ਪੰਜਾਬ ਯੂਨੀਵਰਸਿਟੀ ਦਾ ਫੁੱਟਬਾਲਰ, ਜੋ ਫੀਫਾ ਵਰਲਡ ਕੱਪ ਤੱਕ ਪਹੁੰਚਿਆ, ਏਮੇਕਾ ਨੂੰ ਪੰਜਾਬ ਕਿਉਂ ਪਸੰਦ ਹੈ

    • ਲੇਖਕ, ਸੌਰਭ ਦੁੱਗਲ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਇਸ ਵੇਲੇ ਫੁੱਟਬਾਲ ਦੀ ਦੁਨੀਆ ਦਾ ਧਿਆਨ ਫੀਫਾ ਵਰਲਡ ਕੱਪ (FIFA) 'ਤੇ ਕੇਂਦਰਿਤ ਹੈ ਅਤੇ ਵੱਖ-ਵੱਖ ਮਹਾਂਦੀਪਾਂ ਦੇ ਅਰਬਾਂ ਪ੍ਰਸ਼ੰਸਕ ਖੇਡ ਦੇ ਸਭ ਤੋਂ ਵੱਡੇ ਮੰਚ 'ਤੇ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਮੁਕਾਬਲਾ ਕਰਦੇ ਦੇਖ ਰਹੇ ਹਨ।

ਹਾਲਾਂਕਿ, ਭਾਰਤ ਲਈ ਫੁੱਟਬਾਲ ਵਰਲਡ ਕੱਪ ਅਜੇ ਵੀ ਇੱਕ ਅਧੂਰਾ ਸੁਪਨਾ ਹੈ। 1.48 ਅਰਬ ਤੋਂ ਵੀ ਵੱਧ ਦੀ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ, ਭਾਰਤ ਨੇ ਕਦੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ। ਫਿਰ ਵੀ, ਭਾਰਤੀ ਫੁੱਟਬਾਲ ਦੇ ਇਤਿਹਾਸ ਵਿੱਚ ਫੀਫਾ ਵਰਲਡ ਕੱਪ ਨਾਲ ਜੁੜਿਆ ਇੱਕ ਦਿਲਚਸਪ ਸਬੰਧ ਲੁਕਿਆ ਹੋਇਆ ਹੈ, ਜਿਸ ਦੀ ਸ਼ੁਰੂਆਤ ਲਾਗੋਸ, ਲੰਦਨ ਜਾਂ ਮੈਡਰਿਡ ਵਿੱਚ ਨਹੀਂ, ਸਗੋਂ ਚੰਡੀਗੜ੍ਹ ਵਿੱਚ ਹੋਈ ਸੀ।

ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ, ਨਾਈਜੀਰੀਆ ਦਾ ਇੱਕ ਅੱਲੜ ਮੁੰਡਾ ਇਸ ਸ਼ਹਿਰ ਵਿੱਚ ਆਇਆ ਸੀ। ਉਸ ਕੋਲ ਆਪਣੇ ਸਮਾਨ, ਪੜ੍ਹਾਈ ਦੀਆਂ ਉਮੀਦਾਂ ਅਤੇ ਫੁੱਟਬਾਲ ਲਈ ਜ਼ਬਰਦਸਤ ਜਜ਼ਬੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਸ ਨੇ ਡੀਏਵੀ ਕਾਲਜ (ਸੈਕਟਰ 10, ਚੰਡੀਗੜ੍ਹ) ਵਿੱਚ ਦਾਖ਼ਲਾ ਲਿਆ, ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿੱਚ ਟ੍ਰੇਨਿੰਗ ਕੀਤੀ, ਕੌਮੀ ਮੁਕਾਬਲਿਆਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਅਤੇ ਆਖ਼ਰਕਾਰ ਫੁੱਟਬਾਲ ਦੇ ਸਭ ਤੋਂ ਵੱਡੇ ਮੰਚ ਯਾਨੀ ਫੀਫਾ ਵਰਲਡ ਕੱਪ ਤੱਕ ਪਹੁੰਚ ਗਿਆ। ਉਸ ਖਿਡਾਰੀ ਦਾ ਨਾਮ ਸੀ - ਏਮੇਕਾ ਏਜ਼ੂਗੋ।

ਅੱਜ, ਪੰਜਾਬ ਯੂਨੀਵਰਸਿਟੀ ਦਾ ਇਹ ਸਾਬਕਾ ਫੁੱਟਬਾਲਰ ਸ਼ਾਇਦ ਇਕੱਲਾ ਅਜਿਹਾ ਖਿਡਾਰੀ ਹੈ ਜਿਸ ਨੇ ਆਪਣੇ ਦੇਸ਼ ਲਈ ਓਲੰਪਿਕਸ ਅਤੇ ਫੀਫਾ ਵਰਲਡ ਕੱਪ ਦੋਵਾਂ ਵਿੱਚ ਖੇਡਣ ਤੋਂ ਪਹਿਲਾਂ, ਆਪਣੇ ਫੁੱਟਬਾਲ ਦੇ ਸ਼ੁਰੂਆਤੀ ਸਾਲ ਭਾਰਤ ਵਿੱਚ ਬਿਤਾਏ ਸਨ।

ਦਿਲਚਸਪ ਗੱਲ ਇਹ ਹੈ ਕਿ ਏਮੇਕਾ ਦੇ ਚੰਡੀਗੜ੍ਹ ਆਉਣ ਦਾ ਕਾਰਨ ਕਦੇ ਵੀ ਫੁੱਟਬਾਲ ਨਹੀਂ ਸੀ।

ਮੱਧ ਵਰਗ ਦੇ ਕਈ ਪਰਿਵਾਰਾਂ ਦੇ ਮਾਪਿਆਂ ਵਾਂਗ, ਏਮੇਕਾ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਖੇਡਾਂ ਦੀ ਬਜਾਏ ਪੜ੍ਹਾਈ 'ਤੇ ਧਿਆਨ ਦੇਵੇ।

ਨਾਈਜੀਰੀਆ ਦੇ ਆਬਾ ਸ਼ਹਿਰ ਵਿੱਚ ਉਹ ਜੂਨੀਅਰ ਫੁੱਟਬਾਲ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਅਤੇ ਇੱਕ ਪੇਸ਼ੇਵਰ ਕਰੀਅਰ ਦਾ ਸੁਪਨਾ ਦੇਖ ਰਿਹਾ ਸੀ। ਪਰ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਉਸ ਦੇ ਪਿਤਾ ਨੇ ਉਸ ਨੂੰ ਚੰਡੀਗੜ੍ਹ ਜਾਣ ਲਈ ਕਿਹਾ, ਜਿੱਥੇ ਉਸ ਦਾ ਕਜ਼ਨ ਲਾਰੈਂਸ ਡੀਏਵੀ ਕਾਲਜ ਵਿੱਚ ਪੜ੍ਹਦਾ ਸੀ।

ਬੀਬੀਸੀ ਨਾਲ ਅਮਰੀਕਾ ਤੋਂ ਗੱਲ ਕਰਦੇ ਹੋਏ, ਏਮੇਕਾ ਨੇ ਯਾਦ ਕਰਦਿਆਂ ਕਿਹਾ, "ਜਦੋਂ ਮੇਰੇ ਪਿਤਾ ਨੇ ਮੈਨੂੰ ਪੜ੍ਹਾਈ ਲਈ ਚੰਡੀਗੜ੍ਹ ਜਾਣ ਲਈ ਕਿਹਾ, ਤਾਂ ਮੈਨੂੰ ਲੱਗਿਆ ਸੀ ਕਿ ਮੇਰਾ ਫੁੱਟਬਾਲ ਕਰੀਅਰ ਖਤਮ ਹੋ ਗਿਆ ਹੈ।"

"ਪਰ ਇਸ ਦੇ ਉਲਟ, ਚੰਡੀਗੜ੍ਹ ਮੇਰੀ ਫੁੱਟਬਾਲ ਜ਼ਿੰਦਗੀ ਦੀ ਹਰ ਵੱਡੀ ਕਾਮਯਾਬੀ ਦਾ ਸ਼ੁਰੂਆਤੀ ਮੰਚ ਬਣ ਗਿਆ।"

ਇੱਕ ਸੁਪਨੇ ਦਾ ਸੱਚ ਹੋਣਾ

ਏਮੇਕਾ 1982 ਵਿੱਚ ਡੀਏਵੀ ਕਾਲਜ ਵਿੱਚ ਦਾਖ਼ਲ ਹੋਏ ਅਤੇ ਜਲਦ ਹੀ ਫੁੱਟਬਾਲ ਦੇ ਮੈਦਾਨ 'ਤੇ ਸਭ ਤੋਂ ਚਰਚਿਤ ਚਿਹਰਿਆਂ ਵਿੱਚੋਂ ਇੱਕ ਬਣ ਗਏ। ਉਹ ਆਪਣਾ ਸਮਾਂ ਕਾਲਜ ਦੇ ਮੈਦਾਨ, ਪੰਜਾਬ ਯੂਨੀਵਰਸਿਟੀ ਅਤੇ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿਚਕਾਰ ਵੰਡਦੇ ਅਤੇ ਆਪਣੀ ਖੇਡ ਨੂੰ ਨਿਖਾਰਨ ਲਈ ਘੰਟਿਆਂ ਬੱਧੀ ਮਿਹਨਤ ਕਰਦੇ ਸਨ।

ਡੀਏਵੀ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਾਬਕਾ ਮੁਖੀ ਰਵਿੰਦਰ ਚੌਧਰੀ ਨੂੰ ਏਮੇਕਾ ਦਾ ਅਸਾਧਾਰਣ ਸਮਰਪਣ ਅੱਜ ਵੀ ਯਾਦ ਹੈ।

ਚੌਧਰੀ ਨੇ ਯਾਦ ਕਰਦਿਆਂ ਕਿਹਾ, "ਉਨ੍ਹਾਂ ਨੂੰ ਟ੍ਰੇਨਿੰਗ ਅਤੇ ਫਿਟਨੈੱਸ ਦਾ ਬਹੁਤ ਸ਼ੌਕ ਸੀ। ਉਹ ਆਪਣੇ ਬੈਗ ਵਿੱਚ ਫੁੱਟਬਾਲ ਰੱਖਦੇ ਸਨ ਅਤੇ ਜਦੋਂ ਵੀ ਸਮਾਂ ਮਿਲਦਾ, ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਸਨ।"

ਡੀਏਵੀ ਕਾਲਜ ਅੰਦਰ ਲੱਕੜ ਦਾ ਇੱਕ ਆਨਰਜ਼ ਬੋਰਡ ਲੱਗਿਆ ਹੋਇਆ ਸੀ, ਜਿਸ 'ਤੇ ਸੰਸਥਾ ਦੇ ਸਭ ਤੋਂ ਮਸ਼ਹੂਰ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ - ਭਾਰਤ ਦੇ ਵਰਲਡ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ - ਦਾ ਨਾਮ ਲਿਖਿਆ ਸੀ।

ਏਮੇਕਾ ਨੇ ਕਿਹਾ, "ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਇੱਕ ਦਿਨ ਮੈਂ ਓਲੰਪਿਕਸ ਅਤੇ ਵਰਲਡ ਕੱਪ ਵਿੱਚ ਖੇਡਾਂਗਾ ਤਾਂ ਜੋ ਮੇਰਾ ਨਾਮ ਵੀ ਉੱਥੇ ਕਪਿਲ ਦੇਵ ਦੇ ਨਾਲ ਲਿਖਿਆ ਜਾਵੇ।"

ਜੋ ਗੱਲ ਉਸ ਸਮੇਂ ਇੱਕ ਨੌਜਵਾਨ ਦੀ ਕਿਸੇ ਹੱਦੋਂ ਵੱਡੀ ਇੱਛਾ ਵਰਗੀ ਲੱਗਦੀ ਸੀ, ਉਹ ਆਖ਼ਰਕਾਰ ਹਕੀਕਤ ਬਣ ਗਈ।

ਇੰਦਰਾ ਗਾਂਧੀ ਨਾਲ ਮੁਲਾਕਾਤ

1983 ਵਿੱਚ ਕਾਲਜ ਦੇ ਸਿਲਵਰ ਜੁਬਲੀ ਸਮਾਰੋਹ ਦੌਰਾਨ, ਏਮੇਕਾ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਨਾਲ ਮਿਲਣ ਦਾ ਮੌਕਾ ਮਿਲਿਆ।

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਉਨ੍ਹਾਂ ਨੇ ਮੈਨੂੰ ਆਪਣੇ ਬਾਰੇ ਦੱਸਣ ਲਈ ਕਿਹਾ ਅਤੇ ਮੈਂ ਮਜ਼ਾਕ ਵਿੱਚ ਉਨ੍ਹਾਂ ਨੂੰ ਕਿਹਾ ਕਿ ਮੈਂ ਪੂਰੀ ਤਰ੍ਹਾਂ ਭਾਰਤੀ ਹਾਂ। ਉਹ ਹੱਸ ਪਏ ਅਤੇ ਮੈਨੂੰ ਕਿਹਾ ਕਿ ਜਦੋਂ ਵੀ ਮੈਂ ਦਿੱਲੀ ਆਵਾਂ, ਉਨ੍ਹਾਂ ਨੂੰ ਮਿਲ ਸਕਦਾ ਹਾਂ।"

ਪੰਜਾਬ ਯੂਨੀਵਰਸਿਟੀ ਦੇ ਸਟਾਰ ਪਰਫ਼ਾਰਮਰ

ਜੇ ਡੀਏਵੀ ਕਾਲਜ ਨੇ ਉਨ੍ਹਾਂ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ, ਤਾਂ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਉਹ ਮੰਚ ਦਿੱਤਾ ਜਿਸ ਨੇ ਇੱਕ ਫੁੱਟਬਾਲਰ ਵਜੋਂ ਉਨ੍ਹਾਂ ਦੀ ਪਛਾਣ ਬਣਾਈ।

ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਹੋਏ, ਏਮੇਕਾ ਨੇ ਜਲਦ ਹੀ ਦੇਸ਼ ਦੇ ਸਭ ਤੋਂ ਖ਼ਤਰਨਾਕ ਖਿਡਾਰੀਆਂ ਵਿੱਚੋਂ ਇੱਕ ਵਜੋਂ ਆਪਣੀ ਪਛਾਣ ਬਣਾ ਲਈ।

ਪੰਜਾਬ ਯੂਨੀਵਰਸਿਟੀ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਸਾਬਕਾ ਮੁਖੀ ਅਤੇ ਫੁੱਟਬਾਲ ਟੀਮ ਦੇ ਮੈਨੇਜਰ ਰਹੇ ਸਵਰਗਵਾਸੀ ਪ੍ਰੋਫੈਸਰ ਐਨਐਸ ਮਾਨ ਨੇ ਇੱਕ ਵਾਰ 1985 ਦੇ ਨਾਰਥ ਜ਼ੋਨ ਫਾਈਨਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਖ਼ਿਲਾਫ਼ ਏਮੇਕਾ ਦੇ ਯਾਦਗਾਰ ਪ੍ਰਦਰਸ਼ਨ ਨੂੰ ਯਾਦ ਕੀਤਾ ਸੀ।

ਮਾਨ ਨੇ ਕਿਹਾ ਸੀ, "ਉਨ੍ਹਾਂ ਦੇ ਜ਼ਬਰਦਸਤ ਲੰਬੀ ਦੂਰੀ ਵਾਲੇ ਸ਼ਾਟ ਨੇ ਗੋਲਕੀਪਰ ਨੂੰ ਕੋਈ ਮੌਕਾ ਨਹੀਂ ਦਿੱਤਾ। ਉਹ ਕੁਝ ਸਮਝਦਾ, ਇਸ ਤੋਂ ਪਹਿਲਾਂ ਹੀ ਗੇਂਦ ਜਾਲ ਵਿੱਚ ਪਹੁੰਚ ਚੁੱਕੀ ਸੀ।"

ਉਹ ਸਾਲ ਇੱਕ ਟਰਨਿੰਗ ਪੁਆਇੰਟ ਸਾਬਿਤ ਹੋਇਆ। ਨਾਰਥ ਜ਼ੋਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ, ਪੰਜਾਬ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ। ਪੂਰੇ ਟੂਰਨਾਮੈਂਟ ਦੌਰਾਨ ਟੀਮ ਨੇ 52 ਗੋਲ ਕੀਤੇ ਅਤੇ ਸਿਰਫ਼ ਇੱਕ ਗੋਲ ਆਪਣੇ ਖਿਲਾਫ ਹੋਣ ਦਿੱਤਾ। ਏਮੇਕਾ ਨੂੰ ਮੁਕਾਬਲੇ ਦਾ ਬੈਸਟ ਪਲੇਅਰ ਚੁਣਿਆ ਗਿਆ।

ਹਾਲਾਂਕਿ, ਉਨ੍ਹਾਂ ਦਾ ਇਸ ਵਿੱਚ ਹਿੱਸਾ ਲੈਣਾ ਲਗਭਗ ਅਸੰਭਵ ਹੀ ਸੀ।

ਏਮੇਕਾ ਨੇ ਯਾਦ ਕਰਦਿਆਂ ਕਿਹਾ, "ਮੇਰੀ ਇੱਕ ਸਬਜੈਕਟ ਵਿੱਚ ਕੰਪਾਰਟਮੈਂਟ ਸੀ। ਯੂਨੀਵਰਸਿਟੀ ਨੇ ਮੇਰੀ ਸਪਲੀਮੈਂਟਰੀ ਪ੍ਰੀਖਿਆ ਦਾ ਪ੍ਰਬੰਧ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਖਤਮ ਹੋਣ ਤੋਂ ਪਹਿਲਾਂ ਹੀ ਨਤੀਜਾ ਆ ਜਾਵੇ। ਉਨ੍ਹਾਂ ਨੇ 15 ਖਿਡਾਰੀਆਂ ਦੇ ਨਾਮ ਜਮ੍ਹਾਂ ਕਰਵਾਏ ਅਤੇ ਮੇਰੇ ਲਈ ਇੱਕ ਜਗ੍ਹਾ ਖਾਲੀ ਰੱਖੀ। ਜੇ ਨਤੀਜੇ ਵਿੱਚ ਦੇਰੀ ਹੋ ਜਾਂਦੀ ਤਾਂ ਮੈਂ ਟੂਰਨਾਮੈਂਟ ਵਿੱਚ ਨਹੀਂ ਖੇਡ ਸਕਦਾ ਸੀ।"

ਉਨ੍ਹਾਂ ਨੂੰ ਇਸ ਟੂਰਨਾਮੈਂਟ ਲਈ 'ਪਲੇਅਰ ਆਫ਼ ਦ ਟੂਰਨਾਮੈਂਟ' ਚੁਣਿਆ ਗਿਆ ਸੀ।

ਭਾਰਤੀ ਫੁੱਟਬਾਲਰ ਜਰਨੈਲ ਸਿੰਘ ਨਾਲ ਮੁਲਾਕਾਤ

ਚੰਡੀਗੜ੍ਹ ਵਿੱਚ ਰਹਿਣ ਦੌਰਾਨ ਏਮੇਕਾ ਦਾ ਭਾਰਤ ਦੇ ਸਭ ਤੋਂ ਵੱਡੇ ਫੁੱਟਬਾਲਰਾਂ ਵਿੱਚੋਂ ਇੱਕ ਜਰਨੈਲ ਸਿੰਘ ਨਾਲ ਸੰਪਰਕ ਹੋਇਆ ਅਤੇ ਉਹ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ।

ਏਮੇਕਾ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਮਹਾਨ ਜਰਨੈਲ ਸਿੰਘ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੇਰੀ ਖੇਡ ਨੂੰ ਨਿਖਾਰਨ ਵਿੱਚ ਉਨ੍ਹਾਂ ਦੀ ਬਹੁਤ ਅਹਿਮ ਭੂਮਿਕਾ ਰਹੀ।"

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਚੰਡੀਗੜ੍ਹ ਵਿੱਚ ਰਹਿਣ ਦੌਰਾਨ ਮੈਂ ਹਰ ਸ਼ਾਮ ਸੈਕਟਰ 17 ਦੇ ਫੁੱਟਬਾਲ ਮੈਦਾਨ ਵਿੱਚ ਟ੍ਰੇਨਿੰਗ ਕਰਦਾ ਸੀ। ਜਰਨੈਲ ਸਿੰਘ ਅਕਸਰ ਦੂਰੋਂ ਮੇਰੀ ਟ੍ਰੇਨਿੰਗ ਦੇਖਦੇ ਸਨ, ਹਾਲਾਂਕਿ ਸ਼ੁਰੂ ਵਿੱਚ ਸਾਡੀ ਕਦੇ ਗੱਲ ਨਹੀਂ ਹੋਈ ਸੀ।"

"ਹਰ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਮੇਰੀ ਆਦਤ ਸੀ ਕਿ ਮੈਂ ਨੇੜਲੇ ਕਿਸੇ ਵੇਂਡਰ ਕੋਲ ਰੁਕ ਕੇ ਕੋਕਾ-ਕੋਲਾ ਜਾਂ ਕੋਈ ਹੋਰ ਸਾਫਟ ਡ੍ਰਿੰਕ ਪੀਂਦਾ ਸੀ। ਇੱਕ ਦਿਨ, ਲਗਭਗ ਇੱਕ ਹਫ਼ਤਾ ਮੈਨੂੰ ਦੇਖਣ ਤੋਂ ਬਾਅਦ, ਜਰਨੈਲ ਸਿੰਘ ਮੇਰੇ ਕੋਲ ਆਏ। ਉਨ੍ਹਾਂ ਨੇ ਮੇਰੀ ਖੇਡ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਜੇ ਮੈਂ ਫੁੱਟਬਾਲ ਵਿੱਚ ਵੱਡੀ ਕਾਮਯਾਬੀ ਹਾਸਿਲ ਕਰਨਾ ਚਾਹੁੰਦਾ ਹਾਂ, ਤਾਂ ਮੈਨੂੰ ਠੰਢੇ ਪਦਾਰਥ ਪੀਣੇ ਛੱਡ ਦੇਣੇ ਚਾਹੀਦੇ ਹਨ।"

ਏਮੇਕਾ ਨੇ ਤੁਰੰਤ ਉਨ੍ਹਾਂ ਦੀ ਸਲਾਹ ਮੰਨ ਲਈ ਅਤੇ ਦੋਵਾਂ ਵਿਚਕਾਰ ਡੂੰਘੀ ਦੋਸਤੀ ਬਣ ਗਈ।

ਏਮੇਕਾ ਨੇ ਕਿਹਾ, "ਉਸ ਦਿਨ ਤੋਂ ਬਾਅਦ ਅਸੀਂ ਬਹੁਤ ਕਰੀਬ ਆ ਗਏ। ਮੈਂ ਕਈ ਵਾਰ ਉਨ੍ਹਾਂ ਦੇ ਘਰ ਗਿਆ ਅਤੇ ਉਹ ਮੈਨੂੰ ਕੁਝ ਮੌਕਿਆਂ 'ਤੇ ਆਪਣੇ ਜੱਦੀ ਪਿੰਡ ਮਹਿਲਪੁਰ ਵੀ ਲੈਕੇ ਗਏ।"

ਉਨ੍ਹਾਂ ਅੱਗੇ ਦੱਸਿਆ, "ਉਹ ਭਾਰਤੀ ਫੁੱਟਬਾਲ ਦੇ ਸੁਨਹਿਰੇ ਦੌਰ ਵਿੱਚ ਕੋਲਕਾਤਾ ਵਿੱਚ ਖੇਡੇ ਸਨ ਅਤੇ ਉਨ੍ਹਾਂ ਨੇ ਮੈਨੂੰ ਸ਼ਹਿਰ ਦੇ ਫੁੱਟਬਾਲ ਕਲਚਰ ਅਤੇ ਕਲੱਬਾਂ ਬਾਰੇ ਬਹੁਤ ਕੁਝ ਸਿਖਾਇਆ। ਜਦੋਂ ਮੈਂ ਬਾਅਦ ਵਿੱਚ ਕੋਲਕਾਤਾ ਫੁੱਟਬਾਲ ਸਰਕਿਟ ਨਾਲ ਜੁੜਿਆ, ਤਾਂ ਉਨ੍ਹਾਂ ਦੀ ਸਲਾਹ ਮੇਰੇ ਬਹੁਤ ਕੰਮ ਆਈ।"

ਡੂਰੰਡ ਕੱਪ ਵਿੱਚ ਵੱਡੀ ਕਾਮਯਾਬੀ

1985 ਵਿੱਚ, ਏਮੇਕਾ ਨੇ ਏਸ਼ੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟਾਂ ਵਿੱਚੋਂ ਇੱਕ, ਵੱਕਾਰੀ ਡੂਰੰਡ ਕੱਪ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ।

ਸ਼ਹਿਰ ਦੀ ਟੀਮ ਨੇ ਭਾਰਤ ਦੀਆਂ ਕੁਝ ਸਭ ਤੋਂ ਮਜ਼ਬੂਤ ਟੀਮਾਂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਉਨ੍ਹਾਂ ਕਿਹਾ, "ਮੈਂ 1985 ਵਿੱਚ ਡੂਰੰਡ ਕੱਪ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਅਤੇ ਉਸ ਟੂਰਨਾਮੈਂਟ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ।"

"ਸਾਡੀ ਟੀਮ ਨੇ ਦੇਸ਼ ਦੀਆਂ ਕੁਝ ਸਭ ਤੋਂ ਮਜ਼ਬੂਤ ਟੀਮਾਂ ਨੂੰ ਹਰਾਇਆ ਅਤੇ ਅਚਾਨਕ ਚੰਡੀਗੜ੍ਹ ਫੁੱਟਬਾਲ ਦੀ ਹਰ ਪਾਸੇ ਚਰਚਾ ਹੋਣ ਲੱਗੀ।"

ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਕੋਲਕਾਤਾ ਦੇ ਕਲੱਬਾਂ ਦੀ ਨਜ਼ਰ ਉਨ੍ਹਾਂ 'ਤੇ ਪਈ।

ਈਸਟ ਬੰਗਾਲ ਨਾਲ ਗੁਪਤ ਰੂਪ ਨਾਲ ਕਾਂਟਰੈਕਟ ਕਰਨਾ

ਈਸਟ ਬੰਗਾਲ ਨਾਲ ਜੁੜਨਾ ਏਮੇਕਾ ਦੇ ਕਰੀਅਰ ਦੀਆਂ ਸਭ ਤੋਂ ਦਿਲਚਸਪ ਕਹਾਣੀਆਂ ਵਿੱਚੋਂ ਇੱਕ ਹੈ।

ਉਨ੍ਹਾਂ ਨੇ ਯਾਦ ਕਰਦਿਆਂ ਕਿਹਾ, "ਈਸਟ ਬੰਗਾਲ ਮੈਨੂੰ ਨਵੇਂ ਖਿਡਾਰੀਆਂ ਲਈ ਰੱਖੇ ਗਏ ਇੱਕ ਖ਼ਾਸ ਸਮਾਗਮ ਵਾਲੇ ਦਿਨ ਸਾਈਨ ਕਰਨਾ ਚਾਹੁੰਦਾ ਸੀ।"

"ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਵਿਰੋਧੀ ਕਲੱਬ ਮੇਰੇ ਨਾਲ ਸੰਪਰਕ ਕਰਨ। ਇਸ ਲਈ ਉਹ ਮੈਨੂੰ ਹਵਾਈ ਜਹਾਜ਼ ਰਾਹੀਂ ਦੁਬਈ ਲੈ ਗਏ ਅਤੇ ਲਗਭਗ ਤਿੰਨ ਹਫ਼ਤਿਆਂ ਤੱਕ ਇੱਕ ਹੋਟਲ ਵਿੱਚ ਰੱਖਿਆ।"

ਏਮੇਕਾ ਨੂੰ ਕਾਂਟਰੈਕਟ 'ਤੇ ਦਸਤਖ਼ਤ ਕਰਨ ਵਾਲੇ ਦਿਨ ਹੀ ਹਵਾਈ ਜਹਾਜ਼ ਰਾਹੀਂ ਕੋਲਕਾਤਾ ਲਿਆਂਦਾ ਗਿਆ।

1986 ਵਿੱਚ ਕਾਂਟਰੈਕਟ 'ਤੇ ਦਸਤਖ਼ਤ ਕਰਨ ਤੋਂ ਬਾਅਦ, ਉਨ੍ਹਾਂ ਨੂੰ ਹੋਰ ਨਵੇਂ ਖਿਡਾਰੀਆਂ ਦੇ ਨਾਲ ਸਮਰਥਕਾਂ ਨੂੰ ਮਿਲਵਾਇਆ ਗਿਆ ਅਤੇ ਇੱਕ ਖੁੱਲ੍ਹੀ ਬੱਸ ਵਿੱਚ ਪੂਰੇ ਸ਼ਹਿਰ ਦਾ ਦੌਰਾ ਕਰਵਾਇਆ ਗਿਆ।

ਏਮੇਕਾ ਨੇ ਕਿਹਾ, "ਇੱਕ ਅਜਿਹੇ ਫੁੱਟਬਾਲਰ ਲਈ, ਜਿਸ ਨੂੰ ਕਦੇ ਲੱਗਿਆ ਸੀ ਕਿ ਉਸਦਾ ਕਰੀਅਰ ਖਤਮ ਹੋ ਗਿਆ ਹੈ, ਇਹ ਇੱਕ ਅਜਿਹਾ ਪਲ ਸੀ ਜਿਸ 'ਤੇ ਭਰੋਸਾ ਨਹੀਂ ਸੀ ਹੁੰਦਾ।"

ਬਾਅਦ ਵਿੱਚ ਏਮੇਕਾ ਨੇ ਕੋਲਕਾਤਾ ਕਲੱਬ ਫੁੱਟਬਾਲ ਦੀਆਂ ਦੋ ਹੋਰ ਵੱਡੀਆਂ ਟੀਮਾਂ - ਮੁਹੰਮਦਨ ਸਪੋਰਟਿੰਗ ਅਤੇ ਮੋਹੁਨ ਬਾਗਾਨ - ਲਈ ਵੀ ਖੇਡਿਆ।

ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਵਿਨੋਦ ਕੁਮਾਰ, ਜਿਨ੍ਹਾਂ ਨੇ ਡੀਏਵੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਏਮੇਕਾ ਨਾਲ ਖੇਡਿਆ ਸੀ, ਉਨ੍ਹਾਂ ਦੇ ਪ੍ਰਭਾਵ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਕਰਦੇ ਹਨ।

ਵਿਨੋਦ ਕੁਮਾਰ ਨੇ ਕਿਹਾ, "ਉਨ੍ਹਾਂ ਦਿਨੀਂ ਕੋਲਕਾਤਾ ਭਾਰਤੀ ਫੁੱਟਬਾਲ ਦਾ ਕੇਂਦਰ ਸੀ। ਉੱਥੇ ਚੰਗਾ ਪ੍ਰਦਰਸ਼ਨ ਕਰਨ ਨਾਲ ਕੌਮੀ ਪੱਧਰ 'ਤੇ ਪਛਾਣ ਮਿਲਦੀ ਸੀ। ਏਮੇਕਾ ਦੀ ਇੱਕ ਮਜ਼ਬੂਤ ਟੈਕਲਰ ਅਤੇ ਸ਼ਾਨਦਾਰ ਫੁੱਟਬਾਲਰ ਵਜੋਂ ਬਣੀ ਪਛਾਣ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ।"

ਕੋਲਕਾਤਾ ਸਰਕਿਟ ਵਿੱਚ ਅਫ਼ਰੀਕੀ ਫੁੱਟਬਾਲਰਾਂ ਲਈ ਰਾਹ ਖੋਲ੍ਹਣਾ

ਭਾਰਤੀ ਫੁੱਟਬਾਲ ਵਿੱਚ ਏਮੇਕਾ ਦਾ ਪ੍ਰਭਾਵ ਸਿਰਫ਼ ਉਨ੍ਹਾਂ ਦੀਆਂ ਆਪਣੀਆਂ ਉਪਲੱਬਧੀਆਂ ਤੱਕ ਸੀਮਿਤ ਨਹੀਂ ਸੀ।

ਈਸਟ ਬੰਗਾਲ ਲਈ ਆਪਣੇ ਪਹਿਲੇ ਮੈਚ ਵਿੱਚ ਦੋ ਗੋਲ ਕਰਨ ਤੋਂ ਬਾਅਦ, ਕਲੱਬ ਦੇ ਪ੍ਰਧਾਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਹ ਨਾਈਜੀਰੀਆ ਦੇ ਕਿਸੇ ਹੋਰ ਪ੍ਰਤਿਭਾਸ਼ਾਲੀ ਫੁੱਟਬਾਲਰ ਨੂੰ ਜਾਣਦੇ ਹਨ।

ਉਨ੍ਹਾਂ ਨੇ ਚੰਡੀਗੜ੍ਹ ਵਿੱਚ ਰਹਿੰਦੇ ਆਪਣੇ ਸਾਥੀ ਫੁੱਟਬਾਲਰ ਚਿਬੂਜ਼ੋਰ ਨਵਾਕਾਨਮਾ ਦਾ ਨਾਮ ਸੁਝਾਇਆ ਅਤੇ ਜਲਦ ਹੀ ਕ੍ਰਿਸਟੋਫਰ ਕੇਮ ਵੀ ਪੇਸ਼ੇਵਰ ਸਰਕਿਟ ਵਿੱਚ ਆ ਗਏ।

ਏਮੇਕਾ ਨੇ ਕਿਹਾ, "ਕੋਲਕਾਤਾ ਫੁੱਟਬਾਲ ਵਿੱਚ ਅਫ਼ਰੀਕੀ ਫੁੱਟਬਾਲਰਾਂ ਨੂੰ ਲਿਆਉਣ ਦਾ ਸਿਹਰਾ ਸ਼ਾਇਦ ਮੈਨੂੰ ਹੀ ਜਾਂਦਾ ਹੈ।"

ਇਸ ਰੁਝਾਨ ਨੇ ਬਾਅਦ ਵਿੱਚ ਭਾਰਤੀ ਕਲੱਬ ਫੁੱਟਬਾਲ ਨੂੰ ਬਦਲ ਦਿੱਤਾ ਅਤੇ ਅਫ਼ਰੀਕੀ ਖਿਡਾਰੀ ਦੇਸ਼ ਭਰ ਦੀਆਂ ਟੀਮਾਂ ਦਾ ਅਹਿਮ ਹਿੱਸਾ ਬਣ ਗਏ।

ਚੰਡੀਗੜ੍ਹ ਤੋਂ ਵਰਲਡ ਕੱਪ ਤੱਕ

ਏਮੇਕਾ ਦੇ ਸਫ਼ਰ ਦਾ ਅਗਲਾ ਸਫ਼ਰ ਉਨ੍ਹਾਂ ਨੂੰ ਭਾਰਤ ਤੋਂ ਕਾਫ਼ੀ ਦੂਰ ਲੈ ਗਿਆ।

ਉਨ੍ਹਾਂ ਨੇ 1988 ਦੇ ਸਿਓਲ ਓਲੰਪਿਕਸ ਵਿੱਚ ਨਾਈਜੀਰੀਆ ਦੀ ਨੁਮਾਇੰਦਗੀ ਕੀਤੀ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਹੋਏ 1994 ਫੀਫਾ ਵਰਲਡ ਕੱਪ ਲਈ ਇੰਟਰਨੈਸ਼ਨਲ ਟੀਮ ਵਿੱਚ ਜਗ੍ਹਾ ਬਣਾਈ।

ਆਪਣੀ ਵਰਸਿਟੈਲਿਟੀ (ਵੱਖ-ਵੱਖ ਭੂਮਿਕਾਵਾਂ ਵਿੱਚ ਖੇਡਣ ਦੀ ਸਮਰੱਥਾ) ਲਈ ਮਸ਼ਹੂਰ ਏਮੇਕਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਪੋਜ਼ੀਸ਼ਨਾਂ 'ਤੇ ਖੇਡਿਆ।

ਉਨ੍ਹਾਂ ਦੱਸਿਆ, "ਸ਼ਾਇਦ ਮੈਂ ਦੁਨੀਆ ਦਾ ਇਕੱਲਾ ਅਜਿਹਾ ਫੁੱਟਬਾਲਰ ਹਾਂ ਜਿਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਾਰੀਆਂ ਦਸ ਆਊਟਫ਼ੀਲਡ ਪੋਜ਼ੀਸ਼ਨਾਂ 'ਤੇ ਖੇਡਿਆ ਹੈ।''

"ਮੈਂ ਗੋਲਕੀਪਰ ਤੋਂ ਇਲਾਵਾ ਹਰ ਪੋਜ਼ੀਸ਼ਨ 'ਤੇ ਖੇਡਿਆ ਹਾਂ। ਹਾਲਾਂਕਿ ਮੈਂ ਮੈਦਾਨ ਵਿੱਚ ਕਿਤੇ ਵੀ ਖੇਡ ਸਕਦਾ ਸੀ, ਪਰ ਮੇਰੀ ਮਨਪਸੰਦ ਪੋਜ਼ੀਸ਼ਨ ਹਮੇਸ਼ਾ ਅਟੈਕਿੰਗ ਮਿਡਫ਼ੀਲਡਰ ਦੀ ਰਹੀ।"

ਇੱਕ ਖਿਡਾਰੀ ਅਤੇ ਕੋਚ ਵਜੋਂ ਦੁਨੀਆ ਭਰ ਵਿੱਚ ਘੁੰਮਣ ਦੇ ਬਾਵਜੂਦ, ਚੰਡੀਗੜ੍ਹ ਅਤੇ ਪੰਜਾਬ ਅੱਜ ਵੀ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ।

ਉਹ ਕਹਿੰਦੇ ਹਨ, "ਮੈਨੂੰ ਅੱਜ ਵੀ ਚੰਡੀਗੜ੍ਹ ਦੇ ਉਹ ਦਿਨ ਯਾਦ ਆਉਂਦੇ ਹਨ। ਮੈਂ ਸੈਕਟਰ 15 ਵਿੱਚ ਰਹਿੰਦਾ ਸੀ ਅਤੇ ਮੇਰੇ ਗੁਆਂਢੀ ਮੈਨੂੰ ਪਰਿਵਾਰ ਦਾ ਮੈਂਬਰ ਹੀ ਮੰਨਦੇ ਸਨ। ਜਦੋਂ ਵੀ ਉਹ ਕੁਝ ਖ਼ਾਸ ਬਣਾਉਂਦੇ ਸਨ, ਤਾਂ ਮੈਨੂੰ ਅਤੇ ਮੇਰੇ ਕਜ਼ਨ ਲਾਰੈਂਸ ਨੂੰ ਜ਼ਰੂਰ ਬੁਲਾਉਂਦੇ ਸਨ। ਬਦਲੇ ਵਿੱਚ ਅਸੀਂ ਉਨ੍ਹਾਂ ਨੂੰ ਨਾਈਜੀਰੀਆਈ ਖਾਣਾ ਖੁਆਉਂਦੇ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਪੰਜਾਬ ਅਤੇ ਉੱਥੋਂ ਦੇ ਲੋਕ ਬਹੁਤ ਪਸੰਦ ਹਨ ਕਿਉਂਕਿ ਉਹ ਬਹੁਤ ਮਿਲਣਸਾਰ ਅਤੇ ਮਹਿਮਾਨ-ਨਵਾਜ਼ ਹਨ।''

''ਆਪਣੇ ਖੇਡ ਦੇ ਦਿਨਾਂ ਵਿੱਚ ਮੈਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਖੇਡਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਮੈਂ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਗਿਆ ਹਾਂ ਅਤੇ ਉੱਥੋਂ ਦਾ ਆਧਿਆਤਮਿਕ ਮਾਹੌਲ ਹਮੇਸ਼ਾ ਮੈਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਕਾਲਜ ਅਤੇ ਯੂਨੀਵਰਸਿਟੀ ਦੇ ਦਿਨਾਂ ਵਿੱਚ ਬਣੇ ਮੇਰੇ ਦੋਸਤ ਅੱਜ ਵੀ ਮੇਰੇ ਦੋਸਤ ਹਨ। ਮੈਂ ਜਦੋਂ ਵੀ ਭਾਰਤ ਆਉਂਦਾ ਹਾਂ, ਤਾਂ ਚੰਡੀਗੜ੍ਹ ਅਤੇ ਪੰਜਾਬ ਜ਼ਰੂਰ ਜਾਂਦਾ ਹਾਂ।''

ਏਮੇਕਾ ਹੁਣ ਅਮਰੀਕੀ ਨਾਗਰਿਕ ਹਨ, ਜਦਕਿ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ।

ਅੱਜ, ਇੱਕ ਖਿਡਾਰੀ ਵਜੋਂ ਪੰਜ ਮਹਾਂਦੀਪਾਂ ਅਤੇ ਕੋਚ ਵਜੋਂ ਚਾਰ ਮਹਾਂਦੀਪਾਂ ਵਿੱਚ ਆਪਣਾ ਕਰੀਅਰ ਬਿਤਾਉਣ ਤੋਂ ਬਾਅਦ, ਏਮੇਕਾ ਭਾਰਤ ਵਿੱਚ ਫੁੱਟਬਾਲ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ, "ਮੈਂ ਚੰਡੀਗੜ੍ਹ, ਪੰਜਾਬ ਅਤੇ ਭਾਰਤ ਵਿੱਚ ਫੁੱਟਬਾਲ ਲਈ ਯੋਗਦਾਨ ਦੇਣਾ ਚਾਹੁੰਦਾ ਹਾਂ। ਮੈਂ ਜੋ ਕੁਝ ਵੀ ਸਿੱਖਿਆ ਹੈ, ਉਹ ਸਾਂਝਾ ਕਰਨਾ ਚਾਹੁੰਦਾ ਹਾਂ ਅਤੇ ਉਸ ਥਾਂ ਨੂੰ ਕੁਝ ਵਾਪਸ ਦੇਣਾ ਚਾਹੁੰਦਾ ਹਾਂ ਜਿਸ ਨੇ ਮੈਨੂੰ ਇੱਕ ਵਰਲਡ ਕੱਪ ਫੁੱਟਬਾਲਰ ਬਣਨ ਵਿੱਚ ਮਦਦ ਕੀਤੀ।"

ਉਨ੍ਹਾਂ ਅੱਗੇ ਕਿਹਾ, "ਫੁੱਟਬਾਲ ਸਾਡੇ ਪਰਿਵਾਰਕ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਮੇਰੀਆਂ ਧੀਆਂ ਫੁੱਟਬਾਲ ਦੀਆਂ ਬਹੁਤ ਵੱਡੀਆਂ ਪ੍ਰਸ਼ੰਸਕ ਹਨ ਅਤੇ ਆਰਸਨਲ ਨੂੰ ਪਸੰਦ ਕਰਦੀਆਂ ਹਨ, ਜਦਕਿ ਮੇਰੇ ਪਤਨੀ ਮੈਨਚੈਸਟਰ ਯੂਨਾਈਟਿਡ ਦੇ ਪੱਕੇ ਫੈਨ ਹਨ।"

2026 ਫੀਫਾ ਵਰਲਡ ਕੱਪ ਬਾਰੇ ਏਮੇਕਾ ਦਾ ਮੰਨਣਾ ਹੈ ਕਿ ਫ੍ਰਾਂਸ, ਅਰਜਨਟੀਨਾ, ਬ੍ਰਾਜ਼ੀਲ ਅਤੇ ਜਰਮਨੀ ਸੈਮੀਫਾਈਨਲ ਵਿੱਚ ਪਹੁੰਚਣ ਦੇ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਹਨ। ਉਹ ਟੂਰਨਾਮੈਂਟ ਦੌਰਾਨ ਰੇਡੀਓ ਅਤੇ ਟੈਲੀਵਿਜ਼ਨ ਬ੍ਰਾਡਕਾਸਟਰਾਂ ਲਈ ਮਾਹਿਰ ਵਿਸ਼ਲੇਸ਼ਕ (ਐਕਸਪਰਟ ਐਨਾਲਿਸਟ) ਵਜੋਂ ਵੀ ਕੰਮ ਕਰਨਗੇ।

ਅੱਜ, ਜਦੋਂ ਫੁੱਟਬਾਲ ਦੀ ਦੁਨੀਆ ਇੱਕ ਹੋਰ ਫੀਫਾ ਵਰਲਡ ਕੱਪ ਦਾ ਜਸ਼ਨ ਮਨਾ ਰਹੀ ਹੈ, ਤਾਂ ਏਮੇਕਾ ਏਜ਼ੂਗੋ ਦੀ ਕਹਾਣੀ ਭਾਰਤੀ ਫੁੱਟਬਾਲ ਅਤੇ ਇਸ ਖੇਡ ਦੇ ਸਭ ਤੋਂ ਵੱਡੇ ਮੰਚ ਵਿਚਕਾਰ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਕੜੀਆਂ ਵਿੱਚੋਂ ਇੱਕ ਬਣੀ ਹੋਈ ਹੈ - ਇੱਕ ਅਜਿਹਾ ਸਫ਼ਰ ਜੋ ਚੰਡੀਗੜ੍ਹ ਦੇ ਡੀਏਵੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਦੇ ਮੈਦਾਨਾਂ ਤੋਂ ਸ਼ੁਰੂ ਹੋ ਕੇ ਫੀਫਾ ਵਰਲਡ ਕੱਪ ਤੱਕ ਪਹੁੰਚ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)