ਟਮਾਟਰਾਂ ਦੀਆਂ ਕੀਮਤਾਂ ‘ਛੇਤੀ ਨਹੀਂ ਘੱਟਣਗੀਆਂ’, ਮਾਹਿਰਾਂ ਤੋਂ ਕਾਰਨਾਂ ਬਾਰੇ ਜਾਣੋ

ਟਮਾਟਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਘੱਟੋ-ਘੱਟ ਟਮਾਟਰਾਂ ਦੀ ਕੀਮਤ 100 ਰੁਪਏ ਕਿਲੋ ਹੈ ਤੇ ਕਿਤੇ ਕਿਤੇ ਤਾਂ ਟਮਾਟਰ 200 ਤੇ 250 ਰੁਪਏ ਕਿਲੋ ਵੀ ਵਿਕ ਰਿਹਾ ਹੈ
    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

ਟਮਾਟਰ ਇੰਨਾ ਮਹਿੰਗਾ ਹੋ ਗਿਆ ਹੈ ਕਿ ਹੁਣ ਇਸ ਦੀ ਚੋਰੀ ਦੀਆਂ ਖ਼ਬਰਾਂ ਆ ਰਹੀਆਂ ਹਨ।

ਤੁਸੀਂ ਕਾਰ, ਮੋਟਰਸਾਈਕਲ ਤੇ ਗਹਿਣਿਆਂ ਦੀ ਚੋਰੀ ਤਾਂ ਸੁਣੀ ਹੋਵੇਗੀ ਪਰ ਗੱਲ ਹੁਣ ਟਮਾਟਰ ਤੱਕ ਆ ਗਈ ਹੈ।

ਸੁਣ ਕੇ ਤਾਂ ਤੁਸੀਂ ਵੀ ਹੈਰਾਨ ਹੋਏ ਹੋਵੋਗੇ ਪਰ ਇਹ ਸੱਚ ਹੈ। ਅਜਿਹੀਆਂ ਚੋਰੀ ਦੀਆਂ ਖ਼ਬਰਾਂ ਉੱਤਰ ਪ੍ਰਦੇਸ਼, ਕਰਨਾਟਕ, ਬੈਂਗਲੌਰ, ਜੈਪੁਰ ਸਣੇ ਕਈ ਸ਼ਹਿਰਾਂ ਤੋਂ ਆ ਰਹੀਆਂ ਹਨ।

ਵੱਡੇ ਵੱਡੇ ਫੂਡ ਆਊਟਲੈਟਸ ਬਰਗਰ ਕਿੰਗ ਤੇ ਮੈਕਡੌਨਲਡ ਤੱਕ ਨੇ ਆਪਣੇ ਖਾਣਿਆਂ ਵਿੱਚੋਂ ਟਮਾਟਰ ਹਟਾ ਦਿੱਤਾ ਹੈ।

ਪਿਛਲੇ ਕਈ ਦਿਨਾਂ ਤੋਂ ਟਮਾਟਰਾਂ ਦੇ ਭਾਅ ਅਸਮਾਨ ਛੂਹ ਰਹੇ ਹਨ। ਟਮਾਟਰਾਂ ਦੀ ਕੀਮਤ ਘੱਟੋ-ਘੱਟ 100 ਰੁਪਏ ਕਿਲੋ ਹੈ ਤੇ ਕਿਤੇ ਕਿਤੇ ਤਾਂ ਟਮਾਟਰ 200 ਤੇ 250 ਰੁਪਏ ਕਿਲੋ ਵੀ ਵਿਕ ਰਿਹਾ ਹੈ।

ਪਰ 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਅਚਾਨਕ ਇੰਨਾ ਮਹਿੰਗਾ ਕਿਵੇਂ ਹੋ ਗਿਆ ਤੇ ਕਦੋਂ ਇਸ ਦੀਆਂ ਕੀਮਤਾਂ ਘਟਣਗੀਆਂ। ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸ ਲੇਖ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ।

ਇਸ ਦੇ ਨਾਲ ਹੀ ਟਮਾਟਰ ਦੀ ਹੋਂਦ ਤੇ ਇਸ ਦੇ ਇਤਿਹਾਸ ਦੀ ਗੱਲ ਵੀ ਕਰਾਂਗੇ ਕਿ ਆਖਿਰ ਕਦੇ ਇੱਕ ਜ਼ਹਿਰੀਲਾ ਪਦਾਰਥ ਮੰਨਿਆ ਜਾਣ ਵਾਲਾ ਟਮਾਟਰ ਕਿਵੇਂ ਸਾਡੇ ਖਾਣੇ ਦਾ ਹਿੱਸਾ ਬਣ ਗਿਆ।

ਟਮਾਟਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗਰਮੀ ਕਾਫ਼ੀ ਵਧਣ ਨਾਲ ਪ੍ਰੋਡਕਸ਼ਨ ਘਟਿਆ ਹੈ

ਟਮਾਟਰਾਂ ਦਾ ਮੌਜੂਦਾ ਸੰਕਟ ਹੈ ਕੀ?

ਟਮਾਟਰ ਦੇ ਮੌਜੂਦਾ ਸੰਕਟ ਨੂੰ ਸਮਝਣ ਲਈ ਅਸੀਂ ਆਰਥਿਕ ਮਾਮਲਿਆਂ ਦੇ ਜਾਣਕਾਰ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ।

ਤਕਰੀਬਨ ਜੂਨ ਦੇ ਤੀਜੇ ਹਫ਼ਤੇ ਤੱਕ ਆਮ ਹੀ 20 ਰੁਪਏ, 30 ਰੁਪਏ ਕਿਲੋ ਵਿਕਣ ਵਾਲਾ ਟਮਾਟਰ 100, 200 ਤੇ 250 ਰੁਪਏ ਤੱਕ ਕਿਵੇਂ ਵਿਕਣ ਲੱਗ ਗਿਆ। ਜੇਕਰ ਬੁਨਿਆਦੀ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਮਸਲਾ ਮੰਗ ਤੇ ਪੂਰਤੀ ਦਾ ਹੈ।

ਇਸਦਾ ਕਾਰਨ ਸਮਝਾਉਂਦੇ ਹੋਏ ਪ੍ਰੋਫੈਸਰ ਘੁੰਮਣ ਦੱਸਦੇ ਹਨ ਕਿ ਸਭ ਤੋਂ ਪਹਿਲਾ ਕਾਰਨ ਗਰਮੀ ਕਾਫ਼ੀ ਵਧ ਗਈ ਜਿਸ ਕਾਰਨ ਪ੍ਰੋਡਕਸ਼ਨ ਘਟ ਗਿਆ।

ਦੂਜਾ ਕਾਰਨ ਹੈ ਭਾਰੀ ਮੀਂਹ, ਜਿਸ ਕਰਕੇ ਟਮਾਟਰ ਦੀ ਫ਼ਸਲ ਖ਼ਰਾਬ ਹੋ ਗਈ ਹੈ।

ਇਨ੍ਹਾਂ ਦੋਹਾਂ ਮੁੱਖ ਕਾਰਨਾਂ ਕਰਕੇ ਸਪਲਾਈ ਘੱਟ ਗਈ ਤੇ ਮੰਗ ਬਰਕਰਾਰ ਰਹੀ। ਜਿਸ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ।

ਟਮਾਟਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰੋਫੈਸਰ ਘੁੰਮਣ ਕਹਿੰਦੇ ਹਨ ਕਿ ਫਿਲਹਾਲ ਵਿਦੇਸ਼ਾਂ ਤੋਂ ਟਮਾਟਰ ਮੰਗਵਾਉਣਾ ਸਰਕਾਰ ਲਈ ਵਾਜਿਬ ਬਦਲ ਨਹੀਂ ਹੈ

ਪ੍ਰੋ. ਘੁੰਮਣ ਇਹ ਵੀ ਮੰਨਦੇ ਹਨ ਕਿ ਟਮਾਟਰ ਨੂੰ ਬਹੁਤੀ ਦੇਰ ਸਟੋਰ ਨਾ ਕਰ ਸਕਣਾ ਵੀ ਕੀਮਤਾਂ ਵਧਣ ਦਾ ਇੱਕ ਅਹਿਮ ਕਾਰਨ ਹੈ।

ਉਨ੍ਹਾਂ ਮੁਤਾਬਕ ਕਿਸਾਨਾਂ ਤੋਂ ਥੋਕ ਵਪਾਰੀਆਂ ਤੇ ਉਨ੍ਹਾਂ ਤੋਂ ਖੁਦਰਾ ਵਪਾਰੀਆਂ ਤੱਕ ਪਹੁੰਚਦੇ-ਪਹੁੰਚਦੇ ਵੀ ਟਮਾਟਰਾਂ ਦੀਆਂ ਕੀਮਤਾਂ ਵਿੱਚ ਭਾਰੀ ਇਜ਼ਾਫਾ ਹੋ ਰਿਹਾ ਹੈ।

ਜੇ ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝਾਈਏ ਤਾਂ ਕਿਸਾਨ ਤੋਂ ਤੁਹਾਡੇ ਤੱਕ ਜੋ ਟਮਾਟਰ ਪਹੁੰਚ ਰਿਹਾ ਹੈ, ਉਸ ਵਿੱਚ ਮੋਟਾ ਮੁਨਾਫਾ ਵਿਚੋਲੀਏ ਕਮਾ ਰਹੇ ਹਨ।

ਜਿਸ ਕਾਰਨ ਨਾ ਕਿਸਾਨ ਨੂੰ ਉਸ ਦੀ ਫ਼ਸਲ ਦੀ ਸਹੀ ਕੀਮਤ ਮਿਲਦੀ ਹੈ ਤੇ ਗਾਹਕ ਮਹਿੰਗਾਈ ਦੀ ਮਾਰ ਵੀ ਝੱਲਦੇ ਹਨ।

ਬੀਬੀਸੀ

ਟਮਾਟਰ ਉਤਪਾਦਨ 'ਚ ਭਾਰਤ ਦੂਜੇ ਸਥਾਨ 'ਤੇ

  • ਅੱਜ, ਭਾਰਤ ਦੁਨੀਆਂ ਵਿੱਚ ਟਮਾਟਰ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ।
  • ਨੈਸ਼ਨਲ ਹਾਰਟੀਕਲਚਰ ਬੋਰਡ ਦਾ ਅੰਦਾਜ਼ਾ ਹੈ ਕਿ 2022 ਵਿੱਚ ਟਮਾਟਰ ਦੀ ਪੈਦਾਵਾਰ 20 ਮਿਲੀਅਨ ਟਨ ਤੋਂ ਵੱਧ ਰਹੀ।
  • ਮੱਧ ਪ੍ਰਦੇਸ਼ ਵਿੱਚ 14.63%, ਆਂਧਰਾ ਪ੍ਰਦੇਸ਼ ਵਿੱਚ 10.92 % ਅਤੇ ਕਰਨਾਟਕ ਵਿੱਚ 10.23% ਟਮਾਟਰ ਉਗਾਇਆ ਜਾਂਦਾ ਹੈ।
  • ਗਰਮੀ ਵਧਣ ਕਾਰਨ ਅਤੇ ਭਾਰੀ ਮੀਂਹ ਕਾਰਨ ਟਮਾਟਰਾਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।
ਬੀਬੀਸੀ

ਆਖ਼ਰ ਟਮਾਟਰਾਂ ਦੀ ਕੀਮਤ ਘਟੇਗੀ ਕਦੋਂ?

ਇਸਦੇ ਜਵਾਬ ਵਿੱਚ ਪ੍ਰੋ. ਘੁੰਮਣ ਕਹਿੰਦੇ ਹਨ ਕਿ ਅਗਲੇ ਡੇਢ ਮਹੀਨੇ ਤੱਕ ਟਮਾਟਰਾਂ ਦੀਆਂ ਕੀਮਤਾਂ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ।

ਕਿਉਂਕਿ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਤੱਕ ਟਮਾਟਰ ਦੀ ਕੋਈ ਫ਼ਸਲ ਨਹੀਂ ਹੋਵੇਗੀ। ਮਹਾਰਾਸ਼ਟਰ ਤੇ ਦੱਖਣ ਭਾਰਤ ਦੇ ਕੁਝ ਇਲਾਕਿਆਂ ਤੋਂ ਅਕਤੂਬਰ ਤੱਕ ਸਪਲਾਈ ਆ ਸਕਦੀ ਹੈ।

ਹਾਂ, ਇਸਦਾ ਸੰਕਟ ਘਟਣ ਦੀ ਇੱਕ ਸੰਭਾਵਨਾ ਇਹ ਹੋ ਸਕਦੀ ਹੈ ਜੇਕਰ ਲੋਕ ਟਮਾਟਰਾਂ ਦੀ ਵਰਤੋਂ ਘਟਾ ਦੇਣ ਜਾਂ ਫਿਰ ਕੋਈ ਬਦਲ ਲੱਭ ਲੈਣ।

ਉਂਝ ਪ੍ਰੋਫੈਸਰ ਸਾਬ੍ਹ ਖ਼ੁਦ ਵੀ ਪਿਛਲੇ 15 ਦਿਨਾਂ ਤੋਂ ਟਮਾਟਰਾਂ ਦੀ ਥਾਂ ਦਹੀ ਤੇ ਟਮੈਟੋ ਸੌਸ ਦੀ ਵਰਤੋਂ ਕਰ ਰਹੇ ਹਨ।

ਪਰ ਕਈ ਵਾਰ ਸਰਕਾਰ ਸਬਜ਼ੀਆਂ ਦੀ ਕੀਮਤ ਘੱਟ ਕਰਨ ਲਈ ਉਸਦੀ ਦਰਾਮਦਗੀ ਵੱਧ ਕਰਦੀ ਹੈ ਪਰ ਕੀ ਟਮਾਟਰ ਦੇ ਮਾਮਲੇ ਵਿੱਚ ਅਜਿਹਾ ਹੋ ਸਕਦਾ ਹੈ।

ਇਸ ਬਾਰੇ ਪ੍ਰੋਫੈਸਰ ਘੁੰਮਣ ਕਹਿੰਦੇ ਹਨ ਕਿ ਫਿਲਹਾਲ ਵਿਦੇਸ਼ਾਂ ਤੋਂ ਟਮਾਟਰ ਮੰਗਵਾਉਣਾ ਸਰਕਾਰ ਲਈ ਵਾਜਿਬ ਬਦਲ ਨਹੀਂ ਹੈ।

ਟਮਾਟਰ

ਹੁਣ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ?

ਪ੍ਰੋਫੈਸਰ ਘੁੰਮਣ ਕਹਿੰਦੇ ਹਨ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਰਕਾਰ ਦੀ ਹੈ, ਸਰਕਾਰ ਚਾਹੇ ਤਾਂ ਕਿਸਾਨ ਨੂੰ ਵੀ ਉਸਦੀ ਸਹੀ ਕੀਮਤ ਮਿਲ ਸਕਦੀ ਹੈ ਤੇ ਗਾਹਕ ਨੂੰ ਵੀ ਸਹੀ ਕੀਮਤ ’ਤੇ ਸਬਜ਼ੀ ਮਿਲ ਸਕਦੀ ਹੈ।

ਜੇਕਰ ਸਰਕਾਰ ਕੀਮਤਾਂ ਦੇ ਤੰਤਰ, ਕਾਲਾਬਜ਼ਾਰੀ ਤੇ ਜਮਾਂਖੋਰੀ ਕਰਨ ਵਾਲਿਆਂ ਉੱਤੇ ਨਕੇਲ ਕੱਸੇ ਅਤੇ ਐਂਟੀ ਹੋਰਡਿੰਗ ਐਕਟ ਸਖ਼ਤੀ ਨਾਲ ਲਾਗੂ ਕਰੇ ਤਾਂ ਅਜਿਹੇ ਸੰਕਟਾਂ ਤੋਂ ਬਚਿਆ ਜਾ ਸਕਦਾ ਹੈ।

ਪ੍ਰੋਫੈਸਰ ਘੁੰਮਣ ਸਰਕਾਰ ਦੀ ਤਿਆਰੀ ਉੱਤੇ ਵੀ ਸਵਾਲ ਚੁੱਕਦਿਆਂ ਕਹਿੰਦੇ ਹਨ ਕਿ ਸਰਕਾਰ ਨੂੰ ਪਹਿਲਾਂ ਤੋਂ ਹੀ ਅਜਿਹੇ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪੂਰੀ ਯੋਜਨਾ ਬਣਾ ਕੇ ਲੋਕਾਂ ਨੂੰ ਅਜਿਹੇ ਸੰਕਟ ਤੋਂ ਬਚਾਏ।

ਇਹ ਤਾਂ ਗੱਲ ਹੋ ਗਈ ਮੌਜੂਦਾ ਸੰਕਟ ਦੀ, ਹੁਣ ਗੱਲ ਕਰਦੇ ਹਾਂ ਟਮਾਟਰ ਆਇਆ ਕਿੱਥੋਂ ਤੇ ਇਸਦਾ ਇਹ ਨਾਮ ਕਿਵੇਂ ਪਿਆ।

ਟਮਾਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਤੇ ਹਰਿਆਣਾ ਵਿੱਚ ਅਗਲੇ ਕੁਝ ਮਹੀਨਿਆਂ ਤੱਕ ਟਮਾਟਰ ਦੀ ਕੋਈ ਫ਼ਸਲ ਨਹੀਂ ਹੋਵੇਗੀ

ਟਮਾਟਰ ਦਾ ਇਤਿਹਾਸ

ਅੰਗ੍ਰੇਜ਼ੀ ਸ਼ਬਦ ਟੋਮੈਟੋ ਸਪੈਨਿਸ਼ ਭਾਸ਼ਾ ਦੇ ਸ਼ਬਦ ਟੋਮੇਟੋ ਤੋਂ ਬਣਿਆ ਹੈ। ਇਸ ਸਪੈਨਿਸ਼ ਸ਼ਬਦ ਦੀਆਂ ਜੜ੍ਹਾਂ ਐਜ਼ਟੈਕ ਭਾਸ਼ਾ ਵਿੱਚ ਮਿਲਦੀਆਂ ਹਨ। ਐਜ਼ਟੈਕ ਵਿੱਚ ਇਨ੍ਹਾਂ ਨੂੰ ਜ਼ੋਟੋਮੈਟਿਲ ਕਿਹਾ ਜਾਂਦਾ ਹੈ।

ਪਹਿਲਾਂ-ਪਹਿਲ ਬ੍ਰਿਟੇਨ ਵਿੱਚ ਟਮਾਟਰਾਂ ਨੂੰ ਜ਼ਹਿਰੀਲਾ ਫਲ ਮੰਨਿਆ ਜਾਂਦਾ ਸੀ। ਇਸਦਾ ਕਾਰਨ ਇਹ ਸੀ ਕਿ ਇਸਦੇ ਪੌਦਿਆਂ ਦੇ ਪੱਤੇ ਕੁਝ ਘਾਤਕ ਪੌਦਿਆਂ ਨਾਲ ਮਿਲਦੇ ਸਨ।

ਭਾਰਤ ਵਿੱਚ ਕਿਵੇਂ ਪਹੁੰਚਿਆ ਟਮਾਟਰ ਤੇ ਬਣਿਆ ਸਾਡੇ ਖਾਣੇ ਦਾ ਅਹਿਮ ਹਿੱਸਾ

ਟਮਾਟਰ ਨੂੰ ਪਹਿਲੀ ਵਾਰ ਪੁਰਤਗਾਲੀ ਲੋਕ ਭਾਰਤ ਵਿੱਚ ਲੈ ਕੇ ਆਏ ਸਨ। ਭਾਰਤ ਦੀ ਮਿੱਟੀ ਇਸ ਲਈ ਢੁਕਵੀਂ ਸੀ ਇਸ ਲਈ ਬ੍ਰਿਟਿਸ਼ ਸ਼ਾਸਨ ਦੌਰਾਨ ਹੀ ਇਸਦੀ ਫ਼ਸਲ ਕਾਫ਼ੀ ਲਗਾਈ ਜਾਣ ਲੱਗੀ, ਜਿਸਦਾ ਜ਼ਿਆਦਾਤਰ ਹਿੱਸਾ ਬ੍ਰਿਟਿਸ਼ ਲੋਕਾਂ ਕੋਲ ਜਾਂਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)