You’re viewing a text-only version of this website that uses less data. View the main version of the website including all images and videos.
ਰੇਡੀਅਮ: ਹਨੇਰੇ ਵਿੱਚ ਚਮਕਣ ਵਾਲੀ ਉਹ ਚੀਜ਼ ਜਿਸ ਨਾਲ ਕਈ ਕੁੜੀਆਂ ਦੀ ਹੋਈ ਖ਼ੌਫ਼ਨਾਕ ਮੌਤ
- ਲੇਖਕ, ਵਕਾਰ ਮੁਸਤਫ਼ਾ
- ਰੋਲ, ਪੱਤਰਕਾਰ ਤੇ ਖੋਜਕਾਰ
- ਪ੍ਰਕਾਸ਼ਿਤ
ਗ੍ਰੇਸ ਫ੍ਰੇਅਰ ਲਈ ਇਹ ਅਜੀਬ ਤਾਂ ਸੀ ਕਿ ਜਦੋਂ ਉਹ ਹਨੇਰੇ ਵਿੱਚ ਆਪਣਾ ਨੱਕ ਸਾਫ਼ ਕਰਦੀ ਤਾਂ ਉਸਦਾ ਰੁਮਾਲ ਚਮਕਦਾ ਸੀ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਹੋਣ ਦੀ ਸ਼ੁਰੂਆਤ ਹੈ।
ਗ੍ਰੇਸ ਨੇ ਸਾਲ 1917 ਵਿੱਚ 70 ਹੋਰ ਕੁੜੀਆਂ ਨਾਲ ਜਿਸ ਫ਼ੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਉਹ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਪੂਰੇ ਅਮਰੀਕਾ ਵਿੱਚ ਸਥਾਪਿਤ ਹੋਣ ਵਾਲੀਆਂ ਫ਼ੈਕਟਰੀਆਂ ਵਿੱਚੋਂ ਇੱਕ ਸੀ।
ਜਿਥੇ ਘੜੀਆਂ ਅਤੇ ਫ਼ੌਜ ਵੱਲੋਂ ਪਹਿਨੀਆਂ ਜਾਣ ਵਾਲੀਆਂ ਘੜੀਆਂ ਦੇ ਡਾਇਲਜ਼ 'ਚ ਮੌਜੂਦ ਨੰਬਰਾਂ ਨੂੰ ਚਮਕ ਦਿੱਤੀ ਜਾਂਦੀ ਸੀ, ਤਾਂ ਕਿ ਉਹ ਹਨੇਰੇ ਵਿੱਚ ਨਜ਼ਰ ਆ ਸਕਣ।
ਖੋਜਕਾਰ ਅਰਲੀਨ ਬਲਕਾਂਸਕੀ ਮੁਤਾਬਕ, ਸੈਂਕੜੇ ਕੁੜੀਆਂ ਇਸ ਕੰਮ ਨੂੰ ਲੈ ਕੇ ਉਤਸ਼ਾਹਿਤ ਸਨ।
6 ਅਪ੍ਰੈਲ, 1917 ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਅਮਰੀਕਾ ਦੇ ਸ਼ਾਮਿਲ ਹੋਣ ਤੋਂ ਬਾਅਦ, ਤਾਂ ਕੁਝ ਔਰਤਾਂ ਨੇ ਇਸ ਕੰਮ ਨੂੰ ਆਪਣੀ ਦੇਸਭਗਤੀ ਦਿਖਾਉਣ ਵਜੋਂ ਲਿਆ।
ਉਹ ਫ਼ੌਜੀਆਂ ਲਈ ਹਨੇਰੇ ਵਿੱਚ ਚਮਕਣ ਵਾਲੀਆਂ ਘੜੀਆਂ ਤੇ ਫ਼ੌਜੀ ਉਪਕਰਣਾਂ ਦੇ ਪੈਨਲ ਪੇਂਟ ਕਰਦੀਆਂ ਸਨ।
ਹਨੇਰੇ ਵਿੱਚ ਚਮਕਣ ਵਾਲਾ ਤੱਤ ਰੇਡੀਅਮ ਸੀ। ਫਰਾਂਸ ਦੇ ਵਿਗਿਆਨੀ ਮੈਰੀ ਤੇ ਪੌਲ ਕਿਊਰੀ ਨੇ ਸਾਲ 1898 ਵਿੱਚ ਰੇਡੀਅਮ ਦੀ ਖੋਜ ਕੀਤੀ ਸੀ।
ਚਮਤਕਾਰੀ ਤੱਤ ਸਮਝਿਆ ਜਾਂਦਾ ਸੀ
ਕੈਂਸਰ ਦੇ ਇਲਾਜ ਵਿੱਚ ਰੇਡੀਅਮ ਦੀ ਸਫ਼ਲਤਾਪੂਰਵਕ ਵਰਤੋਂ ਕੀਤੀ ਜਾ ਚੁਕੀ ਸੀ, ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਇੱਕ ਚਮਤਕਾਰੀ ਸਮੱਗਰੀ ਮੰਨਦੇ ਸਨ।
ਇਸ ਨੂੰ ਟੂਥਪੇਸਟ ਅਤੇ ਸ਼ਿੰਗਾਰ ਸਮੱਗਰੀ ਸਮੇਤ ਵੱਖ-ਵੱਖ ਵਪਾਰਕ ਉਤਪਾਦਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਘੜੀ ਦੇ ਡਾਇਲ ਬਣਾਉਣ ਵਾਲੀਆਂ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਰੇਡੀਅਮ ਪਾਊਡਰ ਨੂੰ ਗੂੰਦ ਤੇ ਪਾਣੀ ਵਿੱਚ ਮਿਲਾ ਕੇ ਇੱਕ ਚਮਕਦਾ ਹੋਇਆ ਸਬਜ਼ੀ ਵਰਗਾ ਨਜ਼ਰ ਆਉਣ ਵਾਲਾ ਸਫ਼ੇਦ ਪੇਂਟ ਬਣਾਉਂਦੀਆਂ ਤੇ ਉਸ ਨੂੰ ਊਠ ਦੇ ਵਾਲਾਂ ਨਾਲ ਬਣੇ ਬੁਰਸ਼ ਨਾਲ ਘੜੀ ਦੇ ਡਾਇਲ ਅਤੇ ਉਸ ਦੇ ਨੰਬਰਾਂ 'ਤੇ ਸਾਵਧਾਨੀ ਨਾਲ ਲਗਾਉਂਦੀਆਂ ਸਨ।
ਥੋੜ੍ਹੀ ਜਿਹੀ ਵਰਤੋਂ ਬਾਅਦ, ਬੁਰਸ਼ ਖ਼ਰਾਬ ਹੋ ਜਾਂਦਾ ਤੇ ਉਸ ਨਾਲ ਪੇਂਟ ਨਹੀਂ ਹੁੰਦਾ ਸੀ।
ਗ੍ਰੇਸ ਦਾ ਕਹਿਣਾ ਸੀ, "ਸਾਡੇ ਸੁਪਰਵਾਈਜ਼ਰ ਸਾਨੂੰ ਆਪਣੇ ਬੁੱਲ੍ਹਾਂ ਨਾਲ ਉਸ ਬੁਰਸ਼ ਦੀ ਨੋਕ ਬਣਾਉਣ ਨੂੰ ਕਹਿੰਦੇ ਸਨ। ਮੈਨੂੰ ਲੱਗਦਾ ਹੈ ਕਿ ਮੈਂ ਹਰ ਘੜੀ ਦੇ ਡਾਇਲ ਤੇ ਪੇਂਟ ਕਰਦਿਆਂ ਆਪਣੇ ਬੁਰਸ਼ ਨੂੰ ਛੇ ਵਾਰ ਆਪਣੇ ਬੁੱਲ੍ਹਾਂ ਨਾਲ ਠੀਕ ਕੀਤਾ ਹੋਵੇਗਾ।"
"ਪੇਂਟ ਦਾ ਸੁਆਦ ਅਜੀਬ ਨਹੀਂ ਸੀ, ਬਲਕਿ ਉਸ ਦਾ ਕੋਈ ਸੁਆਦ ਹੀ ਨਹੀਂ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਹਾਨੀਕਾਰਕ ਹੈ।"
ਕੁੜੀਆਂ ਸਮਝਦੀਆਂ ਸਨ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।
ਇਨਸਾਈਕਲੋਪੀਡੀਆ ਬ੍ਰਿਟਾਨਿਕਾ ਮੁਤਾਬਕ, ਡਾਇਲ ਨੂੰ ਪੇਂਟ ਕਰਨ ਵਾਲੀਆਂ ਕੁੜੀਆਂ ਨੂੰ 'ਗੋਸਟ ਗਰਲ' ਕਿਹਾ ਜਾਂਦਾ ਸੀ। ਕਿਉਂਕਿ ਰੋਜ਼ਾਨਾ ਉਨ੍ਹਾਂ 'ਤੇ ਡਿੱਗਣ ਵਾਲੇ ਰੇਡੀਅਮ ਦੇ ਕਣਾਂ ਨਾਲ ਕਾਰਨ ਉਨ੍ਹਾਂ ਦੇ ਕੱਪੜਿਆਂ, ਵਾਲਾਂ ਤੇ ਚਮੜੀ ਤੇ ਚਮਕ ਪੈਦਾ ਹੁੰਦੀ ਸੀ।
ਬਹੁਤ ਸਾਰੀਆਂ ਔਰਤਾਂ ਕੰਮ ਕਰਨ ਲਈ ਆਪਣੇ ਸਭ ਤੋਂ ਚੰਗੇ ਕਪੜੇ ਪਹਿਨ ਕੇ ਆਉਂਦੀਆਂ ਸਨ, ਤਾਂ ਕਿ ਕੰਮ ਤੋਂ ਬਾਅਦ ਜਦੋਂ ਉਹ ਘੁੰਮਣ ਲਈ ਬਾਹਰ ਨਿਕਲਣ ਤਾਂ ਉਨ੍ਹਾਂ ਦੇ ਕਪੜੇ ਚਮਕਣ।
ਕੁਝ ਔਰਤਾਂ ਇਸ ਪੇਂਟ ਨੂੰ ਆਪਣੇ ਦੰਦਾਂ 'ਤੇ ਵੀ ਲਾ ਲੈਂਦੀਆਂ ਸਨ ਤਾਂ ਕਿ ਉਨ੍ਹਾਂ ਦੀ ਮੁਸਕਾਨ ਚਮਕਦਾਰ ਹੋ ਜਾਵੇ। ਕੁਝ ਆਪਣੇ ਬੁਆਏਫ੍ਰੈਂਡ ਨੂੰ ਆਪਣੇ ਨੋਹਾਂ ਦੀ ਚਮਕ ਨਾਲ ਹੈਰਾਨ ਕਰ ਦਿੰਦੀਆਂ ਸਨ।
ਜਦ ਉਹ ਰੇਡੀਅਮ ਦੇ ਸੁਰੱਖਿਅਤ ਹੋਣ ਬਾਰੇ ਪੁੱਛਦੀਆਂ, ਤਾਂ ਉਨ੍ਹਾਂ ਦੇ ਮੈਨੇਜਰ ਵੀ ਉਨ੍ਹਾਂ ਨੂੰ ਭਰੋਸਾ ਦਿੰਦੇ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
- ਫਰਾਂਸ ਦੇ ਵਿਗਿਆਨੀ ਮੈਰੀ ਤੇ ਪੌਲ ਕਿਊਰੀ ਨੇ ਸਾਲ 1898 ਵਿੱਚ ਰੇਡੀਅਮ ਦੀ ਖੋਜ ਕੀਤੀ ਸੀ।
- ਕੈਂਸਰ ਦੇ ਇਲਾਜ ਵਿੱਚ ਰੇਡੀਅਮ ਦੀ ਸਫ਼ਲਤਾਪੂਰਵਕ ਵਰਤੋਂ ਕੀਤੀ ਜਾ ਚੁੱਕੀ ਸੀ, ਇਸ ਲਈ ਬਹੁਤ ਸਾਰੇ ਲੋਕ ਇਸ ਨੂੰ ਇੱਕ ਚਮਤਕਾਰੀ ਸਮੱਗਰੀ ਮੰਨਦੇ ਸਨ।
- ਫ਼ੌਜ ਵਲੋਂ ਪਹਿਨੀਆਂ ਜਾਣ ਵਾਲੀਆਂ ਘੜੀਆਂ ਦੇ ਡਾਇਲਜ਼ 'ਚ ਮੌਜੂਦ ਨੰਬਰਾਂ ਨੂੰ ਚਮਕ ਦਿੱਤੀ ਜਾਂਦੀ ਸੀ, ਤਾਂ ਕਿ ਉਹ ਹਨੇਰੇ ਵਿੱਚ ਨਜ਼ਰ ਆ ਸਕਣ।
- ਗ੍ਰੇਸ ਫ੍ਰੇਅਰ ਲਈ ਇਹ ਅਜੀਬ ਤਾਂ ਸੀ ਕਿ ਜਦੋਂ ਉਹ ਹਨੇਰੇ ਵਿੱਚ ਆਪਣਾ ਨੱਕ ਸਾਫ਼ ਕਰਦੀ ਤਾਂ ਉਸਦਾ ਰੁਮਾਲ ਚਮਕਦਾ ਸੀ।
- 'ਰੇਡੀਅਮ ਗਰਲਜ਼' ਨੂੰ ਸਰੀਰਕ ਨੁਕਸਾਨ ਦਾ ਸਾਹਮਣਾ ਕਰਨ ਨੂੰ ਜ਼ਿਆਦਾ ਸਮਾਂ ਨਾ ਲੱਗਿਆ।
- ਕਾਮਿਆਂ ਦੀ ਰੱਖਿਆ ਲਈ ਜੂਨ 1924 ਵਿੱਚ ਇਸ ਰਿਪੋਰਟ ਵਿੱਚ, ਡ੍ਰਿੰਕਰ ਨੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਦੀ ਸਿਫ਼ਾਰਿਸ਼ ਕੀਤੀ।
ਬੇਸ਼ੱਕ ਇਹ ਸੱਚ ਨਹੀਂ ਸੀ
'ਰੇਡੀਅਮ ਗਰਲਜ਼' ਨੂੰ ਸਰੀਰਕ ਨੁਕਸਾਨ ਦਾ ਸਾਹਮਣਾ ਕਰਨ ਨੂੰ ਜ਼ਿਆਦਾ ਸਮਾਂ ਨਾ ਲੱਗਿਆ।
ਇਸ ਦੀ ਪਹਿਲੀ ਸ਼ਿਕਾਰ ਅਮੇਲਿਆ (ਮੌਲੀ) ਮੈਗਿਆ ਸੀ। ਉਹ ਆਰੇਜ਼, ਨਿਊ ਜਰਸੀ ਵਿੱਚ ਰੇਡੀਅਮ ਲਯੀਮਨਸ ਮੈਟੇਰੀਅਲ ਕਾਰਪੋਰੇਸ਼ਨ (ਬਾਅਦ ਵਿੱਚ ਯੁਨਾਇਟਿਡ ਸਟੇਟਸ ਰੇਡੀਅਮ ਕਾਰਪੋਰਸ਼ਨ) ਲਈ ਘੜੀਆਂ ਤੇ ਪੇਂਟ ਕਰਦੀ ਸੀ।
ਪਹਿਲਾ ਲੱਛਣ ਦੰਦ ਵਿੱਚ ਦਰਦ ਹੋਣਾ ਸੀ, ਜਿਸ ਲਈ ਇੱਕ ਤੋਂ ਬਾਅਦ ਇੱਕ ਦੰਦ ਕੱਢਣੇ ਪਏ।
ਜਲਦ ਹੀ ਰਿਸਦੇ ਖ਼ੂਨ ਤੇ ਪਸ ਦੇ ਨਾਲ ਦਰਦ ਨਾਲ ਅਲਸਰ ਨੇ ਚਮਕਦੇ ਦੰਦਾਂ ਦੀ ਜਗ੍ਹਾ ਲੈ ਲਈ।
ਅਮੇਲੀਆ ਦੇ ਮੂੰਹ ਵਿੱਚ ਇੱਕ ਰਹੱਸਮਈ ਬੀਮਾਰੀ ਫ਼ੈਲ ਗਈ। ਹੇਠਲੇ ਹਿੱਸੇ ਨੂੰ ਕੱਟਣਾ ਪਿਆ ਤੇ ਫ਼ਿਰ ਇਹ ਇਨਫ਼ੈਕਸ਼ਨ ਸਰੀਰ ਦੇ ਦੂਜੇ ਹਿੱਸਿਆ ਵਿੱਚ ਵੀ ਫ਼ੈਲ ਗਈ।
ਜ਼ਿਆਦਾ ਖ਼ੂਨ ਵਹਿਣ ਕਰਕੇ 12 ਸਤੰਬਰ, 1922 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਲੋਕ ਮੌਤ ਦਾ ਕਾਰਨ ਨਾ ਸਮਝ ਸਕੇ
ਡਾਕਟਰ ਮੌਤ ਦਾ ਕਾਰਨ ਪਤਾ ਨਾ ਲਗਾ ਸਕੇ ਤਾਂ ਹੈਰਾਨੀਜਨਕ ਤਰੀਕੇ ਨਾਲ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ਮੌਤ ਸੜਨ ਨਾਲ ਹੋਈ ਹੈ।
ਹਾਲਾਂਕਿ, ਲੋਕਾਂ ਨੂੰ ਇਹ ਗ਼ਲਤਫ਼ਹਿਮੀ ਰਹੀ ਕਿ ਰੇਡੀਅਮ ਸੁਰੱਖਿਅਤ ਹੈ, ਰੇਡੀਅਮ ਗਰਲਜ਼ ਵੱਡੀ ਗਿਣਤੀ ਵਿੱਚ ਬੀਮਾਰੀਆਂ ਦਾ ਸ਼ਿਕਾਰ ਹੋਣ ਲੱਗੀਆਂ।
ਗ੍ਰੇਸ ਨੇ ਸਾਲ 1920 ਵਿੱਚ ਇੱਕ ਬੈਂਕ ਵਿੱਚ ਨੌਕਰੀ ਲਈ ਫ਼ੈਕਟਰੀ ਛੱਡ ਦਿੱਤੀ, ਪਰ ਤਕਰੀਬਨ ਦੋ ਸਾਲ ਬਾਅਦ ਉਨ੍ਹਾਂ ਦੇ ਦੰਦ ਡਿੱਗਣ ਲੱਗੇ।
ਉਨ੍ਹਾਂ ਦੇ ਜਬਾੜੇ ਵਿੱਚ ਇੱਕ ਦਰਦਨਾਕ ਫੋੜਾ ਹੋ ਗਿਆ। ਜਾਦੂਈ ਬਾਦਾਮੀ ਅੱਖਾਂ ਵਿੱਚ ਹੁਣ ਦਰਦ ਦੇ ਬੱਦਲ ਛਾ ਗਏ ਸਨ।
ਆਖ਼ਰ ਸਾਲ 1925 ਵਿੱਚ, ਇੱਕ ਡਾਕਟਰ ਨੇ ਕਿਹਾ ਕਿ ਇਹ ਸਮੱਸਿਆਵਾਂ ਉਨ੍ਹਾਂ ਦੇ ਪਿਛਲੇ ਕੰਮ ਕਰਕੇ ਹੋ ਸਕਦੀਆਂ ਹਨ।
ਯੂਐੱਸ ਰੇਡੀਅਮ ਨੇ ਫ਼ਿਜ਼ਿਓਲਾਜੀ ਦੇ ਪ੍ਰੋਫ਼ੈਸਰ ਸੇਸਿਲ ਡ੍ਰਿੰਕਰ, ਨੂੰ ਕੰਮ ਦੇ ਹਾਲਾਤ ਦਾ ਅਧਿਐਨ ਕਰਨ ਲਈ ਕਿਹਾ।
ਉਨ੍ਹਾਂ ਨੇ ਆਪਣੇ ਅਧਿਐਨ ਵਿੱਚ ਦੇਖਿਆ ਕਿ ਜ਼ਿਆਦਾਤਰ ਕੰਮ ਕਰਨ ਵਾਲਿਆਂ ਵਿੱਚ ਇਨਫ਼ੈਕਸ਼ਨ ਹੈ, ਤਕਰੀਬਨ ਸਾਰਿਆਂ 'ਚ ਖ਼ੂਨ ਦੀ ਅਸਧਾਰਨ ਸਥਿਤੀ ਹੈ ਤੇ ਕਈ ਲੋਕਾਂ ਵਿੱਚ ਐਡਵਾਂਸ ਰੇਡੀਅਮ ਨੇਕ੍ਰੋਸਿਸ ਦੇ ਵੀ ਲੱਛਣ ਹਨ।
ਕਾਮਿਆਂ ਦੀ ਰੱਖਿਆ ਲਈ ਜੂਨ 1924 ਵਿੱਚ ਇਸ ਰਿਪੋਰਟ ਵਿੱਚ, ਡ੍ਰਿੰਕਰ ਨੇ ਕੰਮ ਕਰਨ ਦੇ ਤਰੀਕੇ ਵਿੱਚ ਬਦਲਾਅ ਦੀ ਸਿਫ਼ਾਰਿਸ਼ ਕੀਤੀ ਪਰ ਯੂਐੱਸ ਦੇ ਮੁਖੀ ਆਰਥਰ ਰੋਏਡਰ ਨੇ ਨਾ ਸਿਰਫ਼ ਇਸ ਨੂੰ ਖ਼ਾਰਜ ਕੀਤਾ, ਬਲਕਿ, ਕਿਹਾ ਕਿ ਇਹ ਇਸ ਦੇ ਜੁਆਬੀ ਤੱਥ ਪੇਸ਼ ਕਰਨਗੇ, ਪਰ ਅਜਿਹਾ ਨਾ ਹੋ ਸਕਿਆ।
1925 ਵਿੱਚ, ਇੱਕ ਪੈਥੋਲੋਜਿਸਟ, ਹੈਰਿਸਨ ਮਾਰਟਲੈਂਡ ਨੇ ਸਪੱਸ਼ਟ ਤੌਰ 'ਤੇ ਸਾਬਤ ਕੀਤਾ ਕਿ ਰੇਡੀਅਮ ਨੇ ਘੜੀ ਪੇਂਟ ਕਰਨ ਵਾਲੀਆਂ ਔਰਤਾਂ ਅੰਦਰ ਜ਼ਹਿਰ ਭਰ ਦਿੱਤਾ ਸੀ।
ਰੇਡੀਅਮ ਉਦਯੋਗ ਨੇ ਮਾਰਟਲੈਂਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।
ਗ੍ਰੇਸ ਫ੍ਰੇਅਰ ਨੇ ਮੁਕੱਦਮਾ ਦਾਇਰ ਕਰਨ ਦਾ ਫ਼ੈਸਲਾ ਲਿਆ ਪਰ ਵਕੀਲ ਲੱਭਣ ਵਿੱਚ ਉਨ੍ਹਾਂ ਨੂੰ ਦੋ ਸਾਲ ਲੱਗ ਗਏ।
18 ਮਈ, 1927 ਨੂੰ ਇੱਕ ਨੌਜਵਾਨ ਵਕੀਲ, ਰੇਮੰਗ ਬੇਰੀ ਰਾਹੀਂ, ਉਨ੍ਹਾਂ ਨੇ ਨਿਊ ਜਰਸੀ ਦੀ ਇੱਕ ਅਦਾਲਤ ਵਿੱਚ ਯੂਐੱਸ ਰੇਡੀਅਮ ਕਾਰਪੋਰੇਸ਼ਨ ਦੇ ਖ਼ਿਲਾਫ਼ ਮੁਕੱਦਮਾ ਦਾਇਰ ਕਰ ਲਿਆ।
ਗੰਭੀਰ ਮੈਡੀਕਲ ਸਮੱਸਿਆਵਾਂ ਵਾਲੀਆਂ ਚਾਰ ਹੋਰ ਔਰਤਾਂ, ਏਡਨਾ, ਹੁਸਮੈਨ, ਕੈਥਰੀਨ ਸ਼ਾਊਬ ਤੇ ਅਮੇਲਿਆ ਮੈਗਿਆ ਦੀਆਂ ਦੋ ਭੈਣਾਂ, ਕਵੇਟਾ ਮੈਕਡੋਨਲਡ ਤੇ ਅਲਿਬਨਾ ਲੈਰੇਸ ਵੀ ਇਸ ਮੁਕੱਦਮੇ ਦੀਆਂ ਗਵਾਹ ਬਣੀਆਂ।
ਇਨ੍ਹਾਂ ਵਿੱਚੋਂ ਹਰ ਇੱਕ ਨੇ ਮੈਡੀਕਲ ਖ਼ਰਚ ਤੇ ਬੀਮਾਰੀ ਦੇ ਹਰਜਾਨੇ ਵਜੋਂ ਢਾਈ ਲੱਖ ਡਾਲਰ ਦੀ ਮੰਗ ਕੀਤੀ।
16 ਅਕਤੂਬਰ, 1927 ਨੂੰ ਦੋਵਾਂ ਭੈਣਾਂ ਦੀ ਬੇਨਤੀ 'ਤੇ ਪਰ ਅਮੇਲੀਆ ਦੀ ਲਾਸ਼ ਨੂੰ ਕੱਢਿਆ ਗਿਆ।
ਪੋਸਟਮਾਰਟਮ ਵਿੱਚ ਪੁਸ਼ਟੀ ਹੋਈ ਕਿ ਉਨ੍ਹਾਂ ਦੀਆਂ ਹੱਡੀਆਂ ਬਹੁਤ ਜ਼ਿਆਦਾ ਚਮਕਦਾਰ ਸਨ। ਅਮੇਲੀਆ ਦੀ ਮੌਤ ਸੜਨ ਨਾਲ ਨਹੀਂ ਸਗੋਂ ਉਸ ਨਵੇਂ ਰਹੱਸਮਈ ਮੇਕ੍ਰੋਸਿਸ ਨਾਲ ਹੋਈ ਸੀ, ਜੋ ਉਸ ਦੀਆਂ ਭੈਣਾਂ ਨੂੰ ਵੀ ਮਾਰ ਰਿਹਾ ਸੀ।
ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਜਿਨ੍ਹਾਂ ਚਾਰ ਔਰਤਾ ਨੂੰ 'ਰੇਡੀਅਮ ਗਰਲਜ਼' ਕਰਾਰ ਦਿੱਤਾ ਗਿਆ ਸੀ, ਜਨਵਰੀ 1928 ਵਿੱਚ ਮੁਕੱਦਮੇ ਦੀ ਪਹਿਲੀ ਸੁਣਵਾਈ ਦੌਰਾਨ ਉਨ੍ਹਾਂ ਵਿੱਚ ਸਹੁੰ ਚੁੱਕਣ ਲਈ ਹੱਥ ਚੁੱਕਣ ਦੀ ਤਾਕਤ ਨਹੀਂ ਸੀ।
ਨਿਊਯਾਰਕ ਲੇਜ਼ਰ ਅਖ਼ਬਾਰ ਦੀ ਖ਼ਬਰ ਸੀ ਕਿ ਫ੍ਰੇਅਰ ਤੇ ਹੋਰ ਔਰਤਾਂ ਨੇ ਬਹਾਦਰੀ ਨਾਲ ਮੁਸਰਾਉਂਦਿਆਂ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਵਿੱਚ ਮੌਜੂਦ ਉਨ੍ਹਾਂ ਦੇ ਦੋਸਤ ਤੇ ਹੋਰ ਲੋਕ ਰੋਣ ਲੱਗੇ।
ਗ੍ਰੇਸ ਬਾਰੇ ਉੱਪਰ ਲਿਖੀਆਂ ਗਈਆਂ ਸਤਰਾਂ ਅਦਾਲਤ ਵਿੱਚ ਦਿੱਤੇ ਗਏ ਬਿਆਨ ਦਾ ਹਿੱਸਾ ਹਨ।
ਮੈਰੀ ਕਿਊਰੀ ਨੇ ਕੀਤੀ ਮਦਦ ਦੀ ਪੇਸ਼ਕਸ਼
ਅਪ੍ਰੈਲ ਤੱਕ, ਇਹ ਔਰਤਾਂ ਸਰੀਰਕ ਜਾਂ ਮਾਨਸਿਕ ਤੌਰ 'ਤੇ ਦੂਸਰੀ ਸੁਣਵਾਈ ਵਿੱਚ ਸ਼ਾਮਲ ਹੋਣ ਲਈ ਅਦਾਲਤ ਵਿੱਚ ਮੌਜੂਦ ਹੋਣ ਦੇ ਕਾਬਲ ਨਹੀਂ ਰਹੀਆਂ ਸਨ।
ਨਿਊਯਾਰਕ ਜਨਰਲ ਮੁਤਾਬਕ, ਰੇਡੀਅਮ ਦੀ ਖੋਜ ਕਰਨ ਵਾਲੀ ਫ਼ਰਾਂਸੀਸੀ ਵਿਗਿਆਨਿਕ ਮੈਰੀ ਕਿਊਰੀ ਨੇ ਇਸ ਕੇਸ ਬਾਰੇ ਪੜ੍ਹਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਰਾਂਸੀਸੀ ਰੇਡੀਅਮ ਪੇਂਟ ਬੁਰਸ਼ ਦੀ ਬਜਾਇ ਉਹ ਛੋਟੀਆਂ ਤਿੱਤਲੀਆਂ 'ਤੇ ਰੂੰ ਦੀ ਵਰਤੋਂ ਕਰਦੀ ਹੈ।
ਕਿਊਰੀ ਨੇ ਕਿਹਾ, "ਮੈਨੂੰ ਕੋਈ ਵੀ ਸਹਾਇਤਾ ਕਰਨ ਵਿੱਚ ਬਹੁਤ ਖ਼ੁਸ਼ੀ ਹੋਵੇਗੀ, ਪਰ ਇਸ ਪਦਾਰਥ ਦਾ ਮਨੁੱਖੀ ਸਰੀਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਇਸ ਨੂੰ ਖ਼ਤਮ ਕਰਨ ਦਾ ਕੋਈ ਤਰੀਕਾ ਨਹੀਂ ਹੈ।"
25 ਅਪ੍ਰੈਲ, 1928 ਨੂੰ ਸੁਣਵਾਈ ਤੋਂ ਬਾਅਦ, ਬੇਰੀ ਦੇ ਇਹ ਕਹਿਣ ਦੇ ਬਾਵਜੂਦ ਕਿ ਔਰਤਾਂ ਮਰ ਰਹੀਆਂ ਹਨ ਤੇ ਸ਼ਾਇਦ ਅਗਲੀ ਸੁਣਵਾਈ ਤੱਕ ਜਿਊਂਦੀਆਂ ਨਾ ਰਹਿਣ, ਇਸ ਮੁਕੱਦਮੇ ਦੀ ਸੁਣਵਾਈ ਨੂੰ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ।
ਮੁਕੱਦਮੇ ਦੀ ਅਗਾਂਹ ਪਾਉਣ ਦੀ ਅਖ਼ਬਾਰਾਂ ਨੇ ਸਖ਼ਤ ਅਲੋਚਣਾ ਕੀਤੀ।
ਨਿਊਯਾਰਕ ਵਰਲਡ ਦੇ ਸੰਪਾਦਕ ਵਾਲਟਰ ਲਿਪਮੈਨ ਨੇ 10 ਮਈ, 1928 ਦੇ ਸੰਪਾਦਕੀ ਵਿੱਚ ਕਿਹਾ, "ਮੁਕੱਦਮੇ ਦੀ ਸੁਣਵਾਈ ਵਿੱਚ ਦੇਰੀ ਦਾ ਫ਼ੈਸਲਾ ਵੱਡਾ ਅਨਿਆ ਹੈ...ਇਸ ਤਰ੍ਹਾਂ ਦੀ ਦੇਰੀ ਲਈ ਕੋਈ ਬਹਾਨਾ ਸੰਭਵ ਨਹੀਂ ਹੈ।"
"ਔਰਤਾਂ ਮਰ ਰਹੀਆਂ ਹਨ। ਜੇ ਕਦੇ ਕਿਸੇ ਮੁਕੱਦਮੇ ਦਾ ਜਲਦ ਫ਼ੈਸਲਾ ਕਰਨ ਦੀ ਲੋੜ ਹੈ, ਤਾਂ ਉਹ ਪੰਜ ਬੀਮਾਰ ਔਰਤਾਂ ਦਾ ਮੁਕੱਦਮਾ ਹੈ ਜੋ ਦੁਨੀਆਂ ਵਿੱਚ ਆਪਣੇ ਆਖ਼ਰੀ ਦਿਨਾਂ ਨੂੰ ਸੌਖਿਆਂ ਕਰਨ ਲਈ ਕੁਝ ਡਾਲਰਾਂ ਲਈ ਸੰਘਰਸ਼ ਕਰ ਰਹੀਆਂ ਹਨ।"
ਬਾਅਦ ਵਿੱਚ ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਜੂਨ 1928 ਦੀ ਸ਼ੁਰੂਆਤ ਵਿੱਚ ਨਿਰਧਾਰਿਤ ਕਰ ਦਿੱਤੀ।
ਹਾਲਾਂਕਿ, ਇੱਕ ਸੰਘੀ ਜੱਜ ਨੇ ਅਦਾਲਤ ਤੋਂ ਬਾਹਰ ਵਿਵਾਦ ਮਿਟਾਉਣ ਲਈ ਵਿਚੋਲਗੀ ਕਰਨ ਅਤੇ ਇਸ ਨੂੰ ਨਿਪਟਾਉਣ ਵਿੱਚ ਮਦਦ ਕਰਨ ਲਈ ਸਵੈ-ਇੱਛਾ ਨਾਲ ਕੰਮ ਕੀਤਾ।
ਮੁਕੱਦਮੇ ਦੀ ਸੁਣਵਾਈ ਤੋਂ ਕੁਝ ਦਿਨ ਪਹਿਲਾਂ, ਪੰਜ ਰੇਡੀਅਮ ਗਰਲਜ਼ ਨੇ ਇਸ ਗੱਲ ਨਾਲ ਸਹਿਮਤੀ ਦਿੱਤੀ ਕਿ ਹਰ ਇੱਕ ਨੂੰ ਉਨ੍ਹਾਂ ਦੀ ਜ਼ਿੰਦਗੀ ਲਈ 10,000 ਡਾਲਰ ਮਿਲਣਗੇ ਅਤੇ ਪ੍ਰਤੀ ਸਾਲ 600 ਡਾਲਰ ਖ਼ਰਚੇ ਵਜੋਂ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਸਾਰੇ ਮੈਡੀਕਲ ਅਤੇ ਕਾਨੂੰਨੀ ਖ਼ਰਚੇ ਕੰਪਨੀ ਵਲੋਂ ਅਦਾ ਕੀਤੇ ਜਾਣਗੇ।
ਬੈਰੀ ਪੇਪਰਸ ਮੁਤਾਬਕ, "ਇਹ ਮਹਿਸੂਸ ਕਰਦਿਆਂ ਕਿ 'ਕਾਰਪੋਰਸ਼ਨ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋ ਰਿਹਾ ਹੈ' ਬੈਰੀ ਸਮਝੌਤੇ ਤੋਂ ਖ਼ੁਸ਼ ਨਹੀਂ ਸਨ।"
"ਉਨ੍ਹਾਂ ਨੇ ਵਿਚੋਲਗੀ ਕਰਨ ਵਾਲੇ, ਯੂਐੱਸ ਡਿਸਟ੍ਰਿਕਟ ਕੋਰਟ ਦੇ ਜੱਜ ਵਿਲਿਅਮ ਕਲਾਰਕ 'ਤੇ ਵੀ ਸ਼ੱਕ ਕੀਤਾ।"
ਉਨ੍ਹਾਂ ਦਾ ਕਹਿਣਾ ਸੀ, "ਮੈਨੂੰ ਯਕੀਨ ਹੈ ਕਿ ਉਹ ਇੱਕ ਬਹੁਤ ਹੀ ਸਨਮਾਨਿਤ ਆਦਮੀ ਹਨ ਤੇ ਸਮਾਜਿਕ ਮੁੱਦਿਆਂ ਵਿੱਚ ਦਿਲੀ ਦਿਲਚਸਪੀ ਰੱਖਦੇ ਹਨ, ਪਰ ਅਜਿਹੇ ਆਦਮੀ ਹਨ ਜਿਨ੍ਹਾਂ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਉਹ ਕਾਰਪੋਰੇਟ ਦੇ ਖੇਮੇ ਵਿੱਚ ਹਨ।"
ਬੈਰੀ ਨੂੰ ਦੱਸਿਆ ਗਿਆ ਕਿ ਜੱਜ ਕਲਾਰਕ ਯੂਐੱਸ ਕਾਰਪੋਰੇਸ਼ਨ ਵਿੱਚ ਸਟਾਕਹੋਲਡਰ ਸਨ।
ਪੰਜੋ ਰੇਡੀਅਮ ਗਰਲਜ਼ ਤਾਂ ਮੁਆਵਜ਼ੇ ਦੀ ਇੱਕ ਛੋਟੀ ਜਿਹੀ ਰਾਸ਼ੀ ਲੈ ਕੇ ਅਗਲੇ ਮਹੀਨੇ ਤੇ ਕੁਝ ਸਾਲਾਂ ਵਿੱਚ ਜਾਨ ਤੋਂ ਚਲੀਆਂ ਗਈਆਂ।
ਪਰ ਨਿਊਯਾਰਕ ਟਾਈਮਜ਼ ਮੁਤਾਬਕ, 14 ਨਵੰਬਰ 1928 ਨੂੰ ਰੇਡੀਅਮ ਪੇਂਟ ਦੇ ਮੂਲ ਖੋਜੀ, ਆਸਟ੍ਰੀਆ ਦੇ ਡਾਕਟਰ ਸਬਾਈਨ ਏ ਵਾਨ ਸੁਚੋਕੀ ਦੀ ਔਰੇਂਜ ਦੀ ਨਿਊ ਜਰਸੀ ਵਿੱਚ ਇਹ ਕਹਿੰਦਿਆਂ ਮੌਤ ਹੋ ਗਈ ਕਿ ਉਨ੍ਹਾਂ ਦੀ ਕਾਢ ਨੁਕਸਾਨਦੇਹ ਨਹੀਂ ਹੋ ਸਕਦੀ।
ਪਰ ਫ਼ਿਰ ਉਹ ਮੁਕੱਦਮਾ ਹੋਇਆ ਜਿਸ ਵਿੱਚ ਹਮੇਸ਼ਾ ਲਈ ਫ਼ੈਸਲਾ ਹੋ ਗਿਆ ਕਿ ਇਹ ਜਾਨਲੇਵਾ ਹੈ।
ਓਟਾਵਾ ਦੀ ਰੇਡੀਅਮ ਡਾਇਲ ਕੰਪਨੀ ਦੇ ਖ਼ਿਲਾਫ਼ ਇਹ ਮੁਕੱਦਮਾ ਕੈਥਰੀਨ ਵੋਲਫ਼ ਡੋਨੋਹਯੂ ਨੇ ਦਾਇਰ ਕੀਤਾ ਸੀ।
ਮਰਨ ਤੋਂ ਬਾਅਦ ਸਮਾਚਾਰ ਪੱਤਰਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਸਨ।
ਸਾਲ 1938 ਵਿੱਚ, ਏਲੀਨੋਵਾਇ ਇੰਡਸਟਰੀਅਲ ਕਮਿਸ਼ਨ ਸਾਹਮਣੇ ਕਈ ਸੁਣਵਾਈਆਂ ਤੋਂ ਬਾਅਦ, ਜਿਨ੍ਹਾਂ ਵਿੱਚ ਡੋਨੋਹੁਆ ਡਿੱਗ ਵੀ ਗਈ ਸੀ, ਓਟਾਵਾ ਦੀਆਂ ਰੇਡੀਅਮ ਗ਼ਰਲਜ਼ ਨੇ ਮੁਕੱਦਮਾ ਜਿੱਤ ਲਿਆ।
ਰੇਡੀਅਮ ਡਾਇਲ ਕੰਪਨੀ ਨੇ ਕਈ ਅਪੀਲਾਂ ਦਾਇਰ ਕੀਤੀਆਂ। 23 ਅਕਤੂਬਰ 1939 ਨੂੰ ਅਮਰੀਕਾ ਨੇ ਸੁਪਰੀਮ ਕੋਰਟ ਨੇ ਕੰਪਨੀ ਦੀ ਆਖ਼ਰੀ ਅਪੀਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ।
ਫ਼ੈਸਲਾ ਤਾਂ ਹੋ ਗਿਆ, ਪਰ ਰੇਡੀਅਆਮ ਦਾ ਅਸਰ ਜਲਦ ਖ਼ਤਮ ਹੋਣ ਵਾਲਾ ਨਹੀਂ ਸੀ।
ਡੋਨਹਾਇਊ ਘਟਨਾ 'ਤੇ ਟਿੱਪਣੀ ਕਰਦੇ ਹੋਏ, ਮੈਰੀਅਨ ਕੇਨਿਕ ਨੇ ਆਪਣੀ ਔਰਤ ਰਿਸ਼ਤੇਦਾਰ ਦਾ ਜ਼ਿਕਰ ਕੀਤਾ, ਜਿਸਦੀ ਮੌਤ 40 ਸਾਲਾਂ ਦੀ ਉਮਰ ਵਿੱਚ ਉਸਦੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਹੋਈ ਸੀ।
ਉਨ੍ਹਾਂ ਨੂੰ ਵਿਆਹ ਦੇ ਜੋੜੇ ਵਿੱਚ ਦਫ਼ਨਾਇਆ ਗਿਆ, ਜੋ ਕਮਜ਼ੋਰੀ ਕਾਰਨ ਢਿੱਲਾ ਹੋ ਚੁੱਕਿਆ ਸੀ।
ਅਰਲਿਨ ਬਲਕਾਂਸਕੀ ਨੇ ਲਿਖਿਆ ਹੈ, ਕਿ ਹਾਲਾਂਕਿ ਕੈਥਰੀਨ ਵੋਲਫ਼ ਡੋਨੋਹਾਇਊ ਉਨ੍ਹਾਂ ਕਈ ਔਰਤਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦੀ ਮੁਕੱਦਮੇਂ ਦੇ ਫ਼ੈਸਲੇ ਤੋਂ ਪਹਿਲਾਂ ਯਾਨੀ 27 ਜੁਲਾਈ, 1938 ਤੱਕ ਮੌਤ ਹੋ ਗਈ ਸੀ।
ਪਰ ਉਨ੍ਹਾਂ ਦਾ ਇਹ ਸੰਘਰਸ਼ ਉਨ੍ਹਾਂ ਤੋਂ ਬਾਅਦ ਆਉਣ ਵਾਲੀਆਂ ਔਰਤਾਂ ਲਈ ਪੇਸ਼ੇਵਰ ਸੁਰੱਖਿਆ ਤੇ ਸਹਿਤ ਦੇ ਮਾਨਕਾਂ ਨੂੰ ਨਿਰਧਾਰਿਤ ਕਰਨ ਦਾ ਕਾਰਨ ਜ਼ਰੂਰ ਬਣਿਆ।
ਇਹ ਵੀ ਪੜ੍ਹੋ-