You’re viewing a text-only version of this website that uses less data. View the main version of the website including all images and videos.
ਕੋਲਕਾਤਾ: ਅੱਗ ਵਿੱਚ ਸੜੀਆਂ ਚਾਰ ਹਜ਼ਾਰ ਈਵੀਐੱਮ ਅਤੇ ਵੀਵੀਪੈਟ, ਸਰਕਾਰ ਤੇ ਵਿਰੋਧੀ ਧਿਰ ਨੇ ਕੀ ਦਾਅਵੇ ਕੀਤੇ
- ਲੇਖਕ, ਪ੍ਰਭਾਕਰ ਮਣੀ ਤਿਵਾਰੀ
- ਰੋਲ, ਕੋਲਕਾਤਾ ਤੋਂ ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਇੱਕ-ਦੂਜੇ 'ਤੇ ਲੱਗਣ ਵਾਲੇ ਇਲਜ਼ਾਮਾਂ ਦਾ ਦੌਰ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਕੋਲਕਾਤਾ ਦੀ ਇੱਕ ਸਰਕਾਰੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਚਾਰ ਹਜ਼ਾਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਅਤੇ ਵੀਵੀਪੈਟ ਸੜ੍ਹ ਕੇ ਸਵਾ ਹੋ ਗਏ।
ਇਸ ਘਟਨਾ ਨੂੰ ਲੈ ਕੇ ਹੁਣ ਵਿਵਾਦ ਹੋਰ ਡੂੰਘਾ ਹੋ ਗਿਆ ਹੈ।
ਪੱਛਮੀ ਬੰਗਾਲ ਦੇ ਅੱਗ ਬੁਝਾਊ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੌਸ਼ਿਕ ਚੌਧਰੀ ਨੇ ਵੀ ਇਸ ਅੱਗ 'ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਦੱਸਿਆ ਕਿ ਇਮਾਰਤ ਵਿੱਚ ਤਕਰੀਬਨ ਚਾਰ ਹਜ਼ਾਰ ਈਵੀਐੱਮ ਅਤੇ ਵੀਵੀਪੈਟ ਮਸ਼ੀਨਾਂ ਸਨ, ਜਿਨ੍ਹਾਂ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲਈ 10 ਵਿਧਾਨ ਸਭਾ ਖੇਤਰਾਂ ਵਿੱਚ ਇਸਤੇਮਾਲ ਕੀਤਾ ਗਿਆ ਸੀ।
ਸਰਕਾਰ ਨੇ ਇਸ ਅੱਗ ਦੀ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਗਠਨ ਕਰ ਦਿੱਤਾ ਹੈ। ਪਰ ਇਸ ਮਾਮਲੇ ਵਿੱਚ ਹੁਣ ਤੱਕ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ।
ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਇਸ ਘਟਨਾ 'ਤੇ ਸਵਾਲ ਚੁੱਕਦੇ ਹੋਏ ਕਿਹਾ, "ਕੀ ਇਹ ਸਿਰਫ਼ ਇੱਕ ਹਾਦਸਾ ਹੈ ਜਾਂ ਫਿਰ ਲੋਕਤੰਤਰ ਨਾਲ ਛੇੜਛਾੜ ਤੋਂ ਬਾਅਦ ਬੇਹੱਦ ਅਹਿਮ ਸਬੂਤਾਂ ਨੂੰ ਗਾਇਬ ਕਰਨ ਦੀ ਸੋਚੀ-ਸਮਝੀ ਕੋਸ਼ਿਸ਼?"
ਫ਼ਿਲਹਾਲ ਐੱਸਆਈਟੀ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗੇਗਾ।
ਮਾਮਲਾ ਕੀ ਹੈ?
ਪਿਛਲੇ ਹਫ਼ਤੇ 10 ਜੂਨ ਦੀ ਸਵੇਰ ਕੋਲਕਾਤਾ ਦੇ ਅਲੀਪੁਰ ਇਲਾਕੇ ਵਿੱਚ ਸਥਿਤ ਦੱਖਣੀ 24 ਪਰਗਨਾ ਜ਼ਿਲ੍ਹਾ ਪਰਿਸ਼ਦ ਦੀ ਦਸ ਮੰਜ਼ਿਲਾ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਵਿੱਚ ਚਾਰ ਹਜ਼ਾਰ ਈਵੀਐੱਮ ਅਤੇ ਵੀਵੀਪੈਟ ਸੜ੍ਹ ਕੇ ਸਵਾ ਹੋ ਗਏ ਸਨ।
ਇਹ ਮਸ਼ੀਨਾਂ ਉਸ ਇਮਾਰਤ ਦੀ ਅੱਠਵੀਂ ਅਤੇ ਨੌਵੀਂ ਮੰਜ਼ਿਲ 'ਤੇ ਬਣੇ ਚੋਣ ਦਫ਼ਤਰ ਵਿੱਚ ਰੱਖੀਆਂ ਗਈਆਂ ਸਨ।
ਇਸ ਘਟਨਾ ਦੇ ਇੱਕ ਚਸ਼ਮਦੀਦ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ ਸੀ, "ਅੱਗ ਸਵੇਰੇ ਕਰੀਬ ਸਾਢੇ ਨੌਂ ਵਜੇ ਸ਼ੁਰੂ ਹੋਈ ਅਤੇ ਵੇਖਦੇ ਹੀ ਵੇਖਦੇ ਤੀਜੀ ਮੰਜ਼ਿਲ ਤੱਕ ਪਹੁੰਚ ਗਈ। ਇਸ ਨਾਲ ਪੂਰੀ ਇਮਾਰਤ ਧੂੰਏਂ ਨਾਲ ਭਰ ਗਈ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।"
"ਉਹ ਹੇਠਾਂ ਵੱਲ ਭੱਜਣ ਲੱਗੇ। ਕੁਝ ਦੇਰ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।"
ਪੱਛਮੀ ਬੰਗਾਲ ਦੇ ਅੱਗ ਬੁਝਾਊ ਅਤੇ ਆਫ਼ਤ ਪ੍ਰਬੰਧਨ ਰਾਜ ਮੰਤਰੀ ਕੌਸ਼ਿਕ ਚੌਧਰੀ ਨੇ ਵੀਰਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਪਿਛਲੀਆਂ ਚੋਣਾਂ ਵਿੱਚ ਮਤਦਾਨ ਲਈ ਦਸ ਵਿਧਾਨ ਸਭਾ ਖੇਤਰਾਂ ਵਿੱਚ ਇਨ੍ਹਾਂ ਈਵੀਐੱਮਾਂ ਦੀ ਵਰਤੋਂ ਕੀਤੀ ਗਈ ਸੀ।"
ਉਨ੍ਹਾਂ ਇਸ ਤੋਂ ਪਹਿਲਾਂ ਅੱਗ ਲੱਗਣ ਦੇ ਤਰੀਕੇ 'ਤੇ ਵੀ ਸ਼ੱਕ ਜਤਾਇਆ ਸੀ।
ਮੰਤਰੀ ਨੇ ਦੱਸਿਆ ਸੀ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਅੱਗ ਸਭ ਤੋਂ ਪਹਿਲਾਂ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਇਹ ਸੱਤਵੀਂ, ਅੱਠਵੀਂ, ਨੌਵੀਂ ਅਤੇ ਦਸਵੀਂ ਮੰਜ਼ਿਲ ਤੱਕ ਪਹੁੰਚ ਗਈ।
ਉਨ੍ਹਾਂ ਕਿਹਾ ਸੀ, "ਚੌਥੀ, ਪੰਜਵੀਂ ਅਤੇ ਛੇਵੀਂ ਮੰਜ਼ਿਲ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਅੱਗ ਉੱਪਰ ਕਿਵੇਂ ਪਹੁੰਚ ਗਈ? ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ ਸੀ।"
ਕੋਲਕਾਤਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਇਹ ਆਮ ਅੱਗ ਨਹੀਂ ਲੱਗਦੀ। ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਇਹ ਕਿਤੇ ਤੋੜ-ਫੋੜ (ਸੈਬੋਟਾਜ਼) ਦੀ ਕਾਰਵਾਈ ਤਾਂ ਨਹੀਂ ਸੀ। ਸਰਕਾਰ ਕਿਸੇ ਨਤੀਜੇ 'ਤੇ ਪਹੁੰਚਣ ਲਈ ਫੋਰੈਂਸਿਕ ਰਿਪੋਰਟ ਦੀ ਉਡੀਕ ਕਰ ਰਹੀ ਹੈ।"
ਫੋਰੈਂਸਿਕ ਟੀਮ ਨੇ ਵੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੌਕੇ ਦਾ ਦੌਰਾ ਕਰਕੇ ਸਬੂਤ ਇਕੱਠੇ ਕੀਤੇ।
ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ ਕਿ ਇਸ ਘਟਨਾ ਵਿੱਚ ਸਾਜ਼ਿਸ਼ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।
ਦੱਖਣੀ 24 ਪਰਗਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਇਸ ਮਾਮਲੇ ਵਿੱਚ ਅਲੀਪੁਰ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ ਜਾਂ ਕਿਸੇ ਹੋਰ ਕਾਰਨ ਕਰਕੇ।
ਪਰ ਪੁਲਿਸ ਨੇ ਫ਼ਿਲਹਾਲ ਇਸ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਜਾਂਚ ਦਾ ਕੰਮ ਪੂਰਾ ਹੋਣ ਤੱਕ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ। ਮੁੱਢਲੀ ਜਾਂਚ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।"
ਇਸ ਦੌਰਾਨ, ਕੋਲਕਾਤਾ ਪੁਲਿਸ ਵੱਲੋਂ ਗਠਿਤ ਐੱਸਆਈਟੀ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਟੀਮ ਵਿੱਚ ਪੁਲਿਸ ਦੇ ਸਹਾਇਕ ਕਮਿਸ਼ਨਰ ਸੁਖੇਂਦੁ ਮੁਖਰਜੀ ਤੋਂ ਇਲਾਵਾ ਖ਼ੁਫ਼ੀਆ ਵਿਭਾਗ ਦੇ ਇੰਸਪੈਕਟਰ ਹੀਰਕ ਦਲਪਤੀ, ਇੰਸਪੈਕਟਰ ਅਰਪਣ ਦਾਸ ਅਤੇ ਸਬ-ਇੰਸਪੈਕਟਰ ਸੁਮਨ ਘੋਸ਼ ਸ਼ਾਮਲ ਹਨ।
ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, "ਇਸ ਟੀਮ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕਰਨ ਦੇ ਨਾਲ-ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।"
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ, ਉੱਥੇ ਸੂਬਾ ਸਰਕਾਰ ਦੇ ਕਈ ਦਫ਼ਤਰ ਵੀ ਹਨ।
ਤ੍ਰਿਣਮੂਲ ਕਾਂਗਰਸ ਦੇ ਗ੍ਰਿਫ਼ਤਾਰ ਆਗੂ ਅਤੇ ਫਾਲਟਾ ਸੀਟ ਤੋਂ ਉਮੀਦਵਾਰ ਜਹਾਂਗੀਰ ਖ਼ਾਨ, ਜੋ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਸਨ, ਦਾ ਦਫ਼ਤਰ ਵੀ ਉਸੇ ਇਮਾਰਤ ਵਿੱਚ ਸੀ।
ਫ਼ਿਲਹਾਲ ਦੱਖਣੀ 24 ਪਰਗਨਾ ਜ਼ਿਲ੍ਹਾ ਪਰਿਸ਼ਦ 'ਤੇ ਤ੍ਰਿਣਮੂਲ ਕਾਂਗਰਸ ਦਾ ਕਬਜ਼ਾ ਹੈ।
ਸਰਕਾਰੀ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ, "ਫ਼ਿਲਹਾਲ ਉਸ ਇਮਾਰਤ ਵਿੱਚ ਸਥਿਤ ਹੋਰ ਸਰਕਾਰੀ ਦਫ਼ਤਰਾਂ ਨੂੰ ਹੋਏ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ।"
ਘਟਨਾ ਨੂੰ ਲੈ ਕੇ ਵਿਵਾਦ ਵਧਿਆ
ਅੱਗ ਲੱਗਣ ਦੀ ਇਸ ਘਟਨਾ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਅਪ੍ਰੈਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 10 ਵਿਧਾਨ ਸਭਾ ਖੇਤਰਾਂ ਵਿੱਚ ਇਨ੍ਹਾਂ ਈਵੀਐੱਮਾਂ ਦੀ ਵਰਤੋਂ ਕੀਤੀ ਗਈ ਸੀ।
ਤ੍ਰਿਣਮੂਲ ਕਾਂਗਰਸ ਨੇ ਇਸ ਅੱਗ ਨੂੰ ਰਹੱਸਮਈ ਕਰਾਰ ਦਿੱਤਾ ਹੈ। ਕਾਂਗਰਸ ਨੇ ਵੀ ਇਸ ਮਾਮਲੇ 'ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਹੈ।
ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਪਹਿਲਾਂ ਤੋਂ ਹੀ ਚੋਣੀ ਨਤੀਜਿਆਂ 'ਤੇ ਸਵਾਲ ਉਠਾਉਂਦੇ ਰਹੇ ਹਨ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਘੱਟੋ-ਘੱਟ ਡੇਢ ਸੌ ਸੀਟਾਂ 'ਤੇ ਗੜਬੜੀ ਕੀਤੀ ਗਈ ਹੈ। ਹੁਣ ਇਸ ਤਾਜ਼ਾ ਘਟਨਾ ਨੇ ਪਾਰਟੀ ਨੂੰ ਇੱਕ ਮਜ਼ਬੂਤ ਮੁੱਦਾ ਦੇ ਦਿੱਤਾ ਹੈ।
ਤ੍ਰਿਣਮੂਲ ਕਾਂਗਰਸ ਨੇ ਐਕਸ 'ਤੇ ਆਪਣੀ ਇੱਕ ਪੋਸਟ ਵਿੱਚ ਕਿਹਾ ਹੈ, "ਡਾਇਮੰਡ ਹਾਰਬਰ ਸਬ-ਡਿਵੀਜ਼ਨ ਅਧੀਨ ਕਈ ਸੀਟਾਂ ਤੋਂ ਇਲਾਵਾ ਕਸਬਾ, ਜਾਦਵਪੁਰ, ਬੇਹਲਾ ਪੂਰਬ, ਬੇਹਲਾ ਪੱਛਮ, ਮਟਿਆਬੁਰਜ਼ ਅਤੇ ਸਾਤਗਾਛੀਆ ਸੀਟਾਂ 'ਤੇ ਮਤਦਾਨ ਵਿੱਚ ਵਰਤੀਆਂ ਗਈਆਂ ਚਾਰ ਹਜ਼ਾਰ ਕੰਟ੍ਰੋਲ ਯੂਨਿਟਾਂ, ਚਾਰ ਹਜ਼ਾਰ ਬੈਲਟ ਯੂਨਿਟਾਂ ਅਤੇ ਚਾਰ ਹਜ਼ਾਰ ਵੀਵੀਪੈਟ ਅੱਗ ਵਿੱਚ ਰਹੱਸਮਈ ਢੰਗ ਨਾਲ ਨਸ਼ਟ ਹੋ ਗਈਆਂ ਹਨ।"
ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਸਵਾਲ ਕੀਤਾ, "ਕੀ ਇਹ ਸਿਰਫ਼ ਇੱਕ ਹਾਦਸਾ ਹੈ ਜਾਂ ਲੋਕਤੰਤਰ ਨਾਲ ਛੇੜਛਾੜ ਤੋਂ ਬਾਅਦ ਬੇਹੱਦ ਅਹਿਮ ਸਬੂਤਾਂ ਨੂੰ ਗਾਇਬ ਕਰਨ ਦੀ ਸੋਚੀ-ਸਮਝੀ ਕੋਸ਼ਿਸ਼? ਆਖ਼ਿਰ ਇਹ ਅੱਗ ਕਿਵੇਂ ਲੱਗੀ?"
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸ਼ੁਭੰਕਰ ਸਰਕਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਇਸ ਘਟਨਾ ਦੀ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਹੈ।"
ਰਾਜਨੀਤਕ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨ ਤਾਂ ਜਾਂਚ ਤੋਂ ਹੀ ਸਾਹਮਣੇ ਆਉਣਗੇ, ਪਰ ਇਸ ਦੀ ਟਾਈਮਿੰਗ ਅਤੇ ਈਵੀਐੱਮਾਂ ਦੇ ਸੜਨ ਦਾ ਮਾਮਲਾ ਸ਼ੱਕ ਦੇ ਘੇਰੇ ਵਿੱਚ ਹੈ।
ਸੀਨੀਅਰ ਪੱਤਰਕਾਰ ਅਤੇ ਵਿਸ਼ਲੇਸ਼ਕ ਪੁਲਕੇਸ਼ ਘੋਸ਼ ਕਹਿੰਦੇ ਹਨ, "ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਪਹਿਲਾਂ ਤੋਂ ਹੀ ਚੋਣ ਧਾਂਧਲੀ ਦੇ ਇਲਜ਼ਾਮ ਲਗਾਉਂਦੀ ਰਹੀ ਹੈ। ਹੁਣ ਇਸ ਘਟਨਾ ਨੇ ਉਨ੍ਹਾਂ ਨੂੰ ਇੱਕ ਨਵਾਂ ਹਥਿਆਰ ਦੇ ਦਿੱਤਾ ਹੈ।"
ਇੱਕ ਹੋਰ ਸੀਨੀਅਰ ਪੱਤਰਕਾਰ ਤਾਪਸ ਮੁਖਰਜੀ ਕਹਿੰਦੇ ਹਨ, "ਇਸ ਮਾਮਲੇ ਵਿੱਚ ਤਾਂ ਖ਼ੁਦ ਮੰਤਰੀ ਨੇ ਸਾਜ਼ਿਸ਼ ਦੀ ਸੰਭਾਵਨਾ ਜਤਾਈ ਹੈ। ਅਜਿਹੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਫੋਰੈਂਸਿਕ ਅਤੇ ਐੱਸਆਈਟੀ ਦੀ ਜਾਂਚ ਵਿੱਚ ਅਸਲ ਕਾਰਨ ਸਾਹਮਣੇ ਆਉਂਦਾ ਹੈ ਜਾਂ ਇਹ ਸਿਰਫ਼ ਲੀਪਾ-ਪੋਤੀ ਦੀ ਕਵਾਇਦ ਹੀ ਸਾਬਤ ਹੁੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ