37 ਸਾਲਾ ਔਰਤ ਕਿਵੇਂ 12 ਸਾਲ ਦੀ ਬੱਚੀ ਬਣ ਕੇ, 14 ਮਹੀਨੇ ਤੱਕ ਲੋਕਾਂ ਨੂੰ ਧੋਖਾ ਦਿੰਦੀ ਰਹੀ

ਓਲੀਵੇਰਾ

ਤਸਵੀਰ ਸਰੋਤ, Santa Catarina Civil Police

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਓਲੀਵੇਰਾ ਨੇ ਦਾਅਵਾ ਕੀਤਾ ਸੀ ਕਿ ਉਹ ਆਟਿਜ਼ਮ ਨਾਲ ਪੀੜਤ ਹੈ
    • ਲੇਖਕ, ਵਿਟੋਰ ਤਾਵਾਰੇਸ ਅਤੇ ਇਆਰਾ ਡਿਨੀਜ਼
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਜਦੋਂ ਇੱਕ ਕੁੜੀ ਨੇ ਮਦਦ ਲਈ ਸੰਪਰਕ ਕਰਦਿਆਂ ਕਿਹਾ ਕਿ ਉਹ 12 ਸਾਲ ਦੀ ਹੈ, ਸ਼ੋਸ਼ਣ ਤੋਂ ਬਚ ਕੇ ਨਿਕਲੀ ਹੈ ਅਤੇ ਇਕੱਲੀ ਹੈ, ਤਾਂ ਬ੍ਰਾਜ਼ੀਲ ਦੇ ਲੋਕਾਂ ਨੇ ਉਸ ਦੀ ਮਦਦ ਲਈ ਆਪਣੇ ਘਰਾਂ ਅਤੇ ਜ਼ਿੰਦਗੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ।

ਪਰ ਬ੍ਰਾਜ਼ੀਲ ਦੇ ਅਧਿਕਾਰੀਆਂ ਨੇ "ਗੈਬਰੀਏਲੇ" ਬਾਰੇ ਇੱਕ ਬਿਲਕੁਲ ਵੱਖਰੀ ਸੱਚਾਈ ਸਾਹਮਣੇ ਲਿਆਂਦੀ ਹੈ। ਉਨ੍ਹਾਂ ਦੇ ਮੁਤਾਬਕ ਉਹ ਅਸਲ ਵਿੱਚ 37 ਸਾਲ ਦੀ ਇੱਕ ਔਰਤ ਸੀ, ਜੋ ਆਪਣੇ ਆਪ ਨੂੰ ਆਟੀਜ਼ਮ ਨਾਲ ਪੀੜਤ ਅਤੇ ਬੇਸਹਾਰਾ ਬੱਚੀ ਦੱਸ ਰਹੀ ਸੀ।

ਪੁਲਿਸ ਨੇ 3 ਜੂਨ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤੀ ਦਸਤਾਵੇਜ਼ਾਂ ਵਿੱਚ ਉਸ ਦਾ ਨਾਮ ਅਮਾਂਡਾ ਮਾਰੀਆ ਸੋਜ਼ਾ ਡੀ ਓਲੀਵੇਰਾ ਦਰਜ ਹੈ। ਉਸ ਉੱਤੇ ਧੋਖਾਧੜੀ ਅਤੇ ਝੂਠੀ ਪਛਾਣ ਵਰਤਣ ਦੇ ਇਲਜ਼ਾਮ ਹਨ।

ਜਾਂਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਹ 14 ਮਹੀਨੇ ਤੱਕ ਇੱਕ ਝੂਠੇ ਨਾਮ ਹੇਠ ਇੱਕ ਪਰਿਵਾਰ ਨਾਲ ਰਹਿੰਦੀ ਰਹੀ।

ਇਹ ਮਾਮਲਾ ਬ੍ਰਾਜ਼ੀਲ ਵਿੱਚ ਸੁਰਖ਼ੀਆਂ ਬਣ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ 'ਤੇ ਸਾਓ ਪਾਓਲੋ, ਰਿਓ ਡੀ ਜਨੇਰੋ, ਮਿਨਾਸ ਜੇਰਾਇਸ, ਰਿਓ ਗਰਾਂਡੇ ਡੋ ਸੁਲ ਅਤੇ ਗੋਇਆਸ ਸੂਬਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਠੱਗੀਆਂ ਕਰਨ ਦੇ ਸ਼ੱਕ ਹਨ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, "ਬੱਚੇ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਲਈ ਮੁਲਜ਼ਮ ਬੱਚਿਆਂ ਵਰਗਾ ਵਿਹਾਰ ਕਰਦੀ ਰਹੀ ਅਤੇ ਨਿਯਮਿਤ ਤੌਰ 'ਤੇ ਬੇਬੀ ਬੋਤਲਾਂ ਅਤੇ ਖਿਡੌਣਿਆਂ ਦੀ ਵਰਤੋਂ ਕਰਦੀ ਸੀ।"

ਬਿਆਨ ਵਿੱਚ ਅੱਗੇ ਕਿਹਾ ਗਿਆ, "ਉਸ ਨੇ ਆਪਣੇ ਬਾਲਗ਼ ਦਿੱਖ ਦੀ ਵਿਆਖਿਆ ਇਹ ਕਹਿ ਕੇ ਕੀਤੀ ਕਿ ਬਚਪਨ ਵਿੱਚ ਉਸ ਨੂੰ ਜ਼ਬਰਦਸਤੀ ਹਾਰਮੋਨ ਦਿੱਤੇ ਗਏ ਸਨ, ਜਿਸ ਕਾਰਨ ਉਸ ਦੇ ਸਰੀਰਕ ਲੱਛਣ ਇਸ ਤਰ੍ਹਾਂ ਦੇ ਹੋ ਗਏ।"

ਸ਼ਹਿਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਲਜ਼ਮ ਔਰਤ ਨੇ ਬੱਚਿਆਂ ਵਰਗਾ ਵਿਵਹਾਰ ਅਪਣਾਇਆ ਅਤੇ ਬੱਚਿਆਂ ਦੀਆਂ ਬੋਤਲਾਂ ਅਤੇ ਪੈਸੀਫਾਇਰ ਮੰਗੇ

ਮਨੋਵਿਗਿਆਨਕ ਮੁਲਾਂਕਣ

ਜਾਂਚ ਅਧਿਕਾਰੀ ਰੋਡ੍ਰਿਗੋ ਗੁੱਸੋ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ ਕਿ ਇਹ ਧੋਖਾਧੜੀ ਉਸ ਵੇਲੇ ਬੇਨਕਾਬ ਹੋਈ ਜਦੋਂ ਉਸ ਪਰਿਵਾਰ ਦੇ ਇੱਕ ਰਿਸ਼ਤੇਦਾਰ ਨੂੰ ਸ਼ੱਕ ਹੋਇਆ ਜਿਸ ਨੇ ਉਸ ਨੂੰ ਆਪਣੇ ਘਰ ਰੱਖਿਆ ਹੋਇਆ ਸੀ।

ਉਸ ਰਿਸ਼ਤੇਦਾਰ ਨੇ ਇੰਟਰਨੈੱਟ 'ਤੇ ਲਗਭਗ ਇਸੇ ਤਰ੍ਹਾਂ ਦੇ ਇੱਕ ਮਾਮਲੇ ਬਾਰੇ ਰਿਪੋਰਟਾਂ ਵੇਖੀਆਂ।

ਹੋਰ ਸੂਬਿਆਂ ਦੀ ਪੁਲਿਸ ਨਾਲ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ, ਗੁੱਸੋ ਨੇ ਯਕੀਨੀ ਬਣਾਇਆ ਕਿ ਇਹ ਉਹੀ ਵਿਅਕਤੀ ਸੀ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਵੇਲੇ ਮੁਲਜ਼ਮ ਨੇ ਧੋਖਾਧੜੀ ਕਰਨ ਦੀ ਗੱਲ ਮੰਨ ਲਈ ਸੀ ਅਤੇ ਇਹ ਵੀ ਕਬੂਲਿਆ ਸੀ ਕਿ ਉਹ ਆਦਤਨ ਝੂਠ ਬੋਲਦੀ ਰਹੀ ਹੈ।

ਗੁੱਸੋ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਕਿਹਾ, "ਉਸ ਵਿੱਚ ਅਜਿਹਾ ਕੋਈ ਸੰਕੇਤ ਨਹੀਂ ਸੀ ਜੋ ਅਪਰਾਧਿਕ ਪਾਗ਼ਲਪਨ ਵੱਲ ਇਸ਼ਾਰਾ ਕਰਦਾ ਹੋਵੇ। ਉਹ ਤਰਕਸੰਗਤ ਸੀ, ਸਹਿਯੋਗ ਕਰ ਰਹੀ ਸੀ ਅਤੇ ਉਸ ਦੀ ਸੋਚ ਬਹੁਤ ਹੀ ਤਰਕਪੂਰਨ ਸੀ।"

ਓਲੀਵੇਰਾ ਦੇ ਵਕੀਲ ਰਾਫੇਲ ਲੂਇਜ਼ ਸੀਵਰਟ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਮਨੋਵਿਗਿਆਨਕ ਹਾਲਤ ਦਾ ਮੁਲਾਂਕਣ ਕਰਨ ਲਈ ਮਾਨਸਿਕ ਸਿਹਤ ਜਾਂਚ ਦੀ ਮੰਗ ਕੀਤੀ ਹੈ ਅਤੇ ਇਹ ਬੇਨਤੀ ਮਨਜ਼ੂਰ ਕਰ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਉਹ ਅਗਲੇ ਕਾਨੂੰਨੀ ਕਦਮ ਤੈਅ ਕਰਨ ਲਈ ਜਾਂਚ ਦੇ ਨਤੀਜਿਆਂ ਦੀ ਉਡੀਕ ਕਰਨਗੇ।

'ਡਰਾਉਣੀ' ਕਹਾਣੀ

ਰਿਓ ਡੀ ਜਨੇਰੋ ਵਿੱਚ ਸ਼ੋਸ਼ਣ ਦਾ ਸ਼ਿਕਾਰ ਅਤੇ ਆਟੀਜ਼ਮ ਨਾਲ ਪੀੜਤ ਬੱਚਿਆਂ ਦੀ ਮਦਦ ਕਰਨ ਵਾਲੀ ਇੱਕ ਚੈਰਿਟੀ ਚਲਾਉਣ ਵਾਲੀਆਂ ਦੋ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸੇ ਔਰਤ ਨੇ 2023 ਵਿੱਚ ਇੱਕ ਵੱਖਰੇ ਨਾਮ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਵੀ ਧੋਖਾ ਦਿੱਤਾ ਸੀ।

ਵਿਵਿਆਨੇ ਹੇਨਰੀਕਸ, ਜੋ ਮਾਓਂਸ ਕਿ ਅਬੇਂਸੋਆਂ ਕੋਂ ਅਮੋਰ (ਪਿਆਰ ਨਾਲ ਅਸੀਸ ਦੇਣ ਵਾਲੇ ਹੱਥ) ਨਾਮ ਦੀ ਸੰਸਥਾ ਚਲਾਉਂਦੀਆਂ ਹਨ।

ਉਨ੍ਹਾਂ ਦਾ ,ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾ ਸੰਪਰਕ ਓਲੀਵੇਰਾ ਨਾਲ, ਜਿਸ ਨੇ ਆਪਣੇ ਆਪ ਨੂੰ "ਡੂਡਾ" ਦੱਸਿਆ ਸੀ, ਸੰਸਥਾ ਦੇ ਸੋਸ਼ਲ ਮੀਡੀਆ ਪੇਜ ਰਾਹੀਂ ਹੋਇਆ।

ਹੇਨਰੀਕਸ ਦੇ ਮੁਤਾਬਕ, ਓਲੀਵੇਰਾ ਨੇ ਦਾਅਵਾ ਕੀਤਾ ਸੀ ਕਿ ਉਹ ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਸਿਆਰਾ ਵਿੱਚ ਹੋਏ ਸ਼ੋਸ਼ਣ ਤੋਂ ਭੱਜ ਕੇ ਆਈ ਹੈ।

ਉਸ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਜ਼ਬਰਦਸਤੀ ਵੇਸਵਾਗਮਨੀ ਵਿੱਚ ਧੱਕਿਆ ਅਤੇ ਉਸ 'ਤੇ ਹਾਰਮੋਨ ਇਲਾਜ ਕਰਵਾਏ, ਜਿਸ ਕਾਰਨ ਉਹ ਆਪਣੀ ਉਮਰ ਨਾਲੋਂ ਵੱਡੀ ਦਿਖਾਈ ਦਿੰਦੀ ਹੈ।

ਹੇਨਰੀਕਸ ਕਹਿਣਾ ਹੈ, "ਜਦੋਂ ਉਸ ਨੇ ਮੈਨੂੰ ਆਪਣੀ ਕਹਾਣੀ ਸੁਣਾਈ, ਤਾਂ ਮੈਂ ਬਹੁਤ ਡਰ ਗਈ ਸੀ, ਕਿਉਂਕਿ ਮੈਂ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਦੀ ਰਹੀ ਹਾਂ।"

ਬੋਤਲਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਔਰਤ ਨੇ ਬੱਚਿਆਂ ਵਰਗਾ ਵਿਵਹਾਰ ਅਪਣਾਇਆ ਅਤੇ ਬੱਚਿਆਂ ਦੀਆਂ ਬੋਤਲਾਂ ਅਤੇ ਪੈਸੀਫਾਇਰ ਮੰਗੇ

'ਪਿਆਰ, ਦੇਖਭਾਲ ਅਤੇ ਭੋਜਨ'

ਉਨ੍ਹਾਂ ਦੀ ਸੁਣੀ ਹੋਈ ਕਹਾਣੀ ਤੋਂ ਪ੍ਰਭਾਵਿਤ ਹੋ ਕੇ, ਹੇਨਰੀਕਸ ਅਤੇ ਉਨ੍ਹਾਂ ਦੀ ਸਹਿਕਰਮੀ ਰੇਨਾਟਾ ਮਾਗਾਲਹਾਂਇਸ ਨੇ ਓਲੀਵੇਰਾ ਲਈ ਇੱਕ ਛੋਟਾ ਫਲੈਟ ਕਿਰਾਏ 'ਤੇ ਲਿਆ ਅਤੇ ਉਸ ਦੀ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ।

ਹੇਨਰੀਕਸ ਕਹਿੰਦੀ ਹੈ, "ਉਹ ਇੱਕ ਕਿਸ਼ੋਰੀ ਵਰਗੀ ਲੱਗਦੀ ਸੀ। ਉਹ ਬੱਚਿਆਂ ਵਾਂਗ ਗੱਲ ਕਰਦੀ ਸੀ, ਕਹਿੰਦੀ ਸੀ ਕਿ ਉਸ ਨੂੰ ਆਟੀਜ਼ਮ ਹੈ ਅਤੇ ਉਹ ਹਮੇਸ਼ਾ ਹੁੱਡ ਪਾਈ ਰੱਖਦੀ ਸੀ।"

ਅਗਲੇ ਇੱਕ ਮਹੀਨੇ ਦੌਰਾਨ, ਦੋਵੇਂ ਔਰਤਾਂ ਦਾ ਉਸ ਨਾਲ ਭਾਵਨਾਤਮਕ ਰਿਸ਼ਤਾ ਬਣ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਓਲੀਵੇਰਾ ਬੱਚਿਆਂ ਵਰਗਾ ਵਿਹਾਰ ਕਰਦੀ ਸੀ। ਉਹ ਦੁੱਧ ਦੀ ਬੋਤਲ, ਅਤੇ ਬੱਚਿਆਂ ਦਾ ਖਾਣਾ ਮੰਗਦੀ ਸੀ, ਪਰ ਕਦੇ ਵੀ ਪੈਸੇ ਨਹੀਂ ਮੰਗਦੀ ਸੀ।

ਮਾਗਾਲਹਾਂਇਸ ਦੇ ਮੁਤਾਬਕ, ਅਮਾਂਡਾ ਇਹ ਵੀ ਬੇਨਤੀ ਕਰਦੀ ਸੀ ਕਿ ਉਸ ਨੂੰ ਬਾਲ ਸੁਰੱਖਿਆ ਕੌਂਸਲ ਕੋਲ ਨਾ ਲੈ ਕੇ ਜਾਣ ਕਿਉਂਕਿ ਉਸ ਨੂੰ ਡਰ ਸੀ ਕਿ ਉਸ ਨੂੰ ਵਾਪਸ ਸਿਆਰਾ ਭੇਜ ਦਿੱਤਾ ਜਾਵੇਗਾ।

ਔਰਤਾਂ ਦਾ ਕਹਿਣਾ ਹੈ ਕਿ ਉਸ ਦੇ ਸਰੀਰ 'ਤੇ ਕੁਝ ਅਜਿਹੇ ਪਰੇਸ਼ਾਨ ਕਰਨ ਵਾਲੇ ਨਿਸ਼ਾਨ ਵੀ ਸਨ, ਜਿਨ੍ਹਾਂ ਕਾਰਨ ਉਸ ਦੀ ਕਹਾਣੀ ਹੋਰ ਵੀ ਸੱਚੀ ਲੱਗਦੀ ਸੀ।

ਉਨ੍ਹਾਂ ਦੇ ਮੁਤਾਬਕ, ਉਹ ਉਸ ਨੂੰ ਐਕਸ-ਰੇ ਕਰਵਾਉਣ ਲਈ ਲੈ ਕੇ ਗਈਆਂ ਸਨ, ਜਿਸ ਵਿੱਚ ਉਸ ਦੇ ਸਰੀਰ ਵਿੱਚ 200 ਤੋਂ ਵੱਧ ਸੂਈਆਂ ਫਸੀਆਂ ਹੋਈਆਂ ਦਿਖਾਈ ਦਿੱਤੀਆਂ। ਉਸ ਦਾ ਦਾਅਵਾ ਸੀ ਕਿ ਇਹ ਸੂਈਆਂ ਉਸ ਦੇ ਸ਼ੋਸ਼ਣ ਕਰਨ ਵਾਲੇ ਪਿਤਾ ਨੇ ਤਾਂਤਰਿਕ ਰਸਮਾਂ ਦੌਰਾਨ ਉਸ ਦੇ ਸਰੀਰ ਵਿੱਚ ਚੁਭਾਈਆਂ ਸਨ।

ਮਾਗਾਲਹਾਂਇਸ ਕਹਿੰਦੀ ਹੈ, "ਇਹ ਬਹੁਤ ਡਰਾਉਣਾ ਸੀ।"

ਮਾਗਾਲਹਾਂਇਸ ਅੱਗੇ ਕਹਿੰਦੀ ਹੈ, "ਮੈਂ ਉਸ ਨੂੰ ਪਿਆਰ, ਦੇਖਭਾਲ ਅਤੇ ਭੋਜਨ ਦਿੱਤਾ। ਮੈਨੂੰ ਉਸ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਸੀ।"

 ਰੇਨਾਟਾ ਅਤੇ ਵਿਵੀਅਨ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਰੇਨਾਟਾ ਅਤੇ ਵਿਵੀਅਨ ਪੁਲਿਸ ਕੋਲ ਗਈਆਂ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਘੁਟਾਲੇ ਦਾ ਸ਼ਿਕਾਰ ਹੋਏ ਹਨ

ਵਧਦਾ ਸ਼ੱਕ

ਚਿੰਤਾਵਾਂ ਉਸ ਵੇਲੇ ਪੈਦਾ ਹੋਣ ਲੱਗੀਆਂ ਜਦੋਂ "ਡੂਡਾ" ਵੱਖ-ਵੱਖ ਲੋਕਾਂ ਦੇ ਨਾਲ ਵੱਖਰੇ ਤਰੀਕੇ ਨਾਲ ਵਿਹਾਰ ਕਰਨ ਲੱਗੀ।

ਮਾਗਾਲਹਾਂਇਸ ਦੇ ਅਨੁਸਾਰ, ਉਹ ਭਾਵਨਾਤਮਕ ਤੌਰ 'ਤੇ ਉਨ੍ਹਾਂ 'ਤੇ ਨਿਰਭਰ ਹੋ ਗਈ ਸੀ ਅਤੇ ਜੇ ਉਸ ਨੂੰ ਇਕੱਲਾ ਛੱਡ ਦਿੱਤਾ ਜਾਂਦਾ, ਤਾਂ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੀ ਸੀ ਅਤੇ ਲਗਾਤਾਰ ਧਿਆਨ ਦੀ ਮੰਗ ਕਰਦੀ ਸੀ।

ਉਹ ਕਹਿੰਦੀ ਹੈ, "ਉਸ ਨੇ ਮੇਰੀ ਮਾਨਸਿਕ ਸਿਹਤ ਅਤੇ ਮੇਰੀ ਆਰਥਿਕ ਹਾਲਤ ਤਬਾਹ ਕਰ ਦਿੱਤੀ। ਉਸ ਨੇ ਮੇਰੇ 'ਤੇ ਇੰਨਾ ਦਬਾਅ ਪਾਇਆ ਕਿ ਮੈਨੂੰ ਮੇਰੇ ਬੱਚਿਆਂ ਤੋਂ ਵੀ ਦੂਰ ਕਰ ਦਿੱਤਾ।"

ਪਰ ਹੇਨਰੀਕਸ ਦਾ ਕਹਿਣਾ ਹੈ ਕਿ ਉਸ ਦੇ ਨਾਲ ਰਹਿੰਦਿਆਂ ਓਲੀਵੇਰਾ ਦਾ ਵਿਹਾਰ ਸਥਿਰ ਰਿਹਾ।

ਇਸ ਨਾਲ ਸ਼ੱਕ ਪੈਦਾ ਹੋਇਆ ਅਤੇ ਆਖ਼ਰਕਾਰ ਦੋਵੇਂ ਔਰਤਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਜਾਂਚ ਕੀਤੀ ਅਤੇ ਇਸ ਧੋਖਾਧੜੀ ਦਾ ਪਰਦਾਫਾਸ਼ ਕਰ ਦਿੱਤਾ।

ਰਿਓ ਵਿੱਚ ਮਾਮਲੇ ਦੀ ਅਗਵਾਈ ਕਰਨ ਵਾਲੀ ਜਾਂਚ ਅਧਿਕਾਰੀ ਮੋਨਿਕਾ ਅਰੀਆਲ ਨੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ ਕਿ ਬਾਅਦ ਵਿੱਚ ਪੁਲਿਸ ਨੂੰ ਓਲੀਵੇਰਾ ਦੇ ਫੋਨ ਵਿੱਚ ਇੰਟਰਨੈੱਟ ਖੋਜਾਂ ਮਿਲੀਆਂ, ਜਿਨ੍ਹਾਂ ਵਿੱਚ "ਆਟੀਜ਼ਮ ਵਾਲੇ ਲੋਕ ਕਿਵੇਂ ਵਿਹਾਰ ਕਰਦੇ ਹਨ" ਅਤੇ "ਸ਼ੋਸ਼ਣ ਦੇ ਸ਼ਿਕਾਰ ਵਿਅਕਤੀ ਵਾਂਗ ਚਿੱਤਰ ਕਿਵੇਂ ਬਣਾਏ ਜਾਣ" ਵਰਗੀਆਂ ਖੋਜਾਂ ਸ਼ਾਮਲ ਸਨ।

ਸਾਂਤਾ ਕਾਤਾਰੀਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਂਤਾ ਕਾਤਾਰੀਨਾ ਰਾਜ ਵਿੱਚ ਇਹ ਧੋਖਾਧੜੀ ਕਰਨ ਵੇਲੇ, ਡੂਡਾ ਨੇ ਆਪਣਾ ਉਪਨਾਮ ਬਦਲ ਕੇ "ਗਾਬਰੀਏਲੇ" ਰੱਖ ਲਿਆ

ਗ੍ਰਿਫ਼ਤਾਰ ਹੋਈ, ਪਰ ਰਿਹਾਅ ਕਰ ਦਿੱਤੀ ਗਈ

ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਿਰਾਸਤੀ ਸੁਣਵਾਈ ਦੌਰਾਨ ਉਸ ਨੇ ਧੋਖਾਧੜੀ ਦੀ ਗੱਲ ਵੀ ਕਬੂਲ ਕਰ ਲਈ, ਪਰ ਅਦਾਲਤ ਨੇ ਫ਼ੈਸਲਾ ਦਿੱਤਾ ਕਿ ਮਾਮਲੇ ਦੀ ਸੁਣਵਾਈ ਦੌਰਾਨ ਉਹ ਆਜ਼ਾਦ ਰਹਿ ਸਕਦੀ ਹੈ।

ਬਾਅਦ ਵਿੱਚ ਸਰਕਾਰੀ ਵਕੀਲਾਂ ਨੇ ਉਸ ਖ਼ਿਲਾਫ਼ ਇਲਜ਼ਾਮ ਦਾਇਰ ਕਰ ਦਿੱਤੇ, ਪਰ ਅਧਿਕਾਰੀ ਉਸ ਦਾ ਪਤਾ ਲਗਾਉਣ ਵਿੱਚ ਅਸਮਰੱਥ ਰਹੇ।

ਅਰੀਆਲ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਰੱਖਣਾ "ਮੁਸ਼ਕਲ" ਹੁੰਦਾ ਹੈ, ਕਿਉਂਕਿ ਅਦਾਲਤਾਂ ਧੋਖਾਧੜੀ ਨੂੰ ਅਜਿਹਾ ਅਪਰਾਧ ਮੰਨਦੀਆਂ ਹਨ ਜਿਸ ਵਿੱਚ ਹਿੰਸਾ ਜਾਂ ਗੰਭੀਰ ਧਮਕੀ ਸ਼ਾਮਲ ਨਹੀਂ ਹੁੰਦੀ।

ਮਾਗਾਲਹਾਂਇਸ ਕਹਿੰਦੀ ਹੈ ਕਿ ਇਹ ਦੇਖ ਕੇ ਉਹ ਆਪਣੇ ਆਪ ਨੂੰ "ਬੇਬਸ" ਮਹਿਸੂਸ ਕਰਦੀ ਹੈ ਕਿ ਹੋਰ ਲੋਕ ਵੀ ਇਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਹਨ ਅਤੇ ਉਹ ਉਮੀਦ ਕਰਦੀ ਹੈ ਕਿ ਇਨਸਾਫ਼ ਜ਼ਰੂਰ ਹੋਵੇਗਾ।

ਪਰ ਉਹ ਕਹਿੰਦੀ ਹੈ, "ਇਹ ਸਿਰਫ਼ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਨਹੀਂ ਹੈ," ਅਤੇ ਉਸ ਦਾ ਮੰਨਣਾ ਹੈ ਕਿ ਓਲੀਵੇਰਾ ਨੂੰ ਮਨੋਵਿਗਿਆਨਕ ਇਲਾਜ ਦੀ ਵੀ ਲੋੜ ਹੋ ਸਕਦੀ ਹੈ।

ਇਸ ਤਜਰਬੇ ਦੇ ਬਾਵਜੂਦ, ਹੇਨਰੀਕਸ ਕਹਿੰਦੀ ਹੈ ਕਿ ਉਹ ਬੇਸਹਾਰਾ ਬੱਚਿਆਂ ਦੀ ਮਦਦ ਕਰਨ ਦਾ ਆਪਣਾ ਕੰਮ ਜਾਰੀ ਰੱਖੇਗੀ।

ਉਹ ਕਹਿੰਦੀ ਹੈ, "ਮੈਂ ਲੋਕਾਂ ਦੀ ਮਦਦ ਕਰਨ ਦੀ ਇੱਛਾ ਨੂੰ ਕਦੇ ਨਹੀਂ ਛੱਡਾਂਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)