਮਸਕ ਨੂੰ ਯੂਕੇ ਦੀ ਸਿਆਸਤ ਬਾਰੇ ਜਾਣਕਾਰੀ ਦੀ ਘਾਟ ਹੈ ਅਤੇ ਅਤੇ ਉਨ੍ਹਾਂ ਨੂੰ ਇਸ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।

ਕੀਅਰ ਸਟਾਰਮਰ ਨੇ ਜੂਨ ਵਿੱਚ ਹੈਨਰੀ ਨੋਵਾਕ ਦੀ ਹੱਤਿਆ ਨੂੰ ਲੈ ਕੇ ਮਸਕ 'ਤੇ "ਵੰਡ ਪੈਦਾ ਕਰਨ ਦੀ ਕੋਸ਼ਿਸ਼" ਕਰਨ ਦਾ ਇਲਜ਼ਾਮ ਲਗਾਇਆ ਸੀ - ਪਰ ਮਸਕ ਨੇ ਐਕਸ 'ਤੇ ਪੋਸਟ ਕਰਕੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਕਿ ਉਨ੍ਹਾਂ ਅਤੇ ਹੋਰਾਂ ਨੇ ਵਿਰੋਧ-ਪ੍ਰਦਰਸ਼ਨਾਂ ਅਤੇ ਦੰਗਿਆਂ ਨੂੰ ਭੜਕਾਇਆ ਸੀ।

ਆਪਣੇ ਆਪ ਨੂੰ "ਪ੍ਰਗਟਾਵੇ ਦੀ ਆਜ਼ਾਦੀ ਦਾ ਕੱਟੜ ਸਮਰਥਕ" ਮੰਨਣ ਵਾਲੇ ਮਸਕ, ਯੂਕੇ ਅਤੇ ਹੋਰ ਥਾਵਾਂ 'ਤੇ ਸਿਆਸੀ ਮੁੱਦਿਆਂ ਬਾਰੇ ਆਪਣੀ ਰਾਇ ਜ਼ਾਹਿਰ ਕਰਦੇ ਰਹਿੰਦੇ ਹਨ।

ਇਲੋਨ ਮਸਕ ਦੇ ਕਿੰਨੇ ਬੱਚੇ ਹਨ?

ਇਲੋਨ ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲੋਨ ਮਸਕ ਅਤੇ ਉਨ੍ਹਾਂ ਦਾ ਪੁੱਤਰ X Æ A-12 ਸਾਲ 2021 ਵਿੱਚ)

ਮਸਕ ਪਹਿਲਾਂ ਕਹਿ ਚੁੱਕੇ ਹਨ ਕਿ ਉਹ ਆਪਣੇ ਕਾਰੋਬਾਰ ਨੂੰ ਸਮਾਜ-ਸੇਵਾ ਦਾ ਹੀ ਇੱਕ ਰੂਪ ਮੰਨਦੇ ਹਨ, ਕਿਉਂਕਿ ਉਹ ਜਲਵਾਯੂ ਪਰਿਵਰਤਨ ਵਰਗੀਆਂ ਵੱਡੀਆਂ ਮਨੁੱਖੀ ਸਮੱਸਿਆਵਾਂ ਨੂੰ ਹੱਲ ਕਰਨ 'ਤੇ ਕੇਂਦ੍ਰਿਤ ਹਨ।

ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਜਲਵਾਯੂ ਪਰਿਵਰਤਨ ਬਾਰੇ ਆਪਣੀ ਰਾਇ ਵਿੱਚ ਬਦਲਾਅ ਕੀਤਾ ਅਤੇ ਟਵੀਟ ਕੀਤਾ ਕਿ ਇਹ "ਅਸਲੀ ਹੈ, ਬੱਸ ਇੰਨੀ ਤੇਜ਼ੀ ਨਾਲ ਨਹੀਂ ਹੋ ਰਿਹਾ ਜਿੰਨਾ ਡਰਾਉਣ ਵਾਲੇ ਲੋਕ ਦਾਅਵਾ ਕਰਦੇ ਹਨ" (ਮਤਲਬ ਉਹ ਜਲਵਾਯੂ ਪਰਿਵਰਤਨ ਨੂੰ ਸੱਚ ਮੰਨਦੇ ਹਨ, ਪਰ ਉਨ੍ਹਾਂ ਦੇ ਅਨੁਸਾਰ ਇਸ ਦੇ ਪ੍ਰਭਾਵਾਂ ਨੂੰ ਕੁਝ ਲੋਕ ਵੱਧਾ-ਚੜ੍ਹਾ ਕੇ ਪੇਸ਼ ਕਰਦੇ ਹਨ)।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਵਿੱਚ ਆਪਣੀ ਦਿਲਚਸਪੀ ਦੇ ਬਾਵਜੂਦ, ਉਹ ਉਨ੍ਹਾਂ ਪ੍ਰਮੁੱਖ ਲੋਕਾਂ ਵਿੱਚੋਂ ਇੱਕ ਰਹੇ ਹਨ, ਜਿਨ੍ਹਾਂ ਨੇ ਸੁਪਰ-ਇੰਟੈਲੀਜੈਂਟ ਏਆਈ ਤੋਂ ਮਨੁੱਖਤਾ ਦੇ ਭਵਿੱਖ ਨੂੰ ਹੋ ਸਕਣ ਵਾਲੇ ਸੰਭਾਵਿਤ ਖ਼ਤਰਿਆਂ ਬਾਰੇ ਚਿੰਤਾ ਜਤਾਈ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਵਧਣ ਅਤੇ ਜਨਮ ਦਰ ਵਿੱਚ ਕਮੀ ਕਾਰਨ ਦੁਨੀਆ ਵਿੱਚ "ਜ਼ਿਆਦਾ ਲੋਕ ਨਹੀਂ ਬਚਣਗੇ''।

ਮਸਕ 14 ਬੱਚਿਆਂ ਦੇ ਪਿਤਾ ਹਨ - ਛੇ ਆਪਣੀ ਪਹਿਲੀ ਪਤਨੀ ਤੋਂ, ਤਿੰਨ ਕੈਨੇਡੀਅਨ ਗਾਇਕਾ ਗਰਾਈਮਜ਼ ਤੋਂ, ਚਾਰ ਸ਼ਿਵੋਨ ਜ਼ਿਲਿਸ ਤੋਂ ਅਤੇ ਇੱਕ ਕਨਜ਼ਰਵੇਟਿਵ ਇਨਫਲੂਐਂਸਰ ਐਸ਼ਲੀ ਸੇਂਟ ਕਲੇਅਰ ਤੋਂ।

ਮਿਸ ਜ਼ਿਲਿਸ ਨਾਲ ਜੁੜਵਾਂ ਬੱਚਿਆਂ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ- "ਘੱਟ ਆਬਾਦੀ ਦੇ ਸੰਕਟ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।"

ਦੂਜੇ ਪਾਸੇ, ਸੇਂਟ ਕਲੇਅਰ, ਜਿਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਫ਼ਰਵਰੀ 2025 ਵਿੱਚ ਮਸਕ ਦੇ ਬੱਚੇ ਨੂੰ ਜਨਮ ਦਿੱਤਾ ਸੀ, ਨੇ ਜਨਵਰੀ 2026 ਵਿੱਚ ਮਸਕ ਦੀ ਕੰਪਨੀ ਐਕਸਏਆਈ ਖ਼ਿਲਾਫ਼ ਮਾਮਲਾ ਦਰਜ ਕੀਤਾ।

ਉਨ੍ਹਾਂ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਐਕਸ 'ਤੇ 'ਗ੍ਰੋਕ' (Grok) ਦੀ ਵਰਤੋਂ ਕਰਕੇ ਉਨ੍ਹਾਂ ਦੇ ਸੈਕਸ਼ੁਅਲ ਡੀਪਫੇਕ (ਏਆਈ ਦੀ ਮਦਦ ਨਾਲ ਬਣਾਈਆਂ ਗਈਆਂ ਨਕਲੀ ਅਸ਼ਲੀਲ ਜਾਂ ਜਿਨਸੀ ਤਸਵੀਰਾਂ/ਵੀਡੀਓਜ਼, ਜਿਨ੍ਹਾਂ ਵਿੱਚ ਕਿਸੇ ਵਿਅਕਤੀ ਦਾ ਚਿਹਰਾ ਡਿਜ਼ਿਟਲ ਤਰੀਕੇ ਨਾਲ ਜੋੜਿਆ ਜਾਂਦਾ ਹੈ) ਬਣਾਏ ਗਏ।

ਐਡੀਸ਼ਨਲ ਰਿਪੋਰਟਿੰਗ - ਟੌਮ ਐਸਪਿਨਰ ਅਤੇ ਟੌਮ ਗੇਰਕਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)