ਉਮਰ ਵੱਧਣ ਦੇ ਨਾਲ 'ਭਾਰ ਚੁੱਕਣ ਦੀ ਕਸਰਤ' ਤੁਹਾਨੂੰ ਕਿਵੇਂ ਹੋਰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀ ਹੈ

    • ਲੇਖਕ, ਮੇਲਿਸਾ ਹੋਗਨਬੂਮ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਕਿਸੇ ਵੀ ਤਰ੍ਹਾਂ ਦੀ ਕਸਰਤ ਤੁਹਾਨੂੰ ਲੰਬੀ ਉਮਰ ਜੀਊਣ ਵਿੱਚ ਮਦਦ ਕਰਦੀ ਹੈ, ਪਰ ਤਾਕਤ ਵਧਾਉਣ ਵਾਲੀ ਕਸਰਤ ਤੁਹਾਨੂੰ ਹੋਰ ਵਧੀਆ ਢੰਗ ਨਾਲ ਜੀਊਣ ਵਿੱਚ ਮਦਦ ਕਰਦੀ ਹੈ। ਇੱਥੇ ਦੱਸਿਆ ਗਿਆ ਹੈ ਕਿ ਤੁਸੀਂ ਕਿਵੇਂ ਹੋਰ ਤਾਕਤਵਰ ਬਣ ਸਕਦੇ ਹੋ।

ਜੇ ਤੁਸੀਂ ਕਿਸੇ ਦਿਨ ਮੈਨੂੰ ਆਪਣੀ ਖਰੀਦਦਾਰੀ ਦਾ ਸਮਾਨ ਘਰ ਦੇ ਅੰਦਰ ਲਿਆਉਂਦੇ ਹੋਏ ਦੇਖਿਆ ਹੁੰਦਾ, ਤਾਂ ਤੁਹਾਨੂੰ ਮੇਰਾ ਵਰਤਾਅ ਕੁਝ ਅਜੀਬ ਜਿਹਾ ਲੱਗਦਾ। ਪਰ ਦੋਵਾਂ ਹੱਥਾਂ ਵਿੱਚ ਦੋ-ਦੋ ਲੀਟਰ ਪਾਣੀ ਦੀਆਂ ਬੋਤਲਾਂ ਫੜ੍ਹ ਕੇ, ਮੈਂ ਸਕੁਆਟਸ ਕਰਨ ਲੱਗ ਪਈ।

ਇਹ ਮੇਰੀ ਉਸ ਕੋਸ਼ਿਸ਼ ਦਾ ਹਿੱਸਾ ਹੈ ਜਿਸ ਤਹਿਤ ਮੈਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹੋਰ ਤਾਕਤ ਵਧਾਉਣ ਵਾਲੀ ਕਸਰਤ ਸ਼ਾਮਲ ਕਰਨਾ ਚਾਹੁੰਦੀ ਹਾਂ।

ਇਸ ਦੇ ਪਿੱਛੇ ਚੰਗਾ ਕਾਰਨ ਵੀ ਹੈ। ਜਦੋਂ ਤੰਦਰੁਸਤ ਰਹਿਣ ਦੀ ਗੱਲ ਆਉਂਦੀ ਹੈ, ਤਾਂ ਮੇਰੇ ਦੋਸਤਾਂ ਦਾ ਘੇਰਾ ਆਮ ਤੌਰ 'ਤੇ ਕਾਰਡੀਓ ਕਸਰਤਾਂ 'ਤੇ ਧਿਆਨ ਕੇਂਦਰਿਤ ਕਰਦਾ ਹੈ।

ਅਸੀਂ ਆਪਣੇ ਕਦਮ ਗਿਣਦੇ ਹਾਂ, ਆਪਣੀਆਂ ਦੌੜਾਂ ਦਾ ਰਿਕਾਰਡ ਰੱਖਦੇ ਹਾਂ ਅਤੇ ਹਫ਼ਤੇ ਦੇ ਅੰਤ ਵਿੱਚ ਸਾਈਕਲ ਚਲਾਉਂਦੇ ਹਾਂ। ਸਾਡੇ ਵਿੱਚੋਂ ਕੁਝ ਤਾਂ ਕਦੇ-ਕਦੇ ਹਾਫ਼-ਮੈਰਾਥਨ ਜਾਂ ਟ੍ਰਾਇਐਥਲਾਨ ਵਿੱਚ ਵੀ ਹਿੱਸਾ ਲੈਂਦੇ ਹਨ।

ਪਰ ਇਸ ਤਰ੍ਹਾਂ ਦੀਆਂ ਦਿਲ ਅਤੇ ਫੇਫੜਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਤੁਹਾਨੂੰ ਤੰਦਰੁਸਤ ਰੱਖ ਸਕਦੀਆਂ ਹਨ ਅਤੇ ਲੰਬੀ ਉਮਰ ਜਿਊਣ ਵਿੱਚ ਮਦਦ ਕਰ ਸਕਦੀਆਂ ਹਨ, ਪਰ ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਤਾਕਤ ਵਧਾਉਣ ਵਾਲੀ ਕਸਰਤ ਵੀ ਕਰਦੇ ਹੋ, ਤਾਂ ਉਮਰ ਵੱਧਣ ਦੇ ਨਾਲ ਤੁਹਾਡੀ ਜ਼ਿੰਦਗੀ ਦੀ ਗੁਣਵੱਤਾ ਹੋਰ ਚੰਗੀ ਰਹਿ ਸਕਦੀ ਹੈ।

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਵਿੱਚ ਮਾਸਪੇਸ਼ੀਆਂ ਬਾਰੇ ਖੋਜ ਕਰਨ ਵਾਲੇ ਸਟੂਅਰਟ ਫਿਲਿਪਸ ਮੈਨੂੰ ਦੱਸਦੇ ਹਨ, "ਸਿਹਤ ਦੀ ਗੱਲ ਹੋਵੇ ਤਾਂ ਤਾਕਤ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।"

ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਤਾਕਤ ਵਧਾਉਣ ਵਾਲੀ ਕਸਰਤ ਦੇ ਫਾਇਦਿਆਂ ਅਤੇ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ, ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹਾਂ।

ਸਭ ਤੋਂ ਵੱਧ ਫਾਇਦਾ

ਤਾਕਤ ਵਧਾਉਣ ਵਾਲੀ ਕਸਰਤ ਦੇ ਮਾਮਲੇ ਵਿੱਚ ਸਭ ਤੋਂ ਵੱਡਾ ਸਿਹਤ ਲਾਭ ਉਸ ਵੇਲੇ ਮਿਲਦਾ ਹੈ ਜਦੋਂ ਕੋਈ ਵਿਅਕਤੀ ਬਿਲਕੁਲ ਕਸਰਤ ਨਾ ਕਰਨ ਤੋਂ ਸ਼ੁਰੂਆਤ ਕਰਦਾ ਹੈ, ਇਹ ਗੱਲ ਆਇਓਵਾ ਯੂਨੀਵਰਸਿਟੀ ਦੀ ਖੋਜਕਾਰ ਜੈਸ ਗੋਰਜ਼ੇਲਿਟਜ਼ ਕਹਿੰਦੀ ਹੈ।

ਉਹ ਕਹਿੰਦੀ ਹੈ, "ਸਭ ਤੋਂ ਵੱਧ ਖ਼ਤਰੇ ਵਿੱਚ ਉਹ ਲੋਕ ਹਨ ਜੋ ਕੁਝ ਵੀ ਨਹੀਂ ਕਰਦੇ। ਜਿਹੜੇ ਲੋਕ ਇਸ ਦੀ ਸ਼ੁਰੂਆਤ ਕਰ ਰਹੇ ਹਨ, ਉਨ੍ਹਾਂ ਲਈ ਇਹ ਬਹੁਤ ਮਹੱਤਵਪੂਰਨ ਸੰਦੇਸ਼ ਹੈ।"

ਫਿਲਿਪਸ ਕਹਿੰਦੇ ਹਨ ਕਿ ਸ਼ੁਰੂ ਵਿੱਚ ਤੁਹਾਨੂੰ ਹਫ਼ਤੇ ਵਿੱਚ ਦੋ ਵਾਰ ਕਸਰਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ ਅਤੇ ਹਰ ਵਾਰ 20 ਤੋਂ 30 ਮਿੰਟ ਕਸਰਤ ਕਰਨੀ ਚਾਹੀਦੀ ਹੈ।

ਉਹ ਹੇਠ ਲਿਖੀਆਂ ਕਸਰਤਾਂ ਵਿੱਚੋਂ ਕੋਈ ਵੀ ਕਰਨ ਦੀ ਸਲਾਹ ਦਿੰਦੇ ਹਨ। ਹਰ ਕਸਰਤ ਨੂੰ ਇੱਕ ਵਾਰ ਵਿੱਚ ਕਈ ਵਾਰ ਦੁਹਰਾਓ ਅਤੇ ਉਸੇ ਕਸਰਤ ਦੇ ਦੋ ਤੋਂ ਤਿੰਨ ਚੱਕਰ ਲਗਾਓ।

ਜਿਵੇਂ-ਜਿਵੇਂ ਤੁਸੀਂ ਹੋਰ ਕਸਰਤ ਕਰੋਗੇ, ਤੁਸੀਂ ਇਸ ਦੀ ਮਾਤਰਾ ਵਧਾ ਕੇ ਹੋਰ ਫਾਇਦੇ ਹਾਸਲ ਕਰ ਸਕਦੇ ਹੋ। ਜੇ ਬੈਠਕਾਂ ਵਰਗੀਆਂ ਕੁਝ ਕਸਰਤਾਂ ਕਰਦੇ ਸਮੇਂ ਤੁਹਾਨੂੰ ਆਪਣੇ ਸਰੀਰ ਦਾ ਭਾਰ ਬਹੁਤ ਹਲਕਾ ਲੱਗਣ ਲੱਗੇ, ਤਾਂ ਤੁਸੀਂ ਹਲਕੇ ਵਜ਼ਨ ਦੀ ਵਰਤੋਂ ਕਰਨ ਬਾਰੇ ਸੋਚ ਸਕਦੇ ਹੋ।

ਵੱਡੀਆਂ ਕਸਰਤਾਂ ਉੱਤੇ ਧਿਆਨ ਦਿਓ

ਤਾਕਤ ਵਧਾਉਣ ਵਾਲੀ ਕਸਰਤ ਸ਼ੁਰੂ ਕਰਨ ਲਈ ਜ਼ਰੂਰੀ ਨਹੀਂ ਕਿ ਤੁਸੀਂ ਜਿਮ ਜਾਓ ਜਾਂ ਕੋਈ ਖ਼ਾਸ ਸਾਜ਼ੋ-ਸਾਮਾਨ ਖਰੀਦੋ।

ਜੈਸ ਗੋਰਜ਼ੇਲਿਟਜ਼, ਜੋ ਖੁਦ ਵੀ ਪਾਵਰ ਲਿਫਟਰ ਹੈ, ਕਹਿੰਦੀ ਹੈ, "ਅਸੀਂ ਘਰ ਵਿੱਚ ਕੁਰਸੀ ਦੀ ਮਦਦ ਨਾਲ ਆਸਾਨੀ ਨਾਲ ਬੈਠਕਾਂ ਲਗਾ ਸਕਦੇ ਹਾਂ। ਸੋਫ਼ਾ ਜਾਂ ਬਿਸਤਰਾ ਸਾਨੂੰ ਨਿਯੰਤਰਿਤ ਢੰਗ ਨਾਲ ਬੈਠਣ ਅਤੇ ਖੜ੍ਹੇ ਹੋਣ ਦੀ ਅਭਿਆਸ ਕਰਨ ਵਿੱਚ ਮਦਦ ਕਰ ਸਕਦਾ ਹੈ, ਜਦਕਿ ਘਰ ਵਿੱਚ ਮੌਜੂਦ ਖਾਣ-ਪੀਣ ਦੇ ਡੱਬੇ ਜਾਂ ਪਾਣੀ ਦੀਆਂ ਬੋਤਲਾਂ ਬਾਹਾਂ ਦੀ ਕਸਰਤ ਲਈ ਵਰਤੀਆਂ ਜਾ ਸਕਦੀਆਂ ਹਨ।"

ਜੋ ਲੋਕ ਜਿਮ ਜਾਂਦੇ ਹਨ, ਉਨ੍ਹਾਂ ਲਈ ਗੋਰਜ਼ੇਲਿਟਜ਼ ਤਿੰਨ ਮੁੱਖ ਕਸਰਤਾਂ ਉੱਤੇ ਧਿਆਨ ਦੇਣ ਦੀ ਸਲਾਹ ਦਿੰਦੀ ਹੈ, ਕਿਉਂਕਿ ਇਹ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ:

  • ਬਾਰਬੈੱਲ ਬੈਕ ਸੁਕਾਐਟਸ
  • ਬੈਂਚ ਪ੍ਰੈਸਰ
  • ਡੈੱਡਲਿਫਟ

ਉਹ ਮੋਢਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਕਰਨ ਦੀ ਵੀ ਸਲਾਹ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੱਠ ਦੀ ਤਾਕਤ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਸਰੀਰ ਦੀ ਸਹੀ ਮੁਦਰਾ ਬਣਾਈ ਰੱਖਣ, ਪਿੱਠ ਦੇ ਦਰਦ ਤੋਂ ਬਚਾਅ ਕਰਨ ਅਤੇ ਰੀੜ੍ਹ ਦੀ ਹੱਡੀ ਨੂੰ ਸਥਿਰ ਰੱਖਣ ਵਿੱਚ ਮਦਦ ਕਰਦੀ ਹੈ।

ਆਪਣੇ ਆਪ ਨੂੰ ਚੁਣੌਤੀ ਦਿਓ

ਜੇ ਤੁਹਾਡੀ ਕਸਰਤ ਬਹੁਤ ਆਸਾਨ ਲੱਗਣ ਲੱਗੇ, ਤਾਂ ਭਾਰ, ਦੁਹਰਾਵਾਂ ਜਾਂ ਸੈੱਟਾਂ ਦੀ ਗਿਣਤੀ ਵਧਾ ਦਿਓ। ਸਮੇਂ ਦੇ ਨਾਲ ਜਿਵੇਂ-ਜਿਵੇਂ ਸਾਡੀ ਤਾਕਤ ਵਧਦੀ ਹੈ, ਸਰੀਰ ਉਸ ਕਸਰਤ ਦਾ ਆਦੀ ਹੋ ਜਾਂਦਾ ਹੈ।

ਫਿਲਿਪਸ ਕਹਿੰਦੇ ਹਨ, "ਇਸ ਲਈ ਕੋਈ ਵੱਡੀ ਛਾਲ ਮਾਰਨ ਦੀ ਲੋੜ ਨਹੀਂ। ਮਹੀਨਿਆਂ ਤੱਕ ਛੋਟੇ-ਛੋਟੇ ਵਾਧੇ ਹੀ ਅਸਲ ਫਰਕ ਪੈਦਾ ਕਰਦੇ ਹਨ।"

ਉਦਾਹਰਨ ਵਜੋਂ, ਸ਼ੁਰੂ ਵਿੱਚ ਤੁਸੀਂ ਸ਼ਾਇਦ ਪਲੈਂਕ ਸਿਰਫ਼ 15 ਸਕਿੰਟ ਤੋਂ ਘੱਟ ਸਮੇਂ ਲਈ ਕਰ ਸਕੋ, ਪਰ ਤਾਕਤ ਵਧਣ ਨਾਲ ਤੁਸੀਂ ਹੌਲੀ-ਹੌਲੀ ਇਸ ਦਾ ਸਮਾਂ ਵਧਾ ਸਕੋਗੇ।

ਫਿਲਿਪਸ ਕਹਿੰਦੇ ਹਨ ਕਿ ਕਸਰਤ ਚੁਣੌਤੀਪੂਰਨ ਤਾਂ ਲੱਗਣੀ ਚਾਹੀਦੀ ਹੈ, ਪਰ ਇੰਨੀ ਔਖੀ ਨਹੀਂ ਕਿ ਉਸ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਵੇ।

ਉਨ੍ਹਾਂ ਦੇ ਸ਼ਬਦਾਂ ਵਿੱਚ, "ਜਿਮ ਤੋਂ ਇਸ ਤਰ੍ਹਾਂ ਬਾਹਰ ਨਿਕਲਣ ਦੀ ਲੋੜ ਨਹੀਂ ਜਿਵੇਂ ਤੁਸੀਂ ਜ਼ਖ਼ਮੀ ਹੋ ਗਏ ਹੋਵੋ। ਹੌਲੀ-ਹੌਲੀ ਅੱਗੇ ਵਧੋ।"

ਬਹੁਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨ ਨਾਲੋਂ ਨਿਯਮਿਤ ਕਸਰਤ ਕਰਨਾ ਜ਼ਿਆਦਾ ਮਹੱਤਵਪੂਰਨ ਹੈ। ਜੇ ਕਦੇ ਤੁਹਾਡਾ ਮਨ ਨਾ ਹੋਵੇ, ਤਾਂ ਇਹ ਯਾਦ ਰੱਖੋ ਕਿ ਥੋੜ੍ਹੀ ਜਿਹੀ ਕਸਰਤ ਵੀ ਨਾ ਕਰਨ ਨਾਲੋਂ ਬਿਹਤਰ ਹੈ।

ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਸੰਭਾਵਨਾ

ਖੋਜਾਂ ਦੇ ਇੱਕ ਵੱਡੇ ਵਿਸ਼ਲੇਸ਼ਣ ਮੁਤਾਬਕ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਨਿਯਮਿਤ ਕਰਨ ਨਾਲ ਲੰਬੀ ਉਮਰ ਜਿਊਣ ਦੀ ਸੰਭਾਵਨਾ ਵਧਦੀ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ, ਕੈਂਸਰ, ਸ਼ੂਗਰ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਵਿੱਚ ਵੀ ਕਮੀ ਆ ਸਕਦੀ ਹੈ।

ਖੋਜ ਵਿੱਚ ਪਾਇਆ ਗਿਆ ਕਿ ਹਫ਼ਤੇ ਵਿੱਚ ਸਿਰਫ਼ 30 ਤੋਂ 60 ਮਿੰਟ ਮਾਸਪੇਸ਼ੀਆਂ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਕਰਨ ਨਾਲ ਕਿਸੇ ਵੀ ਕਾਰਨ ਕਰਕੇ ਮੌਤ ਦੇ ਖ਼ਤਰੇ ਵਿੱਚ 10 ਤੋਂ 17 ਫ਼ੀਸਦੀ ਤੱਕ ਕਮੀ ਆ ਸਕਦੀ ਹੈ।

ਇੱਕ ਹੋਰ ਵੱਡੀ ਅਤੇ ਹਾਲ ਦੀ ਖੋਜ ਅਨੁਸਾਰ, ਹਫ਼ਤੇ ਵਿੱਚ 90 ਮਿੰਟ ਤੋਂ ਦੋ ਘੰਟੇ ਤੱਕ ਤਾਕਤ ਵਧਾਉਣ ਵਾਲੀ ਕਸਰਤ ਕਰਨ ਨਾਲ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ 13 ਫ਼ੀਸਦੀ ਘਟ ਸਕਦਾ ਹੈ।

ਜੋ ਲੋਕ ਤਾਕਤ ਵਧਾਉਣ ਵਾਲੀ ਕਸਰਤ ਅਤੇ ਦਿਲ-ਫੇਫੜਿਆਂ ਲਈ ਕੀਤੀਆਂ ਜਾਣ ਵਾਲੀਆਂ ਕਸਰਤਾਂ ਦੋਵੇਂ ਕਰਦੇ ਹਨ, ਉਨ੍ਹਾਂ ਵਿੱਚ ਇਹ ਖ਼ਤਰਾ 58 ਫ਼ੀਸਦੀ ਘੱਟ ਪਾਇਆ ਗਿਆ।

ਫਿਲਿਪਸ ਕਹਿੰਦੇ ਹਨ, "ਇਸ ਨੂੰ ਸੌਖੇ ਸ਼ਬਦਾਂ ਵਿੱਚ ਇੰਝ ਕਿਹਾ ਜਾ ਸਕਦਾ ਹੈ ਕਿ ਦਿਲ ਅਤੇ ਫੇਫੜਿਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਤੁਹਾਨੂੰ ਲੰਬੀ ਉਮਰ ਜਿਊਣ ਵਿੱਚ ਮਦਦ ਕਰਦੀਆਂ ਹਨ, ਪਰ ਮਾਸਪੇਸ਼ੀਆਂ ਦੀ ਤਾਕਤ ਤੁਹਾਨੂੰ ਉਹ ਜ਼ਿੰਦਗੀ ਹੋਰ ਚੰਗੇ ਢੰਗ ਨਾਲ ਜਿਊਣ ਵਿੱਚ ਮਦਦ ਕਰਦੀ ਹੈ। ਆਦਰਸ਼ ਹਾਲਤ ਵਿੱਚ ਸਾਨੂੰ ਦੋਵੇਂ ਚੀਜ਼ਾਂ ਦੀ ਲੋੜ ਹੈ।"

ਕਿਸੇ ਵੀ ਉਮਰ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ

ਖੋਜਾਂ ਦੱਸਦੀਆਂ ਹਨ ਕਿ ਤਾਕਤ ਵਧਾਉਣ ਵਾਲੀ ਕਸਰਤ ਦਾ ਫਾਇਦਾ ਹਰ ਉਮਰ ਦੇ ਲੋਕਾਂ ਨੂੰ ਹੁੰਦਾ ਹੈ।

ਗੋਰਜ਼ੇਲਿਟਜ਼ ਦੀ ਖੋਜ ਵਿੱਚ ਪਾਇਆ ਗਿਆ ਕਿ 70 ਸਾਲ ਤੋਂ ਵੱਧ ਉਮਰ ਦੇ ਉਹ ਲੋਕ ਜੋ ਨਿਯਮਿਤ ਭਾਰ ਚੁੱਕਣ ਵਾਲੀ ਕਸਰਤ ਕਰਦੇ ਸਨ, ਉਨ੍ਹਾਂ ਵਿੱਚ ਮੌਤ ਦਾ ਖ਼ਤਰਾ ਉਨ੍ਹਾਂ ਲੋਕਾਂ ਨਾਲੋਂ ਘੱਟ ਸੀ ਜੋ ਕੋਈ ਅਜਿਹੀ ਕਸਰਤ ਨਹੀਂ ਕਰਦੇ ਸਨ।

ਉਹ ਕਹਿੰਦੀ ਹੈ, "ਖ਼ਾਸ ਕਰਕੇ ਉਮਰ ਵੱਧਣ ਦੇ ਨਾਲ ਅਸੀਂ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ, ਸਰੀਰਕ ਕਾਰਗੁਜ਼ਾਰੀ ਅਤੇ ਮਾਸਪੇਸ਼ੀਆਂ ਦੇ ਆਕਾਰ ਵਿੱਚ ਸੁਧਾਰ ਦੇਖ ਸਕਦੇ ਹਾਂ।"

ਫਿਲਿਪਸ ਕਹਿੰਦੇ ਹਨ ਕਿ ਜਦੋਂ ਤੁਸੀਂ ਮਾਸਪੇਸ਼ੀਆਂ ਬਣਾਉਂਦੇ ਹੋ, ਤਾਂ ਬੁਢ਼ਾਪੇ ਲਈ ਇੱਕ ਤਰ੍ਹਾਂ ਦਾ ਭੰਡਾਰ ਤਿਆਰ ਕਰਦੇ ਹੋ।

ਉਹ ਕਹਿੰਦੇ ਹਨ, "ਜਦੋਂ ਬਿਮਾਰੀ, ਸੱਟ, ਸਰਜਰੀ ਜਾਂ ਬੁਢ਼ਾਪਾ ਆਉਂਦਾ ਹੈ ਅਤੇ ਆਮ ਤੌਰ 'ਤੇ ਇਹ ਆਉਂਦੇ ਹੀ ਹਨ, ਤਾਂ ਤੁਹਾਡੇ ਕੋਲ ਵਾਧੂ ਤਾਕਤ ਹੋਣੀ ਚਾਹੀਦੀ ਹੈ। ਮੈਂ ਤਾਕਤ ਵਧਾਉਣ ਵਾਲੀ ਕਸਰਤ ਨੂੰ ਆਪਣੇ ਭਵਿੱਖ ਲਈ ਕੀਤੀ ਬਚਤ ਵਾਂਗ ਸਮਝਦਾ ਹਾਂ।"

ਇਸ ਦੇ ਮਾਨਸਿਕ ਸਿਹਤ ਨਾਲ ਜੁੜੇ ਫਾਇਦੇ ਵੀ ਹਨ। ਗੋਰਜ਼ੇਲਿਟਜ਼ ਕਹਿੰਦੀ ਹੈ ਕਿ ਜਿਮ ਜਾਣ ਨਾਲ ਉਸ ਨੂੰ ਮਨ ਦੀ ਸਪਸ਼ਟਤਾ ਅਤੇ ਸ਼ਾਂਤੀ ਮਿਲਦੀ ਹੈ।

ਉਹ ਕਹਿੰਦੀ ਹੈ, "ਜਿਮ ਜਾ ਕੇ ਕਸਰਤ ਕਰਨ ਨਾਲ ਸਰੀਰਕ ਤਣਾਅ ਅਤੇ ਚਿੰਤਾ ਤੋਂ ਕਾਫ਼ੀ ਰਾਹਤ ਮਿਲਦੀ ਹੈ।"

ਗੋਰਜ਼ੇਲਿਟਜ਼ ਅਤੇ ਫਿਲਿਪਸ ਦੋਵੇਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਅਜਿਹੀਆਂ ਕਸਰਤਾਂ ਚੁਣੋ ਜੋ ਤੁਹਾਡੇ ਲਈ ਆਸਾਨ ਹੋਣ ਅਤੇ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਸਾਨੀ ਨਾਲ ਫਿੱਟ ਹੋ ਜਾਣ।

ਇਸੇ ਸੋਚ ਨਾਲ, ਕਿਉਂਕਿ ਮੈਂ ਪਹਿਲਾਂ ਹੀ ਕਾਫ਼ੀ ਦਿਲ ਅਤੇ ਫੇਫੜਿਆਂ ਵਾਲੀਆਂ ਕਸਰਤਾਂ ਕਰਦੀ ਹਾਂ, ਹੁਣ ਮੈਂ ਸਵੇਰ ਦੀ ਕੌਫ਼ੀ ਪੀਣ ਤੋਂ ਪਹਿਲਾਂ ਜਾਂ ਮੀਟਿੰਗਾਂ ਦੇ ਵਿਚਕਾਰ ਪਲੈਂਕ ਅਤੇ ਕੁਝ ਬੈਠਕਾਂ ਲਗਾਉਂਦੀ ਹਾਂ।

ਮੇਰਾ ਟੀਚਾ ਇਸ ਨੂੰ ਹੌਲੀ-ਹੌਲੀ ਵਧਾਉਣ ਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਭਵਿੱਖ ਵਿੱਚ ਮੇਰਾ ਸਰੀਰ ਇਸ ਲਈ ਮੇਰਾ ਧੰਨਵਾਦ ਕਰੇਗਾ।

ਮੇਲਿਸਾ ਹੋਗਨਬੂਮ ਬੀਬੀਸੀ ਦੀ ਸੀਨੀਅਰ ਸਿਹਤ ਸੰਵਾਦਦਾਤਾ ਹੈ ਅਤੇ "ਬ੍ਰੈਡਵਿਨਰਜ਼" ਅਤੇ "ਦਿ ਮਦਰਹੁੱਡ ਕੰਪਲੈਕਸ" ਕਿਤਾਬਾਂ ਦੀ ਲੇਖਿਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)