ਪੰਜਾਬ 'ਚ ਹੜ੍ਹਾਂ ਦੇ ਕਿਹੜੇ ਅਸਰ ਨੇ ਹੁਣ ਕਿਸਾਨ ਫ਼ਿਕਰਾਂ ਵਿੱਚ ਪਾਏ, ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕਿਹੜੇ ਨਵੇਂ ਨਦੀਨ ਲੱਭੇ ਹਨ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਬੀਤੇ ਵਰ੍ਹੇ ਆਏ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਫੇਰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਦਰਅਸਲ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਨਵੀਂ ਕਿਸਮ ਦੇ ਨਦੀਨ ਲੱਭੇ ਹਨ।

ਇਨ੍ਹਾਂ ਨਦੀਨਾਂ ਦੇ ਨਾਮ ਜੰਗਲੀ ਮੂਲੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਅਤੇ ਮਾਰਸ਼ ਪੀਲੀ-ਕ੍ਰੇਸ ਹਨ। ਇਹ ਨਦੀਨ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਮਿਲੇ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਨਦੀਨ ਬਿਲਕੁਲ ਉਨ੍ਹਾਂ ਖੇਤਾਂ ਵਿਚੋਂ ਮਿਲੇ ਹਨ, ਜਿਹੜੇ ਖੇਤ ਹੜ੍ਹਾਂ ਦੀ ਮਾਰ ਹੇਠ ਸਨ। ਹੜ੍ਹ ਮਗਰੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੜ੍ਹ ਪ੍ਰਭਾਵਿਤ ਸਾਰੇ ਜ਼ਿਲ੍ਹਿਆਂ ਵਿੱਚ ਸਰਵੇਖਣ ਕੀਤਾ ਅਤੇ ਇਸ ਸਰਵੇਖਣ ਵਿੱਚ ਇਨ੍ਹਾਂ ਨਦੀਨਾਂ ਦੀ ਪਛਾਣ ਹੋਈ ਹੈ।

ਯੂਨੀਵਰਸਿਟੀ ਮੁਤਾਬਕ ਇਹ ਨਦੀਨ ਪੰਜਾਬ ਵਿੱਚ ਖੇਤੀਬਾੜੀ ਵਾਸਤੇ ਨਵੀਆਂ ਚੁਣੌਤੀਆਂ ਪੇਸ਼ ਕਰ ਸਕਦੇ ਹਨ।

ਸਰਵੇਖਣ ਵਿੱਚ ਕੀ ਮਿਲਿਆ

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਨਦੀਨਾਂ ਦੀਆਂ ਨਵੀਆਂ ਕਿਸਮਾਂ ਦੇ ਉਭਾਰ ਅਤੇ ਬਨਸਪਤੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਖੁਲਾਸਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤਰਾਂ ਵਿਚ ਹੋਏ ਸਰਵੇਖਣ ਤੋਂ ਪਤਾ ਚੱਲਿਆ ਕਿ ਤਿੰਨ ਨਦੀਨਾਂ ਦੀਆਂ ਕਿਸਮਾਂ ਵਿੱਚ ਜੰਗਲੀ ਮੂਲੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਅਤੇ ਮਾਰਸ਼ ਪੀਲੀ-ਕ੍ਰੇਸ ਦੇਖਣ ਨੂੰ ਮਿਲੀਆਂ ਹਨ।

ਉਨ੍ਹਾਂ ਦੱਸਿਆ, "ਇਹ ਸਰਵੇਖਣ ਖੇਤੀ ਵਾਤਾਵਰਣ ਪ੍ਰਣਾਲੀਆਂ ਉੱਪਰ ਮੌਸਮੀ ਹਾਲਾਤ ਦੇ ਪੈਣ ਵਾਲੇ ਲੰਮੇ ਸਮੇਂ ਦੇ ਪ੍ਰਭਾਵ ਵੱਲ ਇਸ਼ਾਰਾ ਕਰਦਾ ਹੈ। ਇਸ ਲਈ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਚੌਕਸ ਕਰਦਿਆਂ ਸਮੇਂ ਸਿਰ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ।

ਡਾ ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਸਰਵੇਖਣ ਦਰਸਾਉਂਦਾ ਹੈ ਕਿ ਕਿਵੇਂ ਜਲਵਾਯੂ ਤਬਦੀਲੀ ਅਤੇ ਸਖ਼ਤ ਮੌਸਮੀ ਹਾਲਾਤ ਨੇ ਖੇਤੀ ਵਾਤਾਵਰਣ ਪ੍ਰਣਾਲੀਆਂ ਨੂੰ ਅਚਾਨਕ ਬਦਲ ਸਕਦੀਆਂ ਹਨ।

ਪੀਏਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ, "ਨਵੇਂ ਕਿਸਮਾਂ ਦੇ ਨਦੀਨਾਂ ਤੋਂ ਇਲਾਵਾ ਹੜ੍ਹਾਂ ਮਗਰੋਂ ਪੈਦਾ ਹੋਈ ਨਮੀਂ ਕਾਰਨ ਪੰਜਾਬ ਵਿੱਚ ਪਹਿਲਾਂ ਤੋਂ ਹੀ ਮੌਜੂਦ ਨਦੀਨ ਤੇਜ਼ੀ ਨਾਲ ਵਧੇ ਹਨ। ਅਜਿਹਾ ਇਸ ਲਈ ਹੋਇਆ ਕਿਉਂਕਿ ਹੜ੍ਹਾਂ ਮਗਰੋਂ ਇਨ੍ਹਾਂ ਨਦੀਨਾਂ ਨੂੰ ਢੁਕਵੇ ਹਲਾਤ ਮਿਲੇ।"

ਨਦੀਨ ਪੰਜਾਬ ਕਿਵੇਂ ਪਹੁੰਚੇ

ਡਾ ਸਤਿਬੀਰ ਗੋਸਲ ਨੇ ਦੱਸਿਆ, "ਨਦੀਨਾਂ ਦੀਆਂ ਇਹ ਕਿਸਮਾਂ ਹੜ੍ਹ ਦੇ ਪਾਣੀਆਂ ਰਾਹੀਂ ਪਹਾੜੀ ਖੇਤਰਾਂ ਤੋਂ ਬੀਜ ਅਤੇ ਬਨਸਪਤੀ ਦੇ ਰੂਪ ਵਿਚ ਆਈਆਂ ਹਨ। ਕੁਝ ਥਾਵਾਂ 'ਤੇ ਮਾਰਸ਼ ਪੀਲੀ-ਕ੍ਰੇਸ ਦਾ ਮਟਰ ਦੇ ਖੇਤਾਂ ਵਿੱਚ ਪ੍ਰਭਾਵ ਦੇਖਿਆ ਗਿਆ। ਸਰਵੇਖਣ ਦੌਰਾਨ ਪਤਾ ਲੱਗਾ ਕਿ ਇਹ ਬੂਟੀ ਕਾਸ਼ਤ ਕੀਤੇ ਖੇਤਾਂ ਵਿੱਚ ਫੈਲਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ।"

ਫਸਲਾਂ ਉੱਤੇ ਕੀ ਪ੍ਰਭਾਵ ਪਿਆ

ਪੀਏਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ, "ਫਿਲਹਾਲ ਫ਼ਸਲਾਂ ਉੱਤੇ ਨਵੇਂ ਨਦੀਨਾਂ ਦਾ ਪ੍ਰਭਾਵ ਨਹੀਂ ਪਿਆ ਕਿਉਂਕਿ ਅਜੇ ਇਹ ਨਦੀਨ ਘੱਟ ਗਿਣਤੀ ਵਿਚ ਹਨ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਨਦੀਨ ਬੀਜ ਪੈਦਾ ਕਰਦੇ ਹਨ ਅਤੇ ਫਿਰ ਵੱਧਦੇ ਹਨ। ਹੁਣ ਇਨ੍ਹਾਂ ਨਦੀਨਾਂ ਨੇ ਕਿੰਨੇ ਬੀਜ ਪੈਦਾ ਕੀਤੇ ਅਤੇ ਇਹ ਕਿੰਨਾ ਫੈਲਦੇ ਹਨ। ਇਸ ਵਾਸਤੇ ਅਸੀਂ ਲਗਾਤਾਰ ਨਿਗਰਾਨੀ ਕਰ ਰਹੇ ਹਾਂ।"

ਉਨ੍ਹਾਂ ਦੱਸਿਆ, "ਜਦੋਂ ਵੀ ਕੋਈ ਨਵਾਂ ਨਦੀਨ ਆਉਂਦਾ ਹੈ ਤਾਂ ਪਹਿਲੇ ਸਾਲ ਨੁਕਸਾਨ ਹੋਣ ਦੀ ਘੱਟ ਸੰਭਾਵਨਾ ਹੁੰਦੀ ਹੈ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਨਦੀਨ ਫੈਲਦਾ ਹਨ ਅਤੇ ਫਸਲਾਂ ਦਾ ਨੁਕਸਾਨ ਕਰਦੇ ਹਨ।

ਨਦੀਨ ਕਿਸਾਨਾਂ ਅਤੇ ਫ਼ਸਲਾਂ ਵਾਸਤੇ ਖ਼ਤਰਾ ਕਿਵੇਂ

"ਸਰਵੇਖਣ ਨੇ ਹਾੜੀ ਦੇ ਸੀਜ਼ਨ ਦੌਰਾਨ ਨਦੀਨਾਂ ਪੱਖੋਂ ਕਈ ਧਿਆਨ ਦੇਣ ਯੋਗ ਤਬਦੀਲੀਆਂ ਵੀ ਸਾਹਮਣੇ ਲਿਆਂਦੀਆਂ ਹਨ। ਇਹ ਤਬਦੀਲੀ ਚਿੰਤਾ ਦਾ ਕਾਰਨ ਲਗਦੀ ਹੈ ਕਿਉਂਕਿ ਨਦੀਨ ਪੌਸ਼ਟਿਕ ਤੱਤਾਂ, ਨਮੀ, ਸੂਰਜ ਦੀ ਰੌਸ਼ਨੀ ਅਤੇ ਜ਼ਮੀਨ ਲਈ ਫਸਲਾਂ ਨਾਲ ਸਿੱਧਾ ਮੁਕਾਬਲਾ ਕਰਦੇ ਹਨ। ਬਹੁਤ ਸਾਰੇ ਕੀੜੇ-ਮਕੌੜਿਆਂ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਠਾਹਰ ਵਜੋਂ ਵੀ ਇਹ ਬਨਸਪਤੀ ਪ੍ਰਜਾਤੀਆਂ ਕੰਮ ਕਰਦੀਆਂ ਹਨ, ਜਿਸ ਨਾਲ ਖੇਤੀ ਉਤਪਾਦਕਤਾ ਲਈ ਖਤਰੇ ਪੈਦਾ ਹੁੰਦੇ ਹਨ।"

ਡਾ ਗੋਸਲ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਕਿ ਇਹ ਮਜ਼ਬੂਤੀ ਨਾਲ ਸਥਾਪਿਤ ਹੋ ਜਾਣ ਅਤੇ ਫਸਲ ਉਤਪਾਦਨ, ਜੈਵ ਵਿਭਿੰਨਤਾ ਅਤੇ ਵਾਤਾਵਰਣ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ, ਇਨ੍ਹਾਂ ਦੀ ਰੋਕਥਾਮ ਦੇ ਉਪਾਅ ਕਰਨੇ ਲਾਜ਼ਮੀ ਹਨ ਅਤੇ ਪੀ ਏ ਯੂ ਦੇ ਵਿਗਿਆਨੀ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਹਨ।

ਯੂਨੀਵਰਸਿਟੀ ਨੇ ਕਿਹੜੇ ਕਦਮ ਚੁੱਕੇ

ਡਾ ਗੋਸਲ ਨੇ ਕਿਹਾ ਕਿ ਪੰਜਾਬ ਵਿੱਚ ਨਦੀਨਾਂ ਦੀਆਂ ਇਨ੍ਹਾਂ ਕਿਸਮਾਂ ਦੀ ਤਾਸੀਰ ਅਤੇ ਵਾਤਾਵਰਣ ਉੱਪਰ ਪ੍ਰਭਾਵ ਬਾਰੇ ਕੋਈ ਤਜੁਰਬਾ ਨਹੀਂ ਹੈ।

ਡਾ. ਗੋਸਲ ਨੇ ਕਿਹਾ ਕਿ ਪੰਜਾਬ ਦੀ ਖੇਤੀ ਦੀ ਜੈਵ ਭਿੰਨਤਾ ਦੀ ਰੱਖਿਆ ਲਈ ਕਿਸਾਨਾਂ, ਵਿਗਿਆਨੀਆਂ, ਪਸਾਰ ਕਰਮੀਆਂ ਅਤੇ ਹੋਰ ਹਿੱਸੇਦਾਰਾਂ ਦੇ ਸਹਿਯੋਗ ਦੀ ਲੋੜ ਹੈ।

ਯੂਨੀਵਰਸਿਟੀ ਨੇ ਕਿਸਾਨਾਂ ਨੂੰ ਹਿਦਾਇਤ ਕੀਤੀ ਹੈ ਕਿ ਜੇਕਰ ਕਿਸਾਨਾਂ ਨੇ ਕੋਈ ਨਵੀਂ ਜੜ੍ਹੀ-ਬੂਟੀ ਜਾਂ ਨਦੀਨ ਦੇਖਿਆ , ਜੋ ਪਹਿਲਾਂ ਕਦੇ ਨਹੀਂ ਦੇਖਿਆ ਹੋਇਆ ਤਾਂ ਉਸਦੀ ਜਾਣਕਾਰੀ ਤੁਰੰਤ ਯੂਨੀਵਰਸਿਟੀ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਦਿਓ।

ਪੀਏਯੂ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ।

ਉਨ੍ਹਾਂ ਸਲਾਹ ਦਿੱਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਅਨਜਾਣ ਪੌਦਿਆਂ ਦੀਆਂ ਕਿਸਮਾਂ ਜਾਂ ਵੱਖਰੇ ਨਦੀਨਾਂ ਦੇ ਹਮਲੇ ਬਾਰੇ ਪੀ ਏ ਯੂ ਮਾਹਿਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ , ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਆਗਾਹ ਕਰਨ ਤਾਂ ਜੋ ਸ਼ੁਰੂਆਤੀ ਪੜਾਅ 'ਤੇ ਢੁਕਵੀਂ ਕਾਰਵਾਈ ਕੀਤੀ ਜਾ ਸਕੇ।

ਨਦੀਨਾਂ ਤੋਂ ਬਚਣ ਦਾ ਕੀ ਹੈ ਤਰੀਕਾ?

ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਨਦੀਨ ਬਹੁਤ ਤੇਜ਼ੀ ਨਾਲ ਵਧਦੇ ਹਨ।

ਉਨ੍ਹਾਂ ਕਿਹਾ, "ਜਦੋਂ ਨਦੀਨ ਗਿਣਤੀ ਵਿੱਚ ਵਧਦੇ ਹਨ ਤਾਂ ਇਹ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ, ਜਿਸ ਨਾਲ ਫਸਲਾਂ ਦਾ ਝਾੜ ਵੀ ਕਾਫੀ ਘਟਦਾ ਹੈ।"

ਬਲਦੇਵ ਸਿੰਘ ਦੱਸਦੇ ਹਨ ਕਿ ਇਨ੍ਹਾਂ ਤੋਂ ਫਸਲਾਂ ਨੂੰ ਬਚਾਉਣ ਦਾ ਇੱਕ ਤਰੀਕਾ ਇਹ ਹੈ ਕਿ ਇਨ੍ਹਾਂ ਨੂੰ ਵਧਣ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ।

ਉਹ ਅੱਗੇ ਦੱਸਦੇ ਹਨ, "ਜਿਹੜੇ ਇਹ ਨਦੀਨ ਹੁੰਦੇ ਹਨ, ਉਹ ਆਪਣੇ ਆਪ ਹੀ ਬੀਜ ਪੈਦਾ ਕਰਦੇ ਹਨ ਤੇ ਬੀਜ ਕਈ ਗੁਣਾਂ ਵਧ ਜਾਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਵਧਣ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ। ਜੇ ਇਨ੍ਹਾਂ ਨੂੰ ਸਮੇਂ ਨਾਲ ਰੋਕ ਲਿਆ ਜਾਵੇ ਤਾਂ ਫਸਲਾਂ ਦਾ ਬਚਾਅ ਹੋ ਸਕਦਾ, ਜੇ ਇਨ੍ਹਾਂ ਨੂੰ ਨਾ ਰੋਕਿਆ ਜਾਵੇ ਤਾਂ ਇਹ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੇ ਹਨ। ਇਸ ਨਾਲ ਫਸਲ ਦਾ ਝਾੜ ਘੱਟਦਾ ਹੈ ਕਿਉਂਕਿ ਜਿਹੜੀ ਖੁਰਾਕ ਫਸਲ ਨੂੰ ਲੱਗਣੀ ਹੁੰਦੀ ਹੈ, ਇਹ ਉਸ ਨਾਲ ਮੁਕਾਬਲਾ ਕਰਕੇ ਖੁਦ ਖੁਰਾਕ ਲੈ ਲੈਂਦੇ ਹਨ। "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)