ਹਾਲੀਵੁੱਡ ਦੇ ਮਸ਼ਹੂਰ ਸਿਨੇਮੈਟੋਗ੍ਰਾਫ਼ਰ ਜਾਰਜ ਰਿਚਮੰਡ ਨਾਲ ਹਿਮਾਚਲ 'ਚ ਕੀ ਹਾਦਸਾ ਹੋਇਆ ਤੇ ਕਿਵੇਂ ਕੀਤਾ ਗਿਆ ਰੈਸਕਿਊ, ਪਟਿਆਲਾ ਨਾਲ ਉਨ੍ਹਾਂ ਦਾ ਕੀ ਹੈ ਸਬੰਧ

ਜਾਰਜ ਰਿਚਮੰਡ (ਖੱਬੇ)

ਤਸਵੀਰ ਸਰੋਤ, Michael Buckner/Getty Images

ਤਸਵੀਰ ਕੈਪਸ਼ਨ, ਜਾਰਜ ਰਿਚਮੰਡ (ਖੱਬੇ) ਹਾਲੀਵੁੱਡ ਬਲਾਕਬਸਟਰ ਫਿਲਮਾਂ ਜਿਵੇਂ ਕਿ ਫ੍ਰੀ ਗਾਏ, ਫੈਨਟੈਸਟਿਕ ਬੀਸਟਸ: ਦਿ ਸੀਕ੍ਰੇਟਸ ਆਫ ਡੰਬਲਡੋਰ, ਨਾਓ ਯੂ ਸੀ ਮੀ: ਨਾਓ ਯੂ ਡੋਂਟ, ਰਾਕੇਟਮੈਨ, ਅਤੇ ਡੈੱਡਪੂਲ ਐਂਡ ਵੋਲਵਰਿਨ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਹਾਲੀਵੁੱਡ ਦੇ ਮਸ਼ਹੂਰ ਸਿਨੇਮੈਟੋਗ੍ਰਾਫ਼ਰ ਜਾਰਜ ਰਿਚਮੰਡ ਆਪਣੇ ਭਾਰਤ ਦੌਰੇ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵੇਲੇ ਚੰਡੀਗੜ੍ਹ ਪੀਜੀਆਈ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪੀਜੀਆਈ ਚੰਡੀਗੜ੍ਹ ਦੇ ਆਰਥੋਪੈਡਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਵਿਜੇ ਗੋਨੀ ਨੇ ਬੀਬੀਸੀ ਨਾਲ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।

ਦਰਅਸਲ, ਹਾਲੀਵੁੱਡ ਦੇ ਮਸ਼ਹੂਰ ਸਿਨੇਮੈਟੋਗ੍ਰਾਫ਼ਰ ਜਾਰਜ ਰਿਚਮੰਡ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪੈਰਾਗਲਾਈਡਿੰਗ ਕਰ ਰਹੇ ਸਨ, ਜਦੋਂ ਉਹ ਉੱਚਾਈ ਤੋਂ ਥੱਲੇ ਡਿੱਗ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਗਰਦਨ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ।

ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕੁੱਲੂ ਵਿੱਚ ਹੀ ਮੁੱਢਲਾ ਇਲਾਜ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਦਾ ਇਲਾਜ ਪੀਜੀਆਈ ਵਿੱਚ ਚੱਲ ਰਿਹਾ ਹੈ।

ਇੱਥੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸਰਜਰੀ ਤੋਂ ਬਾਅਦ ਹੁਣ ਜਾਰਜ ਰਿਚਮੰਡ ਸਿਹਤਯਾਬੀ ਵੱਲ ਹਨ।

ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਬਚਪਨ ਦੇ ਦੋਸਤ

ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ

ਤਸਵੀਰ ਸਰੋਤ, Raninder Singh/FB

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਦੋਸਤ ਛੇਤੀ ਯੂਕੇ ਪਰਤ ਸਕਣਗੇ (ਫਾਈਲ ਫੋਟੋ)

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਅਤੇ ਭਾਜਪਾ ਆਗੂ ਰਣਇੰਦਰ ਸਿੰਘ ਜਾਰਜ ਰਿਚਮੰਡ ਦੇ ਬਚਪਨ ਦੇ ਦੋਸਤ ਹਨ। ਆਪਣੇ ਇਸ ਦੌਰੇ ਦੌਰਾਨ ਉਹ ਪਹਿਲਾਂ ਰਣਇੰਦਰ ਸਿੰਘ ਉਨ੍ਹਾਂ ਦੇ ਪਟਿਆਲਾ ਸਥਿਤ ਘਰ ਜਾ ਕੇ ਰਹੇ ਸਨ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਰਣਇੰਦਰ ਸਿੰਘ ਨੇ ਦੱਸਿਆ ਕਿ ''ਉਹ ਮੇਰੇ ਬਚਪਨ ਦੇ ਦੋਸਤ ਹਨ ਅਤੇ ਜਦੋਂ ਵੀ ਭਾਰਤ ਆਉਂਦੇ ਹਨ, ਮੇਰੇ ਕੋਲ ਪਟਿਆਲਾ ਵੀ ਰਹਿੰਦੇ ਹਨ। ਇਸ ਵਾਰ ਵੀ ਮੇਰੇ ਕੋਲ ਰਹੇ ਸੀ ਅਤੇ ਫਿਰ ਟ੍ਰੈਕ ਕਰਨ ਚਲੇ ਗਏ ਸਨ।''

ਰਣਇੰਦਰ ਸਿੰਘ ਨੇ ਦੱਸਿਆ ਕਿ ਰਿਚਮੰਡ ਦੇ ਰੈਸਕਿਊ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਭਾਰਤੀ ਹਵਾਈ ਫੌਜ ਨੇ ਬਹੁਤ ਮਦਦ ਕੀਤੀ ਅਤੇ ਪੀਜੀਆਈ ਨੇ ਵੀ ਉਨ੍ਹਾਂ ਦਾ ਬਹੁਤ ਵਧੀਆ ਢੰਗ ਨਾਲ ਇਲਾਜ ਕੀਤਾ।

ਰਣਇੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਦੋਸਤ ਛੇਤੀ ਯੂਕੇ ਪਰਤ ਸਕਣਗੇ।

ਉਨ੍ਹਾਂ ਕਿਹਾ, ''ਰਿਚਮੰਡ ਬੇਸ਼ੱਕ ਦੁਨੀਆਂ ਲਈ ਇੱਕ ਵੱਡੇ ਸਿਨੇਮੈਟੋਗ੍ਰਾਫਰ ਹਨ ਪਰ ਮੇਰੇ ਲਈ ਉਹ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਛੇਤੀ ਠੀਕ ਹੋ ਜਾਣ ਤੇ ਫਿਰ ਤੋਂ ਭਾਰਤ ਆਉਣ ਤੇ ਮੇਰੇ ਕੋਲ ਰਹਿਣ।''

ਜਾਰਜ ਰਿਚਮੰਡ ਨਾਲ ਕਿੱਥੇ ਅਤੇ ਕਿਵੇਂ ਹੋਇਆ ਹਾਦਸਾ?

ਕੁੱਲੂ ਵਿੱਚ ਪੈਰਾਗਲਾਈਡਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 8 ਜੂਨ ਨੂੰ ਜਾਰਜ ਰਿਚਮੰਡ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪੈਰਾਗਲਾਈਡਿੰਗ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਸਨ (ਸੰਕੇਤਕ ਤਸਵੀਰ)

ਖ਼ਬਰ ਏਜੰਸੀ ਪੀਟੀਆਈ ਮੁਤਾਬਕ, 8 ਜੂਨ ਨੂੰ ਜਾਰਜ ਰਿਚਮੰਡ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪੈਰਾਗਲਾਈਡਿੰਗ ਕਰਦੇ ਹੋਏ ਹਾਦਸੇ ਦਾ ਸ਼ਿਕਾਰ ਹੋਏ ਸਨ। ਇਸ ਦੌਰਾਨ ਜਾਰਜ ਰਿਚਮੰਡ ਨੂੰ ਗੰਭੀਰ ਸੱਟਾਂ ਲੱਗੀਆਂ ਸਨ।

ਪੀਟੀਆਈ ਮੁਤਾਬਕ, 54 ਸਾਲਾ ਜਾਰਜ ਰਿਚਮੰਡ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ਤੋਂ ਦਿਓ ਟਿੱਬਾ ਖੇਤਰ ਤੱਕ ਲੰਬੀ ਦੂਰੀ ਦੀ ਕਰਾਸ-ਕੰਟਰੀ ਉਡਾਣ ਮੁਹਿੰਮ 'ਤੇ ਪੰਜ ਜਣਿਆਂ ਦੇ ਸਮੂਹ ਵਿੱਚ ਸ਼ਾਮਲ ਸਨ, ਜਿੱਥੇ ਉਹ ਦਿਓ ਟਿੱਬਾ ਦੇ ਨੇੜੇ ਪਹਾੜੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਏ।

ਹਾਦਸੇ ਤੋਂ ਬਾਅਦ ਸਾਥੀ ਪੈਰਾਗਲਾਈਡਰਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਅਤੇ ਸਥਾਨਕ ਪ੍ਰਸ਼ਾਸਨ ਅਤੇ ਏਅਰ ਫੋਰਸ ਵੱਲੋਂ ਸਾਂਝੀ ਬਚਾਅ ਮੁਹਿੰਮ ਚਲਾਈ ਗਈ।

ਕਿਵੇਂ ਹੋਇਆ ਰੈਸਕਿਊ?

ਬਚਾਅ ਕਰਮਚਾਰੀਆਂ ਨੇ ਰਿਚਮੰਡ ਨੂੰ ਹਾਦਸੇ ਵਾਲੀ ਥਾਂ ਤੋਂ ਸਫਲਤਾਪੂਰਵਕ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਨੇੜਲੇ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ।

ਬਾਅਦ ਵਿੱਚ ਉਨ੍ਹਾਂ ਨੂੰ ਇੱਕ ਭਾਰਤੀ ਹਵਾਈ ਫੌਜ ਹੈਲੀਕਾਪਟਰ ਦੀ ਮਦਦ ਨਾਲ ਕੁੱਲੂ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਸ਼ੁਰੂਆਤੀ ਡਾਕਟਰੀ ਦੇਖਭਾਲ ਕੀਤੀ ਗਈ।

ਇਸ ਤੋਂ ਬਾਅਦ, 9 ਜੂਨ ਨੂੰ ਜਾਰਜ ਰਿਚਮੰਡ ਨੂੰ ਪੀਜੀਆਈ, ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ।

ਕੁੱਲੂ ਦੇ ਡੀਸੀ ਅਨੁਰਾਗ ਚੰਦਰ ਸ਼ਰਮਾ ਨੇ ਸ਼ਨੀਵਾਰ ਨੂੰ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਾਰਜ ਰਿਚਮੰਡ ਨੂੰ ਕੁੱਲੂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਰੈਸਕਿਊ ਕੀਤਾ ਗਿਆ ਸੀ।

ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ 15 ਜੂਨ ਨੂੰ ਸਾਂਝੀ ਕੀਤੀ ਜਾਵੇਗੀ।

ਪੀਜੀਆਈ ਵਿੱਚ ਹੋਈ ਰਿਚਮੰਡ ਦੀ ਸਰਜਰੀ

ਸਰਜਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁੱਕਰਵਾਰ ਨੂੰ ਜਾਰੀ ਮੈਡੀਕਲ ਬੁਲੇਟਨ ਮੁਤਾਬਕ, ਉਨ੍ਹਾਂ ਦੇ ਨੁਕਸਾਨੇ ਗਏ ਅੰਗਾਂ ਦੀ ਸਰਜਰੀ ਕੀਤੀ ਗਈ ਹੈ (ਸੰਕੇਤਕ ਤਸਵੀਰ)

ਪੀਜੀਆਈ ਚੰਡੀਗੜ੍ਹ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਰਿਚਮੰਡ ਨੂੰ 9 ਜੂਨ ਦੀ ਸਵੇਰ 4:45 'ਤੇ ਪੀਜੀਆਈ ਚੰਡੀਗੜ੍ਹ ਵਿੱਚ ਲਿਆਂਦਾ ਗਿਆ।

9 ਜੂਨ, ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਪੀਜੀਆਈ ਵਿੱਚ ਜਨਰਲ ਅਤੇ ਆਰਥੋਪੈਡਿਕ ਸਰਜਨਾਂ ਸਣੇ ਟਰੌਮਾ ਟੀਮ ਦੁਆਰਾ ਉਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ।

ਪੀਜੀਆਈ ਵੱਲੋਂ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, "ਉੱਚਾਈ ਤੋਂ ਡਿੱਗਣ ਕਾਰਨ ਰਿਚਮੰਡ ਨੂੰ ਗਰਦਨ 'ਤੇ ਕਈ ਥਾਵਾਂ 'ਤੇ ਸੱਟ ਲੱਗੀ ਸੀ। ਰਿਚਮੰਡ ਨੂੰ ਰੀੜ੍ਹ ਦੀ ਹੱਡੀ ਵਿੱਚ ਇੱਕ ਗੰਭੀਰ ਸੱਟ ਲੱਗੀ ਸੀ, ਉਨ੍ਹਾਂ ਦੇ ਨੁਕਸਾਨੇ ਗਏ ਅੰਗਾਂ ਦੀ ਸਰਜਰੀ ਕੀਤੀ ਗਈ ਹੈ।"

ਪੀਜੀਆਈ ਚੰਡੀਗੜ੍ਹ ਦੇ ਆਰਥੋਪੈਡਿਕ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਵਿਜੇ ਗੋਨੀ ਨੇ ਦੱਸਿਆ, "ਰਿਚਮੰਡ ਸੁਚੇਤ ਹਨ ਅਤੇ ਗੱਲਾਂ ਦਾ ਜਵਾਬ ਦੇ ਰਹੇ ਹਨ। ਰੀੜ੍ਹ ਦੀ ਹੱਡੀ 'ਚ ਲੱਗੀ ਗੰਭੀਰ ਸੱਟ ਕਾਰਨ ਉਨ੍ਹਾਂ ਦੀਆਂ ਦੋਵੇਂ ਬਾਹਾਂ ਵਿੱਚ ਬਹੁਤ ਘੱਟ ਹਰਕਤਾਂ ਹਨ।''

ਡਾਕਟਰ ਗੋਨੀ ਨੇ ਅੱਗੇ ਦੱਸਿਆ, "ਉਨ੍ਹਾਂ ਦੀਆਂ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਕਮਜ਼ੋਰ ਹਨ।"

ਜਾਰਜ ਰਿਚਮੰਡ ਕੌਣ ਹਨ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਜਾਰਜ ਰਿਚਮੰਡ ਹਾਲੀਵੁੱਡ ਬਲਾਕਬਸਟਰ ਫਿਲਮਾਂ ਜਿਵੇਂ ਕਿ ਫ੍ਰੀ ਗਾਏ, ਫੈਨਟੈਸਟਿਕ ਬੀਸਟਸ: ਦਿ ਸੀਕ੍ਰੇਟਸ ਆਫ ਡੰਬਲਡੋਰ, ਨਾਓ ਯੂ ਸੀ ਮੀ: ਨਾਓ ਯੂ ਡੋਂਟ, ਰਾਕੇਟਮੈਨ, ਅਤੇ ਡੈੱਡਪੂਲ ਐਂਡ ਵੋਲਵਰਿਨ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ।

ਵੈੱਬਸਾਈਟ ਜਾਰਜ ਰਿਚਮੰਡ ਡਾਟ ਕਾਮ ਮੁਤਾਬਕ, ਜਾਰਜ ਰਿਚਮੰਡ 30 ਸਾਲਾਂ ਤੋਂ ਕੈਮਰਾ ਵਿਭਾਗ ਵਿੱਚ ਕੰਮ ਕਰ ਰਹੇ ਹਨ। ਇੱਕ ਸਿਨੇਮੈਟੋਗ੍ਰਾਫ਼ਰ ਵਜੋਂ ਉਹ ਨਿਰਦੇਸ਼ਕਾਂ ਮੈਥਿਊ ਵੌਨ, ਡੇਵਿਡ ਯੇਟਸ, ਸ਼ੌਨ ਲੇਵੀ ਲਈ ਫੀਚਰ ਫਿਲਮਾਂ ਵਿੱਚ ਕੰਮ ਕਰ ਰਹੇ ਹਨ ।

ਕੈਮਰਾ ਆਪਰੇਟਰ ਵਜੋਂ ਉਨ੍ਹਾਂ ਨੇ ਨਿਰਦੇਸ਼ਕ ਸਟੀਵਨ ਸਪਿਲਬਰਗ, ਅਲਫੋਂਸੋ ਕੁਆਰੋਨ, ਓਲੀਵਰ ਸਟੋਨ, ਦਿ ਕੋਏਨ ਬ੍ਰਦਰਜ਼ ਅਤੇ ਵੁਡੀ ਐਲਨ ਸਣੇ ਹੋਰਾਂ ਲਈ ਕੰਮ ਕੀਤਾ ਹੈ।

ਉਨ੍ਹਾਂ ਨੇ ਦੁਨੀਆ ਦੇ ਕੁਝ ਮਹਾਨ ਲੋਕਾਂ - ਇਮੈਨੁਅਲ ਲੁਬੇਜ਼ਕੀ, ਡੀਓਨ ਬੀਬੀ, ਰੋਡਰੀਗੋ ਪ੍ਰੀਟੋ, ਜਾਨੁਸਜ਼ ਕਾਮਿੰਸਕੀ, ਵਿਲਮੋਸ ਜ਼ਸਿਗਮੰਡ ਦੇ ਨਾਲ-ਨਾਲ ਆਪਣੇ ਪਿਤਾ ਐਂਥਨੀ ਬੀ. ਰਿਚਮੰਡ ਤੋਂ ਸਿਨੇਮੈਟੋਗ੍ਰਾਫ਼ੀ ਦੀ ਕਲਾ ਸਿੱਖੀ ਹੈ।

ਇੱਕ ਸਿਨੇਮੈਟੋਗ੍ਰਾਫ਼ਰ ਵਜੋਂ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਦਿ ਹਾਈਡ' ਲਈ ਸਾਈਰਾਕਿਊਜ਼ ਅਤੇ ਮੋਨਾਕੋ ਫਿਲਮ ਫੈਸਟੀਵਲਾਂ ਵਿੱਚ ਸਰਵੋਤਮ ਸਿਨੇਮੈਟੋਗ੍ਰਾਫ਼ੀ ਦੇ ਖਿਤਾਬ ਜਿੱਤੇ, ਜਿਸ ਨੂੰ ਬ੍ਰਿਟਿਸ਼ ਸੁਤੰਤਰ ਫਿਲਮ ਐਵਾਰਡਾਂ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਉਹ 'ਰਾਕੇਟਮੈਨ' ਲਈ ਸੈਟੇਲਾਈਟ ਐਵਾਰਡਾਂ ਵਿੱਚ ਵੀ ਨਾਮਜ਼ਦ ਹੋਏ ਸਨ।

ਜਾਰਜ ਨੂੰ 2012 ਵਿੱਚ 'ਚਿਲਡਰਨ ਆਫ਼ ਮੈਨ' 'ਤੇ ਆਪਣੇ ਕੰਮ ਲਈ ਅਮੈਰੀਕਨ ਸੁਸਾਇਟੀ ਆਫ਼ ਓਪਰੇਟਿੰਗ ਕੈਮਰਾਮੈਨ ਤੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਅਤੇ ਜੌਨੀ ਵਾਕਰ 'ਤੇ ਆਪਣੇ ਕੰਮ ਲਈ ਐਡਵਰਟਾਈਜ਼ਿੰਗ ਕ੍ਰਾਫਟ ਐਵਾਰਡ ਵੀ ਮਿਲਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)