ਬਾਬਾ ਸਿਦੀਕੀ ਦੇ ਕਤਲ ਦੇ ਤਾਰ ਪੰਜਾਬ ਅਤੇ ਹਰਿਆਣਾ ਨਾਲ ਜੁੜੇ, ਲਾਰੈਂਸ ਬਿਸ਼ਨੋਈ ਦੀ ਭੂਮਿਕਾ ਦੀ ਵੀ ਹੋ ਰਹੀ ਜਾਂਚ

ਤਸਵੀਰ ਸਰੋਤ, GETTY IMAGES/ANI
ਬਾਬਾ ਸਿਦੀਕੀ ਕਤਲ ਕਾਂਡ ਦੇ ਤਾਰ ਪੰਜਾਬ ਅਤੇ ਹਰਿਆਣਾ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਨਾਲ ਸਬੰਧਤ ਮੁਲਜ਼ਮਾਂ ਵਿੱਚ ਦੋ ਮੁਲਜ਼ਮ ਪੰਜਾਬ ਦੇ ਨਕੋਦਰ ਸ਼ਹਿਰ ਅਤੇ ਹਰਿਆਣਾ ਦੇ ਕੈਥਲ ਨਾਲ ਜੁੜੇ ਹਨ।
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨਸੀਪੀ ਦੇ ਦਿੱਗਜ ਨੇਤਾ ਬਾਬਾ ਸਿਦੀਕੀ ਦਾ ਮੁੰਬਈ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਸ਼ਨੀਵਾਰ ਸ਼ਾਮ ਮੁੰਬਈ ਦੇ ਬਾਂਦਰਾ ਇਲਾਕੇ 'ਚ ਉਨ੍ਹਾਂ 'ਤੇ ਹਮਲਾ ਹੋਇਆ, ਜਿਸ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਲੀਲਾਵਤੀ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਕੋਦਰ ਦੇ ਰਹਿਣ ਵਾਲੇ ਯਾਸੀਨ ʼਤੇ ਪਹਿਲਾਂ ਵੀ ਕੇਸ ਹਨ
ਜਾਣਕਾਰੀ ਮੁਤਾਬਕ ਮੁਲਜ਼ਮ ਯਾਸੀਨ ਅਖ਼ਤਰ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ ਅਤੇ ਉਸ ʼਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ, ਪਿੰਡ ਦੇ ਸਰਪੰਚ ਹਿੰਮਤ ਭਾਰਦਵਾਜ ਨੇ ਕਿਹਾ ਕਿ ਯਾਸੀਨ ਪਹਿਲਾਂ ਜੇਲ੍ਹ ਵਿੱਚ ਸੀ ਤੇ ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ʼਤੇ ਬਾਹਰ ਆਇਆ ਸੀ।
ਸਰਪੰਚ ਨੇ ਅੱਗੇ ਦੱਸਿਆ ਕਿ ਉਹ ਜ਼ਮਾਨਤ ਮਿਲਣ ਮਗਰੋਂ ਪਿੰਡ ਨਹੀਂ ਆਇਆ।
ਡੀਐੱਸਪੀ ਨਕੋਦਰ ਸੁਖਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਮੁਹੰਮਦ ਯਾਸੀਨ ਉਰਫ਼ ਜੈਸੀ ਉਰਫ਼ ਸਿਕੰਦਰ ʼਤੇ 2022 ਵਿੱਚ ਪਤਾਰਾ ਥਾਣੇ ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ। ਉਸੇ ਦੇ ਤਹਿਤ ਉਸ ਨੂੰ ਜੁਲਾਈ 2022 ਨੂੰ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।"
"ਉਦੋਂ ਤੋਂ ਲੈ ਕੇ ਜੂਨ 2024 ਤੱਕ ਉਹ ਜੇਲ੍ਹ ਵਿੱਚ ਹੀ ਸੀ। ਉੱਥੋਂ ਰਿਹਾਅ ਮਗਰੋਂ ਉਹ ਆਪਣੇ ਪਿੰਡ ਨਹੀਂ ਆਇਆ ਅਤੇ ਉਦੋਂ ਤੋਂ ਹੀ ਇਹ ਫਰਾਰ ਹੈ। ਅਸੀਂ ਇਸ ʼਤੇ ਨਜ਼ਰ ਰੱਖੀ ਸੀ ਪਰ ਉਹ ਫਰਾਰ ਹੈ ਅਤੇ ਆਪਣੇ ਪਿੰਡ ਵੀ ਨਹੀਂ ਗਿਆ।"

ਤਸਵੀਰ ਸਰੋਤ, sourced by Pradeep Sharma
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਮੁੰਬਈ ਤੋਂ ਟੀਮ ਆਈ ਸੀ, ਅਸੀਂ ਉਨ੍ਹਾਂ ਦੇ ਨਾਲ ਰਾਬਤੇ ਵਿੱਚ ਹਾਂ। ਉਹ ਵੱਖ-ਵੱਖ ਜੇਲ੍ਹਾਂ ਵਿੱਚ ਰਿਹਾ ਹੈ। ਉਸ ਉੱਤੇ 9 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਜਬਰੀ ਵਸੂਲੀ ਆਦਿ ਸ਼ਾਮਲ ਹਨ। ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੈਥਲ ਵਿੱਚ ਵੀ ਉਸ ʼਤੇ ਕੇਸ ਦਰਜ ਹਨ।"
ਪੁਲਿਸ ਅਧਿਕਾਰੀ ਨੇ ਪਰਿਵਾਰ ਬਾਰੇ ਦੱਸਦਿਆਂ ਕਿਹਾ, "ਯਾਸੀਨ ਦੇ ਪਿਤਾ ਮੁਹੰਮਦ ਜਮੀਲ ਅਖ਼ਤਰ ਅਤੇ ਇਸ ਦਾ ਇੱਕ ਭਰਾ ਮਾਨਸਿਕ ਤੌਰ ʼਤੇ ਠੀਕ ਨਹੀਂ ਹੈ, ਦੋਵੇਂ ਹੀ ਮਾਰਬਲ ਲਗਾਉਣ ਦਾ ਕੰਮ ਕਰਦੇ ਹਨ। ਪਹਿਲਾਂ ਤਾਂ ਉਹ ਇੱਥੇ ਹੀ ਸਨ। ਇਸ ਤੋਂ ਇਲਾਵਾ ਉਸ ਦੀ ਭੈਣ ਅਤੇ ਮਾਤਾ ਦਾ ਦੇਹਾਂਤ ਹੋ ਗਿਆ ਹੈ।"
ਕੈਥਲ ਦਾ ਗੁਰਮੇਲ ਸਿੰਘ ਗ੍ਰਿਫ਼ਤਾਰ
ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਹੋਰ ਮੁਲਜ਼ਮ, ਗੁਰਮੇਲ ਸਿੰਘ ਕੈਥਲ ਜ਼ਿਲ੍ਹੇ ਦੇ ਪਿੰਡ ਨਰੜ ਦਾ ਵਾਸੀ ਹੈ। ਸਾਲ 2019 ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਕੈਥਲ ਜੇਲ੍ਹ ਵਿੱਚ ਬੰਦ ਸੀ ਅਤੇ ਫਿਰ ਜ਼ਮਾਨਤ ʼਤੇ ਬਾਹਰ ਆਉਣ ਤੋਂ ਬਾਅਦ ਉਹ ਮੁੰਬਈ ਚਲਾ ਗਿਆ।
ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਮੁੰਬਈ ਵਿੱਚ ਉਹ ਲਾਰੈਂਸ ਗੈਂਗ ਨਾਲ ਜੁੜਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਮੁਲਜ਼ਮ ਕੈਥਲ ਜੇਲ੍ਹ ਵਿੱਚ ਹੀ ਲਾਰੈਸ ਗੈਂਗ ਦੇ ਸੰਪਰਕ ਵਿੱਚ ਆ ਗਿਆ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਮੁਲਜ਼ਮ ਲੰਬੇ ਸਮੇਂ ਤੋ ਪਿੰਡ ਨਹੀਂ ਆਇਆ।
ਬੀਬੀਸੀ ਸਹਿਯੋਗੀ ਕਮਲ ਸੈਣੀ ਨੇ ਗੁਰਮੇਲ ਦੀ ਦਾਦੀ ਨਾਲ ਗੱਲ ਕੀਤੀ। ਦਾਦੀ ਦਾ ਕਹਿਣਾ ਹੈ ਕਿ ਗੁਰਮੇਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ।
ਦਾਦੀ ਦੇ ਅਨੁਸਾਰ, "ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਗੁਰਮੇਲ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।"
ਦਾਦੀ ਨੇ ਅੱਗੇ ਕਿਹਾ, "ਉਹ ਮੇਰਾ ਪੋਤਾ ਸੀ ਪਰ ਹੁਣ ਉਹ ਮੇਰਾ ਕੁਝ ਵੀ ਨਹੀਂ ਲੱਗਦਾ, ਅਸੀਂ ਉਸ ਨੂੰ 10-12 ਸਾਲਾਂ ਤੋਂ ਬੇਦਖ਼ਲ ਕਰ ਰੱਖਿਆ ਹੈ ਅਤੇ ਪੁਲਿਸ ਚਾਹੇ ਤਾਂ ਉਸ ਨੂੰ ਚੌਰਾਹੇ ʼਤੇ ਖੜ੍ਹਾ ਕਰ ਕੇ ਗੋਲੀ ਮਾਰ ਦੇਵੇ।"
ਉਧਰ ਪਿੰਡ ਦੇ ਸਰਪੰਚ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਮੁਲਜ਼ਮ ਨੂੰ ਬੇਦਖ਼ਲ ਕੀਤਾ ਗਿਆ ਹੈ ਤੇ ਉਹ ਲੰਬੇ ਸਮੇਂ ਤੋ ਪਿੰਡ ਵਿੱਚ ਨਹੀ ਰਹਿ ਰਿਹਾ।
ਕੈਥਲ ਜ਼ਿਲ੍ਹੇ ਦੇ ਡੀਐੱਸਪੀ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮ ਗੁਰਮੇਲ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ ਅਤੇ ਜ਼ਿਲ੍ਹੇ ਵਿੱਚ ਉਸ ਖ਼ਿਲਾਫ਼ ਪਹਿਲਾਂ ਹੀ ਤਿੰਨ ਕੇਸ ਦਰਜ ਹਨ।

ਤਸਵੀਰ ਸਰੋਤ, BBC/KAMALNATH
ਹੋਰ ਮੁਲਜ਼ਮ
ਬਾਬਾ ਸਿਦੀਕੀ ਕਤਲ ਕੇਸ ਦੇ ਮੁਲਜ਼ਮ ਦਾ ਨਾਂ ਧਰਮਰਾਜ ਨਿਸ਼ਾਦ ਹੈ। ਧਰਮਰਾਜ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਕੈਸਰਗੰਜ ਵਿੱਚ ਰਹਿੰਦਾ ਹੈ।
ਕੈਸਰਗੰਜ ਦੇ ਪੁਲਿਸ ਅਧਿਕਾਰੀ ਅਨਿਲ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਧਰਮਰਾਜ ਨਿਸ਼ਾਦ ਕੈਸਰਗੰਜ ਦੇ ਗੰਡਾਰਾ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਮੱਛੀ ਵੇਚਣ ਦਾ ਕੰਮ ਕਰਦੇ ਹਨ।”
ਉਹ ਕਹਿੰਦੇ ਹਨ, “ਧਰਮਰਾਜ ਮੁੰਬਈ ਵਿੱਚ ਰਹਿੰਦਾ ਸੀ ਅਤੇ ਉੱਥੇ ਸਕਰੈਪ ਦਾ ਕੰਮ ਕਰਦਾ ਸੀ। ਉਸ ਦੀ ਉਮਰ ਵੀਹ ਸਾਲ ਤੋਂ ਘੱਟ ਦੱਸੀ ਜਾਂਦੀ ਹੈ। ਪਰਿਵਾਰ ਦਾ ਪੁੱਤਰ ਨਾਲ ਕੋਈ ਸੰਪਰਕ ਨਹੀਂ ਸੀ।"
ਅਨਿਲ ਦਾ ਕਹਿਣਾ ਹੈ, “ਧਰਮਰਾਜ ਨਿਸ਼ਾਦ ਦਾ ਜ਼ਿਲ੍ਹੇ ਵਿੱਚ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਉਸ ਦਾ ਨਾਂ ਅਜਿਹੇ ਮਾਮਲੇ 'ਚ ਆਇਆ ਹੈ।
ਧਰਮਰਾਜ ਦੀ ਮਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ, "ਉਹ ਦੋ ਮਹੀਨੇ ਪਹਿਲਾਂ ਹੀ ਘਰੋਂ ਨਿਕਲਿਆ ਸੀ। ਉਸ ਨੇ ਘਰ ਵਿੱਚ ਦੱਸਿਆ ਸੀ ਕਿ ਉਹ ਸਕਰੈਪ ਦਾ ਕੰਮ ਕਰਨ ਜਾ ਰਿਹਾ ਹੈ। ਹੁਣ ਮੈਨੂੰ ਨਹੀਂ ਪਤਾ ਕਿ ਉਹ ਉੱਥੇ ਕੀ ਕਰ ਰਿਹਾ ਸੀ।"
ਉਨਾਂ ਨੇ ਦੱਸਿਆ ਹੈ, "ਧਰਮਰਾਜ ਨੇ ਘਰ 'ਚ ਦੱਸਿਆ ਸੀ ਕਿ ਉਹ ਪੂਣੇ ਜਾ ਰਿਹਾ ਹੈ। ਸਾਨੂੰ ਸਵੇਰੇ ਜਦੋਂ ਪੁਲਿਸ ਘਰ ਪਹੁੰਚੀ ਇਸ ਤਾਂ ਇਸ ਗੱਲ ਦਾ ਪਤਾ ਲੱਗਾ। ਅਸੀਂ ਘਰੋਂ ਨਿਕਲਣ ਤੋਂ ਬਾਅਦ ਸਿਰਫ਼ ਇੱਕ ਵਾਰ ਉਸ ਨਾਲ ਗੱਲ ਕੀਤੀ। ਨਾ ਹੀ ਉਸ ਨੇ ਪੈਸੇ ਭੇਜੇ ਅਤੇ ਨਾਂ ਹੀ ਗੱਲ ਕਰਦਾ ਹੈ।"
ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਸਿਦੀਕੀ ਦੇ ਘਰ ਤੇ ਦਫ਼ਤਰ ਦੀ ਰੇਕੀ ਕੀਤੀ ਸੀ। ਉਹ ਡੇਢ ਤੋਂ ਦੋ ਮਹੀਨੇ ਤੋਂ ਮੁੰਬਈ ਵਿੱਚ ਸਨ ਤੇ ਉਨ੍ਹਾਂ ʼਤੇ ਨਜ਼ਰ ਰੱਖ ਰਹੇ ਸੀ। ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੀਆ ਹਨ।
ਸਿਦੀਕੀ ਕਤਲ ਕੇਸ ਦਾ ਮੁਲਜ਼ਮ ਸ਼ਿਵਕੁਮਾਰ ਗੌਤਮ ਉਰਫ਼ ਸ਼ਿਵਾ ਮੁੰਬਈ ਪੁਲਿਸ ਮੁਤਾਬਕ ਅਜੇ ਫਰਾਰ ਹੈ।
ਕੈਸਰਗੰਜ ਸਰਕਲ ਅਧਿਕਾਰੀ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਸ਼ਿਵਕੁਮਾਰ ਗੌਤਮ ਵੀ ਗੰਡਾਰਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ।
ਉਹ ਕਹਿੰਦੇ ਹਨ, “ਸ਼ਿਵਕੁਮਾਰ ਗੌਤਮ ਅਤੇ ਧਰਮਰਾਜ ਦੋਵੇਂ ਗੁਆਂਢੀ ਹਨ ਅਤੇ ਮੁੰਬਈ ਵਿੱਚ ਰਹਿ ਰਹੇ ਸਨ। ਸ਼ਿਵਕੁਮਾਰ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਅਤੇ ਸ਼ਿਵਕੁਮਾਰ ਦਾ ਵੀ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।"

ਮੁੰਬਈ ਪੁਲਿਸ ਦਾ ਕੀ ਕਹਿਣਾ ਹੈ
ਪ੍ਰੈੱਸ ਕਾਨਫ਼ਰੰਸ ਵਿੱਚ ਮੁੰਬਈ ਪੁਲਿਸ ਦੇ ਡਿਪਟੀ ਕਮਿਸ਼ਨਰ ਦੱਤਾ ਨਲਾਵੜੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ, "ਸਾਬਕਾ ਮੰਤਰੀ ਜਦੋਂ ਆਪਣੇ ਪੁੱਤਰ ਦੇ ਦਫ਼ਤਰ ਤੋਂ ਬਾਹਰ ਆ ਰਹੇ ਸਨ ਤੇ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਸਹਾਇਕ ਥਾਣੇਦਾਰ ਰਾਜੇਂਦਰ ਦਾਭਾੜੇ ਅਤੇ ਉਨ੍ਹਾਂ ਦੇ ਸਟਾਫ਼ ਨੇ ਮੌਕੇ 'ਤੇ ਹੀ ਦੋ ਮੁਲਜ਼ਮਾਂ ਗੁਰਮੇਲ ਸਿੰਘ ਅਤੇ ਧਰਮਰਾਜ ਕਸ਼ਯਪ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਫ਼ਰਾਰ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ।"
ਉਨ੍ਹਾਂ ਮੁਤਾਬਕ, "ਮੁਲਜ਼ਮਾਂ ਤੋਂ ਦੋ ਪਿਸਤੌਲਾਂ ਅਤੇ 21 ਰਾਊਂਡ ਗੋਲੀਆਂ ਬਰਾਮਦ ਹੋਈਆਂ ਹਨ ਨਾਲ ਹੀ, ਅਸੀਂ ਇਸ ਘਟਨਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕਰ ਰਹੇ ਹਾਂ।"
ਉਨ੍ਹਾਂ ਨੇ ਅੱਗੇ ਕਿਹਾ, "ਮੌਕੇ 'ਤੇ ਤਿੰਨ ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਦੀਆਂ ਕੁੱਲ 15 ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਦੂਜੇ ਸੂਬਿਆਂ ਦੀ ਪੁਲਿਸ ਤੋਂ ਵੀ ਮਦਦ ਲਈ ਜਾ ਰਹੀ ਹੈ।"
"ਅਸੀਂ ਲਾਰੈਂਸ ਬਿਸ਼ਨੋਈ ਅਤੇ ਸਲਮਾਨ ਖ਼ਾਨ ਦੇ ਨਾਲ-ਨਾਲ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੇ ਹਾਂ।"
ਪੁਲਿਸ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਕਥਿਤ ਸੋਸ਼ਲ ਮੀਡੀਆ ਪੋਸਟ ਦੀ ਸੱਚਾਈ ਦੀ ਵੀ ਜਾਂਚ ਕਰ ਰਹੀ ਹੈ।
ਐਤਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਈ ਸੀ ਅਤੇ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਿਸ਼ਨੋਈ ਗੈਂਗ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਤਸਵੀਰ ਸਰੋਤ, BABA SIDDIQUE/X
ਬਾਬਾ ਸਿਦੀਕੀ ਕੌਣ ਸਨ
ਬਾਬਾ ਸਿਦੀਕੀ 80ਵਿਆਂ ਤੋਂ ਸਿਆਸਤ ਵਿੱਚ ਸਰਗਰਮ ਸਨ। ਉਨ੍ਹਾਂ ਦਾ ਜਨਮ 13 ਸਤੰਬਰ 1958 ਨੂੰ ਹੋਇਆ।
ਉਹ ਪਿਛਲੇ ਚਾਰ ਦਹਾਕਿਆਂ ਤੋਂ ਕਾਂਗਰਸ ਵਿੱਚ ਸਰਗਰਮ ਸੀ ਪਰ ਉਹ ਇਸ ਸਾਲ ਫਰਵਰੀ ਵਿੱਚ ਅਜੀਤ ਪਵਾਰ ਦੀ ਪਾਰਟੀ ਐੱਨਸੀਪੀ ਵਿੱਚ ਸ਼ਾਮਲ ਹੋ ਗਏ ਸੀ। ਉਹ ਮਹਾਰਾਸ਼ਟਰ ਦੀ ਵਾਂਦਰੇ ਵੈਸਟ ਸੀਟ ਤੋਂ ਲਗਾਤਾਰ ਤਿੰਨ ਵਾਰੀ ਵਿਧਾਇਕ ਰਹੇ ਤੇ ਸਰਕਾਰ ਵਿੱਚ ਮੰਤਰੀ ਵੀ ਰਹੇ।
ਬਾਬਾ ਸਿਦੀਕੀ ਦਾ 'ਬਾਲੀਵੁੱਡ ਕਨੈਕਸ਼ਨ' ਹਮੇਸ਼ਾ ਸੁਰਖੀਆਂ 'ਚ ਰਹਿੰਦਾ ਸੀ। ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਜਿਵੇਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਸੰਜੇ ਦੱਤ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਂਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












