You’re viewing a text-only version of this website that uses less data. View the main version of the website including all images and videos.
ਓਮਾਨ ਦੀ ਖਾੜੀ 'ਚ 3 ਭਾਰਤੀ ਮਲਾਹਾਂ ਦੀ ਮੌਤ, ਪਰ ਅਮਰੀਕਾ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਬਿਆਨ ਭਾਰਤ ਲਈ 'ਚੇਤਾਵਨੀ' ਕਿਉਂ ਕਿਹਾ ਜਾ ਰਿਹਾ ਹੈ?
ਓਮਾਨ ਦੀ ਖਾੜੀ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਤਾਜ਼ਾ ਬਿਆਨ ਨੇ ਭਾਰਤ ਵਿੱਚ ਨਾਰਾਜ਼ਗੀ ਅਤੇ ਗੁੱਸੇ ਨੂੰ ਹੋਰ ਵਧਾ ਦਿੱਤਾ ਹੈ।
ਭਾਰਤ ਦੀ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਕੂਟਨੀਤਿਕ ਮਾਮਲਿਆਂ ਦੇ ਜਾਣਕਾਰਾਂ ਨੇ ਇਸ ਨੂੰ ਭਾਰਤ ਲਈ ਇੱਕ ਚੇਤਾਵਨੀ ਕਰਾਰ ਦਿੱਤਾ ਹੈ।
ਲੰਘੇ 9 ਜੂਨ ਨੂੰ ਅਮਰੀਕੀ ਨੇਵੀ ਦੇ ਹਮਲੇ ਦੀ ਪੁਸ਼ਟੀ ਖੁਦ ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਕੀਤੀ ਸੀ, ਜਿਸ ਤੋਂ ਬਾਅਦ ਭਾਰਤ ਨੇ ਅਮਰੀਕਾ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਸੀ ਅਤੇ ਭਾਰਤੀ ਵਿਦੇਸ਼ ਮੰਤਰੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਇਸ ਮਾਮਲੇ 'ਤੇ ਗੱਲ ਕੀਤੀ ਸੀ।
ਐੱਸ ਜੈਸ਼ੰਕਰ ਨੇ ਕਿਹਾ ਕਿ ਇਸ ਗੱਲਬਾਤ ਵਿੱਚ ਉਨ੍ਹਾਂ ਨੇ ਅਮਰੀਕੀ ਵਿਦੇਸ਼ ਮੰਤਰੀ ਕੋਲ "ਸਖ਼ਤ ਵਿਰੋਧ" ਦਰਜ ਕਰਵਾਇਆ ਅਤੇ ਕਿਹਾ ਕਿ ਇਸ ਤਰ੍ਹਾਂ ਦਾ "ਜਾਨਲੇਵਾ ਹਮਲਾ ਉਚਿਤ ਨਹੀਂ" ਹੈ।
ਇਸ ਤੋਂ ਬਾਅਦ ਸ਼ਨੀਵਾਰ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਐੱਸ ਜੈਸ਼ੰਕਰ ਅਤੇ ਰੂਬੀਓ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਜਾਰੀ ਕੀਤਾ। ਬਿਆਨ ਅਨੁਸਾਰ, ਰੂਬੀਓ ਨੇ ਕਿਹਾ ਹੈ ਕਿ ਖਾੜੀ ਖੇਤਰ ਵਿੱਚ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਅਤੇ ਈਰਾਨੀ ਤੇਲ ਦੀ ਗ਼ੈਰ-ਕਾਨੂੰਨੀ ਢੁਆਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ, "ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕੱਲ੍ਹ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਗੱਲ ਕੀਤੀ। ਦੋਵਾਂ ਆਗੂਆਂ ਨੇ ਹੋਰਮੁਜ਼ ਸਟ੍ਰੇਟ ਵਿੱਚ ਹਾਲੀਆ ਘਟਨਾਵਾਂ 'ਤੇ ਚਰਚਾ ਕੀਤੀ।"
ਮਾਰਕੋ ਰੂਬੀਓ ਦੀ ਇਸ ਟਿੱਪਣੀ 'ਤੇ ਭਾਰਤ ਵਿੱਚ ਤਿੱਖੇ ਸਵਾਲ ਉਠਾਏ ਜਾ ਰਹੇ ਹਨ ਅਤੇ ਵਿਰੋਧੀ ਪਾਰਟੀਆਂ ਅਤੇ ਸਾਬਕਾ ਡਿਪਲੋਮੈਟਾਂ ਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਨੇ ਅਫ਼ਸੋਸ ਜ਼ਾਹਿਰ ਕਰਨ ਦੀ ਬਜਾਏ ਸਖ਼ਤ ਭਾਸ਼ਾ ਦੀ ਵਰਤੋਂ ਕੀਤੀ ਹੈ।
ਦਰਅਸਲ, ਅਮਰੀਕੀ ਫ਼ੌਜ ਨੇ ਓਮਾਨ ਦੇ ਤੱਟ 'ਤੇ ਕਮਰਸ਼ੀਅਲ 'ਸੇਟੇਬੇਲੋ' 'ਤੇ 9 ਜੂਨ ਨੂੰ ਹਮਲਾ ਕੀਤਾ ਸੀ। ਇਸ ਜਹਾਜ਼ 'ਤੇ 24 ਭਾਰਤੀ ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 21 ਨੂੰ ਬਚਾ ਲਿਆ ਗਿਆ, ਜਦਕਿ ਤਿੰਨ ਮਲਾਹਾਂ ਦੀ ਮੌਤ ਹੋ ਗਈ ਸੀ।
ਇਹ ਪਹਿਲੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ 8 ਜੂਨ ਅਤੇ 11 ਜੂਨ ਨੂੰ ਵੀ ਖਾੜੀ ਖੇਤਰ ਵਿੱਚ ਭਾਰਤੀ ਕਰੂ ਮੈਂਬਰਾਂ ਵਾਲੇ ਦੋ ਹੋਰ ਜਹਾਜ਼ਾਂ 'ਤੇ ਹਮਲੇ ਹੋਏ, ਹਾਲਾਂਕਿ ਉਨ੍ਹਾਂ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਸੀ ਅਤੇ ਸਾਰੇ ਮਲਾਹਾਂ ਨੂੰ ਬਚਾ ਲਿਆ ਗਿਆ ਸੀ।
ਰੂਬੀਓ ਨੇ ਕੀ ਕਿਹਾ?
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, "ਅਮਰੀਕਾ ਦੇ ਵਿਦੇਸ਼ ਮੰਤਰੀ ਨੇ (ਐੱਸ ਜੈਸ਼ੰਕਰ ਨਾਲ ਗੱਲਬਾਤ ਦੌਰਾਨ) ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਕਮਰਸ਼ੀਅਲ ਜਹਾਜ਼ਾਂ ਨੂੰ ਅਮਰੀਕੀ ਫ਼ੌਜ ਦੇ ਹੁਕਮਾਂ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਉਹ ਇਸ ਸਟ੍ਰੇਟ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।"
"ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਅਤੇ ਈਰਾਨੀ ਤੇਲ ਦੀ ਗ਼ੈਰਕਾਨੂੰਨੀ ਢੁਆਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।"
ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਇਸ ਗੱਲਬਾਤ ਬਾਰੇ ਐਕਸ 'ਤੇ ਜਾਣਕਾਰੀ ਦਿੱਤੀ ਸੀ।
ਫ਼ੋਨ 'ਤੇ ਹੋਈ ਇਸ ਗੱਲਬਾਤ ਬਾਰੇ ਭਾਰਤੀ ਵਿਦੇਸ਼ ਮੰਤਰੀ ਨੇ ਐਕਸ 'ਤੇ ਲਿਖਿਆ, "ਅੱਜ (ਸ਼ੁੱਕਰਵਾਰ) ਸ਼ਾਮ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਹੋਈ। ਮੈਂ ਖਾੜੀ ਖੇਤਰ ਵਿੱਚ ਅਮਰੀਕੀ ਨੇਵੀ ਦੇ ਹਮਲਿਆਂ ਖ਼ਿਲਾਫ਼ ਭਾਰਤ ਦਾ ਸਖ਼ਤ ਵਿਰੋਧ ਦੁਹਰਾਇਆ, ਜਿਨ੍ਹਾਂ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ।"
"ਕਮਰਸ਼ੀਅਲ ਸ਼ਿਪਿੰਗ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਜਾਨਲੇਵਾ ਕਾਰਵਾਈ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।"
ਗੌਰਤਲਬ ਹੈ ਕਿ ਇਸ ਘਟਨਾ ਨੂੰ ਅਮਰੀਕੀ ਮੁਹਿੰਮ ਦਾ ਪਹਿਲਾ ਅਜਿਹਾ ਮਾਮਲਾ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਉਸਦੇ ਕਿਸੇ ਹਮਲੇ ਵਿੱਚ ਮੌਤਾਂ ਦੀ ਪੁਸ਼ਟੀ ਹੋਈ ਹੈ।
ਇਸ ਘਟਨਾ ਨੇ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦਰਮਿਆਨ ਕੂਟਨੀਤਿਕ ਤਣਾਅ ਨੂੰ ਵਧਾ ਦਿੱਤਾ ਹੈ।
ਸ਼ਸ਼ੀ ਥਰੂਰ - 'ਦੋਸਤ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ'
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅਮਰੀਕੀ ਵਿਦੇਸ਼ ਮੰਤਰੀ ਦੇ ਬਿਆਨ ਨੂੰ ਅਸੰਵੇਦਨਸ਼ੀਲ ਦੱਸਿਆ ਹੈ ਅਤੇ ਭਾਰਤ-ਅਮਰੀਕਾ ਦੋਸਤੀ 'ਤੇ ਸਵਾਲ ਖੜ੍ਹੇ ਕੀਤੇ ਹਨ।
ਸ਼ਸ਼ੀ ਥਰੂਰ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ, "ਅਮਰੀਕਾ ਦਾ ਇਹ ਅਧਿਕਾਰਤ ਬਿਆਨ ਪੜ੍ਹ ਕੇ ਮੈਨੂੰ ਡੂੰਘਾ ਝਟਕਾ ਲੱਗਿਆ ਹੈ। ਇਸ ਵਿੱਚ ਬੇਕਸੂਰ ਭਾਰਤੀਆਂ ਦੀ ਮੌਤ 'ਤੇ ਅਫ਼ਸੋਸ ਜਾਂ ਸੰਵੇਦਨਾ ਦਾ ਜ਼ਰਾ ਵੀ ਜ਼ਿਕਰ ਨਹੀਂ ਹੈ। ਕੋਈ 'ਦੋਸਤ' ਅਤੇ ਰਣਨੀਤਕ ਭਾਈਵਾਲ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ?"
ਉਨ੍ਹਾਂ ਨੇ ਸਵਾਲ ਕੀਤਾ, "ਕੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕਮਰਸ਼ੀਅਲ ਜਹਾਜ਼ ਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਰੋਕਿਆ ਜਾ ਸਕਦਾ ਸੀ, ਜਿਸ ਵਿੱਚ ਕਿਸੇ ਦੀ ਜਾਨ ਨਾ ਜਾਂਦੀ? ਕੀ ਮਿਜ਼ਾਈਲ ਹਮਲਾ ਕਰਕੇ ਆਮ ਕਰੂ ਮੈਂਬਰਾਂ ਨੂੰ ਮਾਰਨ ਦੀ ਬਜਾਏ ਜਹਾਜ਼ ਦੇ ਪ੍ਰੋਪਲਸ਼ਨ ਜਾਂ ਸਟੀਅਰਿੰਗ ਸਿਸਟਮ ਨੂੰ ਬੇਕਾਰ ਨਹੀਂ ਕੀਤਾ ਜਾ ਸਕਦਾ ਸੀ?"
ਉਨ੍ਹਾਂ ਅੱਗੇ ਲਿਖਿਆ, "ਇਨ੍ਹਾਂ ਅਹਿਮ ਸਮੁੰਦਰੀ ਰਸਤਿਆਂ ਰਾਹੀਂ ਲੰਘਣ ਵਾਲੇ ਲਗਭਗ ਹਰ ਕਮਰਸ਼ੀਅਲ ਜਹਾਜ਼ 'ਤੇ ਭਾਰਤੀ ਕਰੂ ਮੈਂਬਰ ਹੁੰਦੇ ਹਨ। ਕੀ ਹੁਣ ਅਮਰੀਕੀ ਮਿਜ਼ਾਈਲਾਂ ਲਈ ਉਹ ਸਾਰੇ ਵੀ ਆਸਾਨ ਸ਼ਿਕਾਰ ਮੰਨੇ ਜਾਣਗੇ?"
ਸ਼ਸ਼ੀ ਥਰੂਰ ਦਾ ਕਹਿਣਾ ਹੈ, "ਇਹ ਰਵੱਈਆ ਨਾਮਨਜ਼ੂਰ ਹੈ ਅਤੇ ਮੈਨੂੰ ਉਮੀਦ ਹੈ ਕਿ ਐੱਸ ਜੈਸ਼ੰਕਰ ਨੇ ਮਾਰਕੋ ਰੂਬੀਓ ਨੂੰ ਇਹ ਗੱਲ ਕਹੀ ਹੋਵੇਗੀ।"
ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵਿਚਾਲੇ ਹੋਈ ਗੱਲਬਾਤ ਦਾ ਵੇਰਵਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਆਗੂ ਪਵਨ ਖੇੜਾ ਨੇ ਇਸ ਨੂੰ ਭਾਰਤ ਲਈ "ਸ਼ਰਮਨਾਕ" ਦੱਸਿਆ ਹੈ।
ਪਵਨ ਖੇੜਾ ਨੇ ਕਿਹਾ, "ਭਾਰਤ ਨੂੰ ਮੰਗ ਕਰਨੀ ਚਾਹੀਦੀ ਸੀ ਕਿ ਅਮਰੀਕਾ ਆਪਣੇ ਹਮਲੇ ਵਿੱਚ ਤਿੰਨ ਨੌਜਵਾਨ ਭਾਰਤੀ ਮਲਾਹਾਂ ਦੇ ਕਤਲ ਲਈ ਬਿਨਾਂ ਸ਼ਰਤ ਮੁਆਫ਼ੀ ਮੰਗੇ। ਇਸ ਦੀ ਬਜਾਏ, ਵਿਦੇਸ਼ ਮੰਤਰੀ ਰੂਬੀਓ ਨੇ ਕਥਿਤ ਤੌਰ 'ਤੇ ਚੇਤਾਵਨੀ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਕਿ ਅਮਰੀਕੀ ਫ਼ੌਜ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ 'ਬਰਦਾਸ਼ਤ ਨਹੀਂ' ਕੀਤਾ ਜਾਵੇਗਾ। ਇਹ ਹੁਕਮ ਦੇਣ ਵਾਲੀ ਭਾਸ਼ਾ ਹੈ, ਪਛਤਾਵੇ ਦੀ ਨਹੀਂ।"
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਨਾ ਤਾਂ ਮੌਤਾਂ ਨੂੰ ਸਵੀਕਾਰਿਆ, ਨਾ ਹੀ ਜ਼ਿੰਮੇਵਾਰੀ ਲਈ ਅਤੇ ਨਾ ਹੀ ਕੋਈ ਅਫ਼ਸੋਸ ਜ਼ਾਹਿਰ ਕੀਤਾ।
ਪਵਨ ਖੇੜਾ ਨੇ ਲਿਖਿਆ, "ਭਾਰਤ ਦੇ ਜਵਾਬ ਨੇ ਇਸ ਮਾਮਲੇ ਨੂੰ ਹੋਰ ਵੀ ਸ਼ਰਮਨਾਕ ਬਣਾ ਦਿੱਤਾ। ਇਸ ਨੂੰ ਹਮਲਾ ਕਹਿਣ ਦੀ ਬਜਾਏ ਵਿਦੇਸ਼ ਮੰਤਰੀ ਨੇ ਸਿਰਫ਼ ਇਹ ਕਿਹਾ ਕਿ ਕਮਰਸ਼ੀਅਲ ਸ਼ਿਪਿੰਗ ਦੇ ਖ਼ਿਲਾਫ਼ ਜਾਨਲੇਵਾ ਕਾਰਵਾਈ 'ਸਹੀ ਨਹੀਂ' ਹੈ।"
"'ਸਹੀ ਨਹੀਂ'? ਇਹ ਉਹ ਸ਼ਬਦ ਹਨ ਜੋ ਤੁਸੀਂ ਹਵਾਈ ਅੱਡੇ 'ਤੇ ਮਹਿੰਗਾ ਸੈਂਡਵਿਚ ਖਰੀਦਣ ਤੋਂ ਬਾਅਦ ਵਰਤਦੇ ਹੋ, ਨਾ ਕਿ ਉਸ ਫ਼ੌਜੀ ਹਮਲੇ ਲਈ ਜਿਸ ਵਿੱਚ ਆਮ ਲੋਕ ਮਾਰੇ ਜਾਂਦੇ ਹਨ।"
ਪਵਨ ਖੇੜਾ ਨੇ ਕਿਹਾ, "ਅਮਰੀਕਾ ਦੀਆਂ ਕਾਰਵਾਈਆਂ ਲਈ ਸਹੀ ਸ਼ਬਦ ਹਨ, ਗ਼ੈਰਕਾਨੂੰਨੀ, ਲਾਪਰਵਾਹ ਅਤੇ ਨਾਮਨਜ਼ੂਰ। ਇਸ ਦੀ ਬਜਾਏ ਅਜਿਹੇ ਸ਼ਬਦ ਵਰਤੇ ਗਏ ਜੋ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਕਿਸੇ ਨੂੰ ਬੁਰੇ ਨਹੀਂ ਲੱਗੇ।"
ਅਮਰੀਕੀ ਵਿਦੇਸ਼ ਵਿਭਾਗ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਉਦਯੋਗਪਤੀ ਸਬੀਰ ਭਾਟੀਆ ਨੇ ਲਿਖਿਆ, "ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਭਾਰਤ ਨੂੰ ਦੋਸਤ ਨਹੀਂ ਮੰਨਦਾ, ਭਾਵੇਂ ਸਾਡੇ ਮਹਾਨ ਵਿਦੇਸ਼ ਮੰਤਰੀ ਸਾਨੂੰ ਕੁਝ ਵੀ ਦੱਸ ਰਹੇ ਹੋਣ।"
ਝਾਰਖੰਡ ਮੁਕਤੀ ਮੋਰਚਾ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਇਹ ਸ਼ਰਮਨਾਕ ਹੈ। ਸੱਚਮੁੱਚ ਸ਼ਰਮਨਾਕ। ਅਮਰੀਕਾ ਦੇ ਵਿਦੇਸ਼ ਮੰਤਰੀ ਨੇ 3 ਮਲਾਹਾਂ ਦੇ ਕਤਲ 'ਤੇ ਅਫ਼ਸੋਸ ਤੱਕ ਨਹੀਂ ਜਤਾਇਆ ਅਤੇ ਉਸ ਤੋਂ ਵੀ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਸਾਡੇ ਲਾਲ ਅੱਖਾਂ ਦਿਖਾਉਣ ਵਾਲੇ ਵਿਦੇਸ਼ ਮੰਤਰੀ ਨੇ ਭਾਰਤੀਆਂ ਦੇ ਕਤਲ ਦਾ ਜ਼ਿਕਰ ਵੀ ਨਹੀਂ ਕੀਤਾ, ਸਿਰਫ਼ 'ਜੀ ਸਰ, ਜੋ ਹੁਕਮ ਸਰ, ਜੋ ਆਗਿਆ ਸਰ' ਕਿਹਾ।"
'ਇਹ ਕਿਹੋ ਜਿਹਾ ਦੋਸਤ?'
ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ 'ਤੇ ਲਿਖਿਆ, "ਨਾ ਕੋਈ ਹਮਦਰਦੀ। ਨਾ ਕੋਈ ਅਫ਼ਸੋਸ। ਬੇਕਸੂਰ ਭਾਰਤੀ ਮਲਾਹਾਂ ਦੀ ਮੌਤ ਦਾ ਕਾਰਨ ਬਣੇ ਹਮਲਿਆਂ ਬਾਰੇ ਅਮਰੀਕੀ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ ਸਿਰਫ਼ ਇਨ੍ਹਾਂ ਹਮਲਿਆਂ ਨੂੰ ਅਮਰੀਕੀ ਸਮੁੰਦਰੀ ਨਾਕਾਬੰਦੀ ਦੀ ਉਲੰਘਣਾ ਦਾ ਨਤੀਜਾ ਦੱਸ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ।"
"ਕਮਰਸ਼ੀਅਲ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅੰਤਰਰਾਸ਼ਟਰੀ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੈ। ਅਮਰੀਕੀ ਡਿਪਲੋਮੈਟਾਂ ਨੂੰ ਤਲਬ ਕਰਨਾ ਯਕੀਨੀ ਤੌਰ 'ਤੇ ਕਾਫ਼ੀ ਨਹੀਂ ਹੈ। ਕੀ ਹੁਣ ਭਾਰਤ ਸਰਕਾਰ ਲਈ ਸਿਰਫ਼ 'ਲਾਲ ਅੱਖ' ਦਿਖਾਉਣ ਤੋਂ ਅੱਗੇ ਵਧ ਕੇ ਕੁਝ ਕਰਨ ਦਾ ਸਮਾਂ ਨਹੀਂ ਆ ਗਿਆ?"
ਇੰਡੋ-ਪੈਸਿਫ਼ਿਕ ਮਾਮਲਿਆਂ ਦੇ ਮਾਹਿਰ ਪ੍ਰੋਫੈਸਰ ਡੇਰੈਕ ਜੇ ਗ੍ਰੌਸਮੈਨ ਨੇ ਐਕਸ 'ਤੇ ਲਿਖਿਆ, "ਰੂਬੀਓ ਦੀਆਂ ਗੱਲਾਂ ਅਸੰਵੇਦਨਸ਼ੀਲ ਸਨ ਅਤੇ ਇਨ੍ਹਾਂ ਨਾਲ ਅਮਰੀਕਾ-ਵਿਰੋਧੀ ਭਾਵਨਾਵਾਂ ਹੋਰ ਭੜਕਣਗੀਆਂ। ਉਨ੍ਹਾਂ ਨੇ ਭਾਰਤ ਨੂੰ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਸੰਵੇਦਨਾ ਤੱਕ ਨਹੀਂ ਜਤਾਈ। ਟਰੰਪ ਦਾ ਅਮਰੀਕਾ ਭਾਰਤ ਦਾ ਕਿਹੋ ਜਿਹਾ 'ਦੋਸਤ' ਹੈ?"
ਪ੍ਰੋਫੈਸਰ ਡੇਰੈਕ ਜੇ ਗ੍ਰੌਸਮੈਨ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, "ਭਾਰਤ ਸਹੀ ਤੌਰ 'ਤੇ ਅਮਰੀਕਾ ਦੇ ਸਾਹਮਣੇ 'ਕਾਨੂੰਨ ਦੇ ਸ਼ਾਸਨ' ਦੀ ਗੱਲ ਕਰ ਰਿਹਾ ਹੈ, ਪਰ ਸਮੱਸਿਆ ਇਹ ਹੈ ਕਿ ਟਰੰਪ ਦਾ ਅਮਰੀਕਾ ਹੁਣ ਅਸਲ ਵਿੱਚ ਇਸ ਵਿੱਚ ਵਿਸ਼ਵਾਸ ਨਹੀਂ ਰੱਖਦਾ।"
ਉਨ੍ਹਾਂ ਦਾ ਕਹਿਣਾ ਹੈ ਕਿ "ਇਸਦੀ ਬਜਾਏ, ਟਰੰਪ ਪ੍ਰਸ਼ਾਸਨ ਆਪਣੇ ਦੂਜੇ ਕਾਰਜਕਾਲ ਵਿੱਚ 'ਜਿਸਕੀ ਲਾਠੀ ਉਸਕੀ ਭੈਂਸ' ਵਾਲੀ ਸੋਚ ਵਿੱਚ ਵਿਸ਼ਵਾਸ ਰੱਖਦਾ ਹੈ। ਅਸਲ ਵਿੱਚ ਇਹ ਇੱਕ ਸਾਮਰਾਜਵਾਦੀ ਵਿਦੇਸ਼ ਨੀਤੀ ਹੈ।"
ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਵਿਦੇਸ਼ ਮਾਮਲਿਆਂ ਦੀ ਜਾਣਕਾਰ ਨਿਰੂਪਮਾ ਰਾਓ ਨੇ ਪ੍ਰੋਫੈਸਰ ਡੇਰੈਕ ਜੇ ਗ੍ਰੌਸਮੈਨ ਦੀ ਐਕਸ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਰੂਬੀਓ-ਜੈਸ਼ੰਕਰ ਦੀ ਗੱਲਬਾਤ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਇੱਕ ਵੱਡੇ ਟ੍ਰੈਂਡ ਦੀ ਯਾਦ ਦਿਵਾਉਂਦੀ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, "ਤਾਕਤ ਪੂਰੇ ਜ਼ੋਰ ਨਾਲ ਪਾਬੰਦੀ, ਨਾਕਾਬੰਦੀ, ਟੈਰਿਫ਼ ਅਤੇ ਜ਼ਬਰਦਸਤੀ ਦੀ ਭਾਸ਼ਾ ਬੋਲ ਰਹੀ ਹੈ। ਇਸ ਦੇ ਨਤੀਜਿਆਂ ਨੂੰ ਸਮਝਾਉਣ ਲਈ ਕੂਟਨੀਤੀ ਦੀ ਵਰਤੋਂ ਨਹੀਂ ਕੀਤੀ ਗਈ। ਤਿੰਨ ਭਾਰਤੀ ਮਲਾਹ ਮਾਰੇ ਗਏ ਹਨ। (ਅਮਰੀਕਾ ਦਾ) ਅਧਿਕਾਰਿਤ ਜਵਾਬ ਕਾਨੂੰਨ ਲਾਗੂ ਕਰਨ 'ਤੇ ਕੇਂਦਰਿਤ ਹੈ।"
ਨਿਰੂਪਮਾ ਰਾਓ ਦੇ ਮੁਤਾਬਕ, "ਅਮਰੀਕਾ ਬਹੁਤ ਜ਼ਿਆਦਾ ਸਖ਼ਤੀ ਦਿਖਾ ਰਿਹਾ ਹੈ ਅਤੇ ਉਹ ਨਰਮੀ ਨਾਲ ਗੱਲ ਵੀ ਨਹੀਂ ਕਰ ਰਿਹਾ।"
ਉਨ੍ਹਾਂ ਨੇ ਅੱਗੇ ਲਿਖਿਆ, "ਫਿਰ ਵੀ ਪ੍ਰਤੀਕਿਰਿਆ (ਭਾਰਤ ਦੀ) ਕਮਜ਼ੋਰ ਹੀ ਹੈ। ਇਸ ਨੂੰ 'ਉਚਿਤ ਨਹੀਂ' ਦੱਸਿਆ ਗਿਆ ਹੈ, ਮੰਨੋ ਨਿਹੱਥੇ ਮਲਾਹਾਂ ਦਾ ਕਤਲ ਅਜਿਹੀ ਗੱਲ ਹੋਵੇ ਜਿਸ 'ਤੇ ਸਿਰਫ਼ ਬਹਿਸ ਕੀਤੀ ਜਾ ਸਕਦੀ ਹੈ, ਨਾ ਕਿ ਕੋਈ ਅਜਿਹੀ ਘਟਨਾ ਜਿਸ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।"
"ਅਜੇ ਵੀ ਅਮਰੀਕਾ ਤੋਂ ਮਾਫ਼ੀ ਮੰਗਣ ਜਾਂ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਮੰਗ ਨਹੀਂ ਕੀਤੀ ਗਈ ਹੈ, ਅਤੇ ਨਾ ਹੀ ਅਜਿਹੀ ਕੋਈ ਸੰਕੇਤ ਹੈ ਕਿ ਨਵੀਂ ਦਿੱਲੀ ਇਸ ਮਾਮਲੇ ਨੂੰ ਆਮ ਕੂਟਨੀਤਿਕ ਰਸਮੀ ਕਾਰਵਾਈਆਂ ਤੋਂ ਅੱਗੇ ਲੈ ਜਾਣ ਦਾ ਇਰਾਦਾ ਰੱਖਦੀ ਹੈ।"
ਭਾਰਤ ਨੂੰ ਚੇਤਾਵਨੀ?
ਅਮਰੀਕੀ ਅਖ਼ਬਾਰ ਦਿ ਨਿਊਜ਼ ਯਾਰਕ ਟਾਈਮ ਦੇ ਕੂਟਨੀਤਿਕ ਪੱਤਰਕਾਰ ਐਡਵਰਡ ਵੋਂਗ ਨੇ ਮਾਰਕੋ ਰੂਬਿਓ ਦੇ ਰੁਖ਼ ਬਾਰੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਇਸ ਨੂੰ 'ਭਾਰਤ ਨੂੰ ਚੇਤਾਵਨੀ' ਕਿਹਾ ਹੈ।
ਉਨ੍ਹਾਂ ਨੇ ਲਿਖਿਆ, "ਟਰੰਪ ਪ੍ਰਸ਼ਾਸਨ ਦੀਆਂ ਅਜਿਹੀਆਂ ਕਾਰਵਾਈਆਂ ਜਾਰੀ ਹਨ ਜਿਨ੍ਹਾਂ ਨਾਲ ਭਾਰਤ ਨਾਰਾਜ਼ ਹੋਵੇ। ਖ਼ਾਸ ਤੌਰ ਉੱਤੇ ਹਾਲ ਹੀ ਵਿੱਚ ਓਮਾਨ ਦੇ ਨੇੜੇ ਇੱਕ ਕਮਰਸ਼ੀਅਲ ਜਹਾਜ਼ ਉੱਤੇ ਫੌਜੀ ਹਮਲਾ, ਜਿਸ ਵਿੱਚ ਤਿੰਨ ਭਾਰਤੀ ਮਲਾਹ ਮਾਰੇ ਗਏ। ਹੁਣ ਰੂਬਿਓ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ।"
ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਦੀ ਕੂਟਨੀਤਕ ਸੰਪਾਦਕ ਸੁਹਾਸਿਨੀ ਹੈਦਰ ਦੇ ਮੁਤਾਬਕ, ਜੈਸ਼ੰਕਰ ਅਤੇ ਰੂਬੀਓ ਵਿਚਾਲੇ ਹੋਈ ਗੱਲਬਾਤ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੇ ਬਿਆਨ ਤੋਂ ਦੋਵਾਂ ਵਿਚਕਾਰ ਡੂੰਘੇ ਮਤਭੇਦਾਂ ਦਾ ਪਤਾ ਲੱਗਦਾ ਹੈ।
ਉਨ੍ਹਾਂ ਨੇ ਐਕਸ ਉੱਤੇ ਲਿਖਿਆ, "ਸੈਕਟਰੀ ਰੂਬਿਓ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਕਮਰਸ਼ੀਅਲ ਜਹਾਜ਼ਾਂ ਨੂੰ ਅਮਰੀਕੀ ਫੌਜ ਦੇ ਹੁਕਮਾਂ ਦੀ ਤੁਰੰਤ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਉਹ ਸਟ੍ਰੇਟ ਆਫ ਹਾਰਮੁਜ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।"
"ਉਨ੍ਹਾਂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਅਮਰੀਕੀ ਨਾਕਾਬੰਦੀ ਦੀ ਉਲੰਘਣਾ ਅਤੇ ਈਰਾਨੀ ਤੇਲ ਦੀ ਗ਼ੈਰ-ਕਾਨੂੰਨੀ ਢੁਆਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।"
ਰੱਖਿਆ ਮਾਹਰ ਮੇਜਰ ਜਨਰਲ ਜੀਡੀ ਬਖ਼ਸ਼ੀ ਨੇ ਭਾਰਤੀ ਮਲਾਹਾਂ ਦੀ ਮੌਤ ਅਤੇ ਭਾਰਤ-ਅਮਰੀਕਾ ਦੋਸਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਇਸ ਮਾਮਲੇ ਉੱਤੇ ਸੋਸ਼ਲ ਮੀਡੀਆ ਐਕਸ ਉੱਤੇ ਇੱਕ ਲੰਬੀ ਪੋਸਟ ਵਿੱਚ ਕਿਹਾ, "ਈਰਾਨ ਦਾ 90 ਫ਼ੀਸਦੀ ਤੇਲ ਚੀਨ ਜਾਂਦਾ ਹੈ। ਖ਼ਬਰਾਂ ਮੁਤਾਬਕ, ਇੱਕ ਸੌ ਤੋਂ ਵੱਧ ਚੀਨੀ ਜਹਾਜ਼ਾਂ ਨੇ ਇਸ ਨਾਕਾਬੰਦੀ ਨੂੰ ਤੋੜਿਆ ਹੈ। ਕਿਸੇ ਵੀ ਚੀਨੀ ਜਾਂ ਰੂਸੀ ਜਹਾਜ਼ ਉੱਤੇ ਹਮਲਾ ਨਹੀਂ ਹੋਇਆ।"
ਉਨ੍ਹਾਂ ਨੇ ਲਿਖਿਆ, "ਭਾਰਤ ਨੇ ਅਮਰੀਕਾ ਨਾਲ ਦੋਸਤੀ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਨੇ ਭਾਰਤੀ ਮਲਾਹਾਂ ਦਾ ਕਤਲ ਕਰਕੇ ਇਸ ਦਾ ਜਵਾਬ ਦਿੱਤਾ।"
ਉਨ੍ਹਾਂ ਨੇ ਲਿਖਿਆ, "ਕਿਸਿੰਜਰ ਨੇ ਸਹੀ ਕਿਹਾ ਸੀ ਕਿ ਅਮਰੀਕਾ ਦਾ ਦੁਸ਼ਮਣ ਹੋਣਾ ਖ਼ਤਰਨਾਕ ਹੈ, ਪਰ ਦੋਸਤ ਹੋਣਾ ਜਾਨਲੇਵਾ ਹੈ। ਇੱਕ ਸੋਚ ਅਜਿਹੀ ਵੀ ਹੈ ਜਿਸ ਨੂੰ ਗਰੀਬ ਭਾਰਤੀਆਂ ਦੀ ਮੌਤ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਨਾਲ ਯੂਰਪ (ਜੀ-7) ਦੇ ਆਰਾਮ ਵਿੱਚ ਖਲਲ ਨਹੀਂ ਪੈਣਾ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ