ਮਹਿਲਾ ਟੀ-20 ਵਿਸ਼ਵ ਕੱਪ: ਜਦੋਂ ਹਰਮਨਪ੍ਰੀਤ ਕੌਰ ਦੇ ਰਨ ਆਊਟ ਹੋਣ ਕਾਰਨ ਪਲਟਿਆ ਸੀ ਪਾਸਾ, ਜਾਣੋ ਭਾਰਤ ਦੇ 5 ਸਭ ਤੋਂ ਦਿਲਚਸਪ ਮੁਕਾਬਲੇ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਗਲੈਂਡ ਦੀ ਧਰਤੀ 'ਤੇ ਸ਼ੁਰੂ ਹੋਣ ਜਾ ਰਿਹਾ ਇਹ 10ਵਾਂ ਟੀ-20 ਵਿਸ਼ਵ ਕੱਪ ਹੈ
    • ਲੇਖਕ, ਹਰਪਿੰਦਰ ਸਿੰਘ ਟੌਹੜਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

"ਟੀਮ ਕੋਲ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ, ਟੀਚਾ ਸਿਰਫ਼ ਵਧੀਆ ਟੀ-20 ਕ੍ਰਿਕਟ ਖੇਡਣਾ ਹੋਣਾ ਚਾਹੀਦਾ ਹੈ।"

ਇਹ ਕਹਿਣਾ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਦਾ। ਕਪਤਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਕੋਲ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਜਿੱਤਣ ਦੀ ਪੂਰੀ ਸਮਰੱਥਾ ਹੈ।

ਉਨ੍ਹਾਂ ਨੇ ਕਿਹਾ ਕਿ ਟੀਮ ਨੂੰ ਉਮੀਦਾਂ ਦੇ ਦਬਾਅ ਹੇਠ ਆਉਣ ਦੀ ਬਜਾਏ ਸੰਤੁਲਿਤ ਰਹਿੰਦੇ ਹੋਏ ਵਧੀਆ ਕ੍ਰਿਕਟ ਖੇਡਣ 'ਤੇ ਧਿਆਨ ਦੇਣਾ ਚਾਹੀਦਾ ਹੈ।

ਹਰਮਨਪ੍ਰੀਤ ਨੇ ਇਹ ਸ਼ਬਦ 12 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਲੰਡਨ ਵਿੱਚ ਹੋਏ ਕਪਤਾਨਾਂ ਦੇ ਸਮਾਗਮ ਦੌਰਾਨ ਕਹੇ। ਇੰਗਲੈਂਡ ਦੀ ਧਰਤੀ 'ਤੇ ਸ਼ੁਰੂ ਹੋਣ ਜਾ ਰਿਹਾ ਇਹ 10ਵਾਂ ਟੀ-20 ਵਿਸ਼ਵ ਕੱਪ ਹੈ।

ਭਾਰਤੀ ਟੀਮ ਇਸ ਮੁਕਾਬਲੇ ਦਾ ਅਜੇ ਤੱਕ ਇੱਕ ਵੀ ਖਿਤਾਬ ਨਹੀਂ ਜਿੱਤ ਸਕੀ ਹੈ। ਇਸ ਵਾਰ ਟੀਮ ਦੀ ਕੋਸ਼ਿਸ਼ ਆਪਣਾ ਖਾਤਾ ਖੋਲਣ ਦੀ ਰਹੇਗੀ।

ਭਾਰਤੀ ਮਹਿਲਾ ਟੀਮ ਵਨਡੇਅ ਵਿਸ਼ਵ ਕੱਪ ਦੀ ਮੌਜੂਦਾ ਚੈਂਪੀਅਨ ਹੈ। ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਵਿੱਚ ਭਾਵੇਂ ਕੋਈ ਖਿਤਾਬ ਨਾ ਜਿੱਤਿਆ ਹੋਵੇ ਪਰ ਟੀਮ ਨੇ ਕਈ ਅਜਿਹੇ ਰੋਮਾਂਚਕ ਮੁਕਾਬਲੇ ਖੇਡੇ ਹਨ ਜੋ ਇਤਿਹਾਸਕ ਹੋ ਨਿੱਬੜੇ।

ਜਦੋਂ ਤੱਕ ਔਰਤਾਂ ਦਾ ਟੀ-20 ਵਿਸ਼ਵ ਕੱਪ ਹੁੰਦਾ ਰਹੇਗਾ, ਇਨ੍ਹਾਂ ਦੀ ਗੱਲ ਹਮੇਸ਼ਾ ਹੁੰਦੀ ਰਹੇਗੀ। ਇਸ ਰਿਪੋਰਟ ਵਿੱਚ ਭਾਰਤ ਦੇ 5 ਰੋਮਾਂਚਕ ਮੁਕਾਬਲਿਆਂ ਦੀ ਗੱਲ ਕਰਾਂਗੇ।

ਭਾਰਤ ਬਨਾਮ ਆਸਟ੍ਰੇਲੀਆ 2020

ਭਾਰਤੀ ਕ੍ਰਿਕਟ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 8 ਮਾਰਚ 2020 ਨੂੰ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਮਗਰੋਂ ਨਿਰਾਸ਼ ਭਾਰਤੀ ਖਿਡਾਰਣਾਂ (ਫਾਈਲ ਫੋਟੋ)

2020 ਵਿੱਚ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ, ਸਥਾਨ ਮੈਲਬਰਨ ਕ੍ਰਿਕਟ ਗਰਾਊਂਡ।

ਫਾਈਨਲ ਵਿੱਚ ਆਸਟ੍ਰੇਲੀਆ ਨੇ 4 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ ਸਨ। ਬੇਥ ਮੂਨੀ ਨੇ ਨਾਬਾਦ 78 ਤੇ ਅਲੀਸਾ ਹੀਲੀ ਨੇ 75 ਦੌੜਾਂ ਦੀ ਪਾਰੀ ਖੇਡੀ।

ਹਾਲਾਂਕਿ ਭਾਰਤੀ ਟੀਮ ਦੀ ਬੱਲੇਬਾਜ਼ੀ ਨੇ ਖ਼ਰਾਬ ਪ੍ਰਦਰਸ਼ਨ ਕੀਤਾ। 185 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ ਦਬਾਅ ਵਿੱਚ ਨਜ਼ਰ ਆਈ ਤੇ 99 ਦੌੜਾਂ 'ਤੇ ਹੀ ਆਲ ਆਊਟ ਹੋ ਗਈ।

ਆਸਟ੍ਰੇਲੀਆਈ ਟੀਮ ਨੇ 85 ਦੌੜਾਂ ਨਾਲ ਮੈਚ ਜਿੱਤ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ। ਹਾਲਾਂਕਿ, ਇਸ ਮੈਚ ਦੀ ਮਹੱਤਤਾ ਸਿਰਫ਼ ਨਤੀਜੇ ਤੱਕ ਸੀਮਤ ਨਹੀਂ ਸੀ। ਇਹ ਮੈਚ ਦਰਸ਼ਕਾਂ ਦੀ ਇਤਿਹਾਸਕ ਗਿਣਤੀ ਕਾਰਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਆਈਸੀਸੀ ਦੀ ਵੈੱਬਸਾਈਟ ਮੁਤਾਬਕ ਇਸ ਮੈਚ ਨੂੰ ਦੇਖਣ ਲਈ 86,174 ਦਰਸ਼ਕ ਪਹੁੰਚੇ ਸਨ।

ਦਰਸ਼ਕਾਂ ਦੀ ਮੌਜੂਦਗੀ ਨੇ ਨਵਾਂ ਇਤਿਹਾਸ ਰਚਿਆ, ਕਿਉਂਕਿ ਇਹ ਮਹਿਲਾ ਕ੍ਰਿਕਟ ਮੈਚ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਰਸ਼ਕਾਂ ਦੀ ਗਿਣਤੀ ਸੀ, ਜਿਸ ਨੇ ਇਸ ਫਾਈਨਲ ਨੂੰ ਮਹਿਲਾ ਕ੍ਰਿਕਟ ਦੇ ਇਤਿਹਾਸ ਦਾ ਇੱਕ ਇਤਿਹਾਸਕ ਪਲ ਬਣਾ ਦਿੱਤਾ।

ਇਹ ਸਿਰਫ਼ ਇੱਕ ਖਿਤਾਬੀ ਮੁਕਾਬਲਾ ਨਹੀਂ ਸੀ, ਸਗੋਂ ਮਹਿਲਾ ਕ੍ਰਿਕਟ ਦੇ ਇਤਿਹਾਸ ਦਾ ਇੱਕ ਯਾਦਗਾਰ ਅਤੇ ਮੀਲ ਪੱਥਰ ਸਾਬਤ ਹੋਇਆ ਮੁਕਾਬਲਾ ਸੀ।

ਜਦੋਂ ਹਰਮਨਪ੍ਰੀਤ ਦੇ ਰਨ ਆਊਟ ਹੋਣ ਕਾਰਨ ਪਾਸਾ ਪਲਟਿਆ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਸ ਤਰ੍ਹਾਂ ਹਰਮਨਪ੍ਰੀਤ ਖੇਡ ਰਹੇ ਸਨ, ਲੱਗ ਰਿਹਾ ਸੀ ਇੱਥੋਂ ਭਾਰਤ ਆਸਾਨੀ ਨਾਲ ਫਾਈਨਲ ਦਾ ਰਸਤਾ ਤੈਅ ਕਰ ਲਵੇਗਾ ਪਰ ਇਹ ਹੋ ਨਹੀਂ ਸਕਿਆ

ਇਹ ਕਿੱਸਾ ਦੱਖਣੀ ਅਫਰੀਕੀ ਦੀ ਧਰਤੀ 'ਤੇ ਖੇਡੇ ਗਏ 2023 ਟੀ-20 ਵਿਸ਼ਵ ਕੱਪ ਦਾ ਹੈ। ਕੈਪ ਟਾਊਨ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 173 ਦੌੜਾਂ ਦਾ ਟੀਚਾ ਰੱਖਿਆ ਸੀ।

ਜਵਾਬ ਵਿੱਚ ਭਾਰਤੀ ਮਹਿਲਾ ਟੀਮ 28 ਦੌੜਾਂ 'ਤੇ 3 ਵਿਕਟ ਗਵਾ ਚੁੱਕੀ ਸੀ। ਜੇਮੀਮਾ ਰੌਡਰਿਗਜ਼ ਤੇ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ 69 ਦੌੜਾਂ ਦੀ ਸਾਂਝੇਦਾਰੀ ਹੋਈ ਤੇ ਭਾਰਤ ਨੂੰ ਜੇਮੀਮਾ ਦੇ ਰੂਪ ਵਿੱਚ 97 ਦੇ ਸਕੋਰ 'ਤੇ ਚੌਥਾ ਝਟਕਾ ਲੱਗਿਆ।

ਜਿਸ ਤਰ੍ਹਾਂ ਹਰਮਨਪ੍ਰੀਤ ਖੇਡ ਰਹੇ ਸਨ, ਲੱਗ ਰਿਹਾ ਸੀ ਇੱਥੋਂ ਭਾਰਤ ਆਸਾਨੀ ਨਾਲ ਫਾਈਨਲ ਦਾ ਰਸਤਾ ਤੈਅ ਕਰ ਲਵੇਗਾ। ਪਰ ਇਹ ਹੋ ਨਹੀਂ ਸਕਿਆ।

ਹਰਮਨਪ੍ਰੀਤ ਅਰਧ ਸੈਂਕੜਾ ਪੂਰਾ ਕਰ ਚੁੱਕੇ ਸਨ। ਉਨ੍ਹਾਂ ਨੇ 15ਵੇਂ ਓਵਰ ਦੀ ਚੌਥੀ ਗੇਂਦ ਤੇ ਸ਼ਾਟ ਖੇਡਿਆ ਅਤੇ ਦੂਜਾ ਰਨ ਲੈਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਕਰੀਜ਼ ਦੇ ਬਿਲਕੁਲ ਨੇੜੇ ਪਹੁੰਚ ਗਏ ਤਾਂ ਉਨ੍ਹਾਂ ਦਾ ਬੱਲਾ ਅਟਕ ਗਿਆ ਅਤੇ ਹਰਮਨਪ੍ਰੀਤ ਨੂੰ 52 ਦੌੜਾਂ ਦੇ ਸਕੋਰ 'ਤੇ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ।

ਇੱਥੋਂ ਮੈਚ ਦਾ ਪਾਸਾ ਅਜਿਹਾ ਪਲਟਿਆ ਕਿ ਅੰਤ ਵਿੱਚ ਭਾਰਤ 5 ਦੌੜਾਂ ਦੇ ਨਾਲ ਗਿਆ। ਇਸ ਮੈਚ ਨੂੰ ਹਰਮਨਪ੍ਰੀਤ ਸ਼ਾਇਦ ਹੀ ਕਦੇ ਭੁੱਲ ਸਕਣ। ਇਸ ਵਿਕਟ ਨੇ ਭਾਰਤੀ ਪ੍ਰਸ਼ੰਸਕਾਂ ਨੂੰ 2019 ਵਿੱਚ ਪੁਰਸ਼ਾਂ ਦੇ ਵਿਸ਼ਵ ਕੱਪ ਦੌਰਾਨ ਮਹਿੰਦਰ ਸਿੰਘ ਧੋਨੀ ਦੇ ਆਊਟ ਹੋਣ ਦੀ ਯਾਦ ਤਾਜ਼ਾ ਕਰ ਦਿੱਤੀ ਸੀ।

ਜਦੋਂ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ

ਜਦੋਂ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਵਿੱਚ ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਸੀ

2020 ਦੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਗਰੁੱਪ ਗੇੜ ਦਾ ਪਹਿਲਾ ਮੈਚ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਦੇ ਸਭ ਤੋਂ ਯਾਦਗਾਰ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਉਸ ਸਮੇਂ ਆਸਟ੍ਰੇਲੀਆ ਦੁਨੀਆ ਦੀ ਨੰਬਰ-1 ਟੀਮ ਸੀ ਅਤੇ ਆਪਣੇ ਘਰੇਲੂ ਮੈਦਾਨਾਂ 'ਤੇ ਖੇਡ ਰਹੀ ਸੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਆਦਾਤਰ ਮਾਹਿਰ ਆਸਟ੍ਰੇਲੀਆ ਨੂੰ ਖਿਤਾਬ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨ ਰਹੇ ਸਨ।

ਅਜਿਹੇ ਵਿੱਚ ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਹੀ ਮੈਚ ਵਿੱਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਸੀ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 132 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ ਦੀ ਮਜ਼ਬੂਤ ਬੱਲੇਬਾਜ਼ੀ ਲਾਈਨਅਪ 115 ਦੌੜਾਂ 'ਤੇ ਹੀ ਸਿਮਟ ਗਈ। ਇਸ ਜਿੱਤ ਦੀ ਅਹਿਮੀਅਤ ਸਿਰਫ਼ ਇੱਕ ਮੈਚ ਜਿੱਤਣ ਤੱਕ ਸੀਮਤ ਨਹੀਂ ਸੀ।

ਇਸ ਨੇ ਭਾਰਤੀ ਟੀਮ ਦਾ ਆਤਮਵਿਸ਼ਵਾਸ ਕਈ ਗੁਣਾ ਵਧਾ ਦਿੱਤਾ। ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਆਪਣੇ ਗਰੁੱਪ ਮੈਚ ਜਿੱਤੇ ਅਤੇ ਅੰਕ ਸੂਚੀ ਵਿੱਚ ਸਿਖ਼ਰ 'ਤੇ ਰਿਹਾ।

ਇਹੀ ਕਾਰਨ ਸੀ ਕਿ ਸੈਮੀਫਾਈਨਲ ਵਿੱਚ ਮੀਂਹ ਕਾਰਨ ਮੈਚ ਰੱਦ ਹੋਣ 'ਤੇ ਭਾਰਤ ਗਰੁੱਪ ਵਿੱਚ ਪਹਿਲੇ ਸਥਾਨ ਦੇ ਆਧਾਰ 'ਤੇ ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ।

ਭਾਰਤ ਬਨਾਮ ਨਿਊਜ਼ੀਲੈਂਡ 2020

2020 ਵਿੱਚ ਹੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿੱਚ ਖੇਡਿਆ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਵਿੱਚ ਹੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿੱਚ ਖੇਡਿਆ ਗਿਆ

2020 ਵਿੱਚ ਹੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਲਬਰਨ ਦੇ ਜੰਕਸ਼ਨ ਓਵਲ ਮੈਦਾਨ ਵਿੱਚ ਖੇਡਿਆ ਗਿਆ ਇਹ ਗਰੁੱਪ ਪੜਾਅ ਦਾ ਮੁਕਾਬਲਾ ਸੀ।

ਇਸ ਮੁਕਾਬਲੇ ਨੂੰ ਮਹਿਲਾ ਟੀ-20 ਵਿਸ਼ਵ ਕੱਪ ਇਤਿਹਾਸ ਦਾ ਇੱਕ ਬੇਹੱਦ ਰੋਮਾਂਚਕ ਮੈਚ ਮੰਨਿਆ ਜਾਵੇਗਾ। ਕਿਉਂਕਿ ਇਸ ਵਿੱਚ ਰੋਮਾਂਚ ਨਾਕਆਊਟ ਮੁਕਾਬਲਿਆਂ ਨਾਲੋਂ ਵੀ ਕਿਤੇ ਵੱਧ ਸੀ।

ਇਸ ਮੈਚ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ ਸਿਰਫ਼ 134 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਦੀ ਬੱਲੇਬਾਜ਼ੀ ਖਰਾਬ ਰਹੀ ਸੀ।

ਤਾਨੀਆ ਭਾਟੀਆ ਦੀਆਂ 23 ਤੇ ਸ਼ਿਫਾਲੀ ਵਰਮਾ ਦੀਆਂ 46 ਦੌੜਾਂ ਦੀ ਬਦੌਲਤ ਭਾਰਤ 133 ਦੇ ਸਕੋਰ ਤੱਕ ਪਹੁੰਚ ਸਕਿਆ ਸੀ। ਹਾਲਾਂਕਿ ਲੱਗ ਰਿਹਾ ਸੀ ਨਿਊਜ਼ੀਲੈਂਡ ਇਸ ਟੀਚੇ ਨੂੰ ਆਸਾਨੀ ਨਾਲ ਪਾਰ ਕਰ ਲਵੇਗਾ। ਪਰ ਨਤੀਜਾ ਇਸਦੇ ਉਲਟ ਆਇਆ।

ਨਿਊਜ਼ੀਲੈਂਡ ਦੀਆਂ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ। ਅੰਤ ਵਿੱਚ ਨਿਊਜ਼ੀਲੈਂਡ ਨੂੰ ਆਖਰੀ ਓਵਰ ਵਿੱਚ ਜਿੱਤਣ ਲਈ 16 ਦੌੜਾਂ ਚਾਹੀਦੀਆਂ ਸਨ। ਗੇਂਦ ਸੀ ਸ਼ਿਖਾ ਪਾਂਡੇ ਦੇ ਹੱਥ ਵਿੱਚ ਤੇ ਬੱਲੇਬਾਜ਼ੀ ਕਰ ਰਹੀਆਂ ਸਨ ਹੇਲੀ ਜੇਨਸਨ ਅਤੇ ਅਮੇਲੀਆ ਕੇਰ।

ਆਖਰੀ ਓਵਰ ਦੀਆਂ 5 ਗੇਂਦਾਂ ਵਿੱਚ 11 ਦੌੜਾਂ ਬਣ ਚੁੱਕੀਆਂ ਸਨ। ਆਖਰੀ ਗੇਂਦ ਵਿੱਚ ਮੈਚ ਜਿੱਤ ਲਈ 5 ਦੌੜਾਂ ਦੀ ਲੋੜ ਸੀ।

ਸ਼ਿਖਾ ਨੇ ਗੇਂਦ ਵਾਈਡ ਯਾਰਕਰ ਸੁੱਟੀ ਤੇ ਅਮੇਲੀਆ ਨੇ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਭਾਰਤ ਨੇ 3 ਦੌੜਾਂ ਨਾਲ ਮੈਚ ਜਿੱਤ ਲਿਆ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੈਮੀਫਾਈਨਲ ਲਈ ਕੁਆਲੀਫਾਈ ਵੀ ਕੀਤਾ ਸੀ।

ਜਦੋਂ ਹਰਮਨਪ੍ਰੀਤ ਕੌਰ ਨੇ ਖੇਡੀ ਸੀ ਤੂਫਾਨੀ ਪਾਰੀ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਨਪ੍ਰੀਤ ਭਾਰਤ ਵੱਲੋਂ ਟੀ-20 ਵਿਸ਼ਵ ਕੱਪ ਵਿੱਚ ਉਸ ਵੇਲੇ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਮਹਿਲਾ ਬੱਲੇਬਾਜ਼ ਬਣੇ ਸਨ

ਇਹ ਮੈਚ 9 ਨਵੰਬਰ 2018 ਨੂੰ ਵੈਸਟ ਇੰਡੀਜ਼ ਦੇ ਪ੍ਰੋਵੀਡੈਂਸ ਮੈਦਾਨ ਵਿੱਚ ਖੇਡਿਆ ਗਿਆ ਸੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਨਿਊਜ਼ੀਲੈਂਡ ਖ਼ਿਲਾਫ਼ ਇਸ ਮੈਚ ਵਿੱਚ ਸਿਰਫ਼ 51 ਗੇਂਦਾਂ 'ਤੇ 103 ਦੌੜਾਂ ਦੀ ਨਾਬਾਦ ਪਾਰੀ ਖੇਡੀ। ਜਿਸ ਦੇ ਨਾਲ ਭਾਰਤ ਨੇ 195 ਦਾ ਵੱਡਾ ਟੀਚਾ ਰੱਖਿਆ।

ਹਰਨਪ੍ਰੀਤ ਉਸ ਵੇਲੇ ਭਾਰਤ ਵੱਲੋਂ ਟੀ-20 ਵਿਸ਼ਵ ਕੱਪ ਵਿੱਚ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਮਹਿਲਾ ਬੱਲੇਬਾਜ਼ ਬਣੇ ਸਨ। ਹਰਮਨਪ੍ਰੀਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਵੱਡੇ ਮੰਚ 'ਤੇ ਉਹ ਇਕੱਲਿਆਂ ਮੈਚ ਦਾ ਪਾਸਾ ਪਲਟਣ ਦਾ ਦਮ ਰੱਖਦੇ ਹਨ। ਭਾਰਤ ਨੇ ਇਹ ਮੁਕਾਬਲਾ 34 ਦੌੜਾਂ ਨਾਲ ਜਿੱਤਿਆ ਸੀ।

ਵਿਸ਼ਵ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਨੇ ਕੀ ਕਿਹਾ

ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ, "ਅਸੀਂ ਪਿਛਲੇ ਸਾਲ ਵਨਡੇਅ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੱਡਾ ਬਦਲਾਅ ਦੇਖਿਆ ਹੈ। ਬਹੁਤ ਸਾਰੀਆਂ ਕੁੜੀਆਂ ਹੁਣ ਕ੍ਰਿਕਟ ਖੇਡਣ ਲਈ ਅੱਗੇ ਆ ਰਹੀਆਂ ਹਨ।"

"ਜਦੋਂ ਅਸੀਂ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਬਹੁਤ ਕੁਝ ਬਦਲਦਾ ਹੈ। ਉਮੀਦ ਹੈ ਕਿ ਅਸੀਂ ਆਪਣੀ ਸਰਵੋਤਮ ਕ੍ਰਿਕਟ ਖੇਡਾਂਗੇ ਅਤੇ ਮਹਿਲਾ ਕ੍ਰਿਕਟ 'ਤੇ ਸਕਾਰਾਤਮਕ ਪ੍ਰਭਾਵ ਛੱਡਾਂਗੇ। ਭਾਰਤੀ ਟੀਮ ਕੋਲ ਖਿਤਾਬ ਜਿੱਤਣ ਲਈ ਲੋੜੀਂਦੀ ਯੋਗਤਾ ਮੌਜੂਦ ਹੈ, ਪਰ ਟੀਮ ਨੂੰ ਪੂਰੇ ਟੂਰਨਾਮੈਂਟ ਦੌਰਾਨ ਜ਼ਮੀਨ ਨਾਲ ਜੁੜੇ ਰਹਿਣ ਦੀ ਲੋੜ ਹੈ।"

ਉਨ੍ਹਾਂ ਕਿਹਾ ਖਿਡਾਰੀਆਂ ਨੂੰ ਨਾ ਤਾਂ ਦਬਾਅ ਲੈਣਾ ਚਾਹੀਦਾ ਹੈ ਅਤੇ ਨਾ ਹੀ ਜ਼ਿਆਦਾ ਆਤਮਵਿਸ਼ਵਾਸ ਵਿੱਚ ਆਉਣਾ ਚਾਹੀਦਾ ਹੈ। ਟੀਚਾ ਸਿਰਫ਼ ਵਧੀਆ ਟੀ-20 ਕ੍ਰਿਕਟ ਖੇਡਣਾ ਹੋਣਾ ਚਾਹੀਦਾ ਹੈ।

ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੇ ਮੈਚ

ਇਸ ਟੀ-20 ਵਿਸ਼ਵ ਕੱਪ ਵਿੱਚ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ 12 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਗਰੁੱਪ 1 ਵਿੱਚ ਰੱਖਿਆ ਗਿਆ ਹੈ। ਇਸ ਗਰੁੱਪ ਵਿੱਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡ ਹਨ।

ਹਰਮਨਪ੍ਰੀਤ ਦੀ ਅਗਵਾਈ ਵਾਲੀ ਟੀਮ 14 ਜੂਨ ਨੂੰ ਬਰਮਿੰਘਮ ਦੇ ਐਜਬਾਸਟਨ ਮੈਦਾਨ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।

ਇਸ ਤੋਂ ਬਾਅਦ 17 ਜੂਨ ਨੂੰ ਭਾਰਤ ਲੀਡਜ਼ ਵਿੱਚ ਨੀਦਰਲੈਂਡ ਨਾਲ ਭਿੜੇਗੀ, 21 ਜੂਨ ਨੂੰ ਮੈਨਚੈਸਟਰ ਵਿੱਚ ਦੱਖਣੀ ਅਫ਼ਰੀਕਾ ਨਾਲ, ਫਿਰ 25 ਜੂਨ ਨੂੰ ਬੰਗਲਾਦੇਸ਼ ਨਾਲ ਮੁਕਾਬਲਾ ਅਤੇ ਗਰੁੱਪ ਪੜਾਅ ਦਾ ਆਖਰੀ ਮੈਚ 28 ਜੂਨ ਨੂੰ ਲੰਡਨ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡਿਆ ਜਾਵੇਗਾ।

ਮਹਿਲਾ ਟੀ-20 ਵਿਸ਼ਵ ਕੱਪ ਕੌਣ ਕਿੰਨੀ ਵਾਰ ਜਿੱਤਿਆ

  • ਆਸਟ੍ਰੇਲੀਆ 6 ਵਾਰ
  • ਇੰਗਲੈਂਡ 1 ਵਾਰ
  • ਵੈਸਟਇੰਡੀਜ਼ 1 ਵਾਰ
  • ਨਿਊਜ਼ੀਲੈਂਡ 1 ਵਾਰ (ਡਿਫੈਂਡਿੰਗ ਚੈਂਪੀਅਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)