You’re viewing a text-only version of this website that uses less data. View the main version of the website including all images and videos.
2026 ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ ਕਿਹੜੇ ਹਨ ਅਤੇ ਇੱਥੇ ਰਹਿਣ ਵਾਲੇ ਲੋਕਾਂ ਦਾ ਕੀ ਤਜਰਬਾ ਹੈ
- ਲੇਖਕ, ਲਿੰਡਸੇ ਗੈਲੋਵੇ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੱਜ ਦੁਨੀਆ ਵਿੱਚ ਸਭ ਤੋਂ ਵੱਧ ਸਰਗਰਮ ਟਕਰਾਅ ਚੱਲ ਰਹੇ ਹਨ। ਆਈਸਲੈਂਡ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਦੇ ਵਸਨੀਕ ਦੱਸਦੇ ਹਨ ਕਿ ਕਿਹੜੀਆਂ ਖੂਬੀਆਂ ਉਨ੍ਹਾਂ ਦੇ ਦੇਸ਼ਾਂ ਨੂੰ ਇੰਨਾ ਸ਼ਾਂਤਮਈ ਬਣਾਉਂਦੀਆਂ ਹਨ।
ਤਾਜ਼ਾ ਗਲੋਬਲ ਪੀਸ ਇੰਡੈਕਸ ਮੁਤਾਬਕ, ਦੁਨੀਆ ਪਿਛਲੇ ਸਾਲ ਦੇ ਮੁਕਾਬਲੇ ਹੋਰ ਘੱਟ ਸ਼ਾਂਤਮਈ ਹੋ ਗਈ ਹੈ। ਕੁੱਲ 99 ਦੇਸ਼ਾਂ ਵਿੱਚ ਸ਼ਾਂਤੀ ਦੀ ਸਥਿਤੀ ਖਰਾਬ ਹੋਈ ਹੈ, ਜੋ ਕਿ ਲਗਾਤਾਰ 12ਵੇਂ ਸਾਲ ਗਿਰਾਵਟ ਨੂੰ ਦਰਸਾਉਂਦੀ ਹੈ। ਬਾਵਜੂਦ ਕੁਝ ਅਜਿਹੇ ਦੇਸ਼ ਵੀ ਹਨ ਜੋ ਇਸ ਨਕਾਰਾਤਮਕ ਰੁਝਾਨ ਤੋਂ ਵੱਖਰੇ ਨਜ਼ਰ ਆਉਂਦੇ ਹਨ।
ਇੰਸਟੀਚਿਊਟ ਆਫ ਇਕੋਨਾਮਿਕਸ ਐਂਡ ਪੀਸ, ਜਿਸ ਨੇ 2007 ਵਿੱਚ ਇਹ ਇੰਡੈਕਸ ਬਣਾਇਆ, ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਸਟੀਵ ਕਿੱਲੇਲੀਆ ਨੇ ਕਿਹਾ,"ਭਾਵੇਂ ਇਸ ਸਾਲ ਸ਼ਾਂਤੀ ਇੰਡੈਕਸ ਵਿੱਚ ਵੱਡੀ ਗਿਰਾਵਟ ਆਈ ਹੈ ਪਰ ਇਸ ਦਾ ਅਸਰ ਸੂਚੀ ਦੇ ਸਿਖਰਲੇ ਦੇਸ਼ਾਂ 'ਤੇ ਨਹੀਂ ਪਿਆ।"
ਇਹ ਇੰਡੈਕਸ 163 ਦੇਸ਼ਾਂ ਨੂੰ 23 ਮਾਪਦੰਡਾਂ ਦੇ ਆਧਾਰ 'ਤੇ ਦਰਜਾ ਦਿੰਦਾ ਹੈ, ਜਿਨ੍ਹਾਂ ਵਿੱਚ ਫੌਜ 'ਤੇ ਕੀਤੇ ਜਾ ਰਹੇ ਖਰਚ, ਮੌਜੂਦਾ ਸੰਘਰਸ਼, ਕਤਲ ਦੀਆਂ ਦਰਾਂ ਅਤੇ ਲੋਕਾਂ ਦੀ ਸੁਰੱਖਿਆ ਬਾਰੇ ਪੈਮਾਨੇ ਸ਼ਾਮਲ ਹਨ।
ਸਭ ਤੋਂ ਵਧੀਆ ਦਰਜਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿੱਚ ਆਮ ਤੌਰ 'ਤੇ ਘੱਟ ਹਿੰਸਾ, ਮਜ਼ਬੂਤ ਸੰਸਥਾਵਾਂ, ਉੱਚ ਸਮਾਜਿਕ ਭਰੋਸਾ, ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਅਤੇ ਉੱਚ ਜੀਵਨ-ਮਿਆਰ ਹੁੰਦਾ ਹੈ।
ਅਸੀਂ ਦੁਨੀਆ ਦੇ ਪੰਜ ਸਭ ਤੋਂ ਸੁਰੱਖਿਅਤ ਦੇਸ਼ਾਂ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਤਾਂ ਜੋ ਜਾਣਿਆ ਜਾ ਸਕੇ ਕਿ ਰੋਜ਼ਾਨਾ ਜੀਵਨ ਵਿੱਚ ਇਹ ਸੁਰੱਖਿਆ ਕਿਵੇਂ ਮਹਿਸੂਸ ਹੁੰਦੀ ਹੈ, ਇਸ ਨੂੰ ਕਾਇਮ ਰੱਖਣ ਵਿੱਚ ਕੀ ਭੂਮਿਕਾ ਨਿਭਾਉਂਦਾ ਹੈ ਅਤੇ ਯਾਤਰੀ ਇਸ ਸ਼ਾਂਤੀ ਅਤੇ ਸਥਿਰਤਾ ਦਾ ਅਨੁਭਵ ਕਿਵੇਂ ਕਰ ਸਕਦੇ ਹਨ।
1. ਆਈਸਲੈਂਡ
ਆਈਸਲੈਂਡ 2008 ਤੋਂ ਲਗਾਤਾਰ ਇਸ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਲਗਾਤਾਰ 19ਵੇਂ ਸਾਲ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਬਣਿਆ ਹੋਇਆ ਹੈ। ਹਿੰਸਕ ਪ੍ਰਦਰਸ਼ਨਾਂ ਵਿੱਚ ਵੱਡੀ ਕਮੀ ਕਾਰਨ ਇਸ ਦੇ ਅੰਕਾਂ ਵਿੱਚ 2 ਫ਼ੀਸਦੀ ਸੁਧਾਰ ਆਇਆ ਹੈ ਅਤੇ ਸੁਰੱਖਿਆ, ਘੱਟ ਸੰਘਰਸ਼ ਅਤੇ ਸੀਮਿਤ ਫੌਜੀਕਰਨ ਕਾਰਨ ਆਈਸਲੈਂਡ ਨੇ ਆਪਣਾ ਉੱਚ ਦਰਜਾ ਕਾਇਮ ਰੱਖਿਆ ਹੈ।
ਵਿਜ਼ਿਟ ਆਈਸਲੈਂਡ ਦੇ ਮੁਖੀ ਓਡੇਨੀ ਆਰਨਾਰਦੋਤਿਰ ਕਹਿੰਦੇ ਹਨ, "ਆਈਸਲੈਂਡ ਵਿੱਚ ਸ਼ਾਂਤੀ ਸਾਡੇ ਆਲੇ-ਦੁਆਲੇ ਦੀ ਕੁਦਰਤ ਵਿੱਚ ਵੀ ਹੈ ਅਤੇ ਸਾਡੇ ਨੇੜਲੇ ਭਾਈਚਾਰਿਆਂ ਦੀ ਸੁਚੇਤ ਚੋਣ ਵਿੱਚ ਵੀ।"
ਉਹ ਇਸ ਦਾ ਸਿਹਰਾ ਬਰਾਬਰੀ ਪ੍ਰਤੀ ਡੂੰਘੀ ਵਚਨਬੱਧਤਾ ਨੂੰ ਦਿੰਦੇ ਹਨ। ਖ਼ਾਸ ਤੌਰ 'ਤੇ ਲਿੰਗ ਸਮਾਨਤਾ ਦੇ ਮਾਮਲੇ ਵਿੱਚ ਆਈਸਲੈਂਡ ਦੁਨੀਆ ਦੇ ਸਿਖਰਲੇ ਮੁਲਕਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਜ਼ਬੂਤ ਸਰਕਾਰੀ ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਦੇ ਵਿਆਪਕ ਇਸਤੇਮਾਲ ਦੇ ਮਾਮਲੇ ਵਿੱਚ ਵੀ ਆਈਸਲੈਂਡ ਸਿਖਰ 'ਤੇ ਹੈ।
ਉਨ੍ਹਾਂ ਦੇ ਅਨੁਸਾਰ, ਇਹ ਸਿਰਫ਼ ਸਰਕਾਰੀ ਨੀਤੀਆਂ ਤੱਕ ਸੀਮਿਤ ਨਹੀਂ ਹੈ। ਲੋਕਾਂ ਵਿੱਚ ਵੀ ਸਮਾਜਿਕ ਏਕਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਬਹੁਤ ਮਜ਼ਬੂਤ ਹੈ।
ਆਰਨਾਰਦੋਤਿਰ ਕਹਿੰਦੇ ਹਨ , "ਸਾਨੂੰ ਇਹ ਅਹਿਸਾਸ ਹੈ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਜੋ ਇਸ ਤਰ੍ਹਾਂ ਦੀ ਸ਼ਾਂਤੀ ਦਾ ਅਨੁਭਵ ਕਰਦੇ ਹਾਂ। ਇਹ ਸਾਨੂੰ ਇੱਕ ਖੁੱਲ੍ਹੇ ਅਤੇ ਸਮਾਵੇਸ਼ੀ ਸਮਾਜ ਨੂੰ ਕਾਇਮ ਰੱਖਣ ਦੀ ਮਹੱਤਤਾ ਦਾ ਅਹਿਸਾਸ ਕਰਵਾਉਂਦਾ ਹੈ।"
ਆਈਸਲੈਂਡ ਦੀ ਭੂਗੋਲਿਕ ਸਥਿਤੀ ਵੀ ਇਸ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਆਰਨਾਰਦੋਤਿਰ ਸਲਾਹ ਦਿੰਦੇ ਹਨ ਕਿ ਆਈਸਲੈਂਡ ਦੀ ਸ਼ਾਂਤ ਅਤੇ ਹੌਲੀ-ਰਫ਼ਤਾਰ ਜ਼ਿੰਦਗੀ ਦਾ ਅਨੁਭਵ ਕਰਨ ਲਈ ਸੈਲਾਨੀ ਇੱਕ ਥਾਂ ਤੋਂ ਦੂਜੀ ਥਾਂ ਭੱਜਣ ਦੀ ਬਜਾਏ ਆਪਣੀ ਰਫ਼ਤਾਰ ਹੌਲੀ ਕਰਨ ਅਤੇ ਕੁਦਰਤ ਨਾਲ ਵਧੇਰੇ ਸਮਾਂ ਬਿਤਾਉਣ।
ਆਈਸਲੈਂਡ ਦੇ ਬੇਦਿੰਗ ਕਲਚਰ (ਨਹਾਉਣ ਦੀ ਪਰੰਪਰਾ) ਦਾ ਤਜਰਬਾ ਕਰਨਾ ਸੈਲਾਨੀਆਂ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਆਈਸਲੈਂਡ ਵਿੱਚ 120 ਤੋਂ ਵੱਧ ਭੂ-ਤਾਪੀ (ਜੀਓਥਰਮਲ) ਤਲਾਬ ਹਨ, ਜਿਨ੍ਹਾਂ ਵਿੱਚ ਆਲੀਸ਼ਾਨ ਸਪਾ ਤੋਂ ਲੈ ਕੇ ਘਰਾਂ ਦੇ ਆਸ-ਪਾਸ ਬਣੇ ਪੂਲ ਸ਼ਾਮਿਲ ਹਨ ਜਿੱਥੇ ਸਥਾਨਕ ਲੋਕ ਸਾਲ ਭਰ ਇਕੱਠੇ ਹੁੰਦੇ ਹਨ।
ਆਰਨਾਰਦੋਤਿਰ ਕਹਿੰਦੇ ਹਨ, "ਆਈਸਲੈਂਡ ਦੀ ਸ਼ਾਂਤੀ ਦਾ ਅਨੁਭਵ ਸਿੱਧੇ ਤੌਰ 'ਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ। ਚਾਹੇ ਉਹ ਜੀਓਥਰਮਲ ਤਲਾਬ ਵਿੱਚ ਨਹਾਉਣ ਦੀ ਪਰੰਪਰਾ ਰਾਹੀਂ ਹੋਵੇ, ਕੁਦਰਤ ਵਿੱਚ ਸਮਾਂ ਬਿਤਾ ਕੇ ਹੋਵੇ ਜਾਂ ਫਿਰ ਰੋਜ਼ਾਨਾ ਦੀ ਭੱਜਦੌੜ ਤੋਂ ਕੁਝ ਸਮੇਂ ਲਈ ਦੂਰ ਹੋ ਕੇ ਮਨ ਨੂੰ ਆਰਾਮ ਦੇਣ ਰਾਹੀਂ ਹੋਵੇ।"
ਉਹ ਇਹ ਵੀ ਸਲਾਹ ਦਿੰਦੇ ਹਨ ਕਿ ਸੈਲਾਨੀ ਸਿਰਫ਼ ਆਈਸਲੈਂਡ ਦੇ ਸਭ ਤੋਂ ਮਸ਼ਹੂਰ ਸੈਰ-ਸਪਾਟਾ ਸਥਾਨਾਂ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਦੇਸ਼ ਦੇ ਹੋਰ ਹਿੱਸਿਆਂ ਦੀ ਵੀ ਖੋਜ ਕਰਨ।
ਉਹ ਦੱਸਦੇ ਹਨ ਕਿ ਆਈਸਲੈਂਡ ਵਿੱਚ 220 ਤੋਂ ਵੱਧ ਅਜਾਇਬ ਘਰ ਹਨ, ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ ਜਿਵੇਂ ਰਾਜਧਾਨੀ ਵਿੱਚ ਸਥਿਤ ਨੈਸ਼ਨਲ ਮਿਊਜ਼ੀਅਮ ਅਤੇ ਵੈਸਟਫਜੋਰਡਸ ਵਿਖੇ ਸਥਿਤ ਆਈਸਲੈਂਡਿਕ ਸੀ ਮੌਂਸਟਰ ਮਿਊਜ਼ੀਅਮ।
ਉਹ ਕਹਿੰਦੇ ਹਨ, "ਮੈਨੂੰ ਸਾਡੇ ਅਨੋਖੇ ਅਤੇ ਦਿਲਚਸਪ ਅਜਾਇਬ ਘਰ ਬਹੁਤ ਪਸੰਦ ਹਨ। ਅਜਿਹੇ ਸਥਾਨ ਸਥਾਨਕ ਕਹਾਣੀਆਂ, ਇਤਿਹਾਸ ਅਤੇ ਰਵਾਇਤਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ ਅਤੇ ਨਾਲ ਹੀ ਸੈਲਾਨੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਨ ਅਤੇ ਉਨ੍ਹਾਂ ਨੂੰ ਨੇੜੇ ਤੋਂ ਜਾਣਨ ਲਈ ਉਤਸ਼ਾਹਿਤ ਕਰਦੇ ਹਨ।"
2. ਨਿਊਜ਼ੀਲੈਂਡ
2025 ਵਿੱਚ ਤੀਜੀ ਰੈਂਕ 'ਚ ਸੁਧਾਰ ਤੋਂ ਬਾਅਦ 2026 ਵਿੱਚ ਦੂਜੇ ਸਥਾਨ 'ਤੇ ਪਹੁੰਚਿਆ ਨਿਊਜ਼ੀਲੈਂਡ ਏਸ਼ੀਆ-ਪੈਸੀਫਿਕ ਖੇਤਰ ਦਾ ਸਭ ਤੋਂ ਸੁਰੱਖਿਅਤ ਦੇਸ਼ ਹੈ। ਇਸ ਖੇਤਰ ਦੇ ਸਰਗਰਮ ਸੰਘਰਸ਼ਾਂ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਦਾ ਸਕੋਰ ਸਭ ਤੋਂ ਘੱਟ ਹੈ।
ਇਸਦੀ ਰੈਂਕਿੰਗ ਵਿੱਚ ਸੁਧਾਰ ਦਾ ਮੁੱਖ ਕਾਰਨ ਹਥਿਆਰਾਂ ਦੀ ਦਰਾਮਦ ਵਿੱਚ ਆਈ ਕਮੀ ਹੈ। ਨਿਊਜ਼ੀਲੈਂਡ ਅੱਜ ਵੀ ਦੁਨੀਆ ਦੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਘੱਟ ਫੌਜੀਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।
ਇਸ ਸ਼ਾਂਤੀ ਦਾ ਵੱਡਾ ਕਾਰਨ ਇਸਦੀ ਭੂਗੋਲਿਕ ਸਥਿਤੀ ਵੀ ਹੈ। ਨਿਊਜ਼ੀਲੈਂਡ ਦੇ ਵਾਸੀ ਅਤੇ ਐਨਜ਼ੀ (NZ) ਗੋਲਡਨ ਵੀਜ਼ਾ ਦੇ ਸੰਸਥਾਪਕ ਵਾਰਵਿਕ ਵੂਡਲੀ ਕਹਿੰਦੇ ਹਨ, "ਦੁਨੀਆ ਦੇ ਹੋਰ ਹਿੱਸਿਆਂ ਤੋਂ ਭੂਗੋਲਿਕ ਦੂਰੀ ਹੋਣ ਕਾਰਨ ਨਿਊਜ਼ੀਲੈਂਡ ਵੱਡੇ ਭੂ-ਰਾਜਨੀਤਿਕ ਟਕਰਾਵਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਰਿਹਾ ਹੈ, ਜੋ ਕਈ ਹੋਰ ਦੇਸ਼ਾਂ ਨੂੰ ਸੰਘਰਸ਼ਾਂ ਵਿੱਚ ਖਿੱਚ ਲੈਂਦੇ ਹਨ।"
ਪਰ ਉਹ ਮੰਨਦੇ ਹਨ ਕਿ ਇਸ ਦੇਸ਼ ਦੀ ਸੰਸਕ੍ਰਿਤੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਅਨੁਸਾਰ, ਇੱਥੋਂ ਦੇ ਲੋਕ ਆਮ ਤੌਰ 'ਤੇ ਸ਼ਾਂਤ, ਸਿੱਧੇ-ਸਾਦੇ ਅਤੇ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਹੁੰਦੇ ਹਨ।
ਉਹ ਕਹਿੰਦੇ ਹਨ, "ਲੋਕਾਂ ਦੀ ਦਿਲਚਸਪੀ ਬੇਲੋੜੇ ਵਿਵਾਦ ਖੜ੍ਹੇ ਕਰਨ ਦੀ ਬਜਾਏ ਆਪਣੇ ਕੰਮਾਂ ਨੂੰ ਅੱਗੇ ਵਧਾਉਣ ਵਿੱਚ ਹੁੰਦੀ ਹੈ।"
ਵੂਡਲੀ ਕਹਿੰਦੇ ਹਨ, "ਨਿਊਜ਼ੀਲੈਂਡ ਵਿੱਚ ਸੁਰੱਖਿਆ ਇੰਨੀ ਆਮ ਗੱਲ ਹੈ ਕਿ ਲੋਕ ਇਸ ਬਾਰੇ ਖਾਸ ਸੋਚਦੇ ਵੀ ਨਹੀਂ। ਜ਼ਿਆਦਾਤਰ ਲੋਕ ਸੁਰੱਖਿਆ ਬਾਰੇ ਬਹੁਤ ਘੱਟ ਸੋਚਦੇ ਹਨ, ਅਤੇ ਸ਼ਾਇਦ ਇਹੀ ਸਭ ਤੋਂ ਵੱਡਾ ਸੰਕੇਤ ਹੈ ਕਿ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ।"
ਉਹ ਅੱਗੇ ਦੱਸਦੇ ਹਨ ਕਿ ਇੱਥੇ ਬੰਦੂਕਾਂ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ।
ਕ੍ਰਾਈਸਟਚਰਚ ਘਟਨਾਕ੍ਰਮ ਤੋਂ ਬਾਅਦ ਇੱਥੇ ਹਥਿਆਰਾਂ ਸਬੰਧੀ ਕਾਨੂੰਨ ਹੋਰ ਵੀ ਸਖਤ ਹੋ ਗਏ ਹਨ।
ਉਨ੍ਹਾਂ ਦੇ ਅਨੁਸਾਰ, ਇੱਥੇ ਅੱਜ ਵੀ ਗੁਆਂਢੀ ਅਸਲ ਮਾਇਨੇ ਵਿੱਚ ਗੁਆਂਢੀਆਂ ਵਾਂਗ ਰਹਿੰਦੇ ਹਨ। ਲੋਕ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਲੋੜ ਪੈਣ 'ਤੇ ਇੱਕ-ਦੂਜੇ ਦੀ ਮਦਦ ਲਈ ਤਿਆਰ ਰਹਿੰਦੇ ਹਨ। ਉਹ ਕਹਿੰਦੇ ਹਨ, "ਪੰਜ ਮਿਲੀਅਨ ਦੀ ਆਬਾਦੀ ਵਾਲੇ ਦੇਸ਼ ਵਿੱਚ, ਜਿੱਥੇ ਗੁਮਨਾਮ ਰਹਿਣਾ ਔਖਾ ਹੈ, ਉੱਥੇ ਜ਼ਿੰਮੇਵਾਰੀ ਅਤੇ ਆਪਸੀ ਦੇਖਭਾਲ ਦੀ ਇਹ ਭਾਵਨਾ ਬਹੁਤ ਮਹੱਤਵ ਰੱਖਦੀ ਹੈ।"
ਨਿਊਜ਼ੀਲੈਂਡ ਦੀ ਘੱਟ ਆਬਾਦੀ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਲੋਕ ਕੁਦਰਤ ਦੇ ਬਹੁਤ ਨੇੜੇ ਰਹਿੰਦੇ ਹਨ। ਵੂਡਲੀ ਕਹਿੰਦੇ ਹਨ, "ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਹੋਵੋ, ਪਹਾੜ, ਸਮੁੰਦਰੀ ਤਟ ਅਤੇ ਜੰਗਲਾਂ ਵਿੱਚ ਸੈਰ ਕਰਨ ਵਾਲੇ ਰਸਤੇ ਆਸਾਨੀ ਨਾਲ ਪਹੁੰਚ ਵਿੱਚ ਹੁੰਦੇ ਹਨ। ਇੱਥੇ ਜ਼ਿੰਦਗੀ ਇਸ ਤਰ੍ਹਾਂ ਨਹੀਂ ਲੱਗਦੀ ਕਿ ਹਰ ਵੇਲੇ ਤੁਹਾਡੇ ਹੱਥਾਂ ਵਿੱਚੋਂ ਫਿਸਲ ਰਹੀ ਹੋਵੇ, ਜਿਵੇਂ ਕਿ ਕੁਝ ਵੱਡੇ ਅਤੇ ਬਹੁਤ ਮਸਰੂਫੀਅਤ ਨਾਲ ਭਰੇ ਮੁਲਕਾਂ ਵਿੱਚ ਮਹਿਸੂਸ ਹੁੰਦਾ ਹੈ।"
3. ਸਵਿੱਟਜ਼ਰਲੈਂਡ
2025 ਵਿੱਚ ਪੰਜਵੇਂ ਸਥਾਨ ਤੋਂ 2026 ਵਿੱਚ ਤੀਜੇ ਸਥਾਨ 'ਤੇ ਪਹੁੰਚਿਆ ਸਵਿੱਟਜ਼ਰਲੈਂਡ ਘੱਟ ਅਪਰਾਧ ਦਰ ਅਤੇ ਲੰਬੇ ਸਮੇਂ ਤੋਂ ਅਪਣਾਈ ਗਈ ਆਪਣੀ ਫੌਜੀ ਨਿਰਪੱਖਤਾ ਦੀ ਨੀਤੀ ਕਾਰਨ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚ ਆਪਣੀ ਥਾਂ ਬਣਾਈ ਰੱਖਣ ਵਿੱਚ ਸਫਲ ਰਿਹਾ ਹੈ।
ਜੇਨੇਵਾ ਵਾਸੀ ਕੋਰਨੇਲੀਆ ਚੋਏ, ਜੋ ਲੇਖਕ ਅਤੇ ਐਗਜ਼ੀਕਿਊਟਿਵ ਕੋਚ ਹਨ, ਕਹਿੰਦੇ ਹਨ, "ਇੱਥੇ ਲੋਕ ਇੱਕ-ਦੂਜੇ ਦਾ ਖਿਆਲ ਰੱਖਣ ਲਈ ਤਿਆਰ ਨਜ਼ਰ ਆਉਂਦੇ ਹਨ।
ਇਸ ਨਾਲ ਭਰੋਸੇ ਦੀ ਇੱਕ ਭਾਵਨਾ ਪੈਦਾ ਹੁੰਦੀ ਹੈ—ਇਹ ਵਿਸ਼ਵਾਸ ਕਿ ਲੋਕ ਆਮ ਤੌਰ 'ਤੇ ਸਹੀ ਕੰਮ ਕਰਨਗੇ ਅਤੇ ਰੋਜ਼ਾਨਾ ਦੀ ਜ਼ਿੰਦਗੀ ਜਿਵੇਂ ਚੱਲਣੀ ਚਾਹੀਦੀ ਹੈ, ਉਸੇ ਤਰ੍ਹਾਂ ਚੱਲਦੀ ਰਹੇਗੀ।"
ਇਹ ਭਰੋਸਾ ਅਕਸਰ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵਿੱਚ ਵੀ ਨਜ਼ਰ ਆ ਜਾਂਦਾ ਹੈ। ਚੋਏ ਨੂੰ ਯਾਦ ਹੈ ਕਿ ਸਵਿੱਟਜ਼ਰਲੈਂਡ ਵਿੱਚ ਉਨ੍ਹਾਂ ਦਾ ਪਰਸ ਦੋ ਵਾਰ ਗੁਆਚ ਗਿਆ ਸੀ।
ਪਹਿਲੀ ਵਾਰ, ਇੱਕ ਅਣਜਾਣ ਵਿਅਕਤੀ ਨੇ ਕੁਝ ਦਿਨਾਂ ਦੇ ਅੰਦਰ ਹੀ ਉਨ੍ਹਾਂ ਦਾ ਪਰਸ ਡਾਕ ਰਾਹੀਂ ਵਾਪਸ ਭੇਜ ਦਿੱਤਾ, ਜਿਸ ਵਿੱਚ ਪੈਸੇ ਵੀ ਸੁਰੱਖਿਅਤ ਸਨ। ਕਈ ਸਾਲਾਂ ਬਾਅਦ, ਜਦੋਂ ਉਨ੍ਹਾਂ ਦਾ ਕ੍ਰੈਡਿਟ ਕਾਰਡ ਇੱਕ ਰੇਲਵੇ ਸਟੇਸ਼ਨ 'ਤੇ ਡਿੱਗ ਗਿਆ ਤਾਂ ਉਸਨੂੰ ਲੱਭਣ ਵਾਲੇ ਵਿਅਕਤੀ ਨੇ ਧੋਖਾਧੜੀ ਤੋਂ ਬਚਾਉਣ ਲਈ ਸਿੱਧਾ ਉਨ੍ਹਾਂ ਦੇ ਬੈਂਕ ਨਾਲ ਸੰਪਰਕ ਕਰਕੇ ਕਾਰਡ ਬੰਦ ਕਰਵਾ ਦਿੱਤਾ।
ਚੋਏ ਕਹਿੰਦੇ ਹਨ, "ਇਹ ਛੋਟੀਆਂ ਘਟਨਾਵਾਂ ਹਨ, ਪਰ ਇਹ ਮਨ 'ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ ਅਤੇ ਅਜਿਹੀ ਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ ਜਿਸਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ।"
ਸਵਿੱਟਜ਼ਰਲੈਂਡ ਦੀ ਸ਼ਾਂਤੀ ਨੂੰ ਮਹਿਸੂਸ ਕਰਨ ਲਈ ਸੈਲਾਨੀਆਂ ਨੂੰ ਇੱਥੋਂ ਦੇ ਮਜ਼ਬੂਤ ਵਰਕ-ਲਾਈਫ ਬੈਲੈਂਸ ਨੂੰ ਸਮਝਣਾ ਚਾਹੀਦਾ ਹੈ। ਉਦਾਹਰਣ ਵਜੋਂ, ਬਹੁਤ ਸਾਰੇ ਕਾਰੋਬਾਰ ਦੁਪਹਿਰ ਵੇਲੇ ਦੋ ਘੰਟਿਆਂ ਲਈ ਬੰਦ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਆਰਾਮ ਅਤੇ ਪਰਿਵਾਰ ਲਈ ਸਮਾਂ ਮਿਲਦਾ ਹੈ।
ਇਸ ਦੇ ਨਾਲ ਹੀ, ਦੇਸ਼ ਦੀਆਂ ਚਾਰ ਰਾਸ਼ਟਰੀ ਭਾਸ਼ਾਵਾਂ ਅਤੇ ਵੱਖ-ਵੱਖ ਖੇਤਰੀ ਪਛਾਣਾਂ ਨੂੰ ਵੀ ਸਮਝਣਾ ਮਹੱਤਵਪੂਰਨ ਹੈ।
ਚੋਏ ਕਹਿੰਦੇ ਹਨ, "ਕਿਸੇ ਸਮਾਜ ਦੇ ਮਜ਼ਬੂਤ ਬਣਨ ਲਈ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਹਰ ਗੱਲ 'ਤੇ ਸਹਿਮਤ ਹੋਵੇ। ਮੈਂ ਇੱਥੇ ਸਮਝੌਤਿਆਂ ਅਤੇ ਵਿਹਾਰਕ ਹੱਲ ਲੱਭਣ ਦੀ ਇੱਕ ਪਰੰਪਰਾ ਦੇਖੀ ਹੈ, ਜੋ ਲੋਕਾਂ ਨੂੰ ਇਕੱਠੇ ਅੱਗੇ ਵਧਣ ਵਿੱਚ ਮਦਦ ਕਰਦੀ ਹੈ।"
ਉਹ ਕਹਿੰਦੇ ਹਨ,"ਸ਼ਾਇਦ ਅਸਲ ਸ਼ਾਂਤੀ ਦਾ ਮਤਲਬ ਵੀ ਇਹੀ ਹੈ, ਵੱਖਰੇਵੇਂ ਨਾ ਹੋਣਾ ਨਹੀਂ ਬਲਕਿ ਵੱਖਰੇਵਿਆਂ ਦੇ ਨਾਲ ਵੀ ਇਕਜੁੱਟਤਾ ਦੇ ਨਾਲ ਜ਼ਿੰਦਗੀ ਗੁਜ਼ਾਰਨ ਲਈ ਰਾਹ ਤਲਾਸ਼ ਕਰਨ ਲਈ ਸਾਂਝੀ ਵਚਨਬੱਧਤਾ ਹੋਣਾ।"
4. ਸਲੋਵੇਨੀਆ
ਪਹਿਲੀ ਵਾਰ ਦੁਨੀਆ ਦੇ ਪੰਜ ਸਭ ਤੋਂ ਸੁਰੱਖਿਅਤ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਸਲੋਵੇਨੀਆ ਦੀ ਇਸ ਸ਼ਾਨਦਾਰ ਪ੍ਰਾਪਤੀ ਦੇ ਪਿੱਛੇ ਘੱਟ ਫੌਜੀ ਖਰਚ ਅਤੇ ਉੱਚ ਪੱਧਰੀ ਸੁਰੱਖਿਆ ਮਹੱਤਵਪੂਰਨ ਕਾਰਨ ਹਨ।
ਲੁਬਲਿਆਨਾ ਵਾਸੀ ਅਤੇ ਪੂਰਬੀ ਯੂਰਪ ਵਿੱਚ ਇਨਟ੍ਰੀਪਿਡ ਟ੍ਰੈਵਲ ਦਾ ਕੰਮਕਾਜ ਸੰਭਾਲਣ ਵਾਲੇ ਜਰਨੇਜਾ ਜ਼ਵੇਰ ਕਹਿੰਦੇ ਹਨ, "ਸਲੋਵੇਨੀਆ ਦੇ ਲੋਕ ਭਾਈਚਾਰੇ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਕੁਦਰਤ ਵਿੱਚ ਕਾਫ਼ੀ ਸਮਾਂ ਬਿਤਾਉਂਦੇ ਹਨ। ਮੇਰੇ ਵਿਚਾਰ ਵਿੱਚ ਇਹੀ ਗੱਲ ਸਾਡੇ ਅੰਦਰ ਸ਼ਾਂਤੀ ਅਤੇ ਸਥਿਰਤਾ ਦੀ ਭਾਵਨਾ ਪੈਦਾ ਕਰਦੀ ਹੈ।"
ਜ਼ਵੇਰ ਦੱਸਦੇ ਹਨ ਕਿ ਉਹ ਹਰ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਆਪਣਾ ਸਮਾਂ ਬਾਹਰ ਗੁਜ਼ਾਰਦੇ ਹਨ ਜਿਵੇਂ ਕਦੇ ਹਾਈਕਿੰਗ, ਕਦੇ ਸਾਈਕਲਿੰਗ, ਕਦੇ ਸਕੀਇੰਗ ਅਤੇ ਕਦੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹਨ।
ਉਨ੍ਹਾਂ ਮੁਤਾਬਕ ਕੰਮ ਅਤੇ ਨਿੱਜੀ ਜ਼ਿੰਦਗੀ ਦੇ ਸੰਤੁਲਨ ਨੂੰ ਦਿੱਤੀ ਜਾਣ ਵਾਲੀ ਅਹਿਮੀਅਤ ਲੋਕਾਂ ਨੂੰ ਆਪਣੇ ਰਿਸ਼ਤਿਆਂ ਲਈ ਵਧੇਰੇ ਸਮਾਂ ਦਿੰਦੀ ਹੈ, ਜਿਸ ਨਾਲ ਆਪਣੇਪਨ ਅਤੇ ਜੁੜਾਅ ਦੀ ਭਾਵਨਾ ਮਜ਼ਬੂਤ ਹੁੰਦੀ ਹੈ।
ਉਹ ਕਹਿੰਦੇ ਹਨ, "ਜਦੋਂ ਦੁਨੀਆ ਦੇ ਕਈ ਹਿੱਸੇ ਸੰਘਰਸ਼ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ, ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਸਲੋਵੇਨੀਆ ਮੇਰਾ ਘਰ ਹੈ। ਹੁਣ ਮੈਂ ਉਨ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦੀ ਵੀ ਕਦਰ ਕਰਦੀ ਹਾਂ, ਜਿਨ੍ਹਾਂ ਨੂੰ ਸ਼ਾਇਦ ਪਹਿਲਾਂ ਆਮ ਸਮਝਦੀ ਸੀ, ਕਿਉਂਕਿ ਮੈਂ ਜਾਣਦੀ ਹਾਂ ਕਿ ਮੈਂ ਬਿਨ੍ਹਾਂ ਕਿਸੇ ਡਰ ਅਤੇ ਪੂਰੀ ਸੁਰੱਖਿਆ ਨਾਲ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਜੀਅ ਸਕਦੀ ਹਾਂ।"
ਦੇਸ਼ ਦੀ ਅਸਲ ਖੂਬਸੂਰਤੀ ਨੂੰ ਮਹਿਸੂਸ ਕਰਨ ਲਈ ਜ਼ਵੇਰ ਸਲਾਹ ਦਿੰਦੇ ਹਨ ਕਿ ਸੈਲਾਨੀ ਸਿਰਫ਼ ਇੱਕ ਵੀਕੈਂਡ ਲਈ ਲੁਬਲਿਆਨਾ ਦਾ ਦੌਰਾ ਕਰਕੇ ਵਾਪਸ ਨਾ ਜਾਣ ਸਗੋਂ ਇੱਥੇ ਹੋਰ ਸਮਾਂ ਗੁਜ਼ਾਰਨ।
ਉਹ ਕਹਿੰਦੇ ਹਨ, "ਇੱਥੇ ਇੱਕ ਹਫ਼ਤਾ ਬਿਤਾਓ।"
ਇਸ ਦੌਰਾਨ ਤੁਸੀਂ ਸੋਕਾ ਨਦੀ ਵਿੱਚ ਵਾਈਟਵਾਟਰ ਰਾਫਟਿੰਗ ਦਾ ਰੋਮਾਂਚ ਮਾਣ ਸਕਦੇ ਹੋ, ਵਿੰਟਗਾਰ ਗੋਰਜ ਦੇ ਸੁੰਦਰ ਝਰਨਿਆਂ ਨੂੰ ਦੇਖ ਸਕਦੇ ਹੋ ਜਾਂ ਦੇਸ਼ ਦੇ ਪਹਾੜੀ ਚਰਾਗਾਹਾਂ ਵਿੱਚ ਸਾਈਕਲਿੰਗ ਕਰ ਸਕਦੇ ਹੋ।
ਜ਼ਵੇਰ ਕਹਿੰਦੇ ਹਨ, "ਤੁਸੀਂ ਸਲੋਵੇਨੀਆ ਵਿੱਚ ਜੋ ਮਰਜ਼ੀ ਕਰੋ, ਇੱਥੋਂ ਦੇ ਲੋਕਾਂ ਦੀ ਨਿੱਘੀ ਮਹਿਮਾਨਨਵਾਜ਼ੀ, ਸ਼ਾਨਦਾਰ ਕੁਦਰਤੀ ਨਜ਼ਾਰੇ ਅਤੇ ਮਨਮੋਹਕ ਵਾਤਾਵਰਨ ਤੁਹਾਨੂੰ ਮੋਹ ਲੈਣਗੇ ਅਤੇ ਇੱਥੇ ਦਾ ਸੁਆਦੀ ਭੋਜਨ ਵੀ ਤੁਹਾਡੇ ਤਜਰਬੇ ਨੂੰ ਹੋਰ ਯਾਦਗਾਰ ਬਣਾ ਦੇਵੇਗਾ।"
5. ਆਇਰਲੈਂਡ
ਪੰਜਵੇਂ ਸਥਾਨ 'ਤੇ ਰਹਿਣ ਵਾਲਾ ਆਇਰਲੈਂਡ ਘੱਟ ਹਿੰਸਾ ਅਤੇ ਅੰਤਰਰਾਸ਼ਟਰੀ ਸੰਘਰਸ਼ਾਂ ਵਿੱਚ ਸੀਮਿਤ ਸ਼ਮੂਲੀਅਤ ਕਾਰਨ ਉੱਚ ਅੰਕ ਪ੍ਰਾਪਤ ਕਰਦਾ ਹੈ। ਆਪਣੇ ਉਥਲ-ਪੁਥਲ ਭਰੇ ਇਤਿਹਾਸ ਤੋਂ ਗੁਜ਼ਰੇ ਇਸ ਦੇਸ਼ ਲਈ ਸੁਰੱਖਿਆ ਦੀ ਇਹ ਭਾਵਨਾ ਕੋਈ ਆਮ ਗੱਲ ਨਹੀਂ ਹੈ।
ਪੱਛਮੀ ਕਾਰਕ ਵਿੱਚ ਸਥਿਤ ਹੋਟਲ ਨੇਟਿਵ ਦੀ ਸੰਸਥਾਪਕ ਡੀਦੀ ਰੋਨਨ ਕਹਿੰਦੇ ਹਨ, "ਇੱਕ ਰਾਸ਼ਟਰ ਵਜੋਂ ਆਇਰਲੈਂਡ ਦੇ ਇਤਿਹਾਸਕ ਤਜਰਬਿਆਂ ਨੇ ਇੱਥੋਂ ਦੇ ਲੋਕਾਂ ਨੂੰ ਪੱਖਪਾਤ ਦੇ ਖ਼ਤਰਿਆਂ ਅਤੇ ਦੂਜਿਆਂ ਪ੍ਰਤੀ ਉਦਾਰ ਤੇ ਸਵਾਗਤੀ ਰਵੱਈਆ ਅਪਣਾਉਣ ਦੀ ਮਹੱਤਤਾ ਬਾਰੇ ਡੂੰਘੀ ਸਮਝ ਦਿੱਤੀ ਹੈ।"
ਰੋਨਨ ਦੇ ਅਨੁਸਾਰ, ਮਹਿਮਾਨਨਵਾਜ਼ੀ ਦੀ ਇਹ ਸੰਸਕ੍ਰਿਤੀ ਪ੍ਰਾਚੀਨ ਬ੍ਰੇਹੋਨ ਲਾਅਜ਼ ਤੋਂ ਆਉਂਦੀ ਹੈ, ਜਿਨ੍ਹਾਂ ਨੇ ਪਹਿਲਾਂ ਹਜ਼ਾਰ ਸਾਲਾਂ ਤੋਂ ਵੱਧ ਸਮੇਂ ਤੱਕ ਆਇਰਲੈਂਡ ਨੂੰ ਸ਼ਾਸਿਤ ਕੀਤਾ ਸੀ ਅਤੇ ਇੱਥੇ ਇਹ ਕਾਨੂੰਨ ਲਾਗੂ ਰਹੇ ਸਨ। ਇਨ੍ਹਾਂ ਕਾਨੂੰਨਾਂ ਅਨੁਸਾਰ ਅਜਨਬੀਆਂ ਅਤੇ ਯਾਤਰੀਆਂ ਨੂੰ ਭੋਜਨ ਅਤੇ ਰਹਿਣ ਦੀ ਥਾਂ ਮੁਹੱਈਆ ਕਰਵਾਉਣਾ ਲਾਜ਼ਮੀ ਸੀ।
ਉਹ ਕਹਿੰਦੇ ਹਨ, "ਇਹ ਸਾਡੀ ਪਛਾਣ ਅਤੇ ਸਾਡੇ ਸੁਭਾਅ ਦਾ ਹਿੱਸਾ ਹੈ। ਇਹ ਸਾਡੇ ਡੀਐਨਏ ਵਿੱਚ ਵੱਸਿਆ ਹੋਇਆ ਹੈ।"
ਆਇਰਲੈਂਡ ਦੀ ਨਿਰਪੱਖਤਾ ਦੀ ਪਰੰਪਰਾ ਇਸ ਸ਼ਾਂਤੀ ਨੂੰ ਇੱਕ ਅੰਤਰਰਾਸ਼ਟਰੀ ਪੱਖ ਵੀ ਦਿੰਦੀ ਹੈ, ਕਿਉਂਕਿ ਦੇਸ਼-ਵਿਦੇਸ਼ੀ ਜੰਗਾਂ ਜਾਂ ਫੌਜੀ ਗਠਜੋੜਾਂ ਵਿੱਚ ਸ਼ਾਮਲ ਨਹੀਂ ਹੁੰਦਾ।
ਰੋਨਨ ਕਹਿੰਦੇ ਹਨ, "ਜਦੋਂ ਦੁਨੀਆ ਅਸਥਿਰਤਾ ਅਤੇ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਹੀ ਹੋਵੇ ਤਾਂ ਐਟਲਾਂਟਿਕ ਮਹਾਂਸਾਗਰ ਦੇ ਵਿਚਕਾਰ ਸਥਿਤ ਇਸ ਟਾਪੂ 'ਤੇ ਰਹਿਣਾ, ਜਿੱਥੇ ਸ਼ਾਨਦਾਰ ਸੰਗੀਤ, ਖੂਬਸੂਰਤ ਸੈਰ-ਰਸਤੇ ਅਤੇ ਕਿਤਾਬਾਂ ਦੀ ਦੁਨੀਆ ਹੈ, ਮਨ ਨੂੰ ਇੱਕ ਵਿਲੱਖਣ ਸਕੂਨ ਦਿੰਦਾ ਹੈ।"
ਉਹ ਅੱਗੇ ਕਹਿੰਦੇ ਹਨ, "ਅਸੀਂ ਇਸ ਖੁਸ਼ਕਿਸਮਤੀ ਦੀ ਕਦਰ ਕਰਦੇ ਹਾਂ। ਖ਼ਾਸ ਕਰਕੇ ਉਸ ਵੇਲੇ ਜਦੋਂ ਦੁਨੀਆ ਦੇ ਕਈ ਲੋਕ ਅੱਜ ਵੀ ਦੁੱਖ ਅਤੇ ਬੇਇਨਸਾਫ਼ੀ ਦਾ ਸਾਹਮਣਾ ਕਰ ਰਹੇ ਹਨ, ਜੋ ਸਾਡੇ ਆਪਣੇ ਰਾਸ਼ਟਰੀ ਇਤਿਹਾਸ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ।"
ਸੈਲਾਨੀਆਂ ਲਈ ਆਇਰਲੈਂਡ ਦੀ ਸ਼ਾਂਤ ਅਤੇ ਸੁੰਦਰ ਰੂਹ ਨੂੰ ਮਹਿਸੂਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੁਦਰਤ ਨਾਲ ਜੁੜਨਾ ਹੈ, ਚਾਹੇ ਉਹ ਜੰਗਲਾਂ ਵਿੱਚ ਸੈਰ ਹੋਵੇ ਜਾਂ ਸਮੁੰਦਰੀ ਤਟਾਂ ਦੀ ਖੋਜ।
ਰੋਨਨ ਸਲਾਹ ਦਿੰਦੇ ਹਨ ਕਿ ਸੈਲਾਨੀ ਕਿਸ਼ਤੀ ਰਾਹੀਂ ਕੇਪ ਕਲੀਅਰ ਆਈਲੈਂਡ ਦਾ ਦੌਰਾ ਕਰਨ, ਥ੍ਰੀ ਕਾਸਲ ਹੈੱਡ ਦੇ ਮੱਧਕਾਲੀਨ ਖੰਡਰਾਂ ਨੂੰ ਵੇਖਣ ਜਾਂ ਡ੍ਰੋਮਬੇਗ ਸਟੋਨ ਸਰਕਲ ਵਰਗੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ