ਜਲੰਧਰ ਦੇ ਬਿਸ਼ਪ ਮੁਲੱਕਲ ਦਾ ਅਸਤੀਫ਼ਾ ਹੋਇਆ ਸਵੀਕਾਰ, ਜਾਣੋ ਪੂਰਾ ਮਾਮਲਾ ਕੀ ਹੈ

ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ 'ਤੇ ਇੱਕ ਨਨ ਨਾਲ 2014 ਤੋਂ 2016 ਵਿਚਕਾਰ 13 ਵਾਰ ਬਲਾਤਕਾਰ ਦੇ ਇਲਜ਼ਾਮ ਸਨ
ਪ੍ਰਕਾਸ਼ਿਤ

ਜਲੰਧਰ ਦੇ ਪਾਦਰੀ ਬਿਸ਼ਪ ਫਰੈਂਕੋ ਮੁਲੱਕਲ ਦਾ ਅਸਤੀਫ਼ਾ ਪੋਪ ਫ੍ਰਾਂਸਿਸ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।

ਵੈਟੀਕਨ ਦੇ ਭਾਰਤ ’ਚ ਕੂਟਨੀਤਿਕ ਨੁਮਾਇੰਦੇ ਨੇ ਕਿਹਾ ਕਿ ਮੁਲੱਕਲ ਦੇ ਬਰੀ ਹੋਣ ਦੇ ਖ਼ਿਲਾਫ਼ ਕੇਰਲਾ ਦੀ ਹਾਈਕੋਰਟ ’ਚ ਅਪੀਲ ਦਾਖ਼ਲ ਕਰ ਦਿੱਤੀ ਗਈ ਹੈ।

ਵੀਰਵਾਰ ਨੂੰ ਮੁਲੱਕਲ ਨੇ ਅਸਤੀਫ਼ਾ ਦੇਣ ਦੀ ਗੱਲ ਕਬੂਲੀ ਸੀ ਅਤੇ ਆਪਣੇ ਸਮਰੱਥਕਾਂ ਨੂੰ ਔਖੇ ਸਮੇਂ ਸਾਥ ਦੇਣ ਲਈ ਧੰਨਵਾਦ ਕੀਤਾ ਸੀ।

ਉਨ੍ਹਾਂ ਨੂੰ ਪਿਛਲੇ ਸਾਲ ਕੇਰਲਾ ਦੀ ਇੱਕ ਨੰਨ ਦਾ ਵਾਰ-ਵਾਰ ਬਲਾਤਕਾਰ ਕਰਨ ਦੇ ਕੇਸ ਵਿੱਚੋਂ ਇੱਕ ਸਥਾਨਕ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ।

ਫ਼ੈਸਲੇ ਤੋਂ ਬਾਅਦ ਬਿਸ਼ਪ ਰੋਂਦੇ ਅਤੇ ਆਪਣੇ ਵਕੀਲਾਂ ਦੇ ਗਲ ਲੱਗਦੇ ਦੇਖੇ ਗਏ ਸਨ। ਉਹ ਕਹਿ ਰਹੇ ਸਨ, ''ਪ੍ਰਮਾਤਮਾ ਦੀ ਮਹਿਮਾ ਤੇ ਸਾਰਿਆਂ ਦਾ ਧੰਨਵਾਦ।''

ਉਨ੍ਹਾਂ ਨੂੰ ਰੇਪ ਦੇ ਸਾਰੇ ਇਲਜ਼ਾਮਾਂ ਤੋਂ ਬਰੀ ਕਰਨ ਦਾ ਫ਼ੈਸਲਾ ਅਦਾਲਤ ਨੇ 105 ਦਿਨਾਂ ਦੀ ਸੁਣਵਾਈ ਤੋਂ ਬਾਅਦ ਸੁਣਾਇਆ ਸੀ।

ਕੇਰਲ ਦੇ ਕੋਟਾਇਮ ਜ਼ਿਲ੍ਹੇ ਦੇ ਵਧੀਕ ਸੈਸ਼ਨ ਜੱਜ ਜੀ ਗੋਪਾਕੁਮਾਰ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ,''ਸਰਕਾਰੀ ਪੱਖ ਮੁਲਜ਼ਮ ਵਿਅਕਤੀ ਖ਼ਿਲਾਫ਼ ਸਾਰੇ ਇਲਜ਼ਾਮ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ।''

ਕੇਰਲ ਦੇ ਕੋਟਾਇਮ ਜ਼ਿਲ੍ਹੇ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ,''ਸਰਕਾਰੀ ਪੱਖ ਮੁਲਜ਼ਮ ਵਿਅਕਤੀ ਖ਼ਿਲਾਫ਼ ਸਾਰੇ ਇਲਜ਼ਾਮ ਸਾਬਤ ਕਰਨ ਵਿੱਚ ਨਾਕਾਮ ਰਿਹਾ ਹੈ।''

ਕੀ ਸੀ ਮਾਮਲਾ?

ਜੂਨ 2018 ਵਿੱਚ ਨੰਨ ਨੇ ਕੋਟਾਇਮ ਜ਼ਿਲ੍ਹਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਿਸ਼ਪ ਨੇ ਉਨ੍ਹਾਂ ਨਾਲ 2014 ਤੋਂ 2016 ਵਿਚਕਾਰ 13 ਵਾਰ ਰੇਪ ਕੀਤਾ ਸੀ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਕਿ ਪੁਲਿਸ ਕੋਲ ਜਾਣ ਤੋਂ ਪਹਿਲਾਂ ਨੰਨ ਨੇ ਕੈਥੋਲਿਕ ਚਰਚ ਦੇ ਅਧਿਕਾਰੀਆਂ ਕੋਲ ਪਹੁੰਚ ਕੀਤੀ ਸੀ ਪਰ ਉੱਥੇ ਕੋਈ ਸੁਣਵਾਈ ਨਹੀਂ ਹੋਈ।

ਇਸ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਨੇ ਬਿਸ਼ਪ ਮੁਲੱਕਲ ਨੂੰ ਗ੍ਰਿਫ਼ਤਾਰ ਕਰ ਲਿਆ।

ਬਿਸ਼ਪ ਦੀ ਦਰਖ਼ਾਸਤ 'ਤੇ ਅਦਾਲਤ ਨੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਉੱਪਰ ਕੇਸ ਨਾਲ ਜੁੜੇ ਵੇਰਵੇ ਛਾਪਣ 'ਤੇ ਪਾਬੰਦੀ ਲਗਾ ਦਿੱਤੀ।

ਦੂਜੇ ਪਾਸੇ ਪੀੜਤ ਨੰਨ ਦੇ ਹਮਾਇਤੀਆਂ ਨੂੰ ਕਥਿਤ ਤੌਰ 'ਤੇ ਧਮਕੀਆਂ ਮਿਲੀਆਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਬਿਸ਼ਪ ਮੁਲੱਕਲ

ਤਸਵੀਰ ਸਰੋਤ, Getty Images

ਪੀੜਤਾ ਦੇ ਨਾਲ ਖੜ੍ਹਨ ਵਾਲਿਆਂ ਵਿੱਚ ਇੱਕ ਸਨ ਸਿਸਟਰ ਲੂਸੀ ਕਲਾਪੂਰਾ ਜਿਨ੍ਹਾਂ ਨੇ ਬਿਸ਼ਪ ਮੁਲੱਕਲ ਖ਼ਿਲਾਫ਼ ਧਰਨਿਆਂ ਵਿੱਚ ਵੀ ਸ਼ਮੂਲੀਅਤ ਕੀਤੀ।

ਮੁਜ਼ਾਹਰਿਆਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮਿਸ਼ਨਰੀਜ਼ ਆਫ ਜੀਜ਼ਸ ਵਿੱਚ ਪੀੜਤ ਨੰਨ ਨਾਲ ਰਹੀਆਂ ਪੰਜ ਨਨਜ਼ ਨੇ ਇਰਨਾਕੁਲਮ ਵਿੱਚ ਹੋਏ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਫਿਰ ਜਦੋਂ ਪੁਲਿਸ ਨੇ ਬਿਸ਼ਪ ਮੁਲੱਕਲ ਦੀ ਗ੍ਰਿਫਤਾਰੀ ਐਲਾਨੀ ਤਾਂ 22 ਸਤੰਬਰ 2018 ਨੂੰ ਪ੍ਰਦਰਸ਼ਨ ਫਿਲਹਾਲ ਬੰਦ ਕਰ ਦਿੱਤੇ ਗਏ।

ਸਾਲ 2019 ਵਿੱਚ ਸਿਸਟਰ ਲੂਸੀ ਨੂੰ ਕੈਥੋਲਿਕ ਚਰਚ ਦੀ ਸਰਬਉੱਚ ਨਿਆਂਇਕ ਅਥਾਰਟੀ ਵੱਲੋਂ ਕਾਨਵੈਂਟ ਵੱਲੋਂ ਕੱਢ ਦਿੱਤਾ ਗਿਆ।

ਸਤੰਬਰ 2018 ਵਿੱਚ ਬਿਸ਼ਪ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਲਈ ਕੇਰਲ ਹਾਈ ਕੋਰਟ ਦੇ ਬਾਹਰ ਇੱਕ ਮੁਜ਼ਾਹਰੇ ਦੌਰਾਨ ਕੁਝ ਨਨਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਤੰਬਰ 2018 ਵਿੱਚ ਬਿਸ਼ਪ ਫਰੈਂਕੋ ਮੁਲੱਕਲ ਦੀ ਗ੍ਰਿਫਤਾਰੀ ਲਈ ਕੇਰਲ ਹਾਈ ਕੋਰਟ ਦੇ ਬਾਹਰ ਇੱਕ ਮੁਜ਼ਾਹਰੇ ਦੌਰਾਨ ਹੋਰ ਨਨਜ਼ ਨਾਲ ਸਿਸਟਰ ਲੂਸੀ (ਸੱਜਿਆਂ ਦੂਜੇ)

ਜਦੋਂ ਸਿਸਟਰ ਲੂਸੀ ਨੇ ਕੇਰਲ ਹਾਈ ਕੋਰਟ ਵਿੱਚ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਤਾਂ ਜੋ ਉਹ ਕਾਨਵੈਂਟ ਵਿੱਚ ਰਹਿ ਸਕਣ ਪਰ ਅਦਾਲਤ ਨੇ ਅਰਜੀ ਰੱਦ ਕਰ ਦਿੱਤੀ।

ਸਾਲ 2020 ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਕੋਟਾਇਮ ਅਦਾਲਤ ਨੇ ਬਿਸ਼ਪ ਮੁਲੱਕਲ ਨੂੰ ਜ਼ਮਾਨਤ ਦੇ ਦਿੱਤੀ।

ਹਾਲਾਂਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕੇਰਲ ਵਿੱਚ ਹੀ ਰਹਿਣਗੇ ਅਤੇ ਬਿਨਾਂ ਕਿਸੇ ਨਾਕਾਮੀ ਦੇ ਸੁਣਵਾਈ ਵਿੱਚ ਪੇਸ਼ ਹੁੰਦੇ ਰਹਿਣਗੇ।

ਸਿਸਟਰ ਲੂਸੀ ਨੇ ਬੀਬੀਸੀ ਨੂੰ ਗੱਲਬਾਤ ਦੌਰਾਨ ਕਿਹਾ ਸੀ ਕਿ, "ਮੈਂ ਨਹੀਂ ਮੰਨਦੀ ਕਿ ਮੈਂ ਕੁਝ ਗਲਤ ਕੀਤਾ ਹੈ। ਸਿਸਟਰ (ਜਿਸ ਨੇ ਬਿਸ਼ਪ ਉੱਪਰ ਰੇਪ ਦੇ ਇਲਜ਼ਾਮ ਲਗਾਏ ਹਨ) ਨੂੰ ਸਮਰਥਨ ਕਰ ਕੇ ਮੈਂ ਸਗੋਂ ਬਹੁਤ ਸਹੀ ਕੀਤਾ। ਸਾਰੀਆਂ ਹੀ ਸਿਸਟਰਜ਼ ਨੂੰ ਉਸ ਮੁਜ਼ਾਹਰੇ ਵਿੱਚ ਭਾਗ ਲੈਣਾ ਚਾਹੀਦਾ ਸੀ। ਗਲਤੀ ਉਨ੍ਹਾਂ ਦੀ ਹੈ, ਮੇਰੀ ਨਹੀਂ।"

ਨਾਲ ਹੀ ਉਨ੍ਹਾਂ ਕਿਹਾ, "ਉਹ ਜੋ ਚਾਹੁੰਦੇ ਹਨ ਉਹ ਕਰ ਲੈਣ। ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰ ਰਹੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)