ਇਸ ਪਿੰਡ ਨੇ ਮਰੇ ਹੋਏ ਬੰਦੇ ਨੂੰ ਵੋਟਾਂ ਪਾ ਕੇ ਬਣਾਇਆ ਸਰਪੰਚ

ਵੀਡੀਓ ਕੈਪਸ਼ਨ, ਮੌਤ ਤੋਂ ਬਾਅਦ ਮਿਲੀ ਸਰਪੰਚੀ, ਪਰ ਹੁਣ ਇਹ ਪੇਚ ਫਸਿਆ
    • ਲੇਖਕ, ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

ਹਰਿਆਣਾ ਦੀਆਂ ਪੰਚਾਇਤੀ ਚੋਣਾਂ ’ਚ ਮੌਤ ਤੋਂ 8 ਦਿਨਾਂ ਬਾਅਦ ਇੱਕ ਵਿਅਕਤੀ ਦੇ ਚੋਣ ਜਿੱਤਣ ਦਾ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ ਇਹ ਮਾਮਲਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਜੰਧੇੜੀ ਪਿੰਡ ਦਾ ਹੈ ਜਿੱਥੇ ਲੋਕਾਂ ਨੇ ਇੱਕ ਅਜਿਹੇ ਉਮੀਦਵਾਰ ਨੂੰ ਸਰਪੰਚ ਚੁਣਿਆ ਜਿਸ ਦੀ ਵੋਟਾਂ ਤੋਂ ਕਈ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ।

ਹਰਿਆਣਾ ਵਿੱਚ 12 ਨਵੰਬਰ ਨੂੰ ਪਈਆਂ ਸਰਪੰਚੀ ਦੀਆਂ ਵੋਟਾਂ ਲਈ ਉਮੀਦਵਾਰ ਰਾਜਬੀਰ ਸਿੰਘ ਨੇ 28 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ।

ਉਹ ਆਪਣੀ ਉਮਰ ਦੇ 40ਵਿਆਂ ਵਿੱਚ ਸਨ, ਪਰ ਰਾਜਬੀਰ ਸਿੰਘ ਨੂੰ 1 ਨਵੰਬਰ ਨੂੰ ਬਰੇਨ ਹੈਮਰੇਜ ਹੋ ਗਿਆ ਸੀ।

ਉਹ ਤਿੰਨ ਦਿਨ ਤੱਕ ਹਸਪਤਾਲ ਵਿੱਚ ਦਾਖ਼ਲ ਰਹੇ ਅਤੇ 4 ਨਵੰਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਜੰਧੇੜੀ ਪਿੰਡ

ਤਸਵੀਰ ਸਰੋਤ, Kamla Saini/BBC

ਤਸਵੀਰ ਕੈਪਸ਼ਨ, ਪਿੰਡ ਵਾਸੀਆਂ ਨੇ ਮ੍ਰਿਤਕ ਰਾਜਬੀਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਜੇਤੂ ਕਰਵਾ ਕੇ ‘ਸ਼ਰਧਾਂਜਲੀ’ ਦਿੱਤੀ

ਲੋਕਾਂ ਨੇ ਰਾਜਬੀਰ ਸਿੰਘ ਨੂੰ ਚੁਣਿਆ ਸਰਪੰਚ

ਜੰਧੇੜੀ ਪਿੰਡ ਦੇ ਰਹਿਣ ਵਾਲੇ ਅੰਕੁਸ਼ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੁੱਲ 1790 ਵੋਟਾਂ ਹਨ।

ਇਨ੍ਹਾਂ ਵਿੱਚੋਂ 1660 ਵੋਟਾਂ ਪਈਆਂ ਸਨ ਅਤੇ ਰਾਜਬੀਰ ਨੂੰ 684 ਵੋਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਗਿਆ।

ਇਨ੍ਹਾਂ ਵੋਟਾਂ ਦੇ ਨਤੀਜੇ ਵੀ ਵੋਟਾਂ ਵਾਲੇ ਦਿਨ ਦੀ ਸ਼ਾਮ ਨੂੰ ਹੀ ਐਲਾਨ ਦਿੱਤੇ ਗਏ ਸਨ।

ਲਾਈਨ

ਕੀ ਹੈ ਮਾਮਲਾ

  • ਹਰਿਆਣਾ ਦੀਆਂ ਪੰਚਾਇਤੀ ਚੋਣਾਂ ’ਚ ਮੌਤ ਤੋਂ 8 ਦਿਨਾਂ ਬਾਅਦ ਇੱਕ ਵਿਅਕਤੀ ਦੇ ਚੋਣ ਜਿੱਤਣ ਦਾ ਮਾਮਲਾ ਸਾਹਮਣੇ ਆਇਆ ਹੈ
  • 40 ਸਾਲਾ ਰਾਜਬੀਰ ਸਿੰਘ ਨੂੰ ਚੋਣਾਂ ਤੋਂ ਪਹਿਲਾਂ 1 ਨਵੰਬਰ ਨੂੰ ਬਰੇਨ ਹੈਮਰੇਜ ਹੋ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ
  • ਫਿਰ ਵੀ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਚੋਣਾਂ ਵਿੱਚ ਜੇਤੂ ਕਰਵਾਇਆ
  • ਚੋਣ ਮੁਕਾਬਲੇ ਵਿੱਚ ਕੁੱਲ 3 ਉਮੀਦਵਾਰ ਹੋਣ ਕਾਰਨ ਪਹਿਲਾਂ ਇਹ ਚੋਣਾਂ ਮੁਲਤਵੀ ਨਹੀਂ ਕਰਵਾਈਆਂ ਗਈਆਂ ਸਨ
  • ਅਧਿਕਾਰੀਆਂ ਅਨੁਸਾਰ, ਜੇਤੂ ਦੇ ਮ੍ਰਿਤਕ ਹੋਣ ਕਾਰਨ ਇਸ ਦੀ ਰਿਪੋਰਟ ਸਟੇਟ ਚੋਣ ਅਫ਼ਸਰ ਨੂੰ ਭੇਜੀ ਜਾਵੇਗੀ ਤੇ ਅਗਲੇ 6 ਮਹੀਨਿਆਂ 'ਚ ਮੁੜ ਚੋਣਾਂ ਕਰਵਾਈਆਂ ਜਾਣਗੀਆਂ
ਲਾਈਨ

ਲੋਕਾਂ ਨੇ ਰਾਜਬੀਰ ਦਾ ਖੁੱਲ੍ਹ ਕੇ ਕੀਤਾ ਸਮਰਥਨ

ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਰਾਜਬੀਰ ਸਿੰਘ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਤੇ ਉਹ ਕਈ ਦਿਨਾਂ ਤੱਕ ਲੋਕਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰਦੇ ਰਹੇ।

ਪਰ ਉਨ੍ਹਾਂ ਨੂੰ ਬਰੇਨ ਹੈਮਰੇਜ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਪਿੰਡ ਵਾਸੀਆਂ ਨੇ ਮ੍ਰਿਤਕ ਰਾਜਬੀਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਜੇਤੂ ਕਰਵਾ ਕੇ ‘ਸ਼ਰਧਾਂਜਲੀ’ ਦਿੱਤੀ।

ਲਾਈਨ

ਇਹ ਵੀ ਪੜ੍ਹੋ-

ਲਾਈਨ

'ਜੇ ਅੱਜ ਉਹ ਹੁੰਦੇ ਤਾਂ ਜਸ਼ਨ ਮਨਾਏ ਜਾਂਦੇ'

ਰਾਜਬੀਰ ਸਿੰਘ ਦੇ ਰਿਸ਼ਤੇਦਾਰ ਨਾਇਬ ਸਿੰਘ ਨੇ ਬੀਬੀਸੀ ਨਾਲ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੀ ਸਿਹਤ ਦਾ ਠੀਕ ਤਰ੍ਹਾਂ ਨਾਲ ਧਿਆਨ ਨਹੀਂ ਰੱਖਦੇ ਸਨ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਹਕਲਾ ਅਟੈਕ ਜਾਂ ਦੌਰਾ ਆ ਚੁੱਕਿਆ ਸੀ।

ਉਹ ਕਹਿੰਦੇ ਹਨ ਕਿ ਰਾਜਬੀਰ ਸਿੰਘ ਦੀ ਸੋਚ ਬਹੁਤ ਵੱਡੀ ਸੀ। ''ਉਹ ਕਹਿੰਦੇ ਸਨ ਕਿ ਮੈਂ ਪਿੰਡ ਲਈ ਅਜਿਹਾ ਕੰਮ ਕਰ ਜਾਵਾਂਗਾ ਜੋ ਨਾ ਕਦੇ ਕਿਸੇ ਨੇ ਕੀਤਾ ਤੇ ਨਾ ਕੋਈ ਕਰੇਗਾ।''

ਨਾਇਬ ਸਿੰਘ ਮੁਤਾਬਕ, ਉਨ੍ਹਾਂ ਦੀ ਉਮਰ 44 ਸਾਲ ਸੀ ਤੇ ਉਹ ਪਿਛਲੇ ਲਗਭਗ 3 ਸਾਲ ਤੋਂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਸਨ।

ਨਾਇਬ ਕਹਿੰਦੇ ਹਨ ਕਿ ਜੇ ਅੱਜ ਰਾਜਬੀਰ ਸਿੰਘ ਜਿਉਂਦੇ ਹੁੰਦੇ ਤਾਂ ''ਢੋਲ ਵੀ ਵੱਜਦੇ, ਭੱਠੀ ਵੀ ਚੜ੍ਹਦੀ, ਸਾਰਾ ਕੁਝ ਹੁੰਦਾ... ਜਸ਼ਨ ਮਨਾਏ ਜਾਂਦੇ ਪਿੰਡ ਵਿੱਚ।''

ਜੰਧੇੜੀ ਪਿੰਡ

ਤਸਵੀਰ ਸਰੋਤ, Kamal Saini/BBC

ਇਸ ਜਿੱਤ 'ਤੇ ਉਹ ਕਹਿੰਦੇ ਹਨ ਕਿ ਇਹ ਪਿੰਡ ਵਾਲਿਆਂ ਦੀ ਸੋਚ ਸੀ ਕਿ ਜੋ ਇਸ ਦੁਨੀਆਂ ਤੋਂ ਚਲਾ ਗਿਆ, ਉਸ ਦੀ ਆਤਮਾ ਨੂੰ ਸ਼ਾਂਤੀ ਦਿਓ, ਇਹ ਉਸ ਦੀ ਜਿੱਤ ਹੋਣੀ ਚਾਹੀਦੀ ਹੈ।

''ਉਨ੍ਹਾਂ ਦੀ ਮਰਨ ਤੋਂ ਪਹਿਲਾਂ ਵੀ ਜਿੱਤ ਸੀ ਅਤੇ ਅੱਜ ਵੀ ਜਿੱਤ ਹੈ।''

ਉਨ੍ਹਾਂ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਅਪੀਲ ਕਰਾਂਗੇ ਕਿ ਰਾਜਬੀਰ ਸਿੰਘ ਦੇ ਪਰਿਵਾਰ ਵਿੱਚੋਂ ਹੀ ਕਿਸੇ ਨੂੰ ਸਰਪੰਚੀ ਦਿੱਤੀ ਜਾਵੇ।

ਹੁਣ ਅਧਿਕਾਰੀਆਂ ਦਾ ਕੀ ਕਹਿਣਾ ਹੈ?

ਇੱਕ ਉਮੀਦਵਾਰ ਦੀ ਮੌਤ ਦੇ ਬਾਵਜੂਦ ਵੀ ਚੋਣਾਂ ਕਰਵਾਏ ਜਾਣ ਬਾਰੇ ਜਦੋਂ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਪ੍ਰਤਾਪ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਕਾਬਲੇ ਵਿੱਚ ਕੁੱਲ 3 ਉਮੀਦਵਾਰ ਸਨ।

ਪ੍ਰਤਾਪ ਸਿੰਘ ਨੇ ਕਿਹਾ ਕਿ ਇੱਕ ਉਮੀਦਵਾਰ ਦੀ ਮੌਤ ਹੋ ਗਈ ਸੀ, ਪਰ 2 ਹਾਲੇ ਵੀ ਮੈਦਾਨ ਵਿੱਚ ਸਨ।

ਉਨ੍ਹਾਂ ਅੱਗੇ ਕਿਹਾ, “ਹੁਣ ਜਦੋਂ ਰਾਜਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਦੀ ਰਿਪੋਰਟ ਸਟੇਟ ਚੋਣ ਅਫ਼ਸਰ ਨੂੰ ਭੇਜੀ ਜਾਵੇਗੀ ਅਤੇ ਅਗਲੇ 6 ਮਹੀਨਿਆਂ ਵਿੱਚ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ।”

ਹਰਿਆਣਾ ਪੰਚਾਇਤੀ ਚੋਣਾਂ

ਤਸਵੀਰ ਸਰੋਤ, Prabhudayal/BBC

ਡੀਡੀਪੀਓ ਨੇ ਕਿਹਾ ਕਿ ਜੇਕਰ ਦੋ ਉਮੀਦਵਾਰ ਹੀ ਮੈਦਾਨ ਵਿੱਚ ਹੁੰਦੇ ਅਤੇ ਇੱਕ ਦੀ ਮੌਤ ਹੋ ਜਾਂਦੀ ਤਾਂ ਚੋਣ ਕਮਿਸ਼ਨ ਨੂੰ ਇਸ ਦੀ ਰਿਪੋਰਟ ਭੇਜੀ ਜਾਣੀ ਸੀ।

ਅਜਿਹੇ ਵਿੱਚ ਚੋਣ ਕਮਿਸ਼ਨ ਚੋਣ ਦੀ ਤਾਰੀਖ ਅੱਗੇ ਪਾਉਣ ਦਾ ਫੈਸਲਾ ਲੈ ਸਕਦਾ ਹੈ।

“ਇਸ ਪਿੰਡ ਵਿੱਚ 3 ਉਮੀਦਵਾਰ ਸਨ, ਇਸ ਲਈ ਚੋਣ ਨੂੰ ਰੱਦ ਨਹੀਂ ਕੀਤਾ ਗਿਆ। ਪਰ ਹੁਣ ਜਦੋਂ ਜੇਤੂ ਉਮੀਦਵਾਰ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ।”

ਲਾਈਨ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)