ਪ੍ਰੈਸ਼ਰ ਕੁੱਕਰ ਵਿੱਚ ਖਾਣੇ ਬਣਾਉਂਦਿਆਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਤੁਹਾਡਾ ਫਾਇਦਾ ਕਰ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਬਾਰਨੇਅ ਡੇਸਮਾਜ਼ਰੀ
- ਰੋਲ, ਬੀਬੀਸੀ ਗੁੱਡ ਫੂਡ
- ਪ੍ਰਕਾਸ਼ਿਤ
ਅਜੋਕੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਬਹੁਤੇ ਲੋਕ ਖਾਣਾ ਪਕਾਉਂਦਿਆਂ ਅਕਸਰ ਕਾਹਲੀ ਵਿੱਚ ਹੁੰਦੇ ਹਨ।
ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਖਾਣਾ ਕਿਵੇਂ ਜਲਦੀ ਪਕਾਇਆ ਜਾ ਸਕਦਾ ਹੈ, ਇਸ ਦੇ ਤਰੀਕਿਆਂ ਬਾਰੇ ਜਾਣਕਾਰੀ ਹੋਵੇ।
ਕੁੱਕਰ ਜਾਂ ਪ੍ਰੈਸ਼ਰ ਕੁੱਕਰ ਭਾਰਤੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਆਮ ਭਾਂਡਾ ਹੈ, ਇਹ ਇੱਕ ਭਾਂਡਾ ਹੋਣ ਦੇ ਨਾਲ-ਨਾਲ ਇੱਕ ਯੰਤਰ ਵੀ ਹੈ।
ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਖਾਣਾ ਬਹੁਤ ਘੱਟ ਸਮੇਂ ਵਿੱਚ ਪਕਾ ਦਿੰਦਾ ਹੈ।
ਇਹ ਮੀਟ, ਦਾਲਾਂ ਜਾਂ ਸੌਸੇਜ਼ ਬਣਾਉਣ ਸਮੇਂ ਕਾਫ਼ੀ ਸਮਾਂ ਬਚਾਉਂਦਾ ਹੈ।
ਰਿਸੋਟੋ ਜਿਹਾ ਇਟਾਲੀਅਨ ਪਕਵਾਨ ਵੀ ਆਮ ਤੋਂ ਅੱਧੇ ਸਮੇਂ ਦੇ ਅੰਦਰ ਤੁਹਾਡੀ ਖਾਣੇ ਵਾਲੀ ਥਾਲੀ ਤੱਕ ਪਹੁੰਚ ਸਕਦਾ ਹੈ।
ਪ੍ਰੈਸ਼ਰ ਕੁੱਕਰ ਸਿਰਫ਼ ਸਮਾਂ ਹੀ ਨਹੀਂ ਬਚਾਉਂਦੇ ਬਲਕਿ ਇਸ ਨਾਲ ਪਕਾਏ ਖਾਣੇ ਵਿੱਚ ਵਿਟਾਮਿਨ ਅਤੇ ਹੋਰ ਪੋਸ਼ਟਿਕ ਤੱਤ ਵੀ ਠੀਕ ਰਹਿੰਦੇ ਹਨ।
ਇਹ ਤਰੀਕਾ ਬਾਕੀ ਤਰੀਕਿਆਂ ਨਾਲੋਂ ਸਸਤਾ ਅਤੇ ਘੱਟ ਖਰਚੀਲਾ ਵੀ ਹੈ।
ਚੰਗੇ ਕੁੱਕਰ ਦੀ ਕੀ ਪਛਾਣ ਹੈ

ਤਸਵੀਰ ਸਰੋਤ, Getty Images
ਜੇ ਤੁਸੀਂ ਹਾਲੇ ਵੀ ਸਟੋਵ ਉੱਤੇ ਤਿਲਕ ਰਹੇ ਭਾਂਡੇ ਬਾਰੇ ਸੋਚ ਰਹੇ ਹੋ ਜੋ ਕਿਸੇ ਖ਼ਤਰਨਾਕ ਹਾਦਸੇ ਦਾ ਕਾਰਨ ਬਣ ਸਕਦਾ ਹੈ ਤਾਂ ਦੁਬਾਰਾ ਸੋਚੋ।
ਅਜੋਕੇ ਪ੍ਰੈਸ਼ਰ ਕੁੱਕਰ ਦੀ ਵਰਤੋਂ ਬਹੁਤ ਸੌਖੀ ਹੈ।
ਹੁਣ ਤਾਂ ਮਾਰਕਿਟ ਵਿੱਚ ਅਜਿਹੇ ਵੀ ਕੁਝ ਹਾਈ-ਟੈਕ ਮਾਡਲ ਵਾਲੇ ਕੁੱਕਰ ਆ ਗਏ ਹਨ ਜਿਨ੍ਹਾਂ ਵਿੱਚ ਟਾਈਮਰ ਅਤੇ ਲੌਕ ਸਿਸਟਮ ਵੀ ਹੁੰਦਾ ਹੈ ।
ਇਹ ਚੰਗੇ ਹਨ, ਪਰ ਸਾਨੂੰ ਚੰਗੇ ਮਿਆਰ ਦੇ, ਲੰਬੇ ਹੈਂਡਲ ਵਾਲੇ ਸਧਾਰਨ ਪੈਨ ਵੱਧ ਚੰਗੇ ਲਗਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਵੱਡੇ ਸੌਸਪੈਨ ਵਜੋਂ ਵੀ ਵਰਤ ਸਕਦੇ ਹੋ।
ਸਾਰੇ ਪ੍ਰੈਸ਼ਰ ਕੁੱਕਰ ਇੱਕੋ ਤਰੀਕੇ ਕੰਮ ਕਰਦੇ ਹਨ, ਪਰ ਵੱਖ-ਵੱਖ ਕੁੱਕਰਾਂ ਦੀ ਕੀਮਤ ਵਿੱਚ ਵੱਡਾ ਫਰਕ ਹੁੰਦਾ ਹੈ।
ਆਮ ਤੌਰ 'ਤੇ ਮਹਿੰਗੇ ਮਾਡਲ, ਬਿਹਤਰ ਮਿਆਰ ਦੀ ਧਾਤ ਅਤੇ ਮੋਟੇ ਥੱਲੇ ਵਾਲੇ ਹੁੰਦੇ ਹਨ।
ਪ੍ਰੈਸ਼ਰ ਕੁੱਕਰ ਕਈ ਆਕਾਰਾਂ ਵਿੱਚ ਆਉਂਦੇ ਹਨ, ਪਰ ਕਿਉਂਕਿ ਇਹ ਜ਼ਿਆਦਾ ਖਾਣਾ ਪਕਾਉਣ ਲਈ ਸਭ ਤੋਂ ਵੱਧ ਕਾਰਗਰ ਹੁੰਦੇ ਹਨ, ਇਸ ਲਈ ਪੰਜ ਲੀਟਰ ਤੋ ਛੋਟਾ ਕੁੱਕਰ ਲੈਣ ਦਾ ਕੋਈ ਮਤਲਬ ਨਹੀਂ ਬਣਦਾ।
ਭਾਫ਼ ਵਾਲੀ ਟੋਕਰੀ ਲੈਣ ਦਾ ਵੀ ਫ਼ਾਇਦਾ ਹੈ, ਤਾਂ ਕਿ ਉਨ੍ਹਾਂ ਚੀਜ਼ਾਂ ਨੂੰ ਵੀ ਕੁੱਕਰ ਵਿੱਚ ਪਕਾਇਆ ਜਾ ਸਕੇ ਜਿਨ੍ਹਾਂ ਨੂੰ ਪਾਣੀ ਤੋਂ ਬਿਨ੍ਹਾਂ ਪਕਾਇਆ ਜਾਣਾ ਚਾਹੀਦਾ ਹੈ।
ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਵੇ ?

ਤਸਵੀਰ ਸਰੋਤ, Getty Images
ਭਾਵੇਂ ਕਿ ਖਾਣੇ ਨੂੰ ਸੇਕਣ, ਉਬਾਲਣ, ਮੀਟ ਦੇ ਸਖ਼ਤ ਟੁਕੜਿਆਂ ਨੂੰ ਪਕਾਉਣ ਅਤੇ ਦਾਲਾਂ ਲਈ ਕੁੱਕਰ ਬਹੁਤ ਕੰਮ ਆਉਂਦਾ ਹੈ।
ਪਰ ਨਰਮ ਖਾਣੇ ਜਿਵੇਂ ਕਿ ਮੱਛੀ ਜਾ ਹਰੀਆਂ ਸਬਜ਼ੀਆਂ ਲਈ ਇੰਨਾ ਕਾਰਗਰ ਨਹੀਂ ਹੈ, ਕਿਉਂਕਿ ਕੁੱਕਰ ਬਹੁਤ ਤੇਜ਼ ਤਾਪ ਦੀ ਵਰਤੋਂ ਕਰਦਾ ਹੈ।
ਇਸ ਨਾਲ ਨਜਿੱਠਣ ਦੇ ਹੋਰ ਤਰੀਕੇ ਹੋ ਸਕਦੇ ਹਨ।
ਤੁਸੀਂ ਮੱਛੀ ਜਿਹੇ ਨਰਮ ਪਦਾਰਥ ਆਪਣੇ ਖਾਣੇ ਵਿੱਚ ਉਸ ਵੇਲੇ ਪਾ ਸਕਦੇ ਹੋ ਜਦੋਂ ਉਸ ਨੂੰ ਪੱਕਣ ਵਿੱਚ ਥੋੜ੍ਹਾ ਸਮਾਂ ਹੀ ਰਹਿ ਗਿਆ ਹੋਵੇ।
ਕਿਹੜੀਆਂ ਸਾਵਧਾਨੀਆਂ ਜ਼ਰੂਰੀ

ਤਸਵੀਰ ਸਰੋਤ, Getty Images
ਪ੍ਰੈਸ਼ਰ ਕੁੱਕਰ ਨਾਲ ਖਾਣਾ ਬਣਾਉਣ ਦੀ ਵਿਧੀ ਵਿੱਚ, ਖਾਣਾ ਪੱਕਣ ਦਾ ਸਮਾਂ ਉੱਥੋਂ ਹੀ ਗਿਣਨਾ ਚਾਹੀਦਾ ਹੈ ਜਦੋਂ ਇਹ ਅਜਿਹੇ ਪੱਧਰ 'ਤੇ ਪਹੁੰਚ ਜਾਵੇ ਜਦੋਂ ਭਾਫ਼ ਬਣਨੀ ਸ਼ੁਰੂ ਹੋ ਗਈ ਹੋਵੇ।
ਜਿਸ ਪੁਆਇੰਟ ਤੋਂ ਤੁਹਾਨੂੰ ਤਾਪ ਥੋੜ੍ਹਾ ਕਰ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਤਾਪ ਘੱਟ ਕਰਨਾ ਵੀ ਜ਼ਰੂਰੀ ਹੁੰਦਾ ਹੈ ਪਰ ਪ੍ਰੈਸ਼ਰ ਦੱਸੇ ਗਏ ਸਮੇਂ ਲਈ ਰੱਖਣਾ ਵੀ ਜ਼ਰੂਰੀ ਹੁੰਦਾ ਹੈ।
ਇਸ ਲਈ ਵਾਰ-ਵਾਰ ਤਾਪ ਤੇਜ਼ ਜਾਂ ਘੱਟ ਕਰਨਾ ਪੈ ਸਕਦਾ ਹੈ।
ਇਹ ਵੀ ਯਾਦ ਰੱਖੋ ਕਿ ਪ੍ਰੈਸ਼ਰ ਕੁੱਕਰ ਨਾਲ ਖਾਣਾ ਪਕਾਉਣ ਲਈ ਨਮੀ ਬਹੁਤ ਜ਼ਰੂਰੀ ਹੈ ਅਤੇ ਕਦੇ ਕੁੱਕਰ ਵਿੱਚ ਘੱਟੋ ਘੱਟੋ 2 ਸੈ.ਮੀ ਤੱਕ ਤਰਲ ਤੋਂ ਬਗੈਰ ਖਾਣਾ ਨਾ ਬਣਾਓ।
ਕੁੱਕਰ ਤਰੀ (ਗ੍ਰੇਵੀ) ਬਣਾਉਣ ਅਤੇ ਸਖ਼ਤ ਖਾਣੇ ਨੂੰ ਨਰਮ ਕਰਨ ਲਈ ਬਹੁਤ ਕਾਰਗਰ ਹਨ।
ਪਕਾਉਣ ਤੋਂ ਬਾਅਦ ਕੁੱਕਰ ਵਿੱਚ ਵਰਤਿਆ ਜਾਂਦਾ ਤਰਲ ਘਟਦਾ ਨਹੀਂ ਹੈ, ਇਸ ਲਈ ਫਲੇਵਰ ਵਧਾਉਣ ਲਈ ਢੱਕਣ ਲਾਹੁਣ ਤੋਂ ਬਾਅਦ, ਉਬਾਲ਼ਾ ਦੇਣਾ ਨਾ ਭੁੱਲੋ।
ਕੁੱਕਰ ਵਿੱਚ ਖਾਣਾ ਪਕਾਉਣ ਲਈ ਇਸ ਵਿੱਚ ਭਾਫ਼ ਬਣਨ ਦੀ ਥਾਂ ਹੋਣੀ ਜ਼ਰੂਰੀ ਹੁੰਦੀ ਹੈ। ਇਸ ਲਈ ਕਦੇ ਵੀ ਕੁੱਕਰ ਅੱਧੇ ਨਾਲੋਂ ਵੱਧ ਨਹੀਂ ਭਰਨਾ ਚਾਹੀਦਾ।
ਸਟੋਵ ਟੌਪ ਵਾਲੇ ਪ੍ਰੈਸ਼ਰ ਕੁੱਕਰ ਵਿੱਚ ਪ੍ਰੈਸ਼ਰ ਕੱਢਣ ਦੇ ਦੋ ਤਰੀਕੇ ਹੁੰਦੇ ਹਨ।
ਪਹਿਲਾ, ਤੁਸੀਂ ਕੁਦਰਤੀ ਤੌਰ 'ਤੇ ਪ੍ਰੈਸ਼ਰ ਹੇਠਾਂ ਆਉਣ ਦਿਓ, ਜਿਸ ਦਾ ਮਤਲਬ ਹੈ ਕਿ ਪ੍ਰੈਸ਼ਰ ਥੋੜ੍ਹਾ ਹੋਣ 'ਤੇ ਭੋਜਨ ਪਕਦਾ ਰਹੇਗਾ। ਜਦੋਂ ਤੁਸੀਂ ਅਚਾਨਕ ਪ੍ਰੈਸ਼ਰ ਖਤਮ ਕਰਨਾ ਚਾਹੁੰਦੇ ਹੋ ਤਾਂ ਕੁੱਕਰ ਨੂੰ ਠੰਡੇ ਪਾਣੀ ਦੇ ਨਲ ਹੇਠਾਂ ਰੱਖ ਦਿਓ।
ਪ੍ਰੈਸ਼ਰ ਕੁੱਕਰ ਪੈਸਾ ਕਿਵੇਂ ਬਚਾਉਂਦਾ ਹੈ ?

ਤਸਵੀਰ ਸਰੋਤ, AFP
ਭੋਜਨ ਆਮ ਨਾਲ਼ੋਂ ਇੱਕ ਤਿਹਾਈ ਸਮੇਂ ਵਿੱਚ ਬਣ ਜਾਂਦਾ ਹੈ, ਇਸ ਨਾਲ ਤੁਹਾਡਾ ਬਾਲਣ ਜਾਂ ਗੈਸ ਬੱਚਦੀ ਹੈ।
ਜੇ ਤੁਸੀਂ ਜਲਦੀ ਪੱਕਣ ਵਾਲੇ ਛੋਟੇ ਅਤੇ ਮਹਿੰਗੇ ਟੁਕੜਿਆਂ ਦੀ ਥਾਂ ਮੀਟ ਦੇ ਸਸਤੇ ਟੁਕੜੇ ਪਸੰਦ ਕਰਦੇ ਹੋ ਤਾਂ ਪ੍ਰੈਸ਼ਰ ਕੁੱਕਰ ਪਕਾਉਣ ਵਿੱਚ ਮਦਦ ਕਰੇਗਾ।
ਪ੍ਰੈਸ਼ਰ ਕੁੱਕਰ ਵਿੱਚ ਰਾਜਮਾਂਹ ਅਤੇ ਦਾਲਾਂ ਵਗੈਰਾ ਬਿਹਤਰ ਪੱਕ ਸਕਦੀਆਂ ਹਨ, ਜਿਸ ਨਾਲ ਤੁਹਾਨੂੰ ਪੱਕੀਆਂ ਹੋਈਆਂ ਜਾਂ ਡੱਬਾਬੰਦ ਦਾਲਾਂ ਖ਼ਰੀਦਣ ਦੀ ਲੋੜ ਨਹੀਂ ਪੈਂਦੀ।
ਪ੍ਰੈਸ਼ਰ ਕੁੱਕਰ ਵਿੱਚ ਖਾਣਾ ਪਕਾਉਣ ਦਾ ਅਹਿਮ ਨੁਸਖ਼ਾ
ਸਮਾਂ ਨੋਟ ਕਰਨਾ ਜਾਂ ਟਾਈਮਰ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ।
ਕਿਉਂਕਿ ਸਿਰਫ਼ ਇੱਕ-ਦੋ ਮਿੰਟ ਦੇ ਫਰਕ ਨਾਲ ਹੀ ਖਾਣਾ ਖ਼ਰਾਬ ਵੀ ਹੋ ਸਕਦਾ ਹੈ ਅਤੇ ਇੱਕ ਬਿਹਤਰ ਪਕਵਾਨ ਵੀ ਤਿਆਰ ਹੋ ਸਕਦਾ ਹੈ।












