You’re viewing a text-only version of this website that uses less data. View the main version of the website including all images and videos.
ਕੀ ਤੁਸੀਂ ਰਾਤ 2-3 ਵਜੇ ਜਾਗ ਜਾਂਦੇ ਹੋ ਅਤੇ ਮੁੜ ਨੀਂਦ ਨਹੀਂ ਆਉਂਦੀ, ਡਾਕਟਰ ਇਸ ਪਿੱਛੇ ਕੀ ਕਾਰਨ ਦੱਸਦੇ ਹਨ
- ਲੇਖਕ, ਓਂਕਾਰ ਕਰੰਬਲੇਕਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 12 ਮਿੰਟ
ਕੀ ਤੁਸੀਂ ਰਾਤ ਨੂੰ ਹਮੇਸ਼ਾ ਵਾਂਗ ਚੰਗੀ ਨੀਂਦ ਸੁੱਤੇ ਪਰ ਅਚਾਨਕ ਰਾਤ ਦੇ 2 ਜਾਂ 3 ਵਜੇ ਜਾਗ ਪਏ ?
ਅਤੇ ਇਸ ਤੋਂ ਵੀ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਜਾਗਣ ਤੋਂ ਬਾਅਦ ਤੁਹਾਨੂੰ ਕਾਫ਼ੀ ਦੇਰ ਤੱਕ ਨੀਂਦ ਨਹੀਂ ਆਉਂਦੀ।
ਕੁਝ ਲੋਕ ਇਸ ਨੂੰ ਤਣਾਅ (ਸਟ੍ਰੈੱਸ) ਦੀ ਵਜ੍ਹਾ ਮੰਨਦੇ ਹਨ, ਜਦਕਿ ਕੁਝ ਇਸ ਨੂੰ ਗੰਭੀਰ ਸਿਹਤ ਸਮੱਸਿਆ ਸਮਝਦੇ ਹਨ।
ਪਰ ਇਸ ਤਰ੍ਹਾਂ ਜਾਗਣਾ ਕਈ ਵੱਖ-ਵੱਖ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਡੂੰਘੀ ਨੀਂਦ, ਪੂਰੀ ਨੀਂਦ ਅਤੇ ਤਣਾਅ ਤੋਂ ਮੁਕਤੀ ਨਾ ਸਿਰਫ਼ ਸਾਡੇ ਆਉਣ ਵਾਲੇ ਦਿਨ ਲਈ ਜ਼ਰੂਰੀ ਹੈ ਸਗੋਂ ਸਾਡੀ ਸਮੁੱਚੀ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹੈ।
ਡਾਕਟਰ ਸਲਾਹ ਦਿੰਦੇ ਹਨ ਕਿ ਹਰ ਕਿਸੇ ਨੂੰ ਚੰਗੀ ਨੀਂਦ ਦੀ ਆਦਤ ਬਣਾਉਣ, ਗਹਿਰੀ ਅਤੇ ਆਰਾਮਦਾਇਕ ਨੀਂਦ ਲੈਣ ਅਤੇ ਪੂਰੀ ਨੀਂਦ ਪ੍ਰਾਪਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸਾਡੀ ਨੀਂਦ ਇੱਕ ਲਗਾਤਾਰ ਰਹਿਣ ਵਾਲੀ ਅਵਸਥਾ ਨਹੀਂ ਹੈ।
ਇਹ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੀ ਹੈ - ਹਲਕੀ ਨੀਂਦ, ਸੁਚੇਤ ਅਵਸਥਾ, ਡੂੰਘੀ ਨੀਂਦ ਅਤੇ ਆਰ.ਈ.ਐਮ (REM) ਨੀਂਦ। ਇਹ ਚੱਕਰ ਹਰ 90 ਮਿੰਟ 'ਚ ਬਦਲਦਾ ਹੈ।
ਰਾਤ ਦੇ ਪਹਿਲੇ ਅੱਧੇ ਹਿੱਸੇ ਵਿੱਚ ਡੂੰਘੀ ਨੀਂਦ ਵੱਧ ਆਉਂਦੀ ਹੈ, ਜਦਕਿ ਸਵੇਰ ਹੁੰਦੇ-ਹੁੰਦੇ ਨੀਂਦ ਹਲਕੀ ਯਾਨੀ ਸੁਚੇਤ ਅਵਸਥਾ 'ਚ ਪਹੁੰਚ ਜਾਂਦੀ ਹੈ। ਕਰੀਬ 2 ਤੋਂ 3 ਵਜੇ ਵਿਚਾਲੇ ਸਰੀਰ ਹਲਕੀ ਨੀਂਦ ਦੀ ਅਵਸਥਾ ਵਿੱਚ ਹੁੰਦਾ ਹੈ ਅਤੇ ਛੋਟੀ-ਛੋਟੀ ਹਲਚਲ 'ਤੇ ਵੀ ਜਾਗ ਸਕਦੇ ਹਾਂ।
ਪਰ ਕਈ ਵਾਰ ਤਣਾਅ, ਹਾਰਮੋਨ ਵਿੱਚ ਹੋਣ ਵਾਲੇ ਬਦਲਾਅ, ਜੀਵਨਸ਼ੈਲੀ ਜਾਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਦੁਬਾਰਾ ਸੌਣ ਵਿੱਚ ਪਰੇਸ਼ਾਨੀ ਆਉਂਦੀ ਹੈ।
ਇਹ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ, ਮਾਹਰ ਇਸ ਨੂੰ ਕਿਵੇਂ ਦੇਖਦੇ ਹਨ ਅਤੇ ਕਦੋਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
ਤੁਸੀਂ ਸਵੇਰੇ 2-3 ਵਜੇ ਕਿਉਂ ਜਾਗ ਜਾਂਦੇ ਹੋ ?
ਰਾਤ ਦੇ 2 ਤੋਂ 3 ਵਜੇ ਦੇ ਵਿਚਕਾਰ ਜਾਗਣ ਦੇ ਕਈ ਕਾਰਨ ਹੋ ਸਕਦੇ ਹਨ।
ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਾਰਨ ਸਰੀਰ ਦੀ ਕੁਦਰਤੀ 'ਸਰਕੇਡੀਅਨ ਰਿਦਮ' ਜਾਂ ਜੈਵਿਕ ਘੜੀ ਹੈ। ਇਸ ਸਮੇਂ ਸਰੀਰ ਹੌਲੀ-ਹੌਲੀ ਅਗਲੇ ਦਿਨ ਵਾਸਤੇ ਤਿਆਰੀ ਸ਼ੁਰੂ ਕਰ ਦਿੰਦਾ ਹੈ।
'ਕੋਰਟੀਸੋਲ' ਨਾਮਕ ਹਾਰਮੋਨ ਬਾਰੇ ਜਾਣਨਾ ਮਹੱਤਵਪੂਰਨ ਹੈ। ਇਹ ਹਾਰਮੋਨ ਸਾਨੂੰ ਜਾਗਣ ਵਿੱਚ ਮਦਦ ਕਰਦਾ ਹੈ।
ਨੀਂਦ ਦੌਰਾਨ ਇਸ ਦਾ ਪੱਧਰ ਵੱਧਦਾ ਹੈ। ਆਮ ਹਾਲਾਤਾਂ ਵਿੱਚ ਇਹ ਵਾਧਾ ਇੰਨਾ ਹੌਲੀ-ਹੌਲੀ ਹੁੰਦਾ ਹੈ ਕਿ ਸਾਨੂੰ ਇਸਦਾ ਪਤਾ ਵੀ ਨਹੀਂ ਚਲਦਾ ।
ਪਰ ਜੇ ਲਗਾਤਾਰ ਤਣਾਅ, ਚਿੰਤਾ ਜਾਂ ਨੀਂਦ ਵਿੱਚ ਵਿਘਨ ਬਣਿਆ ਰਹੇ ਤਾਂ ਕੋਰਟੀਸੋਲ ਦਾ ਪੱਧਰ ਪਹਿਲਾਂ ਹੀ ਵੱਧ ਹੋ ਸਕਦਾ ਹੈ।
ਅਜਿਹੇ ਮਾਮਲਿਆਂ ਵਿੱਚ ਇਹ ਕੁਦਰਤੀ ਵਾਧਾ ਅਚਾਨਕ ਇੱਕ 'ਚੇਤਾਵਨੀ ਸੰਕੇਤ' ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਨੀਂਦ ਵਿੱਚ ਰੁਕਾਵਟ ਪੈਦਾ ਕਰਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਰਾਤ ਨੂੰ ਨੀਂਦ ਖੁੱਲ੍ਹਣਾ ਸਮੱਸਿਆ ਨਹੀਂ ਹੈ, ਸਗੋਂ ਨੀਂਦ ਖੁੱਲ੍ਹਣ ਤੋਂ ਬਾਅਦ ਦੁਬਾਰਾ ਸੌਂ ਨਾ ਪਾਉਣਾ ਵੱਧ ਪਰੇਸ਼ਾਨੀ ਦਾ ਕਾਰਨ ਹੈ। ਲਗਾਤਾਰ ਸੋਚਣਾ, ਕੰਮ ਦੀਆਂ ਚਿੰਤਾਵਾਂ ਜਾਂ ਸਿਰਫ਼ 'ਨੀਂਦ ਨਾ ਆਉਣ' ਦੀ ਚਿੰਤਾ— ਇਹ ਸਾਰੀਆਂ ਗੱਲਾਂ ਦੁਬਾਰਾ ਸੌਣ ਵਿੱਚ ਰੁਕਾਵਟ ਬਣ ਸਕਦੀਆਂ ਹਨ।
ਪਨਵੇਲ ਦੇ ਮਨੋਚਿਕਿਤਸਕ ਡਾ. ਰਿਸ਼ਭ ਵਰਮਾ ਕਹਿੰਦੇ ਹਨ, "ਇਹ ਸਭ ਤੁਹਾਡੇ ਸਰੀਰ ਦੀ ਅੰਦਰੂਨੀ ਘੜੀ 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਆਮ ਤੌਰ 'ਤੇ ਰਾਤ 10 ਜਾਂ 11 ਵਜੇ ਸੌਂਦੇ ਹੋ ਤਾਂ ਸਵੇਰੇ 3:00 ਵਜੇ ਦਾ ਸਮਾਂ ਤੁਹਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਤੱਕ ਤੁਸੀਂ ਆਪਣੀ ਡੂੰਘੀ ਨੀਂਦ ਦਾ ਜ਼ਿਆਦਾਤਰ ਹਿੱਸਾ ਪੂਰਾ ਕਰ ਚੁੱਕੇ ਹੁੰਦੇ ਹੋ।"
"ਲਗਭਗ ਰਾਤ ਦੇ 2 ਤੋਂ 3 ਵਜੇ ਦੇ ਵਿਚਾਲੇ ਤੁਹਾਡਾ ਸਰੀਰ ਹੌਲੀ-ਹੌਲੀ ਸਵੇਰ ਲਈ ਤਿਆਰ ਹੋਣ ਲੱਗਦਾ ਹੈ।
ਤੁਹਾਡੇ ਸਰੀਰ ਦਾ ਤਾਪਮਾਨ ਸਭ ਤੋਂ ਘੱਟ ਹੋ ਜਾਂਦਾ ਹੈ ਅਤੇ ਤੁਹਾਡੇ ਅੰਦਰੂਨੀ ਤੰਤਰ ਹੌਲੀ-ਹੌਲੀ ਮੁੜ ਸਰਗਰਮ ਹੋਣ ਲੱਗਦੇ ਹਨ।
ਉਹ ਕਹਿੰਦੇ ਹਨ, "ਇਸ ਅਵਸਥਾ ਵਿੱਚ ਤੁਹਾਡੀ ਨੀਂਦ ਬਹੁਤ ਹਲਕੀ ਹੁੰਦੀ ਹੈ, ਇਸ ਲਈ ਥੋੜ੍ਹੀ ਜਿਹੀ ਵੀ ਹਲਚਲ, ਜਿਵੇਂ ਕਿ ਤੁਹਾਡੇ ਕੋਲ ਸੁੱਤੇ ਕਿਸੇ ਵਿਅਕਤੀ ਦਾ ਹਿੱਲਣਾ-ਡੁੱਲਣਾ, ਕੋਈ ਹਲਕੀ ਜਿਹੀ ਆਵਾਜ਼ ਜਾਂ ਇੱਥੋਂ ਤੱਕ ਕਿ ਤੁਹਾਡੇ ਮਨ ਵਿੱਚ ਚੱਲ ਰਹੇ ਵਿਚਾਰ ਵੀ ਤੁਹਾਨੂੰ ਆਸਾਨੀ ਨਾਲ ਜਗਾ ਸਕਦੇ ਹਨ।
ਕੀ ਇਸ ਤਰ੍ਹਾਂ ਜਾਗਣਾ ਆਮ ਗੱਲ ਹੈ ?
ਇਸ ਸਵਾਲ ਦੇ ਜਵਾਬ ਵਿੱਚ ਡਾ. ਰਿਸ਼ਭ ਵਰਮਾ ਨੇ ਕਿਹਾ, "ਇਹ ਬਿਲਕੁਲ ਆਮ ਗੱਲ ਹੈ। ਲੱਖਾਂ ਸਾਲ ਪਹਿਲਾਂ ਰਾਤ ਨੂੰ ਥੋੜ੍ਹੇ ਸਮੇਂ ਲਈ ਜਾਗਦੇ ਰਹਿਣਾ ਸਾਡੇ ਪੂਰਵਜਾਂ ਨੂੰ ਖ਼ਤਰਿਆਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦਾ ਸੀ। ਮੌਜੂਦਾ ਨੀਂਦ ਸਬੰਧੀ ਅਧਿਐਨਾਂ ਅਨੁਸਾਰ, ਸਿਹਤਮੰਦ ਬਾਲਗ ਅਸਲ ਵਿੱਚ ਹਰ ਰਾਤ 2 ਤੋਂ 4 ਵਾਰ ਜਾਗਦੇ ਹਨ।"
ਅਕਸਰ ਜਾਗਣ ਦੇ ਇਹ ਪਲ ਸਿਰਫ਼ ਕੁਝ ਸੈਕਿੰਡ ਤੱਕ ਰਹਿੰਦੇ ਹਨ ਅਤੇ ਤੁਸੀਂ ਤੁਰੰਤ ਸੌਂ ਜਾਂਦੇ ਹੋ। ਇਸ ਲਈ ਅਗਲੀ ਸਵੇਰ ਤੁਹਾਨੂੰ ਯਾਦ ਵੀ ਨਹੀਂ ਰਹਿੰਦਾ।
ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਜਾਗ ਰਹੇ ਹੁੰਦੇ ਹੋ, ਤੁਹਾਡਾ ਦਿਮਾਗ ਤੇਜ਼ੀ ਨਾਲ ਚੱਲ ਰਿਹਾ ਹੁੰਦਾ ਹੈ ਅਤੇ ਦੁਬਾਰਾ ਸੌਣਾ ਅਸੰਭਵ ਜਿਹਾ ਲੱਗਦਾ ਹੈ ਉਦੋਂ ਇਹ ਇੱਕ ਸਮੱਸਿਆ ਬਣ ਜਾਂਦੀ ਹੈ।
ਦੈਨਿਕ ਰੂਟੀਨ ਅਤੇ ਨੀਂਦ ਚੱਕਰ
ਸਰਕੇਡੀਅਨ ਲੈਅ ਦਿਮਾਗ ਦੇ ਇੱਕ ਹਿੱਸੇ ਦੁਆਰਾ ਨਿਯੰਤਰਿਤ ਹੁੰਦੀ ਹੈ ਜਿਸ ਨੂੰ ਸੁਪ੍ਰਾਕਿਆਜ਼ਮੈਟਿਕ ਨਿਊਕਲੀਅਸ ਕਿਹਾ ਜਾਂਦਾ ਹੈ ਜੋ ਦਿਨ-ਰਾਤ ਦੇ ਚੱਕਰ ਦੇ ਨਾਲ ਸਰੀਰ ਦੇ ਵੱਖ-ਵੱਖ ਕਾਰਜਾਂ ਦਾ ਤਾਲਮੇਲ ਬਣਾਈ ਰੱਖਦਾ ਹੈ।
ਸਵੇਰ-ਸਵੇਰੇ ਸਰੀਰ ਜਾਗਣ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਕੋਰਟੀਸੋਲ ਦਾ ਪੱਧਰ ਅਜੇ ਵੀ ਘੱਟ ਹੁੰਦਾ ਹੈ ਪਰ ਜਾਗਣ ਤੋਂ ਪਹਿਲਾਂ ਦੇ ਘੰਟਿਆਂ 'ਚ ਇਹ ਹੌਲੀ-ਹੌਲੀ ਵਧਣ ਲੱਗਦਾ ਹੈ।
ਇਸ ਦੇ ਨਾਲ ਹੀ ਡੂੰਘੀ ਨੀਂਦ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਆਰਈਐਮ (ਰੈਪਿਡ ਆਈ ਮੂਵਮੈਂਟ) ਨੀਂਦ ਵੱਧ ਜਾਂਦੀ ਹੈ।
ਆਰਈਐਮ ਨੀਂਦ ਮੁਕਾਬਲਤਨ ਹਲਕੀ ਹੁੰਦੀ ਹੈ ਅਤੇ ਇਸ ਦੌਰਾਨ ਦਿਮਾਗ ਦੀ ਗਤੀਵਿਧੀ ਵੱਧ ਹੁੰਦੀ ਹੈ। ਇਸ ਲਈ ਇਸ ਅਵਸਥਾ ਦੌਰਾਨ ਜਾਗਣ ਦੀ ਸੰਭਾਵਨਾ ਵੀ ਵੱਧ ਹੁੰਦੀ ਹੈ।
ਜਦੋਂ ਡਾ. ਰਿਸ਼ਭ ਵਰਮਾ ਤੋਂ ਪੁੱਛਿਆ ਗਿਆ ਕਿ ਨੀਂਦ ਦੇ ਚੱਕਰ ਕੀ ਹੁੰਦੇ ਹਨ ਅਤੇ ਉਨ੍ਹਾਂ ਦਾ ਜਾਗਣ ਦੇ ਸਮੇਂ ਨਾਲ ਕੀ ਸਬੰਧ ਹੈ ਤਾਂ ਉਨ੍ਹਾਂ ਨੇ ਕਿਹਾ, "ਸਾਡੀ ਨੀਂਦ ਲਹਿਰਾਂ ਜਾਂ 'ਚੱਕਰਾਂ' ਵਿੱਚ ਹੁੰਦੀ ਹੈ ਅਤੇ ਹਰ ਚੱਕਰ ਲਗਭਗ 90 ਮਿੰਟ ਲੰਬਾ ਹੁੰਦਾ ਹੈ। ਪਰ ਜਿਵੇਂ-ਜਿਵੇਂ ਰਾਤ ਗੁਜ਼ਰਦੀ ਜਾਂਦੀ ਹੈ, ਨੀਂਦ ਦੀ ਕਿਸਮ ਵੀ ਬਦਲਦੀ ਜਾਂਦੀ ਹੈ।"
ਡਾ. ਵਰਮਾ ਨੀਂਦ ਦੇ ਦੋ ਪੜਾਵਾਂ ਬਾਰੇ ਦੱਸਦੇ ਹਨ।
ਪਹਿਲਾ ਅੱਧਾ ਹਿੱਸਾ (ਰਾਤ 10 ਵਜੇ ਤੋਂ ਰਾਤ 2 ਵਜੇ ਤੱਕ):
ਇਸ ਦੌਰਾਨ ਡੂੰਘੀ ਨੀਂਦ ਆਉਣਾ ਆਮ ਗੱਲ ਹੈ। ਇਸ ਸਮੇਂ ਤੁਹਾਡਾ ਦਿਮਾਗ ਬਹੁਤ ਸ਼ਾਂਤ ਅਵਸਥਾ ਵਿੱਚ ਹੁੰਦਾ ਹੈ, ਜਿਸ ਕਾਰਨ ਤੁਹਾਡਾ ਜਾਗਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਦੂਜਾ ਹਿੱਸਾ (ਰਾਤ 2 ਵਜੇ ਤੋਂ ਸਵੇਰੇ 6 ਵਜੇ ਤੱਕ):
ਇਹ ਹਲਕੀ ਨੀਂਦ ਅਤੇ ਤੇਜ਼ ਨੇਤਰ ਗਤੀ (ਆਰਈਐਮ) ਨੀਂਦ ਦਾ ਸਮਾਂ ਹੁੰਦਾ ਹੈ। ਸਵੇਰੇ 3 ਵਜੇ ਤੱਕ ਤੁਸੀਂ ਲਗਭਗ ਪੂਰੀ ਤਰ੍ਹਾਂ ਹਲਕੀ ਨੀਂਦ ਵਿੱਚ ਹੁੰਦੇ ਹੋ ਜਾਂ ਸੁਪਨੇ ਦੇਖ ਰਹੇ ਹੁੰਦੇ ਹੋ। ਕਿਉਂਕਿ ਸੁਪਨੇ ਦੇਖਣ ਸਮੇਂ ਦਿਮਾਗ ਪਹਿਲਾਂ ਹੀ ਬਹੁਤ ਸਰਗਰਮ ਹੁੰਦਾ ਹੈ, ਇਸ ਲਈ ਇੱਕ ਛੋਟੀ ਜਿਹੀ ਰੁਕਾਵਟ ਵੀ ਤੁਹਾਨੂੰ ਪੂਰੀ ਤਰ੍ਹਾਂ ਜਗਾ ਸਕਦੀ ਹੈ।
ਇਸ 'ਚ ਹਾਰਮੋਨ ਅਤੇ ਦਿਮਾਗ ਦੀ ਕੀ ਭੂਮਿਕਾ ਹੁੰਦੀ ਹੈ ?
ਕੋਰਟੀਸੋਲ ਦੇ ਨਾਲ-ਨਾਲ ਕੁਝ ਹੋਰ ਹਾਰਮੋਨ ਵੀ ਇਸ ਲਈ ਜ਼ਿੰਮੇਵਾਰ ਹੁੰਦੇ ਹਨ।
ਅਸੀਂ ਇਸ ਬਾਰੇ ਡਾ. ਪ੍ਰਸ਼ਾਂਤ ਮਖੀਜਾ ਨੂੰ ਕੁਝ ਸਵਾਲ ਪੁੱਛੇ। ਉਹ ਮੁੰਬਈ ਸੈਂਟਰਲ ਸਥਿਤ ਵੋਕਹਾਰਟ ਹਸਪਤਾਲ ਵਿੱਚ ਕੰਸਲਟੈਂਟ ਨਿਊਰੋਲੋਜਿਸਟ ਵਜੋਂ ਕੰਮ ਕਰਦੇ ਹਨ।
ਕੋਰਟੀਸੋਲ ਤੋਂ ਇਲਾਵਾ ਹੋਰ ਕਿਹੜੇ ਹਾਰਮੋਨ ਇਸ ਲਈ ਜ਼ਿੰਮੇਵਾਰ ਹਨ ?
ਇਸ ਸਵਾਲ ਦੇ ਜਵਾਬ ਵਿੱਚ ਡਾ. ਮਖੀਜਾ ਨੇ ਕਿਹਾ, "ਨੀਂਦ ਦਾ ਕੰਟਰੋਲ ਕਈ ਹਾਰਮੋਨਾਂ ਦੀ ਸਾਂਝੀ ਕਿਰਿਆ 'ਤੇ ਨਿਰਭਰ ਕਰਦਾ ਹੈ। ਮੇਲਾਟੋਨਿਨ, ਜਿਸ ਨੂੰ ਨੀਂਦ ਦਾ ਹਾਰਮੋਨ ਕਿਹਾ ਜਾਂਦਾ ਹੈ, ਰਾਤ ਦੇ ਸਮੇਂ ਸਭ ਤੋਂ ਵੱਧ ਮਾਤਰਾ ਵਿੱਚ ਬਣਦਾ ਹੈ ਅਤੇ ਸਵੇਰ ਹੋਣ ਤੱਕ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਮੇਲਾਟੋਨਿਨ ਦਾ ਪੱਧਰ ਘੱਟ ਹੋਣ ਨਾਲ ਨੀਂਦ ਦੀ ਸਥਿਰਤਾ ਪ੍ਰਭਾਵਿਤ ਹੋ ਸਕਦੀ ਹੈ।"
ਹੋਰ ਹਾਰਮੋਨਾਂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਕੋਰਟੀਸੋਲ ਇੱਕ ਹਾਰਮੋਨ ਹੈ ਜੋ ਐਡ੍ਰੀਨਲ ਗ੍ਰੰਥੀਆਂ ਦੁਆਰਾ ਬਣਾਇਆ ਜਾਂਦਾ ਹੈ।
ਇਹ ਜਾਗਣ ਤੋਂ ਕੁਝ ਘੰਟੇ ਪਹਿਲਾਂ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਨੂੰ ਸੁਚੇਤ ਰੱਖਣ ਵਿੱਚ ਮਦਦ ਕਰਦਾ ਹੈ।
ਐਡ੍ਰੀਨੈਲਿਨ ਅਤੇ ਨੋਰਐਡ੍ਰੀਨੈਲਿਨ ਹਾਰਮੋਨ ਚਿੰਤਾ, ਲੰਬੇ ਸਮੇਂ ਦੇ ਤਣਾਅ, ਪੈਨਿਕ ਡਿਸਆਰਡਰ ਜਾਂ ਤੀਬਰ ਭਾਵਨਾਤਮਕ ਹਾਲਾਤਾਂ ਵਿੱਚ ਅਚਾਨਕ ਨੀਂਦ ਟੁੱਟਣ ਦਾ ਕਾਰਨ ਬਣ ਸਕਦੇ ਹਨ।"
ਇਸ ਤੋਂ ਇਲਾਵਾ, ਗ੍ਰੋਥ ਹਾਰਮੋਨ, ਇੰਸੁਲਿਨ ਅਤੇ ਪ੍ਰਜਨਨ ਨਾਲ ਸੰਬੰਧਿਤ ਹਾਰਮੋਨ ਵੀ ਅਸਿੱਧੇ ਤੌਰ 'ਤੇ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।
ਸਵੇਰੇ 3 ਵਜੇ ਜਾਗਣ ਤੋਂ ਬਾਅਦ ਮੇਰੇ ਦਿਮਾਗ ਵਿੱਚ ਇੰਨੇ ਸਾਰੇ ਵਿਚਾਰ ਕਿਉਂ ਆਉਣ ਲੱਗਦੇ ਹਨ?
ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਕਈ ਮਨੋਵਿਗਿਆਨਕ ਅਤੇ ਨਿਊਰੋਲੋਜਿਕਲ ਕਾਰਨ ਹੁੰਦੇ ਹਨ। ਰਾਤ ਦੇ ਸਮੇਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘੱਟ ਹੁੰਦੀਆਂ ਹਨ, ਇਸ ਲਈ ਅਚਾਨਕ ਜਾਗਣ ਤੋਂ ਬਾਅਦ ਦਿਮਾਗ ਦਾ ਧਿਆਨ ਅਧੂਰੇ ਕੰਮਾਂ, ਵਿੱਤੀ ਸਮੱਸਿਆਵਾਂ, ਨੌਕਰੀ ਦੇ ਤਣਾਅ ਜਾਂ ਨਿੱਜੀ ਚਿੰਤਾਵਾਂ ਵੱਲ ਵੱਧ ਕੇਂਦ੍ਰਿਤ ਹੋ ਜਾਂਦਾ ਹੈ।
ਡਾ. ਮਖੀਜਾ ਕਹਿੰਦੇ ਹਨ, "ਆਰਈਐਮ ਨੀਂਦ ਦੌਰਾਨ ਦਿਮਾਗ ਦੇ ਭਾਵਨਾਤਮਕ ਹਿੱਸੇ ਵੱਧ ਸਰਗਰਮ ਹੁੰਦੇ ਹਨ ਜਦਕਿ ਤਰਕ ਅਤੇ ਸਮੱਸਿਆ-ਹੱਲ ਕਰਨ ਵਾਲੇ ਹਿੱਸੇ ਤੁਲਨਾਤਮਕ ਤੌਰ 'ਤੇ ਘੱਟ ਸਰਗਰਮ ਹੁੰਦੇ ਹਨ। ਇਸ ਕਾਰਨ ਚਿੰਤਾਵਾਂ ਅਤੇ ਸਮੱਸਿਆਵਾਂ ਦਿਨ ਦੇ ਮੁਕਾਬਲੇ ਵੱਧ ਗੰਭੀਰ ਮਹਿਸੂਸ ਹੋ ਸਕਦੀਆਂ ਹਨ। ਇਹ ਸਮੱਸਿਆ ਚਿੰਤਾ ਰੋਗ, ਡਿਪ੍ਰੈਸ਼ਨ, ਲੰਬੇ ਸਮੇਂ ਦੇ ਤਣਾਅ ਜਾਂ ਬਰਨਆਊਟ ਨਾਲ ਪੀੜਤ ਲੋਕਾਂ ਵਿੱਚ ਵੱਧ ਆਮ ਹੁੰਦੀ ਹੈ।"
ਜਾਗਣ ਅਤੇ ਦੁਬਾਰਾ ਨੀਂਦ ਨਾ ਆਉਣ 'ਚ ਲੱਗਣ ਵਾਲੇ ਸਮੇਂ 'ਚ ਵਿਅਕਤੀਗਤ ਭਿੰਨਤਾਵਾਂ ਹੁੰਦੀਆਂ ਹਨ। ਡਾ. ਮਖੀਜਾ ਨੇ ਇਸ ਸਬੰਧ 'ਚ ਹੇਠਲੇ ਸਵਾਲਾਂ ਦੇ ਜਵਾਬ ਦਿੱਤੇ ਹਨ।
1. ਕੁਝ ਲੋਕ ਤੁਰੰਤ ਸੌਂ ਜਾਂਦੇ ਹਨ ਜਦੋਂਕਿ ਹੋਰ ਲੋਕ ਕਈ ਘੰਟਿਆਂ ਤੱਕ ਜਾਗਦੇ ਰਹਿੰਦੇ ਹਨ, ਅਜਿਹਾ ਕਿਉਂ ਹੁੰਦਾ ਹੈ ?
ਡਾ. ਪ੍ਰਸ਼ਾਂਤ ਮਖੀਜਾ ਮੁਤਾਬਕ ਇਹ ਮੁੱਖ ਰੂਪ ਨਾਲ ਵਿਅਕਤੀ ਦੀ ਮਾਨਸਿਕ ਅਤੇ ਸਰੀਰਕ ਉਤੇਜਨਾ ਦੇ ਪੱਧਰ 'ਤੇ ਨਿਰਭਰ ਕਰਦਾ ਹੈ। ਜੋ ਲੋਕ ਜਾਗਣ ਤੋਂ ਬਾਅਦ ਸ਼ਾਂਤ ਰਹਿੰਦੇ ਹਨ, ਉਨ੍ਹਾਂ ਨੂੰ ਆਸਾਨੀ ਨਾਲ ਨੀਂਦ ਆ ਜਾਂਦੀ ਹੈ। ਪਰ ਜੋ ਲੋਕ ਸੋਚਦੇ ਹਨ, "ਮੈਂ ਅਜੇ ਸੌਣਾ ਹੈ" ਜਾਂ "ਕੱਲ੍ਹ ਦਾ ਦਿਨ ਖਰਾਬ ਜਾਵੇਗਾ", ਉਨ੍ਹਾਂ ਦਾ ਤਣਾਅ ਵੱਧ ਜਾਂਦਾ ਹੈ ਅਤੇ ਨੀਂਦ 'ਚ ਹੋਰ ਦੇਰੀ ਹੋ ਜਾਂਦੀ ਹੈ।
ਚਿੰਤਾ, ਡਿਪ੍ਰੈਸ਼ਨ, ਪੁਰਾਣਾ ਦਰਦ, ਸਲੀਪ ਐਪਨਿਆ, ਰੇਸਟਲੈੱਸ ਲੈੱਗ ਸਿੰਡ੍ਰੋਮ, ਥਾਇਰਾਇਡ ਜਾਂ ਕੁਝ ਦਵਾਈਆਂ ਦੇ ਮਾੜੇ ਪ੍ਰਭਾਵ ਵੀ ਰਾਤ ਲੈੱਸ ਲੈੱਗ ਸਿੰਡ੍ਰੋਮ, ਥਾਇਰਾਇਡ ਜਾਂ ਕੁਝ ਦਵਾਈਆਂ ਦੇ ਮਾੜੇ ਪ੍ਰਭਾਵ ਵੀ ਰਾਤ ਭਰ ਜਾਗਣ 'ਚ ਸਮੱਸਿਆ ਪੈਦਾ ਕਰ ਸਕਦੇ ਹਨ।
2. ਕੀ ਉਮਰ ਅਤੇ ਨੀਂਦ ਦੀਆਂ ਆਦਤਾਂ ਇਸਨੂੰ ਪ੍ਰਭਾਵਿਤ ਕਰਦੀਆਂ ਹਨ ?
ਡਾ ਮਖੀਜਾ ਕਹਿੰਦੇ ਹਨ, "ਜੀ ਹਾਂ। ਇਨ੍ਹਾਂ ਦੋਹਾਂ ਵਿਚਾਲੇ ਸਬੰਧ ਹੈ। ਉਮਰ ਵਧਣ ਦੇ ਨਾਲ ਸਾਡੀ ਨੀਂਦ ਹਲਕੀ ਅਤੇ ਟੁੱਟਵੀਂ ਹੋ ਜਾਂਦੀ ਹੈ। ਡੂੰਘੀ ਨੀਂਦ ਘੱਟ ਹੋਣ ਕਾਰਨ ਬਜ਼ੁਰਗਾਂ 'ਚ ਰਾਤ ਨੂੰ ਵਾਰ-ਵਾਰ ਜਾਗਣ ਦੀ ਸੰਭਾਵਨਾ ਵੱਧ ਹੁੰਦੀ ਹੈ। ਕੁਝ ਲੋਕ ਸੁਭਾਵਿਕ ਰੂਪ ਨਾਲ ਜਲਦੀ ਸੌਂ ਜਾਂਦੇ ਹਨ ਜਦੋਂਕਿ ਕੁਝ ਦੇਰ ਨਾਲ ਸੌਂਦੇ ਹਨ।
ਉਨ੍ਹਾਂ ਦੇ ਸੌਣ ਅਤੇ ਜਾਗਣ ਦਾ ਸਮਾਂ ਉਨ੍ਹਾਂ ਦੇ ਸਰੀਰ ਦੀ ਕੁਦਰਤੀ ਜੈਵਿਕ ਘੜੀ ਮੁਤਾਬਕ ਬਦਲ ਸਕਦਾ ਹੈ। ਅਨਿਯਮਿਤ ਵਰਕਿੰਗ ਘੰਟੇ, ਸ਼ਿਫਟ 'ਚ ਕੰਮ ਜਾਂ ਲਗਾਤਾਰ ਯਾਤਰਾ ਕਰਕੇ ਸਰਕੇਡੀਅਨ ਲੈਅ ਵਿਗੜ ਸਕਦੀ ਹੈ ਅਤੇ ਰਾਤ 'ਚ ਵਾਰ-ਵਾਰ ਜਾਗਣ ਦੀ ਗਿਣਤੀ ਵੱਧ ਸਕਦੀ ਹੈ।
3. ਕੀ ਭੋਜਨ ਦਾ ਸਮਾਂ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ?
ਡਾ. ਮਖੀਜਾ ਮੁਤਾਬਕ ਨੀਂਦ ਦਾ ਸਬੰਧ ਭੋਜਨ ਨਾਲ ਵੀ ਹੈ। ਰਾਤ ਦਾ ਖਾਣਾ ਜਲਦੀ ਖਾਣ ਨਾਲ ਰਾਤ ਨੂੰ ਭੁੱਖ ਲੱਗ ਸਕਦੀ ਹੈ ਅਤੇ ਘੱਟ ਬਲੱਡ ਸ਼ੂਗਰ ਪੱਧਰ ਕਾਰਨ ਨੀਂਦ ਖੁੱਲ੍ਹ ਸਕਦੀ ਹੈ।
ਸੌਣ ਤੋਂ ਪਹਿਲਾਂ ਭਾਰੀ ਭੋਜਨ ਕਰਨ ਨਾਲ ਪਾਚਨ 'ਚ ਸਮੱਸਿਆ, ਐਸੀਡਿਟੀ, ਢਿੱਡ ਫੁੱਲਣਾ ਜਾਂ ਬੇਚੈਨੀ ਹੋ ਸਕਦੀ ਹੈ, ਜਿਸ ਨਾਲ ਨੀਂਦ 'ਚ ਰੁਕਾਵਟ ਪੈ ਸਕਦੀ ਹੈ। ਸ਼ਰਾਬ ਦਾ ਵੱਧ ਸੇਵਨ ਸ਼ੁਰੂ 'ਚ ਤਾਂ ਨੀਂਦ ਲਿਆ ਸਕਦਾ ਹੈ ਪਰ ਬਾਅਦ 'ਚ ਨੀਂਦ 'ਚ ਰੁਕਾਵਟ ਪਾ ਸਕਦਾ ਹੈ।
ਇਸ ਤੋਂ ਇਲਾਵਾ ਦੁਪਹਿਰ ਜਾਂ ਸ਼ਾਮ ਨੂੰ ਬਹੁਤ ਵੱਧ ਕੈਫੀਨ ਦਾ ਸੇਵਨ ਵੀ ਨੀਂਦ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।
4. ਕੀ ਪਾਣੀ ਅਤੇ ਸਰੀਰ ਦਾ ਤਾਪਮਾਨ ਮਹੱਤਵਪੂਰਨ ਹਨ?
ਡਾ. ਮਖੀਜਾ ਮੁਤਾਬਕ ਪਾਣੀ ਦੀ ਕਮੀ ਨਾਲ ਨੀਂਦ 'ਚ ਰੁਕਾਵਟ ਪੈਦਾ ਹੋ ਸਕਦੀ ਹੈ ਜਿਵੇਂ ਮੂੰਹ ਸੁੱਕਣਾ, ਪਿਆਸ ਲੱਗਣਾ, ਸਿਰ ਦਰਦ ਜਾਂ ਬੇਚੈਨੀ। ਸੌਂਦੇ ਸਮੇਂ ਸਰੀਰ ਦਾ ਤਾਪਮਾਨ ਸੁਭਾਵਿਕ ਤੌਰ 'ਤੇ ਘੱਟ ਹੋ ਜਾਂਦਾ ਹੈ।
ਜੇਕਰ ਕਮਰਾ ਬਹੁਤ ਗਰਮ, ਉਮਸ ਭਰਿਆ ਜਾਂ ਅਸੁਵਿਧਾਜਨਕ ਹੋਵੇ ਤਾਂ ਨੀਂਦ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਸ਼ੋਰ-ਸ਼ਰਾਬਾ, ਰੌਸ਼ਨੀ, ਅਸੁਵਿਧਾਜਨਕ ਗੱਦਾ ਜਾਂ ਖਰਾਬ ਵੈਂਟੀਲੇਸ਼ਨ ਵਰਗੇ ਕੁਦਰਤੀ ਕਾਰਕ ਵੀ ਇਸ 'ਚ ਯੋਗਦਾਨ ਪਾ ਸਕਦੇ ਹਨ।
ਸਧਾਰਨ ਨੀਂਦ ਸਬੰਧੀ ਗੜਬੜ ਅਤੇ ਲਗਾਤਾਰ ਵਾਰ-ਵਾਰ ਜਾਗਣ ਨਾਲ ਨੀਂਦ ਨੂੰ ਲੈਕੇ ਆਉਣ ਵਾਲੀ ਸਮੱਸਿਆ ਵਿਚਾਲੇ ਫਰਕ ਸਿਰਫ ਇੱਕ ਡਾਕਟਰ ਹੀ ਦੱਸ ਸਕਦਾ ਹੈ। ਰਾਤ 'ਚ ਕਦੇ-ਕਦੇ ਜਾਗਣਾ ਆਮ ਗੱਲ ਹੈ ਅਤੇ ਇਸ ਲਈ ਕਿਸੇ ਮੈਡੀਕਲ ਇਲਾਜ ਦੀ ਲੋੜ ਨਹੀਂ ਹੁੰਦੀ।
ਹਾਲਾਂਕਿ ਜੇਕਰ ਕੋਈ ਵਿਅਕਤੀ ਵਾਰ-ਵਾਰ ਜਾਗਦਾ ਹੈ ਅਤੇ ਉਸਨੂੰ ਦੁਬਾਰਾ ਸੌਣ 'ਚ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਨੂੰ ਨੀਂਦ 'ਚ ਰੁਕਾਵਟ ਦੀ ਸਮੱਸਿਆ (ਸਲੀਪ ਮੈਂਟੇਨੈਂਸ ਇਨਸੋਮਨੀਆ) ਕਿਹਾ ਜਾਂਦਾ ਹੈ।
ਨੀਂਦ 'ਤੇ ਸਕ੍ਰੀਨ ਟਾਈਮ ਦਾ ਪ੍ਰਭਾਵ
ਕੀ ਸਕ੍ਰੀਨ ਟਾਈਮ, ਦੇਰ ਨਾਲ ਖਾਣਾ ਜਾਂ ਪਾਣੀ ਨੀਂਦ ਦੇ ਪੈਟਰਨ ਨੂੰ ਪ੍ਰਭਾਵਿਤ ਕਰਦੇ ਹਨ ?
ਅਸੀਂ ਡਾ. ਰਿਸ਼ਭ ਵਰਮਾ ਤੋਂ ਪੁੱਛਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਚੀਜ਼ਾਂ ਨੀਂਦ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਤਿੰਨੇ ਕਾਰਕਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ-
ਸ਼ਰਾਬ- ਸਵੇਰੇ ਤਿੰਨ ਵਜੇ ਜਾਗਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ। ਸ਼ਰਾਬ ਪੀਣ ਨਾਲ ਤੁਹਾਨੂੰ ਜਲਦੀ ਨੀਂਦ ਆ ਸਕਦੀ ਹੈ ਪਰ ਅਗਲੇ ਤਿੰਨ ਤੋਂ ਚਾਰ ਘੰਟਿਆਂ ਦਰਮਿਆਨ ਜਦੋਂ ਤੁਹਾਡਾ ਲਿਵਰ ਇਸਨੂੰ ਪ੍ਰੋਸੈੱਸ ਕਰਦਾ ਹੈ ਤਾਂ ਇਹ ਉੱਤੇਜਕ ਵਾਂਗ ਕੰਮ ਕਰਦੀ ਹੈ। ਇਸ ਨਾਲ ਤੁਹਾਡੀ ਨੀਂਦ 'ਚ ਰੁਕਾਵਟ ਪੈਦਾ ਹੁੰਦੀ ਹੈ। ਖਾਸ ਤੌਰ 'ਤੇ ਸਵੇਰ ਦੀ ਹਲਕੀ ਨੀਂਦ ਦੌਰਾਨ।
ਰਾਤ ਨੂੰ ਦੇਰ ਨਾਲ ਖਾਣਾ- ਸੌਂਣ ਤੋਂ ਪਹਿਲਾਂ ਭਾਰੀ ਜਾਂ ਮਿੱਠੇ ਖਾਦ ਪਦਾਰਥ ਖਾਣ ਨਾਲ ਢਿੱਡ ਨੂੰ ਆਮ ਨਾਲੋਂ ਵੱਧ ਕੰਮ ਕਰਨਾ ਪੈਂਦਾ ਹੈ। ਇਸ ਤੋਂ ਵੀ ਮਾੜਾ ਇਹ ਹੈ ਕਿ ਜੇਕਰ ਤੁਸੀਂ ਖੰਡ ਨਾਲ ਭਰਪੂਰ ਕੋਈ ਚੀਜ਼ ਖਾਂਦੇ ਹੋ ਤਾਂ ਤੁਹਾਡੇ ਬਲੱਡ 'ਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ ਅਤੇ ਫਿਰ ਕੁਝ ਘੰਟਿਆਂ ਬਾਅਦ ਅਚਾਨਕ ਡਿੱਗ ਜਾਂਦਾ ਹੈ। ਜਦੋਂ ਸ਼ੂਗਰ ਦਾ ਪੱਧਰ ਡਿੱਗਦਾ ਹੈ ਤਾਂ ਸਰੀਰ ਇਸ ਨੂੰ ਸਥਿਰ ਕਰਨ ਲਈ ਤਣਾਅ ਹਾਰਮੋਨ ਜਾਰੀ ਕਰਦਾ ਹੈ।
ਸਕ੍ਰੀਨ ਟਾਈਮ- ਰਾਤ ਨੂੰ ਦੇਰ ਤੱਕ ਫੋਨ ਜਾਂ ਟੈਬਲੇਟ ਦਾ ਇਸਤੇਮਾਲ ਕਰਨ ਨਾਲ ਅੱਖਾਂ 'ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ ਕਿਉਂਕਿ ਇਸ ਤੋਂ ਨੀਲੀ ਰੌਸ਼ਨੀ ਨਿਕਲਦੀ ਹੈ। ਇਸ ਤੁਹਾਡੇ ਦਿਮਾਗ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ ਕਿ ਅਜੇ ਵੀ ਦਿਨ ਦਾ ਸਮਾਂ ਹੈ, ਜਿਸ ਨਾਲ ਸਰੀਰ ਦੇ ਕੁਦਰਤੀ ਨੀਂਦ ਦੇ ਸੰਕੇਤ ਪ੍ਰਭਾਵਿਤ ਹੁੰਦੇ ਹਨ ਅਤੇ ਨੀਂਦ ਬੇਚੈਨ ਹੋ ਜਾਂਦੀ ਹੈ।
ਬਿਹਤਰ ਨੀਂਦ ਲਈ ਤੁਸੀਂ ਕੀ ਕਰੋਗੇ?
ਜੇਕਰ ਤੁਸੀਂ ਆਪਣੇ ਦਿਮਾਗ ਨੂੰ ਰਾਤ ਸਮੇਂ ਵਾਰ-ਵਾਰ ਜਾਗੇ ਬਿਨਾਂ ਸੁੱਤੇ ਰਹਿਣ ਲਈ ਟ੍ਰੇਨ ਕਰਨਾ ਚਾਹੁੰਦੇ ਹੋ ਤਾਂ ਸ਼ਾਮ ਨੂੰ ਆਪਣੇ ਸਰੀਰ ਨੂੰ ਸ਼ਾਂਤ ਕਰਨ ਅਤੇ ਅੱਧੀ ਰਾਤ ਨੂੰ ਜਾਗਣ ਦੀ ਸਮੱਸਿਆ ਨਾਲ ਨਜਿੱਠਣਾ ਮਹੱਤਵਪੂਰਨ ਹੈ।
1 . ਸੌਣ ਤੋਂ ਇੱਕ-ਦੋ ਘੰਟੇ ਪਹਿਲਾਂ ਸਕ੍ਰੀਨ ਤੋਂ ਦੂਰ ਰਹੋ
ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਆਪਣਾ ਫੋਨ, ਟੈਬਲੇਟ ਅਤੇ ਕੰਪਿਊਟਰ ਬੰਦ ਕਰ ਦਿਓ। ਇਸ ਦੀ ਥਾਂ ਹਲਕੀ ਰੌਸ਼ਨੀ 'ਚ ਕੋਈ ਕਿਤਾਬ ਪੜ੍ਹੋ ਜਾਂ ਸੁਕੂਨ ਦੇਣ ਵਾਲਾ ਸੰਗੀਤ ਸੁਣੋ ਤਾਂ ਜੋ ਤੁਹਾਡੇ ਦਿਮਾਗ ਨੂੰ ਇਹ ਸੰਕੇਤ ਮਿਲ ਸਕੇ ਕਿ ਦਿਨ ਖਤਮ ਹੋ ਗਿਆ ਹੈ।
2. ਸੌਣ ਤੋਂ 3 ਘੰਟੇ ਪਹਿਲਾਂ ਆਪਣੇ ਖਾਣ-ਪੀਣ 'ਤੇ ਧਿਆਨ ਦਿਓ
ਸੌਣ ਤੋਂ ਠੀਕ ਪਹਿਲਾਂ ਸ਼ਰਾਬ ਪੀਣ ਤੋਂ ਬਚੋ ਅਤੇ ਰਾਤ ਨੂੰ ਦੇਰ ਨਾਲ ਭਾਰੀ ਜਾਂ ਮਿੱਠੇ ਖਾਦ ਪਦਾਰਥ ਖਾਣ ਤੋਂ ਗੁਰੇਜ਼ ਕਰੋ। ਜੇਕਰ ਭੁੱਖ ਲੱਗੇ ਤਾਂ ਪ੍ਰੋਟੀਨ ਅਤੇ ਹੈਲਦੀ ਫੈਟਸ ਨਾਲ ਭਰਪੂਰ ਹਲਕਾ ਨਾਸ਼ਤਾ (ਜਿਵੇਂ ਕੁਝ ਬਦਾਮ) ਖਾ ਲਓ, ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਸਥਿਰ ਰਹੇਗਾ।
3. ਜਦੋਂ ਤੁਸੀਂ ਸਵੇਰੇ 2-3 ਵਜੇ ਉੱਠਦੇ ਹੋ ਤਾਂ 20 ਮਿੰਟ ਦੇ ਨਿਯਮ ਦਾ ਪਾਲਣ ਕਰੋ
ਜੇਕਰ ਤੁਹਾਨੂੰ ਨੀਂਦ ਆ ਜਾਵੇ ਤਾਂ ਆਪਣਾ ਫੋਨ ਜਾਂ ਘੜੀ ਨਾ ਦੇਖੋ। ਜੇਕਰ 3:12 ਜਾਂ 3:15 ਵੱਜ ਰਹੇ ਹੋਣ ਤਾਂ ਤੁਸੀਂ ਤੁਰੰਤ ਹਿਸਾਬ ਲਗਾਉਣ ਲੱਗਦੇ ਹੋ ਕਿ ਤੁਹਾਡੀ ਕਿੰਨੀ ਨੀਂਦ ਬਚੀ ਹੈ ਅਤੇ ਇਸ ਨਾਲ ਤੁਹਾਡਾ ਤਣਾਅ ਵੱਧ ਜਾਂਦਾ ਹੈ। ਜੇਕਰ ਤੁਸੀਂ ਕਰੀਬ 20 ਮਿੰਟ ਤੋਂ ਲੇਟੇ ਹੋਏ ਹੋ ਤਾਂ ਬਿਸਤਰ ਤੋਂ ਉੱਠ ਕੇ ਬੈਠ ਜਾਓ।
4. ਕਿਸੇ ਨੀਰਸ ਵਾਤਾਵਰਨ 'ਚ ਖੁਦ ਨੂੰ ਸ਼ਾਂਤ ਕਰੋ: ਅਜਿਹਾ ਉਦੋਂ ਕਰੋ ਜਦੋਂ ਤੁਸੀਂ ਜਾਗ ਰਹੇ ਹੋਵੋ ਜਾਂ ਬਿਸਤਰ ਤੋਂ ਬਾਹਰ ਹੋਵੋ
ਕਿਸੇ ਦੂਜੇ ਕਮਰੇ 'ਚ ਚਲੇ ਜਾਓ ਜਾਂ ਹਲਕੀ ਰੌਸ਼ਨੀ 'ਚ ਕਿਸੀ ਅਰਾਮਦਾਇਕ ਕੁਰਸੀ 'ਤੇ ਬੈਠ ਜਾਓ। ਕੁਝ ਸ਼ਾਂਤ ਜਾਂ ਸੁਕੂਨ ਦੇਣ ਵਾਲਾ ਕੰਮ ਕਰੋ, ਜਿਵੇਂ ਸਧਾਰਨ, ਬੋਰ ਕਰਨ ਵਾਲੀ ਮੈਗਜ਼ੀਨ ਪੜ੍ਹਨਾ ਜਾਂ ਕੁਝ ਹਲਕੀ ਸਾਹ ਲੈਣ ਦੀ ਕਸਰਤ ਕਰਨਾ।
ਜਦੋਂ ਤੱਕ ਤੁਹਾਡੀਆਂ ਅੱਖਾਂ ਬਹੁਤ ਭਾਰੀਆਂ ਨਾ ਹੋਣ ਉਦੋਂ ਤੱਕ ਬਿਸਤਰ 'ਚ ਵਾਪਸ ਨਾ ਜਾਓ। ਇਸ ਨਾਲ ਤੁਹਾਡੇ ਦਿਮਾਗ ਨੂੰ ਇਹ ਸਿੱਖ ਮਿਲੇਗੀ ਕਿ ਬਿਸਤਰ ਆਰਾਮ ਨਾਲ ਸੌਣ ਦੀ ਜਗ੍ਹਾ ਹੈ, ਚਿੰਤਾ ਕਰਨ ਦੀ ਨਹੀਂ।
ਜੇਕਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਕੋਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੇ ਭੋਜਨ 'ਚ ਬਦਲਾਅ ਲਿਆਉਣਾ ਚਾਹੁੰਦੇ ਹੋ, ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਅਤੇ ਯੋਗ ਟ੍ਰੇਨਰ ਦੀ ਮਦਦ ਲੈਣਾ ਮਹੱਤਵਪੂਰਨ ਹੈ।
ਬਿਹਤਰ ਇਹੀ ਹੋਵੇਗਾ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਠੀਕ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ 'ਤੇ ਹੀ ਜੀਵਨਸ਼ੈਲੀ 'ਚ ਬਦਲਾਅ ਕਰੋ। ਡਾਕਟਰ ਦੀ ਸਲਾਹ ਤੋਂ ਬਿਨਾਂ ਆਪਣੇ ਆਪ ਕੋਈ ਵੀ ਇਲਾਜ ਕਰਨਾ ਖਤਰਨਾਕ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ