ਅਯੁੱਧਿਆ: ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਗੜਬੜੀ ਦਾ ਕੀ ਮਾਮਲਾ ਹੈ, ਹੁਣ ਤੱਕ ਕੀ-ਕੀ ਹੋਇਆ

ਰਾਮ ਮੰਦਿਰ ਦੀ ਦੂਰ ਤੋਂ ਲਈ ਗਈ ਤਸਵੀਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਚੜ੍ਹਾਵੇ ਵਿੱਚ ਗੜਬੜੀਆਂ ਦੀ ਜਾਂਚ ਲਈ ਯੂ.ਪੀ. ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
    • ਲੇਖਕ, ਗੌਰਵ ਗੁਲਮੋਹਰ
    • ਰੋਲ, ਬੀਬੀਸੀ ਹਿੰਦੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਅਯੁੱਧਿਆ ਵਿੱਚ ਰਾਮ ਮੰਦਿਰ ਦੇ ਚੜ੍ਹਾਵੇ ਵਿਚ ਕਥਿਤ ਗੜਬੜੀ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ।

ਬੀਤੀ ਸੱਤ ਜੂਨ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਕਸ 'ਤੇ ਰਾਮ ਮੰਦਿਰ ਦੇ ਚੜ੍ਹਾਵੇ ਨਾਲ ਜੁੜੇ ਕਰੋੜਾਂ ਰੁਪਏ ਗਾਇਬ ਹੋਣ ਦਾ ਇਲਜ਼ਾਮ ਲਗਾਇਆ ਸੀ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਪੂਰੀ ਦੁਨੀਆਂ ਵਿੱਚ ਭਗਵਾਨ ਰਾਮ ਦੇ ਉਪਾਸਕਾਂ ਲਈ ਇਹ ਇੱਕ ਬੇਹਦ ਸੰਵੇਦਨਸ਼ੀਲ ਖ਼ਬਰ ਹੈ ਕਿ ਰਾਮ ਮੰਦਿਰ ਦੇ ਚੜ੍ਹਾਵੇ ਦੀ ਕਰੋੜਾਂ ਰੁਪਏ ਦੀ ਰਕਮ ਗਾਇਬ ਪਾਈ ਗਈ ਹੈ।"

ਉਧਰ ਅਯੁੱਧਿਆ ਦੇ ਜ਼ਿਲ੍ਹਾ ਅਧਿਕਾਰੀ ਸ਼ਸ਼ਾਂਕ ਤ੍ਰਿਪਾਠੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਰਾਮ ਮੰਦਿਰ ਦੇ ਚੜ੍ਹਾਵੇ ਨੂੰ ਲੈ ਕੇ ਜੋ ਵੀ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਦੇ ਸਬੰਧ ਵਿਚ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਬਾਅਦ ਸਬੰਧਿਤ ਤੱਥਾਂ ਅਤੇ ਜਾਣਕਾਰੀਆਂ ਨੂੰ ਜਨਤਕ ਕੀਤਾ ਜਾਏਗਾ।"

ਇਸ ਮਾਮਲੇ ਨੂੰ ਲੈ ਕੇ ਇਲਜ਼ਾਮ-ਤਰਾਸ਼ੀ ਨੂੰ ਦੇਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਿਰ ਵਿੱਚ ਚੜ੍ਹਾਵੇ ਬਾਰੇ ਵਿਵਾਦ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਵਿੱਚ ਆਈਏਐਸ ਵਿਜੇ ਵਿਸ਼ਵਾਸ ਪੰਤ, ਆਈਪੀਐਲ ਕਿਰਨ ਐਸ ਅਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਹਨ। ਇਹ ਵਿਸ਼ੇਸ਼ ਜਾਂਚ ਟੀਮ ਸੋਮਵਾਰ ਨੂੰ ਅਯੁੱਧਿਆ ਪਹੁੰਚ ਗਈ।

ਉਧਰ ਵਿਰੋਧੀ ਪਾਰਟੀਆਂ ਨੇ ਐਸਆਈਟੀ 'ਤੇ ਬੇ-ਭਰੋਸਗੀ ਜਤਾਉਂਦਿਆਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਜਾਂਚ ਪੂਰੀ ਹੋਣ ਬਾਅਦ ਟੀਮ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪੇਗੀ।

ਕੀ ਹੈ ਪੂਰਾ ਮਾਮਲਾ ?

ਰਾਮ ਮੰਦਿਰ ਦੇ ਅੰਦਰ ਪ੍ਰਤਿਮਾ ਦੀ ਤਸਵੀਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਖਿਲੇਸ਼ ਯਾਦਵ ਦੀ ਐਕਸ ਪੋਸਟ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜੀ।

ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਹੇਰਾਫੇਰੀ ਨੂੰ ਲੈ ਕੇ ਸਥਾਨਕ ਪੱਧਰ 'ਤੇ ਸਮੇਂ-ਸਮੇਂ ਸਵਾਲ ਉੱਠਦੇ ਰਹੇ ਹਨ।

ਅਯੁੱਧਿਆ ਤੋਂ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਅਤੇ ਸਾਬਕਾ ਵਿਧਾਇਕ ਪਵਨ ਪਾਂਡੇਯ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਇਹ ਲੁੱਟ ਕੋਈ ਲੁੱਟ ਨਹੀਂ ਹੈ। ਜਦੋਂ ਤੋਂ ਇਹ ਟਰੱਸਟ ਬਣਿਆ ਹੈ, ਉਦੋਂ ਤੋਂ ਭ੍ਰਿਸ਼ਟਾਚਾਰ ਚੱਲ ਰਿਹਾ ਹੈ।"

ਉਨ੍ਹਾਂ ਕਿਹਾ, "ਪਹਿਲਾਂ ਟਰੱਸਟ ਦੀ ਜ਼ਮੀਨ ਦਾ ਘੋਟਾਲਾ ਸਾਹਮਣੇ ਆਇਆ ਸੀ ਅਤੇ ਬਾਅਦ ਵਿੱਚ ਚੜ੍ਹਾਵੇ ਦੀ ਰਕਮ ਦੀ ਗਿਣਤੀ ਕਰਵਾਉਣ ਵਾਲੇ ਮਹੀਪਾਲ ਸਿੰਘ ਨੇ ਚੜ੍ਹਾਵੇ ਦੀ ਰਕਮ ਦੀ ਚੋਰੀ ਬਾਰੇ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਅਸੀਂ ਅਯੁੱਧਿਆ ਨਿਵਾਸੀ ਹਾਂ, ਅਸੀਂ ਦੇਖ ਰਹੇ ਹਾਂ ਦੋ ਮੰਦਿਰ ਵਿੱਚ ਦਸ-ਪੰਦਰਾਂ ਹਜ਼ਾਰ ਦੀ ਨੌਕਰੀ ਕਰਦੇ ਸੀ ਉਹ ਕੀ ਤੋਂ ਕੀ ਹੋ ਗਏ।"

ਪਰ ਇਸ ਵਾਰ ਇਹ ਮਾਮਲਾ ਉਦੋਂ ਸਿਆਸੀ ਬਹਿਸ ਦਾ ਵਿਸ਼ਾ ਬਣ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਸ ਨੂੰ ਆਪਣੇ ਐਕਸ ਅਕਾਊਂਟ 'ਤੇ ਪੋਸਟ ਕੀਤਾ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਸਾਰੀ ਦੁਨੀਆਂ ਵਿੱਚ ਭਗਵਾਨ ਰਾਮ ਦੇ ਉਪਾਸ਼ਕਾਂ ਲਈ ਇਹ ਬੇਹੱਦ ਸੰਵੇਦਨਸ਼ੀਲ ਖ਼ਬਰ ਹੈ ਕਿ ਰਾਮ ਮੰਦਿਰ ਦੇ ਚੜ੍ਹਾਵੇ ਦੀ ਕਰੋੜਾਂ ਦੀ ਰਕਮ ਗਾਇਬ ਪਾਈ ਗਈ ਹੈ। ਇਹ ਮੰਦਿਰ ਟਰੱਸਟ ਲਈ ਸ਼ਰਮਨਾਕ ਸਥਿਤੀ ਹੈ। ਕੋਈ ਵੀ ਸਫਾਈ ਦੇਣ ਲਈ ਸਾਹਮਣੇ ਨਹੀਂ ਆਉਣਾ ਚਾਹੁੰਦਾ। ਅਦਾਲਤ ਤੋਂ ਸਵੈ-ਨੋਟਿਸ ਲੈਣ ਦੀ ਮੰਗ ਹੈ ਕਿਉਂਕਿ ਇਸ ਦਾ ਸਿੱਧਾ ਸਬੰਧ ਵਿਸ਼ਵ ਪੱਧਰ 'ਤੇ ਸਨਾਤਨੀ ਸਮਾਜ ਦੀ ਪ੍ਰਭੂ ਰਾਮ ਵਿੱਚ ਗਹਿਰੀ ਆਸਥਾ ਨਾਲ ਜੁੜਿਆ ਹੈ। ਸਰਕਾਰ ਦੀ ਚੁੱਪੀ ਸ਼ੱਕੀ ਹੈ।"

ਅਯੋਧਿਆ

ਤਸਵੀਰ ਸਰੋਤ, GAURAV GULMOHAR

ਤਸਵੀਰ ਕੈਪਸ਼ਨ, ਸਥਾਨਕ ਭਾਜਪਾ ਨੇਤਾ ਨੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਮ ਮੰਦਿਰ ਨਿਰਮਾਣ ਲਈ ਜੁਟਾਈ ਗਈ ਸਮਰਪਣ ਨਿਧੀ ਦੀ ਰਕਮ ਦੀ ਜਾਂਚ ਦੀ ਮੰਗ ਕੀਤੀ ਹੈ।

ਉਸੇ ਦਿਨ ਅਖਿਲੇਸ਼ ਯਾਦਵ ਨੇ ਐਕਸ 'ਤੇ ਦੂਜਾ ਪੋਸਟ ਕਰਦਿਆਂ ਲਿਖਿਆ, "ਟਰੱਸਟ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਬਿਠਾ ਕੇ ਸਪਸ਼ਟੀਕਰਨ ਦਿੱਤਾ ਜਾਵੇ ਅਤੇ ਅੰਕੜਿਆਂ ਦੇ ਮਿਲਾਨ ਲਈ ਸੀਸੀਟੀਵੀ ਤਸਵੀਰਾਂ ਦਾ ਸਹਾਰਾ ਲਿਆ ਜਾਵੇ। ਜਿਵੇਂ ਹੀ ਸਾਰੇ ਟਰੱਸਟੀ ਇਕੱਠੇ ਬੈਠਣਗੇ ਤਾਂ ਸੱਚ ਤੁਰੰਤ ਬਾਹਰ ਆ ਜਾਵੇਗਾ ਕਿਉਂਕਿ ਉਨ੍ਹਾਂ ਵਿੱਚ ਹਰ ਕੋਈ ਇੱਕੋ ਜਿਹਾ ਨਹੀਂ ਹੈ। ਇਸ ਹੇਰਾਫੇਰੀ ਦੇ ਖ਼ਦਸ਼ੇ ਦੇ ਕੇਂਦਰ ਵਿੱਚ ਜਦੋਂ ਕੋਈ ਇੱਕ ਵਿਅਕਤੀ ਵਿਸ਼ੇਸ਼ ਹੈ ਹੀ ਨਹੀਂ ਤਾਂ ਫਿਰ ਕਿਸੇ ਇੱਕ ਦੇ ਸਪਸ਼ਟੀਕਰਨ ਦਾ ਕੀ ਮਹੱਤਵ ਹੈ।"

ਪਿਛਲੇ ਨੌ ਦਿਨਾਂ ਵਿੱਚ ਅਖਿਲੇਸ਼ ਯਾਦਵ ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਗੜਬੜੀ ਦੇ ਮਾਮਲੇ ਨੂੰ ਲੈ ਕੇ ਆਪਣੇ ਐਕਸ ਹੈਂਡਲ 'ਤੇ ਲਗਾਤਾਰ ਅੱਠ ਪੋਸਟਾਂ ਕਰ ਚੁੱਕੇ ਹਨ।

ਸਥਾਨਕ ਭਾਜਪਾ ਨੇਤਾ ਰਜਨੀਸ਼ ਸਿੰਘ ਨੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਰਾਮ ਮੰਦਿਰ ਨਿਰਮਾਣ ਲਈ ਜੁਟਾਈ ਗਈ ਸਮਰਪਣ ਨਿਧੀ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਉਧਰ, ਦੂਜੇ ਪਾਸੇ ਰਾਮ ਮੰਦਿਰ ਅੰਦੋਲਨ ਦੇ ਪ੍ਰਮੁਖ ਚਿਹਰਾ ਰਹੇ ਅਤੇ ਬਜਰੰਗ ਦਲ ਦੇ ਸੰਸਥਾਪਕ ਵਿਨੇ ਕਟਿਆਰ ਨੇ ਵੀ ਪੱਤਰਕਾਰਾਂ ਤੋਂ ਚੜ੍ਹਾਵੇ ਦੀ ਰਾਸ਼ੀ ਵਿੱਚ ਕਥਿਤ ਗੜਬੜੀ ਨੂੰ ਗੰਭੀਰ ਮਾਮਲਾ ਦੱਸਿਆ ਹੈ।

ਵਿਨੇ ਕਟਿਆਰ ਨੇ ਕਿਹਾ, " ਇਹ ਗੰਭੀਰ ਮਾਮਲਾ ਹੈ। ਇਸ 'ਤੇ ਲੋਕ ਕੁਰਬਾਨ ਹੋਏ ਹਨ। ਸਾਡੇ ਅਤੇ ਕਲਿਆਣ ਸਿੰਘ ਜਿਹੇ ਲੋਕ ਜੇਲ੍ਹ ਗਏ ਹਨ। ਕਲਿਆਣ ਸਿੰਘ ਨੇ ਅਸਤੀਫ਼ਾ ਦਿੱਤਾ ਸੀ। ਇਸ ਸਮੇਂ ਜਿੰਨੇ ਹਨ ਸਾਰੇ ਚੋਰ ਹਨ। ਇਨ੍ਹਾਂ ਦੀ ਛੁੱਟੀ ਵਿਨੇ ਕਟਿਆਰ ਕਰੇਗਾ। ਇਹ ਦੋ ਦਿਨ ਦੇ ਅੰਦਰ ਜਾਂ ਤਾਂ ਭੱਜ ਜਾਣਗੇ ਜਾਂ ਜੇਲ੍ਹ ਦੇ ਅੰਦਰ ਜਾਣਗੇ।"

ਵਿਰੋਧੀਆਂ ਦੀ ਐਸਆਈਟੀ 'ਤੇ ਬੇਭਰੋਸਗੀ

ਮੰਚ ਤੋਂ ਸੰਬੋਧਨ ਕਰਦੇ ਅਖਿਲੇਸ਼ ਯਾਦਵ

ਤਸਵੀਰ ਸਰੋਤ, DEEPAK GUPTA/HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਵਿਰੋਧੀਆਂ ਨੇ ਇਲਜ਼ਾਮ ਲਗਾਇਆ, "ਇਹ ਲੁੱਟ ਰਾਸ਼ਟਰ ਦੀ ਸਭ ਤੋਂ ਵੱਡੀ ਲੁੱਟ ਹੈ। ਇਹ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦੀ ਲੁੱਟ ਹੈ।"

ਅਧਿਕਾਰਕ ਜਾਣਕਾਰੀਆਂ ਮੁਤਾਬਕ 'ਸ੍ਰੀ ਰਾਮ ਜਨਮ ਭੂਮੀ ਮੰਦਿਰ ਟਰੱਸਟ' ਦੀ ਅਪੀਲ 'ਤੇ ਉੱਤਰ ਪ੍ਰਦੇਸ਼ ਨੇ ਐਸਆਈਟੀ ਦਾ ਗਠਨ ਕੀਤਾ ਹੈ।

ਤਿੰਨ ਮੈਂਬਰੀ ਟੀਮ ਤੀਰਥ ਖੇਤਰ ਵਿੱਚ ਦਾਨਪਾਤਰਾਂ ਨੂੰ ਲੈ ਕੇ ਲਗਾਏ ਜਾ ਰਹੇ ਇਲਜ਼ਾਮਾਂ ਦੀ ਜਾਂਚ ਕਰਕੇ ਸ਼ਾਸਨ ਨੂੰ ਆਪਣੀ ਰਿਪੋਰਟ ਦੇਵੇਗੀ।

ਉਧਰ ਦੂਜੇ ਪਾਸੇ ਅਯੁੱਧਿਆ ਤੋਂ ਸਮਾਜਵਾਦੀ ਪਾਰਟੀ ਦੇ ਸਾਂਸਦ ਅਵਧੇਸ਼ ਪ੍ਰਸਾਦ ਨੇ ਪ੍ਰੈਸ ਕਾਨਫਰੰਸ ਕਰ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਤੋਂ ਕਰਾਉਣ ਦੀ ਮੰਗ ਕੀਤੀ ਹੈ।

ਅਵਧੇਸ਼ ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਲੁੱਟ ਰਾਸ਼ਟਰ ਦੀ ਸਭ ਤੋਂ ਵੱਡੀ ਲੁੱਟ ਹੈ। ਇਹ ਪ੍ਰਭੂ ਸ਼੍ਰੀ ਰਾਮ ਦੇ ਮੰਦਿਰ ਦੀ ਲੁੱਟ ਹੈ। ਇਸ ਦੀ ਉੱਚੇ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਵੱਲੋਂ ਇੱਕ ਟੀਮ ਗਠਿਤ ਕੀਤੀ ਜਾਵੇ ਅਤੇ ਉਹ ਟੀਮ ਜਾਂਚ ਕਰੇ। ਉਸ ਤੋਂ ਪਹਿਲਾਂ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ। ਜਿਸ ਨਾਲ ਜਾਂਚ ਕਿਸੇ ਵੀ ਪ੍ਰਕਾਰ ਪ੍ਰਭਾਵਿਤ ਨਾ ਹੋ ਸਕੇ। ਇਹ ਧਰਮ ਦੀ ਹਾਨੀ ਹੈ।"

ਸਪਾ ਸਰਕਾਰ ਵਿੱਚ ਸਾਬਕਾ ਮੰਤਰੀ ਅਤੇ ਵਿਧਾਇਕ ਪਵਨ ਪਾਂਡੇਯ ਨੇ ਬੀਬੀਸੀ ਨੂੰ ਕਿਹਾ, "ਪਹਿਲੇ ਲੇਖਾ ਅਧਿਕਾਰੀ ਮਹੀਪਾਲ ਨੇ ਚੰਪਤ ਰਾਏ ਤੋਂ ਲੈ ਕੇ ਅਨਿਲ ਮਿਸ਼ਰਾ ਤੱਕ ਨੂੰ ਦਾਨ ਦੇ ਪੈਸਿਆਂ ਵਿੱਚ ਹੇਰਾਫੇਰੀ ਦੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦਾ ਮਤਲਬ ਹੈ ਕਿ ਇਹ ਲੁੱਟ ਲਗਾਤਾਰ ਚੱਲ ਰਹੀ ਸੀ।"

"ਮੰਦਿਰ ਦੇ ਅੰਦਰ ਕੰਮ ਕਰਨ ਵਾਲਿਆਂ ਦੇ ਕੋਲ ਦੋ ਸਾਲਾਂ ਅੰਦਰ ਕਈ ਪਲਾਟ ਅਤੇ ਜ਼ਮੀਨਾਂ ਹੋ ਗਈਆਂ। ਆਖਿਰ ਦੋ ਸਾਲਾਂ ਵਿੱਚ ਅਜਿਹਾ ਕਿਹੜਾ ਕਾਰੋਬਾਰ ਕਰ ਲਿਆ ਕਿ ਇੰਨਾ ਕੁਝ ਹੋ ਗਿਆ ? ਸਰਕਾਰ ਐਸਆਈਟੀ ਤੋਂ ਜਾਂਚ ਕਰਵਾ ਰਹੀ ਹੈ, ਰੱਬ ਜਾਣੇ ਕੀ ਹੋਏਗਾ। ਪ੍ਰਭੂ ਸ਼੍ਰੀ ਰਾਮ ਖ਼ੁਦ ਆਪਣੀ ਰੱਖਿਆ ਕਰਨ।"

ਸਾਬਕਾ ਲੇਖਾ ਅਧਿਕਾਰੀ ਨੇ ਕੀ ਦੱਸਿਆ ?

ਰਾਮ ਮੰਦਿਰ

ਤਸਵੀਰ ਸਰੋਤ, GAURAV GULMOHAR

ਤਸਵੀਰ ਕੈਪਸ਼ਨ, ਸਾਬਕਾ ਲੇਖਾ ਅਧਿਕਾਰੀ ਨੇ ਇੱਕ ਇੰਟਰਵਿਊ ਵਿੱਚ ਚੜ੍ਹਾਵੇ ਦੀ ਰਕਮ ਵਿੱਚ ਗੜਬੜੀਆਂ ਦਾ ਇਲਜ਼ਾਮ ਲਗਾਇਆ ਸੀ।

ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਵਿਚ ਮਹੀਪਾਲ ਸਿੰਘ ਜਨਵਰੀ 2021 ਤੋਂ ਮਈ 2022 ਤੱਕ ਅਕਾਊਂਟਸ ਇੰਚਾਰਜ ਰਹੇ ਹਨ। ਰਾਮ ਮੰਦਿਰ ਵਿੱਚ ਚੜ੍ਹਾਵੇ ਦੀ ਰਕਮ ਦੀ ਗਿਣਤੀ ਉਨ੍ਹਾਂ ਦੀ ਨਿਗਰਾਨੀ ਵਿੱਚ ਹੁੰਦੀ ਸੀ।

ਉਨ੍ਹਾਂ ਨੇ ਰਾਮ ਮੰਦਿਰ ਦੇ ਦਾਨ ਵਿੱਚ ਗੜਬੜੀ ਦਾ ਇਲਜ਼ਾਮ ਲਗਾਇਆ ਹੈ।

ਮਹੀਪਾਲ ਸਿੰਘ ਮੁਤਾਬਕ, ਉਨ੍ਹਾਂ ਨੇ ਜਦੋਂ ਚੜ੍ਹਾਵੇ ਦੀ ਰਕਮ ਵਿਚ ਕਥਿਤ ਗੜਬੜੀ ਦੀ ਸ਼ਿਕਾਇਤ ਦਫ਼ਤਰ ਦੀ ਹਫਤੇਵਾਰ ਮੀਟਿੰਗ ਵਿਚ ਕੀਤੀ ਤਾਂ ਉਨ੍ਹਾਂ ਦੀ ਥਾਂ ਹੋਰ ਅਕਾਊਂਟਸ ਇੰਚਾਰਜ ਦੀ ਨਿਯੁਕਤੀ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਇਸ ਵਿਵਸਥਾ ਤੋਂ ਦੂਰੀ ਬਣਾ ਲਈ।

ਜਦੋਂ ਬੀਬੀਸੀ ਹਿੰਦੀ ਨੇ ਮਹੀਪਾਲ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਮੈਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੈਂ ਬੇਹਦ ਦਬਾਅ ਅਤੇ ਤਣਾਅ ਵਿੱਚ ਹਾਂ। ਮੈਂ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਹਾਂ। ਮੈਂ ਹਾਲੇ ਤੱਕ ਪਬਲਿਕ ਵਿੱਚ ਜੋ ਕੁਝ ਕਿਹਾ ਹੈ, ਉਸੇ ਨੂੰ ਤੁਸੀਂ ਮੇਰਾ ਪੱਖ ਮੰਨ ਲਓ।"

ਮਹੀਪਾਲ ਸਿੰਘ ਨੇ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ, "ਸਾਡੀ ਹਫਤਾਵਾਰੀ ਮੀਟਿੰਗ, ਦਫ਼ਤਰ ਵਿੱਚ ਗੋਪਾਲ ਭਾਈ ਸਾਹਿਬ ਲਿਆ ਕਰਦੇ ਸੀ। ਗੋਪਾਲ ਭਾਈ ਸਾਹਿਬ ਚੰਪਤ ਰਾਏ ਤੋਂ ਬਾਅਦ ਸੈਕੇਂਡ ਪੋਜ਼ੀਸ਼ਨ 'ਤੇ ਹਨ। ਜਦੋਂ ਮੈਂ ਗੋਪਾਲ ਭਾਈ ਸਾਹਿਬ ਨੂੰ ਚੜ੍ਹਾਵੇ ਵਿੱਚ ਗੜਬੜੀ ਦੀ ਗੱਲ ਦੱਸੀ ਤਾਂ ਦੂਜੇ ਦਿਨ ਤਾਂ ਅਨਿਲ ਮਿਸ਼ਰਾ(ਟਰੱਸਟ ਦੇ ਮੈਂਬਰ) ਨੇ ਮੇਰੀ ਥਾਂ 'ਤੇ ਕਿਸੇ ਹੋਰ ਨੂੰ ਬਿਠਾ ਦਿੱਤਾ।"

ਸਾਬਕਾ ਅਕਾਊਂਟਸ ਇੰਚਾਰਜ ਮਹੀਪਾਲ ਸਿੰਘ ਨੇ ਇਸੇ ਇੰਟਰਵਿਊ ਵਿੱਚ ਚੜ੍ਹਾਵੇ ਦੀ ਰਕਮ ਤੋਂ ਇਲਾਵਾ ਚੜ੍ਹਾਵੇ ਦੀਆਂ ਧਾਤਾਂ ਵਿਚ ਵੀ ਗੜਬੜੀ ਦੀ ਗੱਲ ਕਹੀ ਹੈ।

ਟਰੱਸਟ ਦਾ ਕੀ ਕਹਿਣਾ ਹੈ ?

 ਚੰਪਤ ਰਾਏ

ਤਸਵੀਰ ਸਰੋਤ, SONU MEHTA/HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਮਹਾਂ ਸਕੱਤਰ ਚੰਪਤ ਰਾਏ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ। (ਫ਼ਾਈਲ ਫੋਟੋ)

ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਦੇ ਮਹਾਂ ਸਕੱਤਰ ਚੰਪਤ ਰਾਏ ਨੇ ਇੱਕ ਵੀਡੀਓ ਜਾਰੀ ਕਰਕੇ ਕਿਸੇ ਪ੍ਰਕਾਸ਼ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ।

ਉਨ੍ਹਾ ਨੇ ਵੀਡੀਓ ਵਿੱਚ ਕਿਹਾ, "ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਆਪਣੇ ਵੱਖ ਵੱਖ ਕਾਰਜਾਂ ਦਾ ਆਡਿਟ ਸਮੇਂ-ਸਮੇਂ ਕਰਦਾ ਰਹਿੰਦਾ ਹੈ। ਦਾਨ ਪੇਟੀ ਕਾਊਂਟਿੰਗ ਕਮਰੇ ਦਾ ਵੀ ਆਡਿਟ ਹੁੰਦਾ ਹੈ। ਦਾਨ ਪੇਟੀ ਕਾਉਂਟਿਗ ਕਮਰੇ ਦਾ ਆਡਿਟ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਟਰੱਸਟੀ, ਕਾਰਜ-ਕਰਤਾ ਅਤੇ ਸਟੇਟ ਬੈਂਕ ਦੇ ਕਰਮਚਾਰੀ ਮਿਲ ਕੇ ਕਰਦੇ ਹਨ। ਇਹ ਕੰਮ ਕਈ ਦਿਨਾਂ ਤੱਕ ਚਲਦਾ ਹੈ। ਇਹੀ ਕੰਮ ਅੱਜਕਲ੍ਹ ਹੋ ਰਿਹਾ ਹੈ। ਕੋਈ ਵੀ ਖਾਸ ਗੱਲ ਹਾਲੇ ਤੱਕ ਕਿਸੇ ਦੇ ਧਿਆਨ ਵਿੱਚ ਨਹੀਂ ਆਈ ਹੈ।"

ਅਸੀਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਂ ਸਕੱਤਰ ਚੰਪਤ ਰਾਏ ਅਤੇ ਟਰੱਸਟ ਦੇ ਵਰਤਮਾਨ 14 ਮੈਂਬਰਾਂ ਵਿੱਚੋਂ ਇੱਕ ਡਾਕਟਰ ਅਨਿਲ ਮਿਸ਼ਰਾ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 9 ਜੂਨ ਨੂੰ ਐਕਸ 'ਤੇ ਪੋਸਟ ਕਰਕੇ ਕਈ ਬਿੰਦੂਆਂ 'ਤੇ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਐਕਸ 'ਤੇ ਲਿਖਿਆ, " ਕੌਣ ਹੈ ਇਸ ਸਭ ਦੇ ਪਿੱਛੇ, ਜੋ ਦੇਸ਼ ਦੀ ਸਨਾਤਨੀ ਆਸਥਾ ਨਾਲ ਖਿਲਵਾੜ ਕਰ ਰਿਹਾ ਹੈ? ਚੜ੍ਹਾਵੇ ਵਿੱਚ ਚੋਰੀ ਦਾ ਪਾਪ ਕਰਨ ਵਾਲਿਆਂ ਨੂੰ ਕੌਣ ਬਚਾ ਰਿਹਾ ਹੈ? ਇਸ ਅਪਰਾਧ ਦੇ ਤਾਰ ਕਿਹੜੇ ਕਿਹੜੇ ਲੋਕਾਂ ਨਾਲ ਜੁੜੇ ਹਨ ਅਤੇ ਕਿੰਨੀ ਦੂਰ ਤੱਕ ਜਾਂਦੇ ਹਨ? ਕੌਣ ਅਜਿਹਾ ਅਧਰਮੀ ਹੈ, ਜਿਸ ਦੇ ਹੱਥ ਇਸ ਪੂਰੇ ਕਾਂਡ ਦੀ ਲਗਾਮ ਹੈ ? ਇਸ ਘਪਲੇ ਦਾ ਸਰਗਨਾ ਕਿੱਥੇ ਲੁਕਿਆ ਬੈਠਾ ਹੈ? "

ਮਹੀਪਾਲ ਸਿੰਘ ਦਾ ਬੀਬੀਸੀ ਹਿੰਦੀ ਨੂੰ ਬਿਆਨ

ਭਾਜਪਾ ਨੇਤਾ ਅਤੇ ਕਈ ਵਾਰ ਸਾਂਸਦ ਰਹੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਰਾਮ ਮੰਦਿਰ ਦੇ ਚੜ੍ਹਾਵੇ ਵਿਚ ਕਥਿਤ ਗੜਬਰੀ ਦੇ ਸਵਾਲ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ 'ਵੱਡੇ ਲੋਕਾਂ ਤੋਂ ਡਰਨ' ਦੀ ਗੱਲ ਕਹੀ ਹੈ।

ਬ੍ਰਿਜਭੂਸ਼ਣ ਸ਼ਰਨ ਸਿੰਘ ਦੇ ਬਿਆਨ ਨੂੰ ਟਰੱਸਟ ਦੇ ਮੈਂਬਰਾਂ ਦੇ ਤਾਕਤਵਰ ਹੋਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, "ਜੇ ਮੈਂ ਸੱਚ ਬੋਲ ਦੇਵਾਂਗਾ ਤਾਂ ਬਹੁਤ ਪਰੇਸ਼ਾਨੀ ਵਿੱਚ ਆ ਜਾਵਾਂਗਾ ਕਿਉਂਕਿ ਉਹ ਬਹੁਤ ਵੱਡੇ ਲੋਕ ਹਨ। ਸੱਚ ਬੋਲਣ ਦੀ ਹਿੰਮਤ ਹਾਲੇ ਨਹੀਂ ਹੈ। ਕਦੇ ਸਮਾਂ ਆਵੇਗਾ ਤਾਂ ਬੋਲਾਂਗੇ।"

ਉਧਰ ਸਥਾਨਕ ਭਾਜਪਾ ਨੇਤਾ ਰਜਨੀਸ਼ ਸਿੰਘ ਨੇ ਦੁਬਾਰਾ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਤੋਂ ਕਈ ਬਿੰਦੂਆਂ 'ਤੇ ਜਾਂਚ ਦੀ ਮੰਗ ਕੀਤੀ ਹੈ।

ਰਜਨੀਸ਼ ਸਿੰਘ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਰਾਮ ਸ਼ੰਕਰ ਯਾਦਵ ਉਰਫ਼ ਟੀਨੂ, ਚੰਪਤ ਰਾਏ ਦਾ ਕਈ ਸਾਲਾਂ ਤੋਂ ਡਰਾਈਵਰ ਹੈ। ਕੋਈ ਰਾਮ ਮੰਦਿਰ ਵਿੱਚ ਇੱਕ ਕਲਮ ਲੈ ਕੇ ਅੰਦਰ ਨਹੀਂ ਜਾ ਸਕਦਾ ਹੈ ਪਰ ਟੀਨੂ ਦੀ ਗੱਡੀ ਅੰਦਰ ਕੁਝ ਵੀ ਹੋਵੇ, ਬਿਨ੍ਹਾਂ ਚੈਕਿੰਗ ਅੰਦਰ ਜਾਂਦੀ ਸੀ। ਇਸ ਲੁੱਟ ਵਿੱਚ ਟੀਨੂ ਦੇ ਇਲਾਵਾ ਉਸ ਦਾ ਭਤੀਜਾ ਮਨੀਸ਼ ਯਾਦਵ, ਲਵਕੁਸ਼ ਮਿਸ਼ਰਾ, ਅਨਿਲ ਮਿਸ਼ਰਾ, ਅਨੁਕਲਪ ਮਿਸ਼ਰਾ ਅਤੇ ਅਵਨੀਤ ਮਿਸ਼ਰਾ ਜਿਵੇਂ ਕਈ ਨਾਮ ਹਨ। ਸਭ ਕੋਲ ਕਰੋੜਾਂ ਦੀ ਸੰਪਤੀ ਹੋ ਗਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਇੱਕ ਲੜੀ ਹੈ ਉਸਦੀ ਇਹ ਲੋਕ ਕੜੀ ਹਨ। ਕਿਸੇ ਸਹਿਯੋਗੀ ਨੂੰ ਫੜਨ ਨਾਲ ਕੋਈ ਨਤੀਜਾ ਨਿਕਲਣ ਵਾਲਾ ਨਹੀਂ ਹੈ। ਇਸ ਦੇ ਸਰਗਨਾ ਨੂੰ ਫੜਣਾ ਜ਼ਰੂਰੀ ਹੈ।"

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਰਾਮ ਮੰਦਿਰ ਵਿੱਚ ਕਥਿਤ ਗੜਬੜੀ 'ਤੇ ਸਵਾਲ ਚੁਕਾਉਣ ਦਾ ਨੈਤਿਕ ਅਧਿਕਾਰ ਨਹੀਂ ਹੈ।

ਉਨ੍ਹਾਂ ਨੇ ਬੀਬੀਸੀ ਹਿੰਦੀ ਨੂੰ ਕਿਹਾ, "ਸਮਾਜਵਾਦੀ ਪਾਰਟੀ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਰਾਮ ਮੰਦਿਰ ਦੇ ਰਾਹ ਵਿੱਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਕਦੇ ਵੀ ਰਾਮ ਮੰਦਿਰ ਦੇ ਨਿਰਮਾਣ ਵਿਚ ਕੋਈ ਵੀ ਸਹਿਯੋਗ ਨਹੀਂ ਕੀਤਾ। ਰਾਮ ਭਗਤਾਂ 'ਤੇ ਗੋਲੀ ਚਲਾਉਣ ਦਾ ਪਾਪ ਵੀ ਸਮਾਜਵਾਦੀ ਪਾਰਟੀ 'ਤੇ ਹਾਲੇ ਵੀ ਕਲੰਕ ਵਜੋਂ ਹੈ। ਤਾਂ ਸਮਾਜਵਾਦੀ ਪਾਰਟੀ ਨੂੰ ਕੋਈ ਅਧਿਕਾਰ ਨਹੀਂ ਹੈ।"

ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ, "ਜੋ ਸਵਾਲ ਉੱਠੇ ਹਨ, ਉਹ ਨਿਸ਼ਚਿਤ ਰੂਪ ਵਿੱਚ ਗੰਭੀਰ ਹਨ ਅਤੇ ਉਨ੍ਹਾਂ ਨੂੰ ਲੈ ਕੇ ਰਾਮ ਭਗਤਾਂ ਵਿੱਚ ਚਿੰਤਾ ਹੈ। ਇਨ੍ਹਾਂ ਸਵਾਲਾਂ ਦੇ ਹੱਲ ਲਈ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ। ਸਾਨੂੰ ਉਮੀਦ ਹੈ ਕਿ ਐਸਆਈਟੀ ਆਪਣੀ ਰਿਪੋਰਟ ਵਿਚ ਤੱਥਾਂ ਨੂੰ ਸਾਹਮਣੇ ਲਿਆਵੇਗੀ। ਜੇ ਜਾਂਚ ਵਿੱਚ ਕਿਸੇ ਵਿਅਕਤੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਅਨਿਯਮਿਤਤਾ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)