You’re viewing a text-only version of this website that uses less data. View the main version of the website including all images and videos.
ਜਾਅਲੀ ਲਾਇਸੰਸ ਨਾਲ 17 ਸਾਲ ਤੱਕ ਜਹਾਜ਼ ਉਡਾਉਣ ਵਾਲੇ ਏਅਰ ਕੈਨੇਡਾ ਦੇ ਪਾਇਲਟ ਬਾਰੇ ਕਿਵੇਂ ਪਤਾ ਲੱਗਿਆ?
- ਲੇਖਕ, ਨਾਦੀਨ ਯੂਸਿਫ
- ਰੋਲ, ਸੀਨੀਅਰ ਰਿਪੋਰਟਰ, ਬੀਬੀਸੀ ਨਿਊਜ਼ ਕੈਨੇਡਾ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਏਅਰ ਕੈਨੇਡਾ ਦੇ ਇੱਕ ਸਾਬਕਾ ਪਾਇਲਟ 'ਤੇ ਸਹੀ ਲਾਈਸੈਂਸ ਤੋਂ ਬਗੈਰ, 17 ਸਾਲਾਂ ਤੱਕ ਕਮਰਸ਼ੀਅਲ ਉਡਾਣਾਂ 'ਤੇ ਹਜ਼ਾਰਾਂ ਲੋਕਾਂ ਨੂੰ ਲੈ ਕੇ ਜਾਣ ਦੇ ਇਲਜ਼ਾਮ ਲੱਗੇ ਹਨ।
ਪੁਲਿਸ ਮੁਤਾਬਕ ਓਂਟਾਰੀਓ ਦੇ ਰਹਿਣ ਵਾਲੇ 59 ਸਾਲਾ ਪਾਇਲਟ ਜੈਫਰੀ ਵਾਲ 2009 ਵਿੱਚ ਕਪਤਾਨ ਵਜੋਂ ਤਰੱਕੀ ਮਿਲਣ ਦੇ ਬਾਅਦ ਤੋਂ ਹੀ ਜਾਅਲੀ ਦਸਤਾਵੇਜ਼ਾਂ ਸਹਾਰੇ ਉਡਾਣਾਂ ਭਰ ਰਹੇ ਸਨ।
ਹੁਣ ਉਹ ਧੋਖਾਧੜੀ ਨਾਲ ਸਬੰਧਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਏਅਰ ਕੈਨੇਡਾ ਮੁਤਾਬਕ ਪਿਛਲੇ ਸਾਲ ਨਕਲੀ ਦਸਤਾਵੇਜ਼ਾਂ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ।
ਏਅਰਲਾਈਨ ਨੇ ਕਿਹਾ, "ਕੰਪਨੀ ਨੇ ਸਵੈ-ਇੱਛਾ ਨਾਲ ਟਰਾਂਸਪੋਰਟ ਕੈਨੇਡਾ ਨੂੰ ਇਸ ਬਾਰੇ ਸੂਚਿਤ ਕੀਤਾ ਸੀ।"
ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਕਦੇ ਵੀ ਖਤਰੇ ਵਿੱਚ ਨਹੀਂ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਪਾਇਲਟਾਂ ਨੂੰ ਹਰ ਛੇ ਮਹੀਨੇ ਬਾਅਦ ਕੰਪੀਟੀਸ਼ਨ ਟਰੇਨਿੰਗ ਦਿੱਤੀ ਜਾਂਦੀ ਹੈ।
ਗਲਤ ਦਸਤਾਵੇਜ਼
ਪੀਲ ਰੀਜਨਲ ਪੁਲਿਸ ਦੇ ਨਿਕ ਮਿਲਿਨੋਵਿਚ ਨੇ ਦੱਸਿਆ ਕਿ 1998 ਵਿੱਚ ਕਰੀਅਰ ਸ਼ੁਰੂ ਕਰਨ ਬਾਅਦ ਵਾਲ ਨੇ ਏਅਰ ਕੈਨੇਡਾ ਲਈ 17 ਸਾਲ ਜਹਾਜ਼ ਉਡਾਇਆ।
ਪੁਲਿਸ ਮੁਤਾਬਕ ਇਹ ਪਾਇਲਟ, ਕੈਪਟਨ ਦੇ ਅਹੁਦੇ 'ਤੇ ਪਹੁੰਚਣ ਬਾਅਦ 2009 ਤੋਂ ਆਪਣੇ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕਰ ਰਿਹਾ ਸੀ।
ਇਸ ਰੋਲ ਲਈ ਪਾਇਲਟਾੰ ਕੋਲ ਇੱਕ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੰਸ ਹੋਣਾ ਲਾਜ਼ਮੀ ਹੈ ਜੋ ਲਿਖਤੀ ਪ੍ਰੀਖਿਆਵਾਂ ਦੀ ਲੜੀ ਪਾਸ ਹੋਣ ਬਾਅਦ ਮਿਲਦਾ ਹੈ।
ਮਿਲਿਨੋਵਿਚ ਨੇ ਕਿਹਾ, " ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਫੈਮਿਲੀ ਮੈਡੀਸਨ ਦੀ ਪ੍ਰੈਕਟਿਸ ਕਰਨ ਲਈ ਅਧਿਕਾਰਤ ਕੋਈ ਡਾਕਟਰ ਆਪਣੇ ਦਫ਼ਤਰ ਵਿੱਚ ਦਿਮਾਗ਼ ਦੀ ਸਰਜਰੀ ਕਰਨ ਲੱਗ ਜਾਵੇ।"
ਪੁਲਿਸ ਨੇ ਦੱਸਿਆ ਕਿ ਪਿਛਲੇ ਸਤਾਰਾਂ ਸਾਲਾਂ ਦੌਰਾਨ ਵਾਲ ਨੇ ਬੋਇੰਗ ਦੇ ਵੱਖ ਵੱਖ ਮਾਡਲਾਂ ਦੇ ਜਹਾਜ਼ ਉਡਾਏ ਅਤੇ ਕੁੱਲ ਨੌਂ ਸੌ ਘਰੇਲੂ ਤੇ ਕੌਮਾਂਤਰੀ ਉਡਾਣਾਂ ਭਰੀਆਂ, ਜਿਸ ਬਦਲੇ ਉਸ ਨੇ ਲੱਖਾਂ ਡਾਲਰ ਦੀ ਤਨਖਾਹ ਲਈ। ਇਹ ਸਭ ਕਥਿਤ ਤੌਰ 'ਤੇ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨ੍ਹਾਂ ਕੀਤਾ ਗਿਆ।
ਖੁਲਾਸਾ ਕਿਵੇਂ ਹੋਇਆ ?
ਅਥਾਰਟੀਜ਼ ਨੇ ਦੱਸਿਆ ਕਿ ਇਸ ਕਥਿਤ ਧੋਖਾਧੜੀ ਦਾ ਪਤਾ ਪਿਛਲੇ ਸਾਲ ਇੱਕ ਰੂਟੀਨ ਜਾਂਚ ਦੌਰਾਨ ਲੱਗਿਆ ਜਦੋਂ ਉਸ ਪਾਇਲਟ ਦੇ ਲਾਇਸੰਸ ਬਾਰੇ ਦਸਤਾਵੇਜ਼ਾਂ ਵਿੱਚ ਗੜਬੜੀਆਂ ਪਾਈਆਂ ਗਈਆਂ।
ਇਸ ਤੋਂ ਬਾਅਦ ਦੇਸ਼ ਦੀ ਕੈਨੇਡਾ ਦੀ ਫੈਡਰਲ ਟਰਾਂਸਪੋਰਟ ਏਜੰਸੀ 'ਟਰਾਂਸਪੋਰਟ ਕੈਨੇਡਾ' ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਫਿਰ ਪੀਲ ਰਿਜਨਲ ਪੁਲਿਸ ਨੇ ਵਾਲ ਦੇ ਖ਼ਿਲਾਫ਼ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਜਿਸ ਵਿਚ ਇੱਕ ਸਰਚ ਵਾਰੰਟ ਅਤੇ ਲਾਇਸੰਸ ਦੀ ਜਾਂਚ ਸ਼ਾਮਲ ਸੀ। ਪੁਲਿਸ ਮੁਤਾਬਕ ਲਾਇਸੰਸ ਨਕਲੀ ਨਿਕਲਿਆ।
ਇੱਕ ਜੂਨ ਨੂੰ ਰਸਮੀ ਤੌਰ 'ਤੇ ਵਾਲ ਖ਼ਿਲਾਫ਼ ਸੱਤ ਅਪਰਾਧਾਂ ਦੇ ਦੋਸ਼ ਲਗਾਏ ਗਏ ਜਿਨ੍ਹਾਂ ਵਿੱਚ ਧੋਖਾਧੜੀ, ਦਸਤਾਵੇਜ਼ਾਂ ਦੀ ਜਾਅਲਸਾਜ਼ੀ ਅਤੇ ਇੱਕ ਨਕਲੀ ਟਰੇਡਮਾਰਕ ਰੱਖਣਾ ਸ਼ਾਮਲ ਹੈ।
ਏਅਰ ਕੈਨੇਡਾ ਨੇ ਬਿਆਨ ਦਿੱਤਾ ਕਿ ਪਾਇਲਟ ਕੋਲ ਪੂਰੀ ਸਿਖਲਾਈ ਅਤੇ ਜਾਇਜ਼ ਕਮਰਸ਼ੀਅਲ ਪਾਇਲਟ ਲਾਇਸੰਸ ਸੀ ਪਰ ਕੈਨੇਡੀਅਨ ਨਿਯਮਾਂ ਦੇ ਤਹਿਤ ਕੈਪਟਨ ਵਜੋਂ ਕੰਮ ਕਰਨ ਲਈ ਲੋੜੀਂਦਾ ਏਟੀਪੀਐਲ ਲਾਇਸੰਸ ਨਹੀਂ ਸੀ।
ਆਪਣੇ ਬਿਆਨ ਵਿੱਚ ਏਅਰਲਾਈਨ ਨੇ ਅੱਗੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਪਾਇਲਟਾਂ ਦੀ ਆਡਿਟ ਪੂਰੀ ਕਰ ਲਈ ਹੈ, ਜਿਸ ਵਿੱਚ ਨਿਯਮਾਂ ਦੀ ਉਲੰਘਣਾਂ ਦਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ।
ਜਦੋਂ ਇਹ ਪੁੱਛਿਆ ਗਿਆ ਕਿ ਵਾਲ ਦੀ ਇਹ ਕਥਿਤ ਧੋਖਾਧੜੀ ਇੰਨੇ ਸਾਲਾਂ ਤੱਕ ਉਜਾਗਰ ਕਿਉਂ ਨਹੀਂ ਹੋਈ ਤਾਂ ਮਿਲਿਨੋਵਿਚ ਨੇ ਕਿਹਾ ਕਿ ਅਪਰਾਧੀ 'ਧੋਖਾਧੜੀ ਅਤੇ ਚਲਾਕੀ ਵਿੱਚ ਬਹੁਤ ਮਾਹਿਰ' ਹੋ ਸਕਦੇ ਹਨ।
ਉਨ੍ਹਾਂ ਕਿਹਾ, "ਇਹ ਕੋਈ ਅਸਧਾਰਨ ਗੱਲ ਨਹੀਂ ਹੈ ਕਿ ਧੋਖਾਧੜੀ ਸਾਲਾਂ ਤੱਕ ਚਲਦੀ ਰਹੀ। ਆਖਿਰਕਾਰ, ਨਤੀਜੇ ਤੁਹਾਡੇ ਤੱਕ ਪਹੁੰਚ ਹੀ ਜਾਂਦੇ ਹਨ ਅਤੇ ਉਦੋਂ ਅਸੀਂ ਦਖਲ ਦਿੰਦੇ ਹਾਂ।"
ਵਾਲ, 29 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ