ਨਵਜੋਤ ਸਿੱਧੂ ਦੀ ਥਾਣੇਦਾਰਾਂ ਬਾਰੇ ਵਿਵਾਦਤ ਟਿੱਪਣੀ ਉੱਤੇ ਮੱਚਿਆ ਸਿਆਸੀ ਘੜਮੱਸ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਵਿਚ ਕਾਂਗਰਸ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।

ਇਸ ਉੱਤੇ ਜਦੋਂ ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਨੇ ਇਤਰਾਜ਼ ਕੀਤਾ ਤਾਂ ਸਿੱਧੂ ਨੇ ਸ਼ਬਦ ਵਾਪਸ ਲੈਣ ਦੀ ਬਜਾਇ ਅਗਲੇ ਹੀ ਦਿਨ ਬਟਾਲਾ ਵਿਚ ਕਾਂਗਰਸ ਆਗੂ ਅਸ਼ਵਨੀ ਸੇਖ਼ੜੀ ਦੇ ਹੱਕ ਵਿਚ ਕੀਤੀ ਗਈ ਰੈਲੀ ਦੌਰਾਨ ਮੁੜ ਉਹੀ ਵਿਵਾਦਤ ਸ਼ਬਦ ਦੁਹਰਾਏ।

ਨਵਜੋਤ ਸਿੱਧੂ ਦੇ ਦੋ ਵਾਰ ਇਸ ਟਿੱਪਣੀ ਨੂੰ ਦੁਹਰਾਉਣ ਕਾਰਨ ਇਹ ਹੁਣ ਸਿਆਸੀ ਮੁੱਦਾ ਬਣ ਗਿਆ ਹੈ। ਵਿਰੋਧੀ ਪਾਰਟੀ ਅਕਾਲੀ ਦਲ ਨੇ ਸਿੱਧੂ ਨੂੰ ਇਸ ਮਾਮਲੇ ਉੱਤੇ ਮਾਫ਼ੀ ਮੰਗਣ ਲਈ ਕਿਹਾ ਹੈ।

ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਮੀਡੀਆ ਨੂੰ ਦਿੱਤੇ ਪ੍ਰਤੀਕਰਮ ਵਿਚ ਕਿਹਾ, ''ਅਸੀਂ ਸਾਰੇ ਪੁਲਿਸ ਫੋਰਸ ਦਾ ਸਨਮਾਨ ਕਰਦੇ ਹਾਂ, ਸਿੱਧੂ ਦੇ ਬਿਆਨ ਨੂੰ ਕਿਸੇ ਖ਼ਿਲਾਫ਼ ਨਿੱਜੀ ਬਿਆਨ ਦੀ ਬਜਾਇ ਇੱਕ ਪੰਜਾਬੀ ਕਹਾਵਤ ਦੀ ਵਰਤੋਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ।''

ਉਨ੍ਹਾਂ ਅਕਾਲੀ ਦਲ ਦੇ ਵਿਰੋਧ ਦਾ ਜਵਾਬ ਦਿੰਦਿਆਂ ਕਿਹਾ, ''ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਇੱਕ ਪੰਜਾਬੀ ਦੀ ਕਹਾਵਤ ਦੀ ਵਰਤੋਂ ਕੀਤੀ ਹੈ, ਜਦਕਿ ਸੁਖਬੀਰ ਬਾਦਲ ਜਦੋਂ ਡੀਜੀਪੀ ਪੰਜਾਬ ਨੂੰ ਨਲਾਇਕ ਕਹਿੰਦੇ ਹਨ ਤਾਂ ਕੀ ਉਦੋਂ ਪੁਲਿਸ ਦਾ ਮਨੋਬਲ ਨਹੀਂ ਡਿੱਗਦਾ।''

ਪੁਲਿਸ ਅਫ਼ਸਰਾਂ ਨੇ ਕੀਤੀ ਨਿਖੇਧੀ

ਜਲੰਧਰ ਦੇਹਾਤੀ ਦੇ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਪੂਰਥਲਾ ਰੈਲੀ ਦੌਰਾਨ ਪੰਜਾਬ ਪੁਲਿਸ ਖ਼ਿਲਾਫ਼ ਕੀਤੀ ਗਈ ਟਿੱਪਣੀ ਦੀ ਉਹ ਨਿਖੇਧੀ ਕਰਦੇ ਹਨ।

ਉਨ੍ਹਾਂ ਕਿਹਾ, "ਮੈਂ ਡੀਜੀਪੀ ਪੰਜਾਬ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਨਾ ਹੋਣ ਦਿੱਤਾ ਜਾਵੇ। ਅਜਿਹੀ ਭਾਸ਼ਾ ਪੰਜਾਬ ਪੁਲਿਸ ਖ਼ਿਲਾਫ਼ ਕਿਉਂ ਵਰਤੀ ਜਾ ਰਹੀ ਹੈ। ਨਵਜੋਤ ਸਿੱਧੂ ਵੱਲੋਂ ਪੂਰੀ ਪੰਜਾਬ ਪੁਲਿਸ ਨੂੰ ਇਹ ਗੱਲ ਕੀਤੀ ਗਈ ਹੈ।"

ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਸੰਬੋਧਨ ਕਰਦਿਆਂ ਕਿਹਾ, "ਸਿੱਧੂ ਜੀ ਅਸੀਂ ਡਰਪੋਕ ਨਹੀਂ, ਦਲੇਰ ਹਾਂ। ਸਾਡੀ ਦਲੇਰੀ ਦੇ ਕਿੱਸੇ ਪੂਰਾ ਮੁਲਕ ਜਾਣਦਾ ਹੈ। ਦੀਨਾਨਗਰ ਅੱਤਵਾਦੀ ਹਮਲੇ ਦੌਰਾਨ ਅਸੀਂ ਡਟ ਕੇ ਮੁਕਾਬਲਾ ਕੀਤਾ।"

"ਅੱਤਵਾਦ ਦੌਰਾਨ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਸੋਹਣੇ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਕੀਤੀ।"

"ਕੋਰੋਨਾਕਾਲ ਦੌਰਾਨ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਲੋਕਾਂ ਦੀ ਮਦਦ ਕੀਤੀ।"

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਡੀਐੱਸਪੀ ਚੰਡੀਗੜ੍ਹ ਦਿਲਸ਼ੇਰ ਸਿੰਘ ਚੰਦੇਲ ਦੀ ਪ੍ਰਤੀਕਿਰਿਆ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਆਗੂ ਦੀ ਇਹ ਨਿੰਦਣਯੋਗ ਅਤੇ ਉਨ੍ਹਾਂ ਨੂੰ ਫੋਰਸਾਂ ਦੇ ਬਲਿਦਾਨ ਨੂੰ ਭੁੱਲਣਾ ਨਹੀਂ ਚਾਹੀਦਾ।

ਚੰਦੇਲ ਨੇ ਕਿਹਾ, "ਬਿਨਾਂ ਪੁਲਿਸ ਦੀ ਸੁਰੱਖਿਆ ਦੇ ਉਨ੍ਹਾਂ ਦਾ ਭਾਸ਼ਣ ਕੋਈ ਰਿਕਸ਼ੇ ਵਾਲਾ ਵੀ ਨਾ ਸੁਣੇ। ਸਿਆਸਤਦਾਨਾਂ ਨੂੰ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ।"

"ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਹੌਸਲਾ ਇਸ ਤਰ੍ਹਾਂ ਢਹਿ-ਢੇਰੀ ਨਹੀਂ ਕਰਨਾ ਚਾਹੀਦਾ।"

ਉਨ੍ਹਾਂ ਨੇ ਕਿਹਾ, "ਸੁਰੱਖਿਆ ਫੌਰਸਾਂ ਦਾ ਆਪਣਾ ਮਾਣ ਹੁੰਦਾ ਹੈ। ਸਿੱਧੂ ਨੇ ਇਸ ਤਰ੍ਹਾਂ ਦੀ ਟਿੱਪਣੀ ਕਰ ਕੇ ਪੂਰੀ ਪੰਜਾਬ ਪੁਲਿਸ ਦੀ ਨਿੰਦਾ ਕੀਤੀ ਹੈ।"

ਇਹ ਵੀ ਪੜ੍ਹੋ:

ਆਗੂਆਂ ਦੀ ਪ੍ਰਤੀਕਿਰਿਆ

ਕਾਂਗਰਸ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਵੀ ਪੋਸਟ ਪਾ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ਦੀ ਨਿਖੇਧੀ ਕੀਤੀ।

ਉਨ੍ਹਾਂ ਕਿਹਾ, "ਮੈਂ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਦਾ ਹੈ। ਪੰਜਾਬ ਪੁਲਿਸ ਬਹਾਦੁਰ ਪੁਲਿਸ ਹੈ। ਜਦੋਂ ਅੱਤਵਾਦ ਦਾ ਦੌਰ ਸੀ, ਪੰਜਾਬ ਪੁਲਿਸ ਨੇ ਕੁਰਬਾਨੀਆਂ ਦਿੱਤੀਆਂ।"

"ਅੱਤਵਾਦ ਤੋਂ ਬਾਅਦ ਕੋਵਿਡ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਨੇ ਲੋਕਾਂ ਦੀ ਮਦਦ ਕੀਤੀ। ਨਾਕਿਆਂ 'ਤੇ ਖੜੇ ਰਹੇ। ਲੋਕਾਂ ਦੀ ਸਹਾਇਤਾ ਕੀਤੀ।"

ਉਨ੍ਹਾਂ ਕਿਹਾ, "ਪੁਲਿਸ ਦੇ ਮਨੋਬਲ ਨੂੰ ਡੇਗੋ ਨਾ । ਉਹ ਕੀ ਸੋਚਣਗੇ। ਉਹ ਕਿਵੇਂ ਸਾਡੀ ਸੁਰੱਖਿਆ ਕਰਨਗੇ।"

"ਪੰਜਾਬ ਪੁਲਿਸ ਬਹਾਦੁਰ ਕੌਮ ਹੈ। ਇਹ ਆਪਣੇ ਲੋਕ ਹਨ। ਇਹ ਰੋਜ਼ ਸਾਡੇ ਲਈ ਜਾਨਾਂ ਦਿੰਦੇ ਹਨ।"

ਉਨ੍ਹਾਂ ਪੰਜਾਬ ਪੁਲਿਸ ਨੂੰ ਕਿਹਾ, "ਤੁਸੀਂ ਕਾਇਮ ਰਹੋ। ਤੁਸੀਂ ਫਖ਼ਰ ਨਾਲ ਰਹੋ। ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। "

ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਅਜਿਹੀ ਗੱਲ ਨਹੀਂ ਕਹਿਣੀ ਚਾਹਿਦੀ। ਇਸ ਵਰਦੀ ਦੀ ਇੰਨੀ ਤਾਕਤ ਹੈ। ਪੰਜਾਬ ਦੀ ਸ਼ਾਂਤੀ ਪੰਜਾਬ ਪੁਲਿਸ ਦੀ ਬਦੌਲਤ ਹੈ।

ਆਪਣੇ ਫ਼ੋਨ ਦੀ ਹੋਮ ਸਕਰੀਨ 'ਤੇ ਇੰਜ ਵੇਖੋ ਬੀਬੀਸੀ ਪੰਜਾਬੀ

ਦਲਜੀਤ ਚੀਮਾ ਨੇ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੁਲਿਸ ਅਫਸਰਾਂ ਖਿਲਾਫ਼ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਪਰ ਮੁੱਖ ਮੰਤਰੀ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਇਸ 'ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ।

ਉਨ੍ਹਾਂ ਨੇ ਕਿਹਾ, "ਇਸ ਮਾਮਲੇ ਵਿਚ ਪਹਿਲਾਂ ਇਕ ਡੀਐੱਸਪੀ ਨੂੰ ਬੋਲਣਾ ਪਿਆ ਤੇ ਹੁਣ ਐੱਸਆਈ ਨੁੰ ਬੋਲਣਾ ਪਿਆ ਹੈ। ਵਰਦੀ ਵਿਚ ਹੁੰਦਿਆਂ ਇਕ ਸ਼ਕਤੀਸ਼ਾਲੀ ਬੰਦੇ ਖ਼ਿਲਾਫ਼ ਬੋਲਣਾ ਬਹੁਤ ਔਖਾ ਹੁੰਦਾ ਹੈ। ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਨ੍ਹਾਂ ਦੇ ਅੰਦਰਲੇ ਗੁੱਸੇ ਤੇ ਮਾਨਸਿਕ ਅਵਸਥਾ ਸਮਝਣੀ ਚਾਹੀਦੀ ਹੈ।"

"ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੁੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖ਼ਿਲਾਫ਼ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੋ ਪਹਿਲਾਂ ਟਿੱਪਣੀਆਂ ਕੀਤੀਆਂ ਹਨ।"

"ਉਹ ਵਾਪਸ ਲੈ ਕੇ ਪੁਲਿਸ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇੱਜ਼ਤ ਕਾਇਮ ਰਹੇ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)