You’re viewing a text-only version of this website that uses less data. View the main version of the website including all images and videos.
ਅਮਰੀਕੀ ਹਮਲੇ 'ਚ ਤਿੰਨ ਭਾਰਤੀ ਮਲਾਹਾਂ ਦੀ ਮੌਤ 'ਤੇ ਮੋਦੀ ਸਰਕਾਰ ਦੇ ਰੁਖ਼ ਬਾਰੇ ਮਾਹਰ ਕੀ ਚੁੱਕ ਰਹੇ ਹਨ ਸਵਾਲ
ਈਰਾਨ ਵਿਰੁੱਧ ਅਮਰੀਕਾ ਦੀ ਨਾਕਾਬੰਦੀ ਮੁਹਿੰਮ ਦੌਰਾਨ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ ਹੈ। ਇਹ ਅਮਰੀਕੀ ਮੁਹਿੰਮ ਦਾ ਪਹਿਲਾ ਅਜਿਹਾ ਮਾਮਲਾ ਮੰਨਿਆ ਜਾ ਰਿਹਾ ਹੈ ਜਿੱਥੇ ਹਮਲੇ ਦੇ ਨਤੀਜੇ ਵਜੋਂ ਹੋਈਆਂ ਮੌਤਾਂ ਦੀ ਪੁਸ਼ਟੀ ਹੋਈ ਹੈ।
ਅਮਰੀਕਾ ਇਸ ਮੁਹਿੰਮ ਨੂੰ ਈਰਾਨ ਦੇ ਤੇਲ ਨਿਰਯਾਤ ਮਾਲੀਏ ਨੂੰ ਘਟਾਉਣ ਅਤੇ ਟਕਰਾਅ ਨੂੰ ਖਤਮ ਕਰਨ ਲਈ ਇੱਕ ਸਮਝੌਤੇ ਲਈ ਮਜਬੂਰ ਕਰਨ ਦੇ ਮਕਸਦ ਨਾਲ ਚਲਾ ਰਿਹਾ ਹੈ।
ਇਸ ਹਫ਼ਤੇ, ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ਵਿੱਚ ਭਾਰਤੀ ਚਾਲਕ ਦਲ ਦੁਆਰਾ ਚਲਾਏ ਜਾ ਰਹੇ ਤਿੰਨ ਤੇਲ ਟੈਂਕਰਾਂ 'ਤੇ ਹਮਲਾ ਕੀਤਾ। ਇਸ ਨਾਲ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਕਾਰ ਕੂਟਨੀਤਕ ਤਣਾਅ ਹੋਰ ਵਧ ਸਕਦਾ ਹੈ।
ਭਾਰਤ ਨੇ ਇਸ ਮੁੱਦੇ 'ਤੇ ਵਿਰੋਧ ਦਰਜ ਕਰਵਾਉਣ ਲਈ ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੂੰ ਵੀ ਤਲਬ ਕੀਤਾ ਹੈ।
ਭਾਵੇਂ ਭਾਰਤ ਨੇ ਇਸ ਮਾਮਲੇ 'ਤੇ ਅਮਰੀਕੀ ਦੂਤਾਵਾਸ ਦੇ ਇੱਕ ਅਧਿਕਾਰੀ ਨੂੰ ਤਲਬ ਕੀਤਾ ਹੈ, ਪਰ ਬਹੁਤ ਸਾਰੇ ਲੋਕ ਸਰਕਾਰ ਦੇ ਜਵਾਬ ਨੂੰ ਨਾਕਾਫ਼ੀ ਮੰਨਦੇ ਹਨ।
ਸੀਨੀਅਰ ਪੱਤਰਕਾਰ ਕਲੋਲ ਭੱਟਾਚਾਰਜੀ ਨੇ ਐਕਸ 'ਤੇ ਲਿਖਿਆ, "ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤੀ ਨਾਗਰਿਕਾਂ ਵਿਰੁੱਧ ਹੈਲਫਾਇਰ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ। ਕਵਾਡ ਵਿੱਚ ਸਾਡਾ ਭਾਈਵਾਲ ਦੇਸ਼ ਸੱਚਮੁੱਚ ਕਮਾਲ ਦਾ ਹੈ।"
ਭਾਰਤ ਕਵਾਡ ਸਮੂਹ ਦਾ ਹਿੱਸਾ ਹੈ, ਜੋ ਕਿ ਮੁਫਤ ਸਮੁੰਦਰੀ ਨੇਵੀਗੇਸ਼ਨ ਦੀ ਵਕਾਲਤ ਕਰਦਾ ਹੈ, ਫਿਰ ਵੀ ਅਮਰੀਕਾ ਇਸ ਨੇਵੀਗੇਸ਼ਨ ਵਿੱਚ ਰੁਕਾਵਟ ਪਾ ਰਿਹਾ ਹੈ। ਕਵਾਡ ਵਿੱਚ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਸ਼ਾਮਲ ਹਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਮਰੀਕਾ ਨੇ ਜਹਾਜ਼ਾਂ 'ਤੇ ਹਮਲੇ ਕੀਤੇ ਪਰ ਤਿੰਨ ਨਿਸ਼ਾਨਾ ਬਣਾਏ ਗਏ ਜਹਾਜ਼ਾਂ ਵਿੱਚੋਂ ਦੋ ਨੂੰ ਅਮਰੀਕਾ ਨੇ ਮਨਜ਼ੂਰੀ ਦੇ ਦਿੱਤੀ ਸੀ। ਜੈਸਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੂੰ "ਨਿਰਦੇਸਾਂ ਦਾ ਪਾਲਣ ਨਾ ਕਰਨ ਵਾਲਾ ਜਹਾਜ਼" ਮੰਨਿਆ ਗਿਆ ਸੀ।
ਭਾਰਤ ਦੇ ਰੁਖ਼ 'ਤੇ ਸਵਾਲ
ਜੈਸਵਾਲ ਦੀ ਇਸ ਟਿੱਪਣੀ ਦੀ ਆਲੋਚਨਾ ਹੋ ਰਹੀ ਹੈ। ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਰਹੇ ਕੰਵਲ ਸਿੱਬਲ ਨੇ ਲਿਖਿਆ, "ਅਸੀਂ 'ਪਾਬੰਦੀਆਂ' ਜਾਂ 'ਪਾਲਣਾ ਕਰਨ 'ਚ ਅਸਫਲ' ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਅਮਰੀਕੀ ਕਾਰਵਾਈਆਂ ਨੂੰ ਅਸਿੱਧੇ ਤੌਰ 'ਤੇ ਕਿਉਂ ਜਾਇਜ਼ ਠਹਿਰਾ ਰਹੇ ਹਾਂ? ਇਹ ਕਾਰਵਾਈਆਂ ਗੈਰ-ਕਾਨੂੰਨੀ ਹਨ, ਭਾਵੇਂ ਹੀ ਜਹਾਜ਼ ਭਾਰਤੀ ਝੰਡੇ ਵਾਲਾ ਨਾ ਹੋਵੇ। ਸਾਡੀ ਚਿੰਤਾ ਇਹ ਹੈ ਕਿ ਭਾਰਤੀ ਮਲਾਹ ਮਾਰੇ ਗਏ ਹਨ, ਅਤੇ ਸੈਂਟਕਾਮ ਨੇ ਅਜੇ ਤੱਕ ਅਫਸੋਸ ਵੀ ਪ੍ਰਗਟ ਨਹੀਂ ਕੀਤਾ ਹੈ।"
ਸਿੱਬਲ ਨੇ ਲਿਖਿਆ, "ਜੇਕਰ ਭਾਰਤ ਅਤੇ ਅਮਰੀਕਾ ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸੁਰੱਖਿਆ 'ਤੇ ਸਹਿਯੋਗ ਕਰਦੇ ਹਨ, ਵਿਆਪਕ ਜਲ ਸੈਨਾ ਅਭਿਆਸ ਕਰਦੇ ਹਨ, ਅਤੇ ਹਿੰਦ-ਪ੍ਰਸ਼ਾਂਤ ਦੇ ਸੰਕਲਪ ਦਾ ਸਮਰਥਨ ਕਰਦੇ ਹਨ, ਤਾਂ - ਹਾਲਾਤ ਜੋ ਵੀ ਹੋਣ, ਅਮਰੀਕਾ ਹਿੰਦ ਮਹਾਸਾਗਰ ਵਿੱਚ ਭਾਰਤੀ ਮਲਾਹਾਂ ਦੀਆਂ ਮੌਤਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ।"
ਅੰਗਰੇਜ਼ੀ ਅਖਬਾਰ ਦਿ ਹਿੰਦੂ ਦੇ ਅੰਤਰਰਾਸ਼ਟਰੀ ਸੰਪਾਦਕ ਸਟੈਨਲੀ ਜੌਨੀ ਨੇ ਵੀ ਭਾਰਤ ਦੇ ਜਵਾਬ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਐਕਸ 'ਤੇ ਲਿਖਿਆ, "ਮੈਂ ਸਮਝ ਸਕਦਾ ਹਾਂ ਕਿ ਭਾਰਤ ਕਤਰ ਵਿੱਚ ਇਜ਼ਰਾਈਲੀ ਬੰਬਾਰੀ ਦੀ ਨਿੰਦਾ ਕਰਦੇ ਸਮੇਂ ਹਮਲਾਵਰ ਦਾ ਨਾਮ ਨਹੀਂ ਲੈਂਦਾ। ਮੈਂ ਇਹ ਵੀ ਸਮਝ ਸਕਦਾ ਹਾਂ ਕਿ ਭਾਰਤ ਯੂਕਰੇਨ ਵਿੱਚ ਰੂਸੀ ਹਮਲਿਆਂ ਦੀ ਨਿੰਦਾ ਕਰਦੇ ਸਮੇਂ ਕਿਸੇ ਦਾ ਨਾਮ ਨਹੀਂ ਲੈਂਦਾ।"
"ਇਸੇ ਤਰ੍ਹਾਂ, ਜੇਕਰ ਭਾਰਤ ਫਾਰਸ ਦੀ ਖਾੜੀ ਦੀਆਂ ਰਾਜਸ਼ਾਹੀਆਂ 'ਤੇ ਈਰਾਨੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਹਮਲਾਵਰ ਦਾ ਸਪੱਸ਼ਟ ਤੌਰ 'ਤੇ ਨਾਮ ਲੈਣ ਤੋਂ ਪਰਹੇਜ਼ ਕਰਦਾ ਹੈ, ਤਾਂ ਮੈਂ ਉਸ ਨੂੰ 'ਰਣਨੀਤਕ ਸੰਤੁਲਨ' ਕਹਿ ਸਕਦਾ ਹਾਂ। ਪਰ ਮੈਂ ਇਹ ਨਹੀਂ ਸਮਝ ਪਾਉਂਦਾ ਕਿ ਭਾਰਤ ਉਸ ਦੇਸ਼ ਦਾ ਨਾਮ ਕਿਉਂ ਨਹੀਂ ਲੈਂਦਾ ਜਿਸਨੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ 'ਤੇ ਮਿਜ਼ਾਈਲਾਂ ਚਲਾਈਆਂ ਅਤੇ ਤਿੰਨ ਭਾਰਤੀਆਂ ਦੀ ਜਾਨ ਲੈ ਲਈ, ਉਹ ਵੀ ਭਾਰਤ ਦੇ ਗੁਆਂਢ ਦੇ ਸਮੁੰਦਰੀ ਖੇਤਰ ਵਿੱਚ।"
ਬੁੱਧਵਾਰ ਨੂੰ ਭਾਰਤ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਅਮਰੀਕਾ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ।
ਪ੍ਰਸਿੱਧ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕ ਬ੍ਰਹਮਾ ਚੇਲਾਨੀ ਨੇ ਵੀ ਭਾਰਤ ਦੇ ਰੁਖ਼ 'ਤੇ ਸਵਾਲ ਚੁੱਕੇ ਹਨ। ਚੇਲਾਨੀ ਨੇ ਪੁੱਛਿਆ ਕਿ ਜੇਕਰ ਤਿੰਨ ਅਮਰੀਕੀ ਨਾਗਰਿਕ ਮਾਰੇ ਜਾਂਦੇ ਤਾਂ ਕੀ ਹੁੰਦਾ?
ਚੇਲਾਨੀ ਨੇ ਲਿਖਿਆ, "ਜੇਕਰ ਤਿੰਨ ਅਮਰੀਕੀ ਮਲਾਹ ਇੱਕ ਹਵਾਈ ਹਮਲੇ ਵਿੱਚ ਮਾਰੇ ਜਾਂਦੇ, ਤਾਂ ਅਮਰੀਕਾ ਵਿੱਚ ਇੱਕ ਰਾਜਨੀਤਿਕ ਸੰਕਟ ਪੈਦਾ ਹੋ ਜਾਂਦਾ। ਪਰ ਮੰਗਲਵਾਰ ਨੂੰ ਹੋਰਮੁਜ਼ ਸਟਰੇਟ ਦੇ ਨੇੜੇ ਪਲਾਊ ਦੇ ਝੰਡੇ ਵਾਲੇ ਟੈਂਕਰ 'ਤੇ ਅਮਰੀਕੀ ਹਵਾਈ ਹਮਲੇ ਵਿੱਚ ਤਿੰਨ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਨੂੰ ਬਹੁਤ ਘੱਟ ਅੰਤਰਰਾਸ਼ਟਰੀ ਧਿਆਨ ਮਿਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਹਮਲੇ 'ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ ਅਤੇ ਇਹ ਮਾਮਲਾ ਵਿਦੇਸ਼ ਮੰਤਰਾਲੇ ਦੁਆਰਾ ਦਰਜ ਕੀਤੇ ਗਏ ਇੱਕ ਨਿਯਮਤ ਕੂਟਨੀਤਕ ਵਿਰੋਧ ਤੱਕ ਸੀਮਤ ਹੈ।"
ਅਮਰੀਕਾ ਦੇ ਤਰਕਾਂ ਦਾ ਸਮਰਥਨ?
ਚੇਲਾਨੀ ਲਿਖਦੇ ਹਨ, "ਇਹ ਕੋਈ ਇਕੱਲੀ ਘਟਨਾ ਨਹੀਂ ਸੀ। ਇਹ ਇਸ ਹਫ਼ਤੇ ਅਮਰੀਕੀ ਫੌਜ ਦੁਆਰਾ ਨਿਸ਼ਾਨਾ ਬਣਾਇਆ ਗਿਆ ਤੀਜਾ ਅਜਿਹਾ ਟੈਂਕਰ ਸੀ ਜਿਸ ਵਿੱਚ ਭਾਰਤੀ ਚਾਲਕ ਦਲ ਸਵਾਰ ਸੀ। ਸੋਮਵਾਰ ਨੂੰ, ਇੱਕ ਅਮਰੀਕੀ ਨੇਵੀ F/A-18 ਸੁਪਰ ਹੌਰਨੇਟ ਲੜਾਕੂ ਜਹਾਜ਼ ਨੇ ਓਮਾਨ ਦੀ ਖਾੜੀ ਵਿੱਚ ਸਟੀਕ ਹਥਿਆਰਾਂ ਦੀ ਵਰਤੋਂ ਕਰਕੇ ਇੱਕ ਹੋਰ ਟੈਂਕਰ 'ਤੇ ਹਮਲਾ ਕੀਤਾ।"
"ਇਸ ਤੋਂ ਬਾਅਦ, ਓਮਾਨੀ ਅਧਿਕਾਰੀਆਂ ਨੂੰ ਜਹਾਜ਼ ਵਿੱਚ ਸਵਾਰ ਸਾਰੇ 24 ਭਾਰਤੀ ਮਲਾਹਾਂ ਨੂੰ ਕੱਢਣਾ ਪਿਆ। ਫਿਰ ਅੱਜ, ਇੱਕ ਅਮਰੀਕੀ ਜਹਾਜ਼ ਨੇ ਓਮਾਨ ਦੇ ਤੱਟ ਤੋਂ ਦੂਰ ਗਿਨੀ-ਬਿਸਾਉ ਝੰਡੇ ਵਾਲੇ ਟੈਂਕਰ ਦੇ ਇੰਜਣ 'ਤੇ ਦੋ ਹੈੱਲਫਾਇਰ ਮਿਜ਼ਾਈਲਾਂ ਦਾਗੀਆਂ, ਜਿਸ ਨਾਲ ਜਹਾਜ਼ ਵਿੱਚ ਭਾਰੀ ਅੱਗ ਲੱਗ ਗਈ।"
ਭੂ-ਰਾਜਨੀਤਿਕ ਵਿਸ਼ਲੇਸ਼ਕ ਜ਼ੋਰਾਵਰ ਦੁਲਤ ਸਿੰਘ ਲਿਖਦੇ ਹਨ, "ਅਮਰੀਕਾ ਜਾਂ ਪੱਛਮੀ ਪਾਬੰਦੀਆਂ ਅਤੇ ਉਨ੍ਹਾਂ ਦੇ ਘਰੇਲੂ ਕਾਨੂੰਨਾਂ ਨੂੰ ਪੂਰੀ ਦੁਨੀਆ 'ਤੇ ਲਾਗੂ ਨਿਯਮਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਅੰਤਰਰਾਸ਼ਟਰੀ ਕਾਨੂੰਨ ਤੋਂ ਉੱਪਰ ਰੱਖਣ ਦਾ ਇਹ ਅਮਰੀਕੀ ਰਵੱਈਆ ਮੌਜੂਦਾ ਵਿਸ਼ਵ ਵਿਵਸਥਾ ਵਿੱਚ ਅੰਤਰਰਾਸ਼ਟਰੀ ਸਬੰਧਾਂ ਲਈ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਬਹੁ-ਧਰੁਵੀ ਵਿਸ਼ਵ ਵਿਵਸਥਾ ਦੀ ਮੰਗ ਪਿੱਛੇ ਇੱਕ ਮੁੱਖ ਕਾਰਨ ਵੀ ਹੈ। ਇਸ ਦੀ ਬਜਾਏ ਭਾਰਤ ਅਜੇ ਵੀ ਹਮਲਾਵਰ ਅਮਰੀਕੀ ਕਾਰਵਾਈਆਂ ਦੇ ਤਰਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੋਇਆ ਦਿਖ ਰਿਹਾ ਹੈ।"
ਥਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀਟੀਆਰਆਈ) ਦੇ ਡਾਇਰੈਕਟਰ ਅਜੈ ਸ਼੍ਰੀਵਾਸਤਵ ਦਾ ਵੀ ਮੰਨਣਾ ਹੈ ਕਿ ਭਾਰਤ ਦੀ ਚੁੱਪੀ ਪ੍ਰੇਸ਼ਾਨ ਕਰਨ ਵਾਲੀ ਹੈ।
ਸ਼੍ਰੀਵਾਸਤਵ ਨੇ ਐਕਸ 'ਤੇ ਲਿਖਿਆ, "ਤਿੰਨ ਭਾਰਤੀ ਮਲਾਹ ਮਾਰੇ ਗਏ ਹਨ। ਅਮਰੀਕਾ ਨੇ ਹੁਣ ਤੱਕ ਇੱਕ ਵਾਰ ਵੀ ਮੁਆਫ਼ੀ ਨਹੀਂ ਮੰਗੀ ਹੈ। 8 ਤੋਂ 11 ਜੂਨ ਦੇ ਵਿਚਕਾਰ, ਅਮਰੀਕੀ ਫੌਜਾਂ ਨੇ ਓਮਾਨ ਦੀ ਖਾੜੀ ਦੇ ਨੇੜੇ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਤਿੰਨ ਵਪਾਰਕ ਜਹਾਜ਼ਾਂ 'ਤੇ ਹਮਲਾ ਕੀਤਾ। ਇਨ੍ਹਾਂ ਵਿੱਚੋਂ ਐੱਮਟੀ ਸੇਟੇਬੇਲੋ 'ਤੇ ਹੋਏ ਹਮਲੇ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ।"
"ਜੇਕਰ ਕਿਸੇ ਹੋਰ ਦੇਸ਼ ਨੇ ਵਪਾਰੀ ਜਹਾਜ਼ਾਂ ਵਿੱਚ ਸਵਾਰ ਭਾਰਤੀ ਮਲਾਹਾਂ ਨੂੰ ਮਾਰਿਆ ਹੁੰਦਾ ਤਾਂ ਕੀ ਭਾਰਤ ਅਤੇ ਦੁਨੀਆ ਇੰਨੀ ਚੁੱਪ ਰਹਿੰਦੀ? ਇਹ ਜਹਾਜ਼ ਵਪਾਰਕ ਜਹਾਜ਼ ਸਨ, ਜੰਗੀ ਬੇੜੇ ਨਹੀਂ। ਇਹ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਚੱਲ ਰਹੇ ਸਨ ਅਤੇ ਕਿਸੇ ਫੌਜੀ ਸੰਘਰਸ਼ ਦਾ ਹਿੱਸਾ ਨਹੀਂ ਸਨ। ਇਸ ਦੇ ਬਾਵਜੂਦ ਅਮਰੀਕਾ ਨੇ ਇੱਕਤਰਫ਼ਾ ਨਾਕਾਬੰਦੀ ਦੇ ਤਹਿਤ ਇਸ ਨੂੰ ਨਿਸ਼ਾਨਾ ਬਣਾਇਆ।"
"ਸੇਟੇਬੋਲੋ ਉੱਤੇ 9 ਜੂਨ ਨੂੰ ਹੋਇਆ ਹਮਲਾ ਸਭ ਤੋਂ ਘਾਤਕ ਸੀ। ਇੱਕ ਅਮਰੀਕੀ ਹਵਾਈ ਜਹਾਜ਼ ਨੇ ਜਹਾਜ਼ ਦੇ ਇੰਜਣ ਰੂਮ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਤਿੰਨ ਭਾਰਤੀ ਮਲਾਹਾਂ ਦੀ ਮੌਤ ਹੋ ਗਈ। ਅਮਰੀਕਾ ਦੇ ਭੂ-ਰਾਜਨੀਤਿਕ ਸੰਘਰਸ਼ ਵਿੱਚ ਤਿੰਨ ਭਾਰਤੀ ਮਲਾਹਾਂ ਦੀ ਜਾਨ ਚਲੀ ਗਈ।''
"ਇਸ ਮਾਮਲੇ 'ਤੇ ਅੰਤਰਰਾਸ਼ਟਰੀ ਕਾਨੂੰਨ ਸਪੱਸ਼ਟ ਹੈ। ਸੰਯੁਕਤ ਰਾਸ਼ਟਰ ਚਾਰਟਰ ਦਾ ਆਰਟੀਕਲ 2(4) ਸਵੈ-ਰੱਖਿਆ ਜਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰ ਦੇ ਇਲਾਵਾ ਤਾਕਤ ਦੀ ਵਰਤੋਂ 'ਤੇ ਪਾਬੰਦੀ ਲਗਾਉਂਦਾ ਹੈ। ਆਰਟੀਕਲ 87 ਅਤੇ 90 ਖੁੱਲ੍ਹੇ ਸਮੁੰਦਰ ਵਿੱਚ ਨੇਵੀਗੇਸ਼ਨ ਦੀ ਆਜ਼ਾਦੀ ਦੀ ਗਰੰਟੀ ਦਿੰਦੇ ਹਨ।"
"ਭਾਰਤੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਵੀ, ਅਮਰੀਕਾ ਨੇ ਨਾ ਤਾਂ ਜਨਤਕ ਮੁਆਫ਼ੀ ਮੰਗੀ ਹੈ ਅਤੇ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਅਫ਼ਸੋਸ ਜਾਂ ਸੰਵੇਦਨਾ ਪ੍ਰਗਟ ਕੀਤੀ ਹੈ। ਇਹ ਇੱਕ ਚਿੰਤਾਜਨਕ ਸੁਨੇਹਾ ਦਿੰਦਾ ਹੈ ਕਿ ਭਾਰਤੀ ਜਾਨਾਂ ਨੂੰ ਸ਼ਾਇਦ ਰਸਮੀ ਮਾਨਤਾ ਦੇ ਯੋਗ ਵੀ ਨਹੀਂ ਮੰਨਿਆ ਗਿਆ।"
ਅਸ਼ੋਕਾ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਪ੍ਰੋਫੈਸਰ ਕਾਂਤੀ ਬਾਜਪਾਈ ਨੇ ਲਿਖਿਆ ਹੈ, "ਭਾਰਤ ਸਹੀ ਹੈ ਜਾਂ ਗਲਤ, ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੋ ਸਕਦਾ ਹੈ। ਹਾਲਾਂਕਿ, ਅਮਰੀਕਾ ਹੁਣ ਭਾਰਤ ਨੂੰ ਇੱਕ ਅਜਿਹੀ ਸ਼ਕਤੀ ਵਜੋਂ ਨਹੀਂ ਦੇਖਦਾ ਜਿਸਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਬਜਾਏ, ਉਹ ਭਾਰਤ ਨੂੰ ਆਪਣੇ ਉਤਪਾਦਾਂ, ਨਿਵੇਸ਼ਾਂ ਅਤੇ ਹਥਿਆਰਾਂ ਲਈ ਇੱਕ ਵੱਡੇ ਬਾਜ਼ਾਰ ਵਜੋਂ ਦੇਖਦਾ ਹੈ। ਭਵਿੱਖ ਆਦਰਸ਼ਵਾਦ ਦਾ ਨਹੀਂ, ਸਗੋਂ ਠੰਡੇ ਦਿਮਾਗ ਨਾਲ ਕੀਤੇ ਜਾਣ ਵਾਲੇ ਲੈਣ-ਦੇਣ ਅਤੇ ਵਿਵਹਾਰਕ ਹਿੱਤਾਂ ਦੀ ਰਾਜਨੀਤੀ ਦਾ ਹੈ।"
ਭਾਰਤ ਦੀ ਪ੍ਰਤੀਕਿਰਿਆ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਕਿਹਾ, "ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਾਡੇ ਸਮੁੰਦਰੀ ਵਪਾਰ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਜਹਾਜ਼ਾਂ 'ਤੇ ਇਹ ਹਮਲੇ ਬੰਦ ਹੋਣੇ ਚਾਹੀਦੇ ਹਨ।"
ਅਮਰੀਕੀ ਸੈਂਟਰਲ ਕਮਾਂਡ ਦੇ ਅਨੁਸਾਰ ਅਮਰੀਕੀ ਫੌਜ ਨੇ ਬੁੱਧਵਾਰ ਨੂੰ ਪਲਾਉ ਦੇ ਝੰਡੇ ਵਾਲੇ ਤੇਲ ਟੈਂਕਰ ਸੈਟੇਬੈਲੋ ਵਿਰੁੱਧ ਕਾਰਵਾਈ ਕੀਤੀ ਕਿਉਂਕਿ ਉਸ ਨੇ ਅਮਰੀਕੀ ਫੌਜਾਂ ਦੀਆਂ ਚੇਤਾਵਨੀਆਂ ਦਾ ਪਾਲਣ ਨਹੀਂ ਕੀਤਾ।
ਇਸ ਤੋਂ ਬਾਅਦ, ਵੀਰਵਾਰ ਨੂੰ ਅਮਰੀਕੀ ਜਹਾਜ਼ਾਂ ਨੇ ਗਿਨੀ-ਬਿਸਾਉ ਦੇ ਝੰਡੇ ਵਾਲੇ ਟੈਂਕਰ ਜਲਵੀਰ ਨੂੰ ਵੀ ਨਿਸ਼ਾਨਾ ਬਣਾਇਆ। ਅਮਰੀਕੀ ਸੈਂਟਰਲ ਕਮਾਂਡ ਦਾ ਇਲਜ਼ਾਮ ਹੈ ਕਿ ਜਹਾਜ਼ ਓਮਾਨ ਦੀ ਖਾੜੀ ਰਾਹੀਂ ਈਰਾਨ ਤੋਂ ਤੇਲ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਭਾਰਤੀ ਅਧਿਕਾਰੀਆਂ ਦੇ ਅਨੁਸਾਰ, ਜਲਵੀਰ ਵਿੱਚ ਸਵਾਰ ਸਾਰੇ 20 ਭਾਰਤੀ ਮਲਾਹ ਸੁਰੱਖਿਅਤ ਹਨ। ਰਣਧੀਰ ਜੈਸਵਾਲ ਨੇ ਕਿਹਾ ਕਿ ਹਮਲੇ ਅਮਰੀਕੀ ਜਲ ਸੈਨਾ ਦੁਆਰਾ ਕੀਤੇ ਗਏ ਸਨ ਅਤੇ ਨਿਸ਼ਾਨਾ ਬਣਾਏ ਗਏ ਜਹਾਜ਼ ਭਾਰਤ ਦੇ ਨਹੀਂ ਸਨ।
ਸੈਟੇਬੈਲੋ 'ਤੇ ਹਮਲੇ ਸੰਬੰਧੀ ਅਮਰੀਕੀ ਸੈਂਟਰਲ ਕਮਾਂਡ ਦੇ ਸ਼ੁਰੂਆਤੀ ਬਿਆਨ ਵਿੱਚ ਮੌਤਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਅਮਰੀਕੀ ਫੌਜ ਨੇ ਕਿਹਾ ਸੀ ਕਿ ਇੱਕ ਜੈੱਟ ਨੇ ਜਹਾਜ਼ ਦੇ ਇੰਜਣ 'ਤੇ ਗੋਲੀਬਾਰੀ ਕੀਤੀ। ਜਾਰੀ ਕੀਤੀ ਗਈ ਵੀਡੀਓ ਵਿੱਚ ਜਹਾਜ਼ ਤੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।
ਵੀਰਵਾਰ ਨੂੰ ਅਮਰੀਕੀ ਸੈਂਟਰਲ ਕਮਾਂਡ ਨੇ ਦੁਹਰਾਇਆ ਕਿ ਜਹਾਜ਼ ਦੇ ਅਮਲੇ ਨੇ ਵਾਰ-ਵਾਰ ਦਿੱਤੀਆਂ ਚੇਤਾਵਨੀਆਂ ਦਾ ਪਾਲਣ ਨਹੀਂ ਕੀਤਾ ਸੀ ਅਤੇ ਗੋਲੀਬਾਰੀ ਤੋਂ ਪਹਿਲਾਂ ਕਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।
ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਜਹਾਜ਼ ਵਿੱਚ ਸਵਾਰ ਭਾਰਤੀ ਚਾਲਕ ਦਲ ਦੇ 24 ਮੈਂਬਰਾਂ ਵਿੱਚੋਂ 21 ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਤਿੰਨ ਮਲਾਹ ਲਾਪਤਾ ਹਨ।
ਹਾਲਾਂਕਿ, ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਵੀਰਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਤਿੰਨ ਲਾਪਤਾ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਬਚਾਏ ਗਏ ਮਲਾਹਾਂ ਦੇ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਂਦੀਆਂ ਜਾਣਗੀਆਂ।
ਅਮਰੀਕਾ ਦੀ ਨਾਕਾਬੰਦੀ
ਇਸ ਤੋਂ ਪਹਿਲਾਂ ਸੋਮਵਾਰ ਨੂੰ, ਅਮਰੀਕੀ ਫੌਜ ਨੇ ਪਲਾਉ ਦੇ ਝੰਡੇ ਵਾਲੇ ਮੇਰੀਵੈਕਸ ਨਾਮਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕੀ ਸੈਂਟਰਲ ਕਮਾਂਡ ਅਤੇ ਭਾਰਤੀ ਵਿਦੇਸ਼ ਮੰਤਰਾਲੇ ਦੋਵਾਂ ਨੇ ਇਸ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਸੀ।
ਅਮਰੀਕਾ ਨੇ ਇਲਜਾਮ ਲਗਾਇਆ ਕਿ ਜਹਾਜ਼ ਈਰਾਨ ਦੇ ਵਿਰੁੱਧ ਲਗਾਈ ਗਈ ਨਾਕਾਬੰਦੀ ਦੀ ਉਲੰਘਣਾ ਕਰਦੇ ਹੋਏ, ਈਰਾਨੀ ਬੰਦਰਗਾਹ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਭਾਰਤੀ ਅਧਿਕਾਰੀਆਂ ਨੇ ਇਸ ਹਫ਼ਤੇ ਕਿਹਾ ਸੀ ਕਿ ਗੋਲੀਬਾਰੀ ਤੋਂ ਪਹਿਲਾਂ ਜਹਾਜ਼ ਅਤੇ ਅਮਰੀਕੀ ਫੌਜਾਂ ਵਿਚਕਾਰ ਸੰਪਰਕ ਹੋਇਆ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਮੇਰੀਵੈਕਸ 'ਤੇ ਸਵਾਰ ਸਾਰੇ ਭਾਰਤੀ ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਅਮਰੀਕਾ ਨੇ ਈਰਾਨ ਨਾਲ ਸ਼ੁਰੂਆਤੀ ਸ਼ਾਂਤੀ ਵਾਰਤਾ ਬੇਨਤੀਜਾ ਖਤਮ ਹੋਣ ਤੋਂ ਬਾਅਦ ਈਰਾਨ ਦੀ ਆਰਥਿਕਤਾ 'ਤੇ ਦਬਾਅ ਵਧਾਉਣ ਲਈ 13 ਅਪ੍ਰੈਲ ਨੂੰ ਨਾਕਾਬੰਦੀ ਸ਼ੁਰੂ ਕੀਤੀ ਸੀ।
ਇਸ ਹਫ਼ਤੇ ਦੀਆਂ ਘਟਨਾਵਾਂ ਉਦੋਂ ਵਾਪਰੀਆਂ ਹਨ ਜਦੋਂ ਇੱਕ ਅਮਰੀਕੀ ਅਪਾਚੇ ਹੈਲੀਕਾਪਟਰ ਨੂੰ ਡੇਗਣ ਤੋਂ ਬਾਅਦ ਅਮਰੀਕਾ ਅਤੇ ਈਰਾਨ ਨੇ ਇੱਕ ਦੂਜੇ ਦੇ ਫੌਜੀ ਟਿਕਾਣਿਆਂ 'ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ਦਾ ਦਾਅਵਾ ਹੈ ਕਿ ਹੈਲੀਕਾਪਟਰ ਨੂੰ ਈਰਾਨੀ ਡਰੋਨ ਨੇ ਨਿਸ਼ਾਨਾ ਬਣਾਇਆ ਸੀ।
ਯੂਐਸ ਸੈਂਟਰਲ ਕਮਾਂਡ ਦੇ ਅਨੁਸਾਰ, 13 ਅਪ੍ਰੈਲ ਨੂੰ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ, ਯੂਐਸ ਬਲਾਂ ਨੇ 9 ਜਹਾਜ਼ਾਂ ਨੂੰ ਅਯੋਗ ਕਰ ਦਿੱਤਾ ਹੈ ਜਿਨ੍ਹਾਂ ਨੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ। ਇਸ ਤੋਂ ਇਲਾਵਾ 100 ਤੋਂ ਵੱਧ ਹੋਰ ਜਹਾਜ਼ਾਂ ਦਾ ਰੂਟ ਵੀ ਬਦਲਿਆ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ