ਪੰਜਾਬ ਵਿੱਚ ਹੋਏ ਕੁਝ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਵਾਲਾ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨਾਮ ਦਾ ਰਹੱਸਮਈ ਅੱਤਵਾਦੀ ਗਰੁੱਪ ਕੀ ਹੈ

ਮੈਟਰੋ/ਸਬਵੇਅ ਵਿੱਚ ਬੈਗ ਚੁੱਕੀ, ਕਾਲੇ ਕੱਪੜੇ ਪਾਏ ਹੋਏ ਹੁੱਡ ਵਾਲਾ ਇੱਕ ਇਕੱਲਾ ਵਿਅਕਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ
    • ਲੇਖਕ, ਬੀਬੀਸੀ ਮੌਨਿਟਰਿੰਗ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਪਾਕਿਸਤਾਨ ਨਾਲ ਲੱਗਦੇ ਬਾਰਡਰ ਨੇੜੇ ਹੋਏ ਜਾਨਲੇਵਾ ਹਮਲਿਆਂ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਸਮੇਤ ਹੋਰ ਭਾਰਤੀ ਅਥਾਰਟੀਜ਼, ਇੱਕ ਨਵੇਂ ਅੱਤਵਾਦੀ ਗਰੁੱਪ ਬਾਰੇ ਜਾਂਚ ਕਰ ਰਹੀਆਂ ਹਨ।

ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਕਹਾਉਣ ਵਾਲਾ ਇਹ ਗਰੁੱਪ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਇਸ ਨੇ ਕਥਿਤ ਤੌਰ 'ਤੇ ਭਾਰਤੀ ਪੰਜਾਬ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਜਾਨ ਲੈਣ ਵਾਲੇ ਇੱਕ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਹਾਲਾਂਕਿ ਇਸ ਦਾ ਨਾਮ ਪਾਕਿਸਤਾਨ ਦੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਕਾਫ਼ੀ ਮਿਲਦਾ ਜੁਲਦਾ ਹੈ, ਪਰ ਇਸ ਸਮੂਹ ਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਕੋਈ ਕੁਨੈਕਸ਼ਨ ਨਹੀਂ ਹੈ।

ਸੰਗਠਨ ਦੀ ਸ਼ੁਰੂਆਤ, ਢਾਂਚੇ ਅਤੇ ਭਾਰਤ ਵਿੱਚ ਇਸ ਦੇ ਸੰਭਾਵਿਤ ਪ੍ਰਭਾਵ ਬਾਰੇ ਵੀ ਬਹੁਤ ਥੋੜ੍ਹੀ ਜਾਣਕਾਰੀ ਹੈ ਅਤੇ ਇਸ ਦਾ ਕੋਈ ਵਿਆਪਕ ਤੌਰ 'ਤੇ ਜਾਣਿਆ ਪਛਾਣਿਆ ਮੀਡੀਆ ਆਊਟਲੈਟ ਵੀ ਨਹੀਂ ਦਿਸਦਾ।

ਦ ਟਾਈਮਜ਼ ਆਫ ਇੰਡੀਆ ਵਿੱਚ 24 ਮਈ ਨੂੰ ਆਈ ਰਿਪੋਰਟ ਮੁਤਾਬਕ, ਖੁਫੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹਵਾਲੇ ਨਾਲ ਭਾਰਤੀ ਮੀਡੀਆ ਰਿਪੋਰਟਾਂ ਨੇ ਪਾਕਿਸਤਾਨ ਸਥਿਤ ਸ਼ਹਿਜ਼ਾਦ ਭੱਟੀ ਨੂੰ ਟੀਟੀਐਚ ਨਾਲ ਜੁੜੀਆਂ ਪ੍ਰਚਾਰ ਅਤੇ ਕਾਰਜਸ਼ੀਲ ਗਤੀਵਿਧੀਆਂ ਦੇ ਪਿੱਛੇ ਇੱਕ ਮੁੱਖ ਵਿਅਕਤੀ ਦੱਸਿਆ ਸੀ।

ਰਿਪੋਰਟਾਂ ਵਿੱਚ ਮੋਟੇ ਤੌਰ 'ਤੇ ਉਸ ਨੂੰ ਭਾਰਤੀ ਪੰਜਾਬ ਵਿੱਚ ਕਈ ਕਾਰਵਾਈਆਂ ਲਈ ਜ਼ਿੰਮੇਵਾਰ 'ਇੱਕ ਗੈਂਗਸਟਰ ਤੋਂ ਅੱਤਵਾਦੀ ਬਣੇ' ਵਿਅਕਤੀ ਵਜੋਂ ਦਰਸਾਇਆ ਗਿਆ।

ਦ ਟਾਈਮਜ਼ ਆਫ ਇੰਡੀਆ ਨੇ 9 ਜੂਨ ਨੂੰ ਰਿਪੋਰਟ ਕੀਤਾ ਕਿ ਐਨਏਆਈ ਨੇ ਪੰਜਾਬ ਅਤੇ ਹਰਿਆਣਾ ਵਿੱਚ ਸ਼ਹਿਜ਼ਾਦ ਭੱਟੀ ਨਾਲ ਸਬੰਧਤ 18 ਥਾਂਵਾਂ 'ਤੇ ਸਰਚ ਕੀਤੀ।

ਇਸ ਵਿੱਚ ਮਾਰਚ 2025 'ਚ ਇਨਫਲੁਐਂਸਰ ਰੌਜਰ ਸੰਧੂ ਦੇ ਜਲੰਧਰ ਸਥਿਤ ਘਰ 'ਤੇ ਗ੍ਰਨੇਡ ਹਮਲਾ, ਨਵੰਬਰ 2025 ਵਿੱਚ ਸਿਰਸਾ ਦੇ ਵੂਮਨ ਪੁਲਿਸ ਸਟੇਸ਼ਨ 'ਤੇ ਧਮਾਕਾ ਅਤੇ ਜਨਵਰੀ 2026 ਵਿੱਚ ਅੰਬਾਲਾ ਦੇ ਬਲਦੇਵ ਨਗਰ ਪੁਲਿਸ ਸਟੇਸ਼ਨ ਵਿੱਚ ਕਾਰ ਬੰਬ ਧਮਾਕੇ ਸ਼ਾਮਿਲ ਹਨ।

ਜਾਂਚਕਰਤਾਵਾਂ ਦਾ ਇਲਜ਼ਾਮ ਹੈ ਕਿ ਇਸ ਸੰਗਠਨ ਨੇ ਆਨਲਾਈਨ ਨੈਟਵਰਕਾਂ, ਸੋਸ਼ਲ ਮੀਡੀਆ ਮੁਹਿੰਮਾਂ ਅਤੇ ਕਮਜ਼ੋਰ ਸਥਿਤੀ ਵਾਲੇ ਨੌਜਵਾਨਾਂ ਨੂੰ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਨਾਲ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।

ਦ ਨਿਊ ਇੰਡੀਅਨ ਐਕਸਪ੍ਰੈਸ ਨੇ 22 ਫ਼ਰਵਰੀ ਨੂੰ ਰਿਪੋਰਟ ਦਿੱਤੀ ਕਿ ਹਾਲਾਂਕਿ, ਪੰਜਾਬ ਪੁਲਿਸ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਦੌਰਾਨ, ਸੂਬੇ ਜਾਂ ਭਾਰਤ ਵਿੱਚ ਕਿਸੇ ਹੋਰ ਥਾਂ ਟੀਟੀਐਚ ਦੀ ਕੋਈ ਪੁਖਤਾ ਓਪਰੇਸ਼ਨਲ ਮੌਜੂਦਗੀ ਨਹੀਂ ਸੀ।

ਦ ਵੀਕ ਨੇ 11 ਅਪ੍ਰੈਲ ਨੂੰ ਰਿਪੋਰਟ ਕੀਤਾ ਕਿ ਅਪ੍ਰੈਲ 2026 ਵਿੱਚ ਉੱਤਰਾਖੰਡ ਸਪੈਸ਼ਲ ਟਾਸਕ ਫੋਰਸ ਨੇ ਦੇਹਰਾਦੂਨ ਦੇ ਇੱਕ ਨਿਵਾਸੀ ਵਿਕਰਾਂਤ ਕਸ਼ਯਪ ਨੂੰ ਟੀਟੀਐਚ ਨਾਲ ਜੁੜੇ ਹੈਂਡਲਰਜ਼ ਨਾਲ ਕਥਿਤ ਤੌਰ 'ਤੇ ਕੰਮ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ।

ਪੁਲਿਸ ਨੇ ਕਿਹਾ ਕਿ ਮੁਲਜ਼ਮ ਦਾ ਸੋਸ਼ਲ ਮੀਡੀਆ ਜ਼ਰੀਏ ਕੱਟੜਪੰਥੀਕਰਨ ਕੀਤਾ ਗਿਆ ਅਤੇ ਉਸ ਨੂੰ ਕਥਿਤ ਤੌਰ 'ਤੇ ਸੰਵੇਦਨਸ਼ੀਲ ਥਾਂਵਾਂ ਦੀ ਨਿਗਰਾਨੀ ਅਤੇ ਗ੍ਰੈਫਿਟੀ ਤੇ ਆਨਲਾਈਨ ਗਤੀਵਿਧੀਆਂ ਰਾਹੀਂ ਸਮੂਹ ਦੇ ਨਾਮ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਪੁਲਿਸ ਨੇ ਕਿਹਾ ਕਿ ਕਸ਼ਯਪ "ਪਾਕਿਸਤਾਨ ਨਾਲ ਸਬੰਧਤ ਇੱਕ ਅੱਤਵਾਦੀ ਸੰਗਠਨ ਦਾ ਲੋਨ ਵੂਲਫ਼ ਮੌਡਿਊਲ" ਚਲਾ ਰਿਹਾ ਸੀ।

 ਗਰੁੱਪ ਦੀ ਸਟੇਟਮੈਂਟ ਅਤੇ ਬਰਾਂਡਿੰਗ ਟੀਟੀਪੀ ਨਾਲ ਮੇਲ ਖਾਂਦੀ ਹੈ

ਤਸਵੀਰ ਸਰੋਤ, X/VJSWRITER

ਤਸਵੀਰ ਕੈਪਸ਼ਨ, ਗਰੁੱਪ ਦੀ ਸਟੇਟਮੈਂਟ ਅਤੇ ਬਰਾਂਡਿੰਗ ਟੀਟੀਪੀ ਨਾਲ ਮੇਲ ਖਾਂਦੀ ਹੈ

ਹਮਲਿਆਂ ਦਾ ਦਾਅਵਾ

ਸੰਗਠਨ ਨੇ ਪਹਿਲੀ ਵਾਰ ਵਿਆਪਕ ਧਿਆਨ ਫ਼ਰਵਰੀ ਵਿੱਚ ਉਦੋਂ ਹਾਸਿਲ ਕੀਤਾ ਜਦੋਂ ਪੰਜਾਬ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਤਲ ਨਾਲ ਸਬੰਧਤ ਪੋਸਟਰ ਸੋਸ਼ਲ ਮੀਡੀਆ 'ਤੇ ਸਰਕੁਲੇਟ ਕੀਤੇ ਗਏ।

ਸੰਗਠਨ ਨੇ ਕਥਿਤ ਤੌਰ 'ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਯੋਜਨਾਬੱਧ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿੱਥੇ ਇੱਕ ਸਰਹੱਦੀ ਚੌਂਕੀ 'ਤੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਬੀਬੀਸੀ ਮੌਨਿਟਰਿੰਗ ਇਨ੍ਹਾਂ ਕਥਿਤ ਦਾਅਵਿਆਂ ਨੂੰ ਲੱਭ ਜਾਂ ਇਨ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਿਆ ਹੈ।

ਇਹ ਖੇਤਰ, ਜੁਲਾਈ 2015 ਵਿੱਚ ਲਸ਼ਕਰ-ਏ-ਤਾਇਬਾ ਵੱਲੋਂ ਸੁਰੱਖਿਆ ਬਲਾਂ 'ਤੇ ਕੀਤੇ ਹਮਲੇ ਵਾਲੀ ਥਾਂ ਹੈ ਅਤੇ ਜਨਵਰੀ 2016 ਵਿੱਚ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਵੱਲੋਂ ਵਰਤੇ ਰਸਤੇ ਦੇ ਨੇੜੇ ਹੈ।

ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਦੇ ਕਥਿਤ ਹਮਲੇ ਤੋਂ ਬਾਅਦ ਇੱਕ ਵੀਡੀਓ ਪਾਕਿਸਤਾਨ ਰਹਿੰਦੇ ਹੈਂਡਲਰਜ਼ ਨੂੰ ਭੇਜੀ ਗਈ ਸੀ ਅਤੇ ਬਾਅਦ ਵਿਚ ਆਨਲਾਈਨ ਸਰਕੁਲੇਟ ਕੀਤੀ ਗਈ ਸੀ।

24 ਮਈ ਨੂੰ ਟੀਟੀਐਚ ਨੇ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਦਿਨ ਦਿਹਾੜੇ ਇੱਕ ਹੋਰ ਪੁਲਿਸ ਅਧਿਕਾਰੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ।

ਦ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਇਸ ਘਟਨਾ ਤੋਂ ਬਾਅਦ 'ਅਲ-ਬੁਰਾਕ ਸਕੁਐਡ' ਦੇ ਨਾਮ ਹੇਠ ਐਨਕ੍ਰਿਪਟਡ ਪਲੇਟਫ਼ਾਰਮਾਂ 'ਤੇ ਡਿਜੀਟਲ ਪੋਸਟਰ ਜਾਰੀ ਕੀਤੇ ਗਏ ਹਨ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਘਟਨਾ ਤੋਂ ਦੋ ਦਿਨ ਬਾਅਦ ਟੀਟੀਐਚ ਨੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤੀ।

ਓਪਇੰਡੀਆ ਵੈਬਸਾਈਟ ਦੀ ਰਿਪੋਰਟ ਮੁਤਾਬਕ, ਇਸ ਸਮੂਹ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਫੌਜ ਦੇ ਜਵਾਨਾਂ, ਖੁਫੀਆ ਅਧਿਕਾਰੀਆਂ ਅਤੇ ਸਰਕਾਰੀ ਪ੍ਰਸ਼ਾਸਕਾਂ ਖ਼ਿਲਾਫ਼ ਅਜਿਹੇ ਹੀ ਹਮਲੇ ਕਰਨ ਦੀ ਧਮਕੀ ਦਿੱਤੀ।

ਕਥਿਤ ਪਾਕਿਸਤਾਨ ਕੁਨੈਕਸ਼ਨ

ਕੰਡਿਆਲੀ ਤਾਰ ਵਾਲੀ ਵਾੜ ਦੇ ਪਿੱਛੇ ਲੱਗੇ ਨਿਗਰਾਨੀ ਅਤੇ ਸੁਰੱਖਿਆ ਕੈਮਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੁਣ ਤੱਕ, ਟੀਟੀਪੀ ਵੱਲੋਂ ਟੀਟੀਐਚ ਬਾਰੇ ਕੋਈ ਟਿੱਪਣੀ ਕਰਦਿਆਂ ਨਹੀਂ ਦੇਖਿਆ ਗਿਆ ਹੈ। (ਸੰਕੇਤਕ ਤਸਵੀਰ)

ਭਾਰਤੀ ਸੁਰੱਖਿਆ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਟੀਟੀਐਚ, ਪਾਕਿਸਤਾਨ ਦੀ ਆਈਐਸਆਈ ਦੀ ਪਰੋਕਸੀ ਹੈ ਅਤੇ ਸਰਹੱਦ ਪਾਰ ਤੋਂ ਆਈਐਸਆਈ ਦੇ ਹੈਂਡਲਰਾਂ ਦੇ ਨਿਰਦੇਸ਼ਾਂ ਮੁਤਾਬਕ ਕੰਮ ਕਰ ਰਹੀ ਹੈ।

ਨਿਊਜ਼ ਵੈਬਸਾਈਟ 'ਦ ਪ੍ਰਿੰਟ' ਨੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਆਈਐਸਆਈ ਰਾਜ ਦੀ ਮਸ਼ੀਨਰੀ ਨੂੰ ਚੁਣੌਤੀ ਦੇਣ ਲਈ ਕਈ ਪ੍ਰੌਕਸੀਆਂ ਦੀ ਵਰਤੋਂ ਕਰਦੀ ਹੈ। ਜੇਕਰ ਇਸ ਨਾਮ ਦਾ ਕੋਈ ਸੰਗਠਨ ਮੌਜੂਦ ਹੈ ਤਾਂ ਇਹ ਆਈਐਸਆਈ ਦਾ ਇੱਕ ਅਜਿਹਾ ਮੋਹਰਾ ਹੈ ਜਿਸ ਦਾ ਮਕਸਦ ਮੁਸ਼ਕਲਾਂ ਭੜਕਾਉਣਾ ਹੈ ਤਾਂ ਜੋ ਉਹ ਇਸ ਵਿੱਚ ਆਪਣੀ ਸ਼ਮੂਲੀਅਤ ਤੋਂ ਅਸਾਨੀ ਨਾਲ ਇਨਕਾਰ ਕਰ ਸਕਣ।

ਇੱਕ ਇਸੇ ਤਰ੍ਹਾਂ ਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਕਸ਼ਮੀਰ ਪਿਛਲੇ ਸਾਲ ਸਾਹਮਣੇ ਆਇਆ ਸੀ ਅਤੇ ਭਾਰਤੀ ਮੀਡੀਆ ਵੱਲੋਂ ਇਸ ਨੂੰ ਵੀ ਆਈਐਸਆਈ ਦੇ ਇੱਕ ਮੋਹਰੇ ਵਜੋਂ ਦਰਸਾਇਆ ਗਿਆ ਸੀ।

ਇਸ ਸੰਗਠਨ ਨੇ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ ਅਤੇ ਪਾਕਿਸਤਾਨ ਨੂੰ ਦਖ਼ਲ ਨਾ ਦੇਣ ਦੀ ਤਾਕੀਦ ਕੀਤੀ ਸੀ ਅਤੇ ਆਈਐਸਆਈ ਨਾਲ ਲਿੰਕ ਹੋਣ ਦੇ ਇਲਜ਼ਾਮ ਸਨ।

ਤਹਿਰੀਕ-ਏ-ਤਾਲਿਬਾਨ ਕਸ਼ਮੀਰ ਅਤੇ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਦਾ ਸਾਹਮਣੇ ਆਉਣਾ ਪਿਛਲੇ ਸਾਲ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਟਕਰਾਅ ਤੋਂ ਬਾਅਦ ਦੇਖੇ ਗਏ ਰੁਝਾਨਾਂ ਨਾਲ ਮੇਲ ਖਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਭਾਰਤ ਵਿਰੋਧੀ ਸਮੂਹ ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਹਮਲੇ ਤੇਜ਼ ਕਰਨਗੇ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਕੋਈ ਸਪਸ਼ਟ ਸਬੰਧ ਨਹੀਂ

ਟੀਟੀਐੱਚ

ਤਸਵੀਰ ਸਰੋਤ, TELEGRAM

ਤਸਵੀਰ ਕੈਪਸ਼ਨ, ਟੀਟੀਐੱਚ ਦਾ ਬਿਆਨ ਟੀਟੀਪੀ ਦੇ ਬਿਆਨ ਦੀ ਨਕਲ ਵਰਗਾ ਜਾਪਦਾ ਹੈ

ਹਾਲਾਂਕਿ ਨਵੇਂ ਰਹੱਸਮਈ ਗਰੁੱਪ ਟੀਟੀਐਚ ਦਾ ਨਾਮ ਪਾਕਿਸਤਾਨ ਸਥਿਤ ਟੀਟੀਪੀ ਨਾਲ ਮਿਲਦਾ ਜੁਲਦਾ ਹੈ, ਪਰ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਹ ਦੋਹੇਂ ਪੂਰੀ ਤਰ੍ਹਾਂ ਵੱਖਰੀਆਂ ਸੰਸਥਾਵਾਂ ਹਨ ਜਿਨ੍ਹਾਂ ਦੇ ਖੇਤਰੀ ਵਿਰੋਧੀ ਇੱਕ ਦੂਜੇ ਦੇ ਉਲਟ ਹਨ ਅਤੇ ਇਨ੍ਹਾਂ ਵਿੱਚ ਕੋਈ ਸੰਗਠਨਾਤਮਕ ਸਬੰਧ ਨਹੀਂ ਹੈ।

ਹੁਣ ਤੱਕ, ਟੀਟੀਪੀ ਵੱਲੋਂ ਟੀਟੀਐਚ ਬਾਰੇ ਕੋਈ ਟਿੱਪਣੀ ਕਰਦਿਆਂ ਨਹੀਂ ਦੇਖਿਆ ਗਿਆ ਹੈ।

ਹਾਲਾਂਕਿ, ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਦੇ ਬਿਆਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵੱਲੋਂ ਵਰਤੇ ਜਾਣ ਵਾਲੇ ਫ਼ਾਰਮੈਟ, ਟੈਂਪਲੇਟ ਅਤੇ ਬਰਾਂਡਿੰਗ ਦੀ ਬਹੁਤ ਨਕਲ ਕਰਦੇ ਹਨ।

ਅਜਿਹੀ ਨਕਲ ਵਾਲੀ ਬਰਾਂਡਿੰਗ, ਖਾਸ ਤੌਰ 'ਤੇ ਜਦੋਂ ਕੋਈ ਰਸਮੀ ਸਬੰਧ ਹੋਣ ਦਾ ਦਾਅਵਾ ਨਹੀਂ ਕੀਤਾ ਗਿਆ ਹੈ ਅਤੇ ਟੀਟੀਪੀ ਨੇ ਇਸ ਸਮੂਹ ਨੂੰ ਮਾਨਤਾ ਨਹੀਂ ਦਿੱਤੀ ਹੈ, ਟੀਟੀਐਚ ਦੇ ਬਿਆਨਾਂ ਅਤੇ ਇਸ ਉੱਭਰ ਰਹੇ ਗਰੁੱਪ ਦੀ ਭਰੋਸੇਯੋਗਤਾ, ਪ੍ਰਕਿਰਤੀ ਅਤੇ ਸਬੰਧਾਂ ਦਾ ਮੁਲਾਂਕਣ ਕਰਦਿਆਂ ਸਾਵਧਾਨੀ ਵਰਤਣ ਦੀ ਮੰਗ ਕਰਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)