You’re viewing a text-only version of this website that uses less data. View the main version of the website including all images and videos.
ਜਲੰਧਰ ਦੇ ਬਿਸ਼ਪ ਮੁਲੱਕਲ ਦਾ ਅਸਤੀਫ਼ਾ ਹੋਇਆ ਸਵੀਕਾਰ, ਜਾਣੋ ਪੂਰਾ ਮਾਮਲਾ ਕੀ ਹੈ
ਜਲੰਧਰ ਦੇ ਪਾਦਰੀ ਬਿਸ਼ਪ ਫਰੈਂਕੋ ਮੁਲੱਕਲ ਦਾ ਅਸਤੀਫ਼ਾ ਪੋਪ ਫ੍ਰਾਂਸਿਸ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
ਵੈਟੀਕਨ ਦੇ ਭਾਰਤ ’ਚ ਕੂਟਨੀਤਿਕ ਨੁਮਾਇੰਦੇ ਨੇ ਕਿਹਾ ਕਿ ਮੁਲੱਕਲ ਦੇ ਬਰੀ ਹੋਣ ਦੇ ਖ਼ਿਲਾਫ਼ ਕੇਰਲਾ ਦੀ ਹਾਈਕੋਰਟ ’ਚ ਅਪੀਲ ਦਾਖ਼ਲ ਕਰ ਦਿੱਤੀ ਗਈ ਹੈ।
ਵੀਰਵਾਰ ਨੂੰ ਮੁਲੱਕਲ ਨੇ ਅਸਤੀਫ਼ਾ ਦੇਣ ਦੀ ਗੱਲ ਕਬੂਲੀ ਸੀ ਅਤੇ ਆਪਣੇ ਸਮਰੱਥਕਾਂ ਨੂੰ ਔਖੇ ਸਮੇਂ ਸਾਥ ਦੇਣ ਲਈ ਧੰਨਵਾਦ ਕੀਤਾ ਸੀ।
ਉਨ੍ਹਾਂ ਨੂੰ ਪਿਛਲੇ ਸਾਲ ਕੇਰਲਾ ਦੀ ਇੱਕ ਨੰਨ ਦਾ ਵਾਰ-ਵਾਰ ਬਲਾਤਕਾਰ ਕਰਨ ਦੇ ਕੇਸ ਵਿੱਚੋਂ ਇੱਕ ਸਥਾਨਕ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।
ਫ਼ੈਸਲੇ ਤੋਂ ਬਾਅਦ ਬਿਸ਼ਪ ਰੋਂਦੇ ਅਤੇ ਆਪਣੇ ਵਕੀਲਾਂ ਦੇ ਗਲ ਲੱਗਦੇ ਦੇਖੇ ਗਏ ਸਨ। ਉਹ ਕਹਿ ਰਹੇ ਸਨ, ''ਪ੍ਰਮਾਤਮਾ ਦੀ ਮਹਿਮਾ ਤੇ ਸਾਰਿਆਂ ਦਾ ਧੰਨਵਾਦ।''
ਉਨ੍ਹਾਂ ਨੂੰ ਰੇਪ ਦੇ ਸਾਰੇ ਇਲਜ਼ਾਮਾਂ ਤੋਂ ਬਰੀ ਕਰਨ ਦਾ ਫ਼ੈਸਲਾ ਅਦਾਲਤ ਨੇ 105 ਦਿਨਾਂ ਦੀ ਸੁਣਵਾਈ ਤੋਂ ਬਾਅਦ ਸੁਣਾਇਆ ਸੀ।
ਕੇਰਲ ਦੇ ਕੋਟਾਇਮ ਜ਼ਿਲ੍ਹੇ ਦੇ ਵਧੀਕ ਸੈਸ਼ਨ ਜੱਜ ਜੀ ਗੋਪਾਕੁਮਾਰ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ,''ਸਰਕਾਰੀ ਪੱਖ ਮੁਲਜ਼ਮ ਵਿਅਕਤੀ ਖ਼ਿਲਾਫ਼ ਸਾਰੇ ਇਲਜ਼ਾਮ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ।''
ਕੀ ਸੀ ਮਾਮਲਾ?
ਜੂਨ 2018 ਵਿੱਚ ਨੰਨ ਨੇ ਕੋਟਾਇਮ ਜ਼ਿਲ੍ਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਿਸ਼ਪ ਨੇ ਉਨ੍ਹਾਂ ਨਾਲ 2014 ਤੋਂ 2016 ਵਿਚਕਾਰ 13 ਵਾਰ ਰੇਪ ਕੀਤਾ ਸੀ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਨੰਨ ਨੇ ਕੈਥੋਲਿਕ ਚਰਚ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਸੀ ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ।
ਇਸ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਨੇ ਬਿਸ਼ਪ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ।
ਬਿਸ਼ਪ ਦੀ ਦਰਖ਼ਾਸਤ 'ਤੇ ਅਦਾਲਤ ਨੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਉੱਪਰ ਕੇਸ ਨਾਲ ਜੁੜੇ ਵੇਰਵੇ ਛਾਪਣ 'ਤੇ ਪਾਬੰਦੀ ਲਗਾ ਦਿੱਤੀ।
ਦੂਜੇ ਪਾਸੇ ਪੀੜਤ ਨੰਨ ਦੇ ਹਮਾਇਤੀਆਂ ਨੂੰ ਕਥਿਤ ਤੌਰ 'ਤੇ ਧਮਕੀਆਂ ਮਿਲੀਆਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਪੀੜਤਾ ਦੇ ਨਾਲ ਖੜ੍ਹਨ ਵਾਲਿਆਂ ਵਿੱਚ ਇੱਕ ਸਨ ਸਿਸਟਰ ਲੂਸੀ ਕਲਾਪੂਰਾ ਜਿਨ੍ਹਾਂ ਨੇ ਬਿਸ਼ਪ ਮੁਲੱਕਲ ਖ਼ਿਲਾਫ਼ ਧਰਨਿਆਂ ਵਿੱਚ ਵੀ ਸ਼ਮੂਲੀਅਤ ਕੀਤੀ।
ਮੁਜ਼ਾਹਰਿਆਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਿਸ਼ਨਰੀਜ਼ ਆਫ ਜੀਜ਼ਸ ਵਿੱਚ ਪੀੜਤ ਨੰਨ ਨਾਲ ਰਹੀਆਂ ਪੰਜ ਨਨਜ਼ ਨੇ ਇਰਨਾਕੁਲਮ ਵਿੱਚ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਫਿਰ ਜਦੋਂ ਪੁਲਿਸ ਨੇ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਐਲਾਨੀ ਤਾਂ 22 ਸਤੰਬਰ 2018 ਨੂੰ ਪ੍ਰਦਰਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ।
ਸਾਲ 2019 ਵਿੱਚ ਸਿਸਟਰ ਲੂਸੀ ਨੂੰ ਕੈਥੋਲਿਕ ਚਰਚ ਦੀ ਸਰਬਉੱਚ ਨਿਆਂਇਕ ਅਥਾਰਟੀ ਵੱਲੋਂ ਕਾਨਵੈਂਟ ਵੱਲੋਂ ਕੱਢ ਦਿੱਤਾ ਗਿਆ।
ਜਦੋਂ ਸਿਸਟਰ ਲੂਸੀ ਨੇ ਕੇਰਲ ਹਾਈ ਕੋਰਟ ਵਿੱਚ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਤਾਂ ਜੋ ਉਹ ਕਾਨਵੈਂਟ ਵਿੱਚ ਰਹਿ ਸਕਣ ਪਰ ਅਦਾਲਤ ਨੇ ਅਰਜੀ ਰੱਦ ਕਰ ਦਿੱਤੀ।
ਸਾਲ 2020 ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕੋਟਾਇਮ ਅਦਾਲਤ ਨੇ ਬਿਸ਼ਪ ਮੁਲੱਕਲ ਨੂੰ ਜ਼ਮਾਨਤ ਦੇ ਦਿੱਤੀ।
ਹਾਲਾਂਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕੇਰਲ ਵਿੱਚ ਹੀ ਰਹਿਣਗੇ ਅਤੇ ਬਿਨਾਂ ਕਿਸੇ ਨਾਕਾਮੀ ਦੇ ਸੁਣਵਾਈ ਵਿੱਚ ਪੇਸ਼ ਹੁੰਦੇ ਰਹਿਣਗੇ।
ਸਿਸਟਰ ਲੂਸੀ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਕਿਹਾ ਸੀ ਕਿ, "ਮੈਂ ਨਹੀਂ ਮੰਨਦੀ ਕਿ ਮੈਂ ਕੁਝ ਗਲਤ ਕੀਤਾ ਹੈ। ਸਿਸਟਰ (ਜਿਸ ਨੇ ਬਿਸ਼ਪ ਉੱਪਰ ਰੇਪ ਦੇ ਇਲਜ਼ਾਮ ਲਗਾਏ ਹਨ) ਨੂੰ ਸਮਰਥਨ ਕਰ ਕੇ ਮੈਂ ਸਗੋਂ ਬਹੁਤ ਸਹੀ ਕੀਤਾ। ਸਾਰੀਆਂ ਹੀ ਸਿਸਟਰਜ਼ ਨੂੰ ਉਸ ਮੁਜ਼ਾਹਰੇ ਵਿੱਚ ਭਾਗ ਲੈਣਾ ਚਾਹੀਦਾ ਸੀ। ਗਲਤੀ ਉਨ੍ਹਾਂ ਦੀ ਹੈ, ਮੇਰੀ ਨਹੀਂ।"
ਨਾਲ ਹੀ ਉਨ੍ਹਾਂ ਕਿਹਾ, "ਉਹ ਜੋ ਚਾਹੁੰਦੇ ਹਨ ਉਹ ਕਰ ਲੈਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ।"
ਇਹ ਵੀ ਪੜ੍ਹੋ: