ਦਿੱਲੀ ਵਿੱਚ 9 ਸਾਲਾ ਬੱਚੀ ਦੇ ਬਲਾਤਕਾਰ ਅਤੇ ਪੁਜਾਰੀ ਵੱਲੋਂ ਸਸਕਾਰ ਕੀਤੇ ਜਾਣ ਤੋਂ ਬਾਅਦ ਲੋਕਾਂ ਦੀ ਨਾਰਾਜ਼ਗੀ ਦਾ ਪੂਰਾ ਮਾਮਲਾ - ਗਰਾਉਂਡ ਰਿਪੋਰਟ

ਦਿੱਲੀ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਫਿਰ ਅਸ਼ਸ਼ਾਨ ਘਰ ਦੇ ਪੁਜਾਰੀ ਵੱਲੋਂ ਸਸਕਾਰ ਕੀਤੇ ਜਾਣ ਦਾ ਮਾਮਲਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਦਿੱਲੀ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਫਿਰ ਅਸ਼ਸ਼ਾਨ ਘਰ ਦੇ ਪੁਜਾਰੀ ਵੱਲੋਂ ਸਸਕਾਰ ਕੀਤੇ ਜਾਣ ਦਾ ਮਾਮਲਾ
    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਦਿੱਲੀ ਦੀ 'ਪੁਰਾਣੀ ਨਾਂਗਲ' ਬਸਤੀ ਤੱਕ ਆਉਣ ਵਾਲੇ ਸਾਰੇ ਹੀ ਰਾਹਾਂ ਨੂੰ 1 ਅਗਸਤ ਦੀ ਰਾਤ ਤੋਂ ਸੀਲ ਕਰ ਦਿੱਤਾ ਗਿਆ ਸੀ। ਇਸ ਸੜਕ ਉੱਤੇ ਲੋਕ ਉਦੋਂ ਤੋਂ ਹੀ ਧਰਨਾ ਦੇ ਕੇ ਬੈਠੇ ਹੋਏ ਹਨ।

ਇਕੱਠ ਆਏ ਦਿਨ ਵੱਧਦਾ ਜਾ ਰਿਹਾ ਹੈ ਅਤੇ ਤਿੱਖੀ ਤੇ ਕੜਕਦੀ ਧੁੱਪ ਅਤੇ ਸਿੱਲ੍ਹ ਦੇ ਬਾਵਜੂਦ ਬਸਤੀ ਦੇ ਲੋਕ ਪਿੱਛੇ ਹੱਟਣ ਲਈ ਬਿਲਕੁੱਲ ਵੀ ਤਿਆਰ ਨਹੀਂ ਹਨ।

ਧਰਨੇ ਉੱਤੇ ਬੈਠੇ ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਦੀ ਬਸਤੀ ਦੀ 9 ਸਾਲਾ ਬੱਚੀ ਦੇ ਕਤਲ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਦਰਜ ਮਾਮਲੇ ਦਾ ਨਿਪਟਾਰਾ 'ਫਾਸਟ ਟ੍ਰੈਕ' ਅਦਾਲਤ ਵਿੱਚ ਕੀਤਾ ਜਾਵੇ ਤਾਂ ਕਿ ਪੀੜ੍ਹਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲ ਸਕੇ।

ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਵਿੱਚ ਪੁਲਿਸ ਵੱਲੋਂ ਕੀਤੀ ਗਈ ਢਿੱਲ ਕਾਰਨ ਵੀ ਲੋਕਾਂ ਵਿੱਚ ਗੁੱਸੇ ਦੀ ਲਹਿਰ ਹੈ।

ਉਹ ਉਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕਰ ਰਹੇ ਹਨ, ਜਿੰਨ੍ਹਾਂ ਉੱਤੇ ਕਥਿਤ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੀੜ੍ਹਤ ਪਰਿਵਾਰ ਨੂੰ ਹੀ 15 ਘੰਟਿਆਂ ਤੱਕ ਦਿੱਲੀ ਕੈਂਟ ਥਾਣੇ ਵਿੱਚ ਬਿਠਾ ਕੇ ਰੱਖਿਆ ਅਤੇ ਨਾਲ ਹੀ ਰਿਪੋਰਟ ਲਿਖਣ ਵਿੱਚ ਵੀ ਦੇਰੀ ਕੀਤੀ।

ਇਹ ਵੀ ਪੜ੍ਹੋ:

1 ਅਗਸਤ ਨੂੰ ਸ਼ਾਮ 5 ਵਜੇ ਤੱਕ ਇਸ ਪਰਿਵਾਰ ਦੇ ਤਿੰਨ ਮੈਂਬਰ ਸਨ, ਜੋ ਕਿ ਕੂੜਾ ਚੁੱਕ ਕੇ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ।

ਉਸ ਦਿਨ ਜਦੋਂ ਮਾਂ ਨੇ ਆਪਣੀ 9 ਸਾਲ ਦੀ ਧੀ ਨੂੰ ਨੇੜਲੇ ਸ਼ਮਸ਼ਾਨ ਘਾਟ ਉੱਤੇ ਲੱਗੇ ਕੂਲਰ ਤੋਂ ਠੰਡਾ ਪਾਣੀ ਲੈਣ ਲਈ ਭੇਜਿਆ ਤਾਂ ਉਸ ਨੂੰ ਇਸ ਗੱਲ ਦਾ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਧੀ ਕਿਸ ਮੁਸ਼ਕਲ ਵਿੱਚ ਫਸਣ ਵਾਲੀ ਹੈ।

ਕੁਝ ਹੀ ਪਲਾਂ ਵਿੱਚ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ।

ਜਦੋਂ ਕੁਝ ਸਮੇਂ ਤੱਕ ਧੀ ਵਾਪਸ ਨਾ ਪਰਤੀ ਤਾਂ ਉਸ ਦੀ ਮਾਂ ਨੇ ਆਸ-ਪਾਸ ਲੱਭਣਾ ਸ਼ੁਰੂ ਕੀਤਾ ਅਤੇ ਸ਼ਮਸ਼ਾਨ ਘਾਟ ਜਾ ਕੇ ਵੀ ਵੇਖਿਆ।

ਇਸ ਮਾਮਲੇ ਵਿੱਚ ਦਰਜ ਰਿਪੋਰਟ ਮੁਤਾਬਕ ਜਦੋਂ ਮਾਂ ਮੌਕੇ ਵਾਲੀ ਜਗ੍ਹਾ ਉੱਤੇ ਪਹੁੰਚੀ ਤਾਂ ਦੇਖਿਆ ਕਿ ਉਸ ਦੀ ਧੀ ਜ਼ਮੀਨ ਉੱਤੇ ਬੇਜਾਨ ਪਈ ਹੋਈ ਸੀ।

ਉਸ ਦੀ ਨੱਕ 'ਚੋਂ ਖੂਨ ਨਿਕਲ ਰਿਹਾ ਸੀ ਅਤੇ ਬੁੱਲ੍ਹ ਅਤੇ ਜੀਭ ਦੋਵੇਂ ਹੀ ਨੀਲੇ ਪੈ ਗਏ ਸਨ। ਉਸ ਦੇ ਪੂਰੇ ਸਰੀਰ ਉੱਤੇ ਨੋਚਣ ਦੇ ਨਿਸ਼ਾਨ ਸਨ ਅਤੇ ਉਸ ਦੇ ਕੱਪੜੇ ਗਿੱਲੇ ਸਨ।

ਉਸ ਨਾਲ ਕੀ ਵਾਪਰਿਆ ਸੀ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਪਰ ਮਾਂ ਨੂੰ ਸ਼ੱਕ ਸੀ ਕਿ ਉਸ ਦੀ ਮਾਸੂਮ ਨਾਲ 'ਬਲਾਤਕਾਰ' ਕੀਤਾ ਗਿਆ ਹੈ।

ਮਾਂ ਨੂੰ ਧਮਕਾਇਆ ਗਿਆ ਅਤੇ ਬੱਚੀ ਦੀ ਲਾਸ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਦਿੱਲੀ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਫਿਰ ਅਸ਼ਸ਼ਾਨ ਘਰ ਦੇ ਪੁਜਾਰੀ ਵੱਲੋਂ ਸਸਕਾਰ ਕੀਤੇ ਜਾਣ ਦਾ ਮਾਮਲਾ
ਤਸਵੀਰ ਕੈਪਸ਼ਨ, ਸ਼ਮਸ਼ਾਨ ਘਾਟ ਵਿੱਚ ਪੀਣ ਵਾਲੇ ਪਾਣੀ ਦਾ ਕੂਲਰ ਲੱਗਿਆ ਹੋਇਆ ਸੀ, ਇਸ ਲਈ ਪਿਤਾ ਦੇ ਦੱਸਣ ਮੁਤਾਬਕ ਕੁੜੀ ਅਕਸਰ ਹੀ ਉੱਥੋਂ ਪਾਣੀ ਲੈਣ ਜਾਂਦੀ ਸੀ।

'ਮਾਂ ਨੂੰ ਧਮਕਾਇਆ ਗਿਆ'

ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ ਅਤੇ ਉਹ ਵਾਰ-ਵਾਰ ਬੇਹੋਸ਼ ਹੋ ਰਹੀ ਸੀ।

ਪਿਤਾ ਦੀ ਹਾਲਤ ਵੀ ਬਹੁਤ ਬੁਰੀ ਸੀ। ਬਹੁਤ ਮੁਸ਼ਕਲ ਨਾਲ ਲੋਕ ਉਨ੍ਹਾਂ ਨੂੰ ਸੰਭਾਲ ਰਹੇ ਸਨ। ਮਾਂ ਰੋਂਦੀ ਕਰਲਾਉਂਦੀ ਆਪਣੀ ਧੀ ਨੂੰ ਆਵਾਜ਼ਾਂ ਦੇ ਰਹੀ ਸੀ। ਨੇੜੇ-ਤੇੜੇ ਦੀਆਂ ਔਰਤਾਂ ਉਸ ਨੂੰ ਹੌਂਸਲਾ, ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਫਿਰ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਹ ਘਟਨਾ ਬਾਰੇ ਦੱਸਦੀ ਹੈ ਅਤੇ ਫਿਰ ਅਚਾਨਕ ਬੇਜੋਸ਼ ਹੋ ਜਾਂਦੀ ਹੈ।

ਉਹ ਕਹਿਣਾ ਤਾਂ ਬਹੁਤ ਕੁਝ ਚਾਹੁੰਦੀ ਸੀ ਪਰ ਗੱਲ ਕਰਦਿਆਂ ਹੀ ਉਹ ਸੁੱਧ ਖੋ ਰਹੀ ਸੀ।

ਉਹ ਵਾਰ-ਵਾਰ ਕਹਿ ਰਹੀ ਸੀ ਕਿ ਜਦੋਂ ਆਪਣੀ ਧੀ ਨੂੰ ਲੱਭਦਿਆਂ ਉਹ ਸ਼ਮਸ਼ਾਨ ਘਾਟ ਪਹੁੰਚੀ ਅਤੇ ਉਸ ਨੂੰ ਜ਼ਮੀਨ ਉੱਤੇ ਬੇਸੁੱਧ ਪਾਇਆ ਤਾਂ ਉੱਥੇ ਮੌਜੂਦ ਪੁਜਾਰੀ ਅਤੇ ਤਿੰਨ ਹੋਰ ਕਰਮਚਾਰੀਆਂ ਨੇ ਉਸ ਨੂੰ ਕਿਹਾ ਕਿ ਕੂਲਰ ਵਿੱਚ ਕਰੰਟ ਆ ਰਿਹਾ ਸੀ, ਜਿਸ ਕਰਕੇ ਉਸ ਦੀ ਧੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ।

ਫਿਰ ਪੁਜਾਰੀ ਅਤੇ ਉਸ ਦੇ ਤਿੰਨ ਸਾਥੀਆਂ ਨੇ ਬੱਚੀ ਦੀ ਮਾਂ ਨੂੰ ਡਰਾਇਆ ਧਮਕਾਇਆ ਅਤੇ ਕਿਹਾ ਕਿ ਉਹ ਪੁਲਿਸ ਨੂੰ ਇਸ ਬਾਰੇ ਸੂਚਨਾ ਨਾ ਦੇਵੇ।

ਜੇਕਰ ਉਸ ਨੇ ਅਜਿਹਾ ਕੀਤਾ ਤਾਂ ਪੋਸਟਮਾਰਟਮ ਕਰਨ ਮੌਕੇ ਡਾਕਟਰ ਉਸ ਦੀ ਧੀ ਦੇ ਅੰਗ ਕੱਢ ਲੈਣਗੇ।

ਪੀੜ੍ਹਤ ਪਰਿਵਾਰ ਦੇ ਗੁਆਂਢੀ ਨਿਤਿਨ ਬਗਹਾ ਨੇ ਉਸ ਦਿਨ ਦੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਬੀਬੀਸੀ ਨੂੰ ਦੱਸਿਆ ਕਿ ਪੁਜਾਰੀ ਅਤੇ ਉਸ ਦੇ ਸਹਿਯੋਗੀਆਂ ਨੇ ਸ਼ਮਸ਼ਾਨ ਘਾਟ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ।

ਨਿਤਿਨ ਨੇ ਅੱਗੇ ਕਿਹਾ, "ਜਦੋਂ ਧੀ ਨੂੰ ਲੱਭਣ ਗਈ ਮਾਂ ਵੀ ਵਾਪਸ ਨਾ ਪਰਤੀ ਤਾਂ ਪਿਤਾ ਵੀ ਪਰੇਸ਼ਾਨ ਹੋ ਗਏ ਅਤੇ ਸ਼ਮਸ਼ਾਨ ਘਾਟ ਵੱਲ ਗਏ। ਫਿਰ ਵਾਪਸ ਆ ਕੇ ਉਨ੍ਹਾਂ ਨੇ ਆਪਣੇ ਗੁਆਂਢੀਆਂ ਨੂੰ ਦੱਸਿਆ ਕਿ ਦਰਵਾਜ਼ਾ ਅੰਦਰੋਂ ਬੰਦ ਹੈ। ਅਸੀਂ ਲੋਕ ਇਕੱਠੇ ਹੋ ਗਏ ਅਤੇ ਜਦੋਂ ਦਰਵਾਜ਼ਾ ਤੋੜ ਕੇ ਅਸੀਂ ਅੰਦਰ ਵੜ੍ਹੇ ਤਾਂ ਬੱਚੀ ਦੀ ਚਿਤਾ ਬਲ ਰਹੀ ਸੀ। ਉਦੋਂ ਤੱਕ ਰਾਤ ਦੇ 10 ਵੱਜ ਚੁੱਕੇ ਸਨ।"

ਦਿੱਲੀ ਪੁਲਿਸ
ਤਸਵੀਰ ਕੈਪਸ਼ਨ, ਦਿੱਲੀ ਸਰਕਾਰ ਨੇ ਵੀ ਮਾਮਲੇ ਦੀ ਜਾਂਚ ਇੱਕ ਮੈਜਿਸਟ੍ਰੇਟ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ

ਪੁਲਿਸ ਦੀ ਲਾਪਰਵਾਹੀ

ਨਿਤਿਨ ਨੇ ਦੱਸਿਆ ਕਿ "ਪੁਲਿਸ ਨੂੰ ਇਸ ਬਾਰੇ ਦੱਸਿਆ ਗਿਆ ਸੀ, ਪਰ ਜਦੋਂ ਅਸੀਂ ਜਲਦੀ ਚਿਤਾ ਉੱਤੇ ਪਾਣੀ ਪਾ ਰਹੇ ਸੀ ਤਾਂ ਪੁਲਿਸ ਨੇ ਸਾਨੂੰ ਹੀ ਅਜਿਹਾ ਕਰਨ ਤੋਂ ਰੋਕਿਆ।"

ਪੁਲਿਸ ਨੇ ਇਸ ਮਾਮਲੇ ਵਿੱਚ ਜਿੰਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਉਸ ਵਿੱਚ ਪੁਜਾਰੀ ਰਾਧੇਸ਼ਿਆਮ ਤੋਂ ਇਲਾਵਾ ਕੁਲਦੀਪ, ਲਕਸ਼ਮੀ ਨਾਰਾਇਣ ਅਤੇ ਸਲੀਮ ਸ਼ਾਮਲ ਹਨ।

ਜਦੋਂ ਤੱਕ ਅੱਗ ਨੂੰ ਪਾਣੀ ਨਾਲ ਬੁਝਾਇਆ ਗਿਆ ਸੀ ਉਦੋਂ ਤੱਕ ਸਿਰਫ ਮਰਹੂਮ ਬੱਚੀ ਦੇ ਪੈਰ ਹੀ ਬੱਚੇ ਸਨ। ਬਾਕੀ ਸਾਰਾ ਸਰੀਰ ਅੱਗ ਦੀ ਭੇਟ ਚੜ੍ਹ ਚੁੱਕਾ ਸੀ।

ਦਿੱਲੀ ਕੈਂਟ ਥਾਣੇ ਵਿੱਚ ਤਾਇਨਾਤ 'ਫੌਰੈਂਸਿਕ ਟੀਮ' ਨੇ ਚਿਤਾ ਦੀ ਰਾਖ ਅਤੇ ਲਾਸ਼ ਤੋਂ ਬਰਾਮਦ ਕੀਤੇ ਗਏ ਪੈਰਾਂ ਨੂੰ ਜਾਂਚ ਦੇ ਲਈ ਲੈਬ ਵਿੱਚ ਭੇਜ ਦਿੱਤਾ ਹੈ ਤਾਂ ਕਿ ਵਧੇਰੇ ਜਾਣਕਾਰੀ ਮਿਲ ਸਕੇ।"

ਬੀਬੀਸੀ ਨੇ ਜਦੋਂ ਦਿੱਲੀ ਕੈਂਟ ਦੇ ਐੱਸਐਚਓ ਜਗਦੀਸ਼ ਰਾਏ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਇੰਨ੍ਹਾਂ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਚਿਤਾ ਉੱਤੇ ਪਾਣੀ ਪਾ ਕੇ ਅੱਗ ਬੁਝਾਈ ਸੀ।

ਉਹ ਅੱਗੇ ਦੱਸਦੇ ਹਨ ਕਿ ਇਹ ਘਟਨਾ ਸ਼ਾਮ ਦੇ 6 ਵਜੇ ਦੀ ਸੀ ਜਦਕਿ ਪੁਲਿਸ ਨੂੰ ਇਸ ਦੀ ਖ਼ਬਰ ਰਾਤ ਦੇ 10:30 ਵਜੇ ਮਿਲੀ ਸੀ।

ਉਹ ਕਹਿੰਦੇ ਹਨ, "ਸੂਚਨਾ ਮਿਲਦੇ ਹੀ ਅਸੀਂ ਮੌਕੇ ਵਾਲੀ ਜਗ੍ਹਾ ਉੱਤੇ ਪਹੁੰਚੇ ਅਤੇ ਉਸ ਸਮੇਂ ਚਿਤਾ ਬਲ ਰਹੀ ਸੀ।"

ਇਹ ਵੀ ਪੜ੍ਹੋ:

ਭੀਖ ਤੇ ਕੂੜੇ ’ਤੇ ਨਿਰਭਰ ਪਰਿਵਾਰ

ਮੌਕਾ ਏ ਵਾਰਦਾਤ ਭਾਵ ਸ਼ਮਸ਼ਾਨ ਘਾਟ ਦੇ ਬਿਲਕੁਲ ਸਾਹਮਣੇ ਪੀਰ ਬਾਬਾ ਦੀ ਦਰਗਾਹ ਹੈ, ਜਿੱਥੇ ਪੀੜ੍ਹਤ ਪਰਿਵਾਰ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਕਿਉਂਕਿ ਇਹ ਛਾਉਣੀ ਦਾ ਇਲਾਕਾ ਹੈ ਇਸ ਲਈ ਚਾਰੇ ਪਾਸੇ ਫੌਜੀ ਅਦਾਰੇ ਹਨ। ਬਸਤੀ ਦੇ ਜਿਸ ਘਰ ਵਿੱਚ ਪਰਿਵਾਰ ਰਹਿੰਦਾ ਹੈ, ਉਸ ਵਿੱਚ ਇੱਕ ਪੁਰਾਣਾ ਟੁੱਟਿਆ ਹੋਇਆ ਮੰਜਾ, ਪੁਰਾਣੇ ਕੱਪੜੇ ਅਤੇ ਭਾਂਡੇ ਪਏ ਸਨ।

ਘਰ ਦੀਆਂ ਖਿੱਲਰੀਆਂ ਚੀਜ਼ਾਂ ਪਰਿਵਾਰ ਦੀ ਮਾੜੀ ਹਾਲਤ ਦੀ ਗਵਾਹੀ ਭਰਦੀਆਂ ਹਨ।

ਆਂਢ-ਗੁਆਂਢ ਦੇ ਲੋਕ ਦੱਸਦੇ ਹਨ ਕਿ ਇਹ ਪਰਿਵਾਰ ਕੂੜਾ ਕਰਕਟ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਕੋਰੋਨਾ ਕਾਲ ਦੇ ਦੌਰਾਨ ਇੰਨ੍ਹਾਂ ਅੱਗੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਦੀ ਚੁਣੌਤੀ ਆ ਗਈ ਸੀ।

ਮਹਾਮਾਰੀ ਦੇ ਕਾਰਨ ਸਭ ਕੁਝ ਬੰਦ ਹੋ ਗਿਆ ਸੀ। ਇਸ ਲਈ ਜਦੋਂ ਫਿਰ ਇੱਕ ਵਾਰ ਸਭ ਪਹਿਲਾਂ ਵਾਂਗ ਹੋਇਆ ਤਾਂ ਪੀੜ੍ਹਤ ਪਰਿਵਾਰ ਪੀਰ ਬਾਬਾ ਦੀ ਦਰਗਾਹ ਉੱਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗਿਆ।

ਪੀੜ੍ਹਤ ਪਰਿਵਾਰ ਦੇ ਗੁਆਂਢੀ ਨਿਤਿਨ ਦੱਸਦੇ ਹਨ ਕਿ ਜਦੋਂ ਖਾਣ ਨੂੰ ਕੁਝ ਨਾ ਮਿਲਦਾ ਤਾਂ ਉਹ ਦੂਜੇ ਘਰਾਂ ਤੋਂ ਮੰਗ ਕੇ ਆਪਣਾ ਪੇਟ ਭਰਦੇ ਸਨ।

ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਸਾਫ਼ ਨਜ਼ਰ ਆ ਰਹੀ ਹੈ।

ਦਿੱਲੀ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਫਿਰ ਅਸ਼ਸ਼ਾਨ ਘਰ ਦੇ ਪੁਜਾਰੀ ਵੱਲੋਂ ਸਸਕਾਰ ਕੀਤੇ ਜਾਣ ਦਾ ਮਾਮਲਾ
ਤਸਵੀਰ ਕੈਪਸ਼ਨ, 'ਪੁਰਾਣੀ ਨਾਂਗਲ' ਬਸਤੀ ਵਿੱਚ ਗੁਆਂਢੀ ਸੂਬਿਆਂ ਤੋਂ ਦਲਿਤਾਂ ਅਤੇ ਮਹਿਲਾ ਸੰਗਠਨਾਂ ਦੇ ਕਾਰਕੁਨਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ

'ਮਾਮਲਾ ਰਫ਼ਾ-ਦਫ਼ਾ ਕਰਨ ਨੂੰ ਕਿਹਾ ਗਿਆ'

ਬੱਚੀ ਦੇ ਪਿਤਾ ਨੇ ਦੱਸਿਆ ਕਿ ਇਸ ਸਮੇਂ ਗਰਮੀ ਆਪਣੇ ਸਿਖਰਾਂ ਉੱਤੇ ਸੀ ਅਤੇ ਸ਼ਮਸ਼ਾਨ ਘਾਟ ਵਿੱਚ ਪੀਣ ਵਾਲੇ ਪਾਣੀ ਦਾ ਕੂਲਰ ਲੱਗਿਆ ਹੋਇਆ ਸੀ, ਇਸ ਲਈ ਅਕਸਰ ਹੀ ਉਨ੍ਹਾਂ ਦੀ ਧੀ ਉੱਥੋਂ ਪਾਣੀ ਲੈਣ ਜਾਂਦੀ ਸੀ।

ਉਹ ਇੱਕਲੀ ਹੀ ਜਾਂਦੀ ਸੀ ਅਤੇ ਹਮੇਸ਼ਾ ਵਾਂਗ ਉਸ ਦਿਨ ਵੀ ਉਹ ਗਈ।

ਉਹ ਅੱਗੇ ਦੱਸਦੇ ਹਨ ਕਿ ਪਹਿਲਾਂ ਤਾਂ ਮੁਲਜ਼ਮਾਂ ਨੇ "ਪੈਸੇ ਦਾ ਲਾਲਚ ਦੇ ਕੇ ਮਾਮਲਾ ਰਫ਼ਾ ਦਫ਼ਾ" ਕਰਨ ਲਈ ਸਾਡੇ ਉੱਤੇ ਜ਼ੋਰ ਪਾਇਆ।

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਗੁਆਂਢੀਆਂ ਤੋਂ ਪਤਾ ਲੱਗਿਆ ਸੀ ਕਿ ਸ਼ਮਸ਼ਾਨ ਘਾਟ ਵਿੱਚ ਕੁਝ ਹੋਇਆ ਹੈ। ਕਿਉਂਕਿ ਪਹਿਲਾਂ ਧੀ ਗਈ ਅਤੇ ਫਿਰ ਪਤਨੀ ਵੀ ਉਸ ਨੂੰ ਲੱਭਣ ਲਈ ਗਈ ਸੀ, ਇਸ ਲਈ ਉਹ ਵੀ ਸ਼ਮਸ਼ਾਨ ਘਾਟ ਵੱਲ ਦੌੜ ਪਏ। ਇਹ ਸ਼ਾਮ ਦੇ 7:30 ਵਜੇ ਦੀ ਗੱਲ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਉੱਥਏ ਪਹੁੰਚੇ ਤਾਂ ਉਨ੍ਹਾਂ ਨੇ ਪੁਜਾਰੀ ਨੂੰ ਪੁੱਛਿਆ ਕਿ ਇੱਥੇ ਕੀ ਹੋਇਆ ਹੈ, ਤਾਂ ਪੁਜਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਅੱਗੇ ਨਾ ਵਧਾਇਆ ਜਾਵੇ।

ਸਾਲ 2012 ਵਿੱਚ ਦਿੱਲੀ ਵਿੱਚ ਵਾਪਰੇ ਨਿਰਭਿਆ ਬਲਾਤਕਾਰ ਅਤੇ ਕਤਲ ਮਾਮਲੇ ਦੀ ਵਕੀਲ ਸੀਮਾ ਕੁਸ਼ਵਾਹਾ ਦਾ ਕਹਿਣਾ ਸੀ ਕਿ ਸ਼ੱਕ ਇਸ ਗੱਲ ਤੋਂ ਹੀ ਪੈਦਾ ਹੁੰਦਾ ਹੈ ਕਿ ਬੱਚੀ ਨੂੰ ਤੁਰੰਤ ਸਾੜਨ ਦਾ ਯਤਨ ਕੀਤਾ ਗਿਆ ਹੈ।

ਉਹ ਕਹਿੰਦੀ ਹੈ, "ਜੇਕਰ ਸਿਰਫ ਕਰੰਟ ਲੱਗਣ ਨਾਲ ਹੀ ਬੱਚੀ ਦੀ ਮੌਤ ਹੋਈ ਸੀ ਤਾਂ ਦੋਸ਼ੀਆਂ ਨੇ ਉਸ ਨੂੰ ਸਾੜਨ ਦੀ ਕੋਸ਼ਿਸ਼ ਕਿਉਂ ਕੀਤੀ? ਕਿਉਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਖ਼ਬਰ ਨਹੀਂ ਕੀਤੀ? ਜਾਂ ਫਿਰ ਕਿਉਂ ਉਸ ਨੂੰ ਹਸਪਤਾਲ ਲਿਜਾਣ ਯਤਨ ਨਹੀਂ ਕੀਤਾ?"

"ਇਹ ਵੀ ਪਤਾ ਨਹੀਂ ਹੈ ਕਿ ਸਾੜਨ ਤੋਂ ਪਹਿਲਾਂ ਉਹ ਜ਼ਿੰਦਾ ਸੀ ਜਾਂ ਫਿਰ ਨਹੀਂ। ਇੰਨ੍ਹਾਂ ਸਾਰੀਆਂ ਗੱਲਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਕੀ ਹੋਇਆ ਹੋਵੇਗਾ।"

ਇਹ ਵੀ ਪੜ੍ਹੋ:

ਦਿੱਲੀ ਪੁਲਿਸ
ਤਸਵੀਰ ਕੈਪਸ਼ਨ, ਜਦੋਂ ਤੱਕ ਅੱਗ ਨੂੰ ਪਾਣੀ ਨਾਲ ਬੁਝਾਇਆ ਗਿਆ ਸੀ ਉਦੋਂ ਤੱਕ ਸਿਰਫ ਮਰਹੂਮ ਬੱਚੀ ਦੇ ਪੈਰ ਹੀ ਬੱਚੇ ਸਨ। ਬਾਕੀ ਸਾਰਾ ਸਰੀਰ ਅੱਗ ਦੀ ਭੇਟ ਚੜ੍ਹ ਚੁੱਕਾ ਸੀ।

ਲੋਕਾਂ ਵਿੱਚ ਗੁੱਸੇ ਦੀ ਲਹਿਰ

ਲੋਕਾਂ ਵਿੱਚ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਵੀ ਰੋਸ ਹੈ। ਦਲਿਤ ਸੰਗਠਨ ਅਤੇ ਸਥਾਨਕ ਲੋਕ ਉਨ੍ਹਾਂ ਜ਼ਿੰਮੇਵਾਰ ਅਫ਼ਸਰਾਂ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਹਨ ਜਿੰਨ੍ਹਾਂ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੀੜ੍ਹਤ ਪਰਿਵਾਰ ਨੂੰ ਘੰਟਿਆਂ ਬੱਧੀ ਥਾਣੇ ਵਿੱਚ ਹੀ ਬੈਠਾ ਕੇ ਰੱਖਿਆ ਸੀ।

ਇਸ ਗੱਲ ਨੂੰ ਲੈ ਕੇ ਵੀ ਲੋਕਾਂ ਵਿੱਚ ਨਾਰਾਜ਼ਗੀ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹਲਕੀ ਐੱਫਆਈਆਰ ਦਰਜ ਕੀਤੀ ਗਈ ਅਤੇ ਉਸ ਦੀ ਕਾਪੀ ਪੀੜ੍ਹਤ ਪਰਿਵਾਰ ਨੂੰ ਨਹੀਂ ਦਿੱਤੀ ਗਈ ਸੀ।

ਸਮਾਜਿਕ ਕਾਰਕੁਨ ਅਤੇ ਬਲਾਤਕਾਰ ਦੀਆਂ ਘਟਨਾਵਾਂ ਦੇ ਵਿਰੁੱਧ ਕੰਮ ਕਰਨ ਵਾਲੀ ਯੋਗਿਤਾ ਭਿਆਨਾ ਦਾ ਕਹਿਣਾ ਹੈ ਕਿ ਪੁਲਿਸ ਨੇ ਪੀੜ੍ਹਤ ਪਰਿਵਾਰ ਉੱਤੇ ਇਹ ਕਹਿਣ ਲਈ ਦਬਾਅ ਪਾਇਆ ਕਿ ਉਨ੍ਹਾਂ ਦੀ ਬੱਚੀ ਦੀ ਮੌਤ 'ਕਰੰਟ ਲੱਗਣ' ਕਾਰਨ ਹੋਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ "ਥਾਣੇ ਵਿੱਚ 15 ਘੰਟਿਆਂ ਤੱਕ ਪਰਿਵਾਰ ਉੱਤੇ ਦਬਾਅ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜ੍ਹਤ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਪਰੇਸ਼ਾਨ ਕੀਤਾ ਗਿਆ। ਦਬਾਅ ਹੇਠ ਉਨ੍ਹਾਂ ਤੋਂ ਧਾਰਾ 164 ਦੇ ਤਹਿਤ ਬਿਆਨ ਵੀ ਲਿਆ ਗਿਆ। ਇਸ ਬਿਆਨ ਵਿੱਚ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਉਨ੍ਹਾਂ ਦੀ ਬੱਚੀ ਦੀ ਮੌਤ ਕਰੰਟ ਲੱਗਣ ਨਾਲ ਹੀ ਹੋਈ ਹੈ।"

"ਸ਼ੁਰੂ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਸਿਰਫ ਕਤਲ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੀਆਂ ਧਾਰਾਵਾਂ ਹੀ ਲਗਾਈਆਂ ਗਈਆਂ ਸਨ।"

ਸੋਮਵਾਰ, 3 ਅਗਸਤ ਨੂੰ ਇਸ ਮਾਮਲੇ ਵਿੱਚ ਮੁੜ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ, ਜਿਸ ਦੀ ਇੱਕ ਕਾਪੀ ਏਸੀਪੀ ਦਲੀਪ ਸਿੰਘ ਨੇ ਖੁਦ ਧਰਨੇ ਵਾਲੀ ਜਗ੍ਹਾ ਉੱਤੇ ਜਾ ਕੇ ਪੀੜ੍ਹਤ ਪਰਿਵਾਰ ਨੂੰ ਸੌਂਪੀ।

ਇਸ ਤੋਂ ਪਹਿਲਾਂ ਏਸੀਪੀ ਨੇ ਬੀਬੀਸੀ ਨੂੰ ਦੱਸਿਆ ਕਿ ਐਫਆਈਆਰ ਵਿੱਚ ਅਨੁਸੂਚਿਤ ਜਾਤੀ, ਜਨਜਾਤੀ ਅੱਤਿਆਚਾਰ ਐਕਟ ਤੋਂ ਇਲਾਵਾ ਧਾਰਾ 302, 376,506 ਅਤੇ ਸੈਕਸੁਅਲ ਅਪਰਾਧਾਂ ਤੋਂ ਬੱਚਿਆ ਦੀ ਸੁਰੱਖਿਆ ਐਕਟ, 2012 ਦੀਆਂ ਧਾਰਨਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਦਿਨ ਘਟਨਾ ਵਾਪਰੀ ਸੀ, ਉਸੇ ਦਿਨ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਪੀੜ੍ਹਤ ਪਰਿਵਾਰ ਦਾ ਬਿਆਨ ਪੁਲਿਸ ਥਾਣੇ ਵਿੱਚ ਨਹੀਂ ਬਲਕਿ ਮੈਜਿਸਟ੍ਰੇਟ ਦੇ ਸਾਹਮਣੇ ਹੋਇਆ ਹੈ, ਇਸ ਲਈ ਦਬਾਅ ਦੇ ਦੋਸ਼ ਸਿਰੇ ਤੋਂ ਗਲਤ ਹਨ।

ਵੀਡੀਓ ਕੈਪਸ਼ਨ, ਮੰਦਰ ’ਚ ਪਾਣੀ ਪੀਣ ਆਏ ਮੁਸਲਿਮ ਬੱਚੇ ਦੀ ਕੁੱਟਮਾਰ ਦੀ ਪੂਰੀ ਕਹਾਣੀ ਆਖ਼ਰ ਕੀ ਹੈ

ਲੋਕਾਂ ਦੀ ਮੰਗ ਕੀ ਹੈ?

ਲੋਕਾਂ ਦਾ ਗੁੱਸਾ, ਨਾਰਾਜ਼ਗੀ ਅਤੇ ਰੋਸ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਨਹੀਂ ਕਰਦੀ ਅਤੇ ਜਦੋਂ ਤੱਕ ਪੀੜ੍ਹਤ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਹੈ, ਉਦੋਂ ਤੱਕ ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

'ਪੁਰਾਣੀ ਨਾਂਗਲ' ਬਸਤੀ ਵਿੱਚ ਗੁਆਂਢੀ ਸੂਬਿਆਂ ਤੋਂ ਦਲਿਤਾਂ ਅਤੇ ਮਹਿਲਾ ਸੰਗਠਨਾਂ ਦੇ ਕਾਰਕੁਨਾਂ ਦਾ ਪਹੁੰਚਣਾ ਲਗਾਤਾਰ ਜਾਰੀ ਹੈ।

ਸ਼ਾਰਦਾ ਦੀਕਸ਼ਿਤ ਇੱਕ ਸਭਿਆਚਾਰਕ ਸੰਗਠਨ ਨਾਲ ਸਬੰਧਿਤ ਹੈ ਅਤੇ ਉਹ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਦੇ ਦੱਬੇ-ਕੁਚਲੇ ਵਰਗ ਦੇ ਲੋਕਾਂ ਨੂੰ ਇਨਸਾਫ਼ ਹਾਸਲ ਕਰਨ ਲਈ ਕਿੰਨੀ ਜੱਦੋ-ਜਹਿਦ ਕਰਨੀ ਪੈਂਦੀ ਹੈ, ਉਸ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ।

ਉਹ ਅੱਗੇ ਕਹਿੰਦੀ ਹੈ ਕਿ ਸਿਰਫ ਜਾਤ ਹੀ ਨਹੀਂ ਬਲਕਿ ਜਦੋਂ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰੀ ਪ੍ਰਣਾਲੀ ਦਾ ਰਵੱਈਆ ਹੀ ਬਦਲ ਜਾਂਦਾ ਹੈ।

ਇਸ ਲਈ ਹੀ ਇਹ ਸੰਗਠਨ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

ਬੁੱਧਵਾਰ ਦੀ ਸਵੇਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ।

ਉੱਥੇ ਹੀ ਦਿੱਲੀ ਸਰਕਾਰ ਨੇ ਵੀ ਮਾਮਲੇ ਦੀ ਜਾਂਚ ਇੱਕ ਮੈਜਿਸਟ੍ਰੇਟ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੀੜ੍ਹਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 10 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।

ਹਾਲਾਂਕਿ ਸਾਬਕਾ ਸੰਸਦ ਮੈਂਬਰ ਅਤੇ ਅਨੁਸੂਚਿਤ ਜਾਤੀ/ਜਨਜਾਤੀ ਸੰਗਠਨਾਂ ਦੇ ਸੰਘ ਦੇ ਪ੍ਰਧਾਨ ਉਦਿਤ ਰਾਜ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਨੂੰ ਮੁਆਵਜ਼ੇ ਵੱਜੋਂ ਇੱਕ ਕਰੋੜ ਰੁਪਏ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)