ਭਾਰਤ-ਪਾਕਿਸਤਾਨ ਵੰਡ : '75 ਸਾਲ ਪਹਿਲਾਂ ਅਜਿਹਾ ਕੀ ਹੋਇਆ ਕਿ ਗੂੜੇ ਸੱਜਣ ਵੈਰੀ ਕਿਉਂ ਹੋ ਗਏ'- ਬਲਾਗ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਅੱਜ ਤੋਂ 75 ਸਾਲ ਪਹਿਲਾਂ ਪੰਜਾਬ ਵਿੱਚ ਜੋ ਹੋਇਆ, ਮੈਂ ਕਿਸੇ ਬਜ਼ੁਰਗ ਨੂੰ ਘੱਟ ਹੀ ਇਹ ਕਹਿੰਦੇ ਸੁਣਿਆ ਬਈ ਸਾਨੂੰ ਆਜ਼ਾਦੀ ਮਿਲੀ ਸੀ। ਉਹ ਹਮੇਸ਼ਾ ਇਹੀ ਕਹਿੰਦੇ ਨੇ, ਉਹ ਵੇਲਾ ਜਦੋਂ ਉਜਾੜਾ ਪਿਆ ਸੀ, ਜਦੋਂ ਦੰਗੇ ਹੋਏ ਸਨ, ਜਦੋਂ ਲੁੱਟ ਪਈ ਸੀ।

ਮੈਂ ਕਈ ਅਜਿਹੇ ਬਜ਼ੁਰਗਾਂ ਨੂੰ ਮਿਲਿਆ ਜਿਨ੍ਹਾਂ ਨੂੰ ਵੰਡ ਤੋਂ ਪਹਿਲਂ ਦਾ ਸਮਾਂ ਚੰਗੀ ਤਰ੍ਹਾਂ ਯਾਦ ਹੈ। ਉਹ ਵੇਲਾ ਯਾਦ ਕਰਕੇ ਉਹ ਹਮੇਸ਼ਾ ਹਉਂਕੇ ਹੀ ਭਰਦੇ ਹਨ, ਦੱਸਦੇ ਹਨ ਉਹ ਵੇਲਾ ਕਿੰਨਾ ਸੋਹਣਾ ਸੀ, ਸਿੱਖ ਸਾਡੇ ਵੀਰਾਂ ਵਰਗੇ ਸਨ।

ਹਿੰਦੂ ਕੁੜੀਆਂ ਸਾਡੀਆਂ ਭੈਣਾਂ ਸਨ, ਅਸੀਂ ਰਲ ਕੇ ਗੁੱਡੀਆਂ-ਪਟੋਲੇ ਖੇਡਦੇ ਸੀ, ਉਹ ਕਦੀ-ਕਦੀ ਆਪਣੇ ਘਰ ਆਲਿਆਂ ਤੋਂ ਲੁਕ ਕੇ ਸਾਡੇ ਘਰ ਮਾਸ ਖਾਣ ਵੀ ਆ ਜਾਂਦੀਆਂ ਸਨ।

ਜ਼ਾਹਰ ਹੈ ਕੱਟੜ ਲੋਕ ਵੀ ਸਨ, ਇੱਕ ਭਾਂਡੇ ਵਿੱਚੋਂ ਖਾਣਾ ਨਹੀਂ ਸਨ ਖਾਂਦੇ, ਰਿਸ਼ਤੇ ਆਪਸ ਵਿੱਚ ਨਹੀਂ ਸਨ ਕਰਦੇ, ਪਰ ਅੱਖ-ਮਟੱਕਾ ਫਿਰ ਵੀ ਲਾਈ ਰੱਖਦੇ ਸਨ।

ਅਜਿਹੇ ਲੋਕ ਵੀ ਸਨ ਜਿਹੜੇ ਭਾਵੇਂ ਇੱਕ ਪਲੇਟ ਵਿੱਚੋਂ ਖਾਣਾ ਨਾ ਖਾਂਦੇ ਹੋਣ, ਬਾਹਰ ਬੈਠ ਕੇ ਇੱਕੋ ਹੀ ਬੋਤਲ ਵਿੱਚੋਂ ਦਾਰੂ ਦੇ ਘੁੱਟ ਲਾ ਲੈਂਦੇ ਸਨ ਤੇ ਇੱਕ ਹੀ ਹੁੱਕੇ ਦੀ ਨਾੜ ਤੋਂ ਸੂਟਾ ਵੀ ਖਿੱਚ ਲੈਂਦੇ ਸਨ।

ਭੁੱਖਾਂ ਸਨ, ਪਰ ਸਾਂਝੀਆਂ ਸਨ, ਗੀਤ ਵੀ ਸਾਂਝੇ ਸਨ ਤੇ ਸੱਧਰਾਂ ਵੀ ਸਾਂਝੀਆਂ ਸਨ। ਬਜ਼ੁਰਗ ਜ਼ਾਹਰ ਹੈ ਝੂਠ ਨਹੀਂ ਬੋਲਦੇ, ਇਹ ਪਿਆਰ ਦੀਆਂ ਗੱਲਾਂ ਸੱਚੀਆਂ ਈ ਹੋਣਗੀਆਂ।

ਪਰ ਇਹ ਸਾਰੀਆਂ ਮਿੱਠੀਆਂ ਗੱਲਾਂ ਸੁਣ ਕੇ ਜਦੋਂ ਮੈਂ ਬਜ਼ੁਰਗਾਂ ਨੂੰ ਪੁੱਛਨਾਂ ਬਈ ਜੇ ਏਡੀ ਹੀ ਸਾਂਝ ਸੀ, ਫਿਰ ਆਖਰ 75 ਸਾਲ ਪਹਿਲੇ ਹੋਇਆ ਹੀ ਕੀ ਕਿ ਐਡੇ ਗੂੜ੍ਹੇ ਸੱਜਣ ਵੈਰੀ ਕਿਉਂ ਹੋ ਗਏ?

ਇਹਦੇ 'ਤੇ ਪਤਾ ਨਹੀਂ ਕਿਹਦਾ ਖੂਨ ਲੱਗਾ ਹੋਵੇਗਾ

ਬਜ਼ੁਰਗ ਚੁੱਪ ਜਿਹਾ ਕਰ ਜਾਂਦੇ ਨੇ, ਫਿਰ ਦੱਸਦੇ ਨੇ ਬਈ ਕੋਈ ਰਾਤੋ-ਰਾਤ ਜੱਥੇ ਬਣੇ, ਪਹਿਲਾਂ ਉਨ੍ਹਾਂ ਦੇ ਬਣੇ, ਫਿਰ ਸਾਡੇ ਵੀ ਬਣ ਗਏ, ਉਨ੍ਹਾਂ ਨੇ ਔਰਤਾਂ, ਬੱਚੇ ਕੋਹੇ, ਕਾਫ਼ਲੇ ਲੁੱਟੇ, ਟਰੇਨਾਂ ਦੀਆਂ ਟਰੇਨਾਂ ਵੱਢ ਛੱਡੀਆਂ।

ਮੈਂ ਵੀ ਬਚਪਨ ਵਿੱਚ ਇੱਕ ਖੁੰਢਾ, ਜੰਗ ਲੱਗਿਆ ਖੰਜਰ ਵੇਖਿਆ ਸੀ, ਕਿਸੇ ਵੱਡੇ ਨੇ ਕਿਹਾ, ਮੁੰਡਿਆਂ ਇਹਨੂੰ ਹੱਥ ਨਾ ਲਾ, ਇਹਦੇ 'ਤੇ ਪਤਾ ਨਹੀਂ ਕਿਹਦਾ ਖੂਨ ਲੱਗਾ ਹੋਵੇਗਾ।

ਮੈਂ ਉਦੋਂ ਦਾ ਇਹੀ ਸੋਚਦਾ ਆਨਾਂ ਬਈ ਗਿਣਤੀ ਤਾਂ ਸਾਡੇ ਕੋਲੋਂ ਪੂਰੀ ਨਹੀਂ ਹੋਈ, ਪਰ ਘੱਟੋ-ਘੱਟ 15-20 ਲੱਖ ਬੰਦਾ ਤਾਂ ਅਸਾਂ ਇਸ ਆਜ਼ਾਦੀ ਲਈ ਮਾਰ ਹੀ ਛੱਡਿਆ।

ਤੇ ਜਿਹੜੇ ਸਾਨੂੰ ਇਹ ਦੱਸਦੇ ਨੇ ਬਈ 'ਹਮਨੇ ਆਜ਼ਾਦੀ ਕੇ ਲੀਏ ਜਾਨੋਂ ਕੀ ਕੁਰਬਾਨੀਆਂ ਦੀ ਹੈਂ' ਉਹ ਵੀ ਮੇਰਾ ਖ਼ਿਆਲ ਪੂਰਾ ਸੱਚ ਨਹੀਂ ਬੋਲਦੇ, ਕਿਉਂਕਿ ਕਿਸੇ ਨੇ ਉਨ੍ਹਾਂ ਕੋਲੋਂ ਇਹ ਨਹੀਂ ਪੁੱਛਿਆ ਕਿ ਅਸੀਂ ਤੇਰੇ ਤੋਂ ਤੇਰੀਆਂ ਔਰਤਾਂ ਤੇ ਬੱਚੇ ਖੋਹ ਕੇ ਤੈਨੂੰ ਆਜ਼ਾਦੀ ਦੇਣ ਲੱਗੇ ਹਾਂ, ਮਨਜ਼ੂਰ ਈ।

ਇਹ ਵੀ ਪੜ੍ਹੋ:

ਇੱਕ ਜਾਨਵਰ ਵੀ ਕੁਰਬਾਨ ਕਰਨਾ ਹੋਵੇ ਤਾਂ ਪੰਜ-ਸੱਤ ਗੱਭਰੂ ਚਾਹੀਦੇ ਹੁੰਦੇ ਨੇ ਉਹਨੂੰ ਢਾਹੁਣ ਲਈ ਤੇ ਆਜ਼ਾਦੀ ਵੇਲੇ ਤਾਂ ਅਸੀਂ ਪੰਦਰਾਂ-ਵੀਹ ਲੱਖ ਬੰਦਾ ਹੱਥੀਂ ਮਾਰਿਆ।

ਬੰਦੂਕ ਤੇ ਬੰਬ ਤਾਂ ਉਸ ਵੇਲੇ ਸ਼ਾਇਦ ਕਿਸੇ ਪ੍ਰਧਾਨ ਕੋਲ ਹੀ ਹੋਏਗਾ, ਬਾਕੀ ਇਹ ਕੰਮ ਅਸੀਂ ਕੁਹਾੜੀਆਂ, ਬਰਛੀਆਂ, ਤਲਵਾਰਾਂ, ਡੰਡਿਆਂ ਤੇ ਦਾਤਰੀਆਂ ਨਾਲ ਕੀਤਾ।

ਪੰਜਾਬ ਦੀ ਵੰਡ ਤੋਂ ਕੋਈ 200 ਕੁ ਸਾਲ ਪਹਿਲਾਂ ਬੁੱਲੇ ਸ਼ਾਹ ਕਹਿ ਗਿਆ ਸੀ ਕਿ ਪੰਜਾਬ ਵਿੱਚ ਸ਼ੱਕ-ਸ਼ੁਬੇ ਦਾ ਵੇਲਾ ਆ ਗਿਆ ਜੇ, ਹੁਣ ਪਿਛਲੇ 75 ਵਰ੍ਹਿਆਂ ਵਿੱਚ ਉਹ ਸ਼ੱਕ-ਸ਼ੁਬਾ ਸਾਡੀਆਂ ਹੱਡੀਆਂ ਵਿੱਚ ਵੜ ਗਿਆ ਹੈ।

ਹੁਣ ਸਾਨੂੰ ਉਹ ਮਾਂ ਦੀ ਗੋਦੀ ਵਿੱਚ ਗੁੜ੍ਹਤੀ ਨਾਲ ਹੀ ਮਿਲ ਜਾਂਦਾ ਹੈ।

ਸਾਡੇ ਗੀਤ ਵੀ ਸਾਂਝੇ ਨੇ ਤੇ ਸਾਡੀਆਂ ਤਾਂਘਾਂ ਵੀ ਸਾਂਝੀਆਂ

ਸਾਨੂੰ ਕਦੇ ਕਿਸੇ ਨੇ ਨਹੀਂ ਦੱਸਿਆ ਬਈ '47 ਦੇ ਜੱਥੇ ਕਿੱਥੋਂ ਆਏ ਸਨ ਤੇ ਕੀਹਨੇ ਬਣਾਏ ਸਨ, ਪਰ ਹੁਣ ਆਲੇ-ਦੁਆਲੇ ਦੇਖੋ ਤਾਂ ਪਤਾ ਲੱਗੇਗਾ ਕਿ ਬਈ ਉਹੀ ਜੱਥੇ ਸਾਡੇ ਹੁਕਮਰਾਨ ਨੇ ਤੇ ਉਨ੍ਹਾਂ ਨੂੰ ਬਰਛੀਆਂ, ਕੁਹਾੜੀਆਂ ਤੇ ਦਾਤੀਆਂ ਦੀ ਲੋੜ ਕੋਈ ਨਹੀਂ।

ਉਨ੍ਹਾਂ ਕੋਲ ਹੁਣ ਕੋਈ 12-14 ਹਜ਼ਾਰ ਤੋਪਾਂ, 5-7 ਹਜ਼ਾਰ ਟੈਂਕ ਤੇ ਕੋਈ ਡੇਢ ਦੋ ਹਜ਼ਾਰ ਲੜਾਕਾ ਜਹਾਜ਼ ਮੌਜੂਦ ਹਨ, ਮਿਜ਼ਾਇਲ ਬੇਹਿਸਾਬ ਹਨ ਤੇ ਐਟਮ ਬੰਬਾਂ ਦੀ ਤਾਂ ਅਸੀਂ ਕਿਸੇ ਨੂੰ ਗਿਣਤੀ ਵੀ ਨਹੀਂ ਕਰਨ ਦਿੰਦੇ।

ਇਹ ਸਾਰਾ ਸਾਮਾਨ ਅਸੀਂ ਹਿੰਦੋਸਤਾਨ, ਪਾਕਿਤਸਾਨ ਨੂੰ ਮੁਕਾਉਣ ਲਈ ਨਹੀਂ ਰੱਖਿਆ, ਸਾਨੂੰ ਵੀ ਪਤਾ ਕਿ ਇਹ ਅਸੀਂ ਆਪਣੇ ਲੋਕਾਂ ਨੂੰ ਯਰਕਾਉਣ ਲਈ ਰੱਖਿਆ ਹੈ।

ਪੰਜਾਬੀ, ਪੰਜਾਬੀ ਨੂੰ ਪਿਆਜ਼, ਟਮਾਟਰ ਨਹੀਂ ਵੇਚ ਸਕਦਾ, ਪਰ ਉਹ ਨੂੰ ਸਿਆਚਿਨ 'ਤੇ ਚੜ੍ਹਾ ਦਿੱਤਾ ਗਿਆ ਹੈ, ਜਿੱਥੇ ਉਹ ਠੰਢ ਵਿੱਚ ਠਰਦਾ ਵੀ ਹੈ ਤੇ ਇੱਕ ਦੂਜੇ ਨੂੰ ਫਾਇਰ ਵੀ ਮਾਰਦਾ ਹੈ।

ਫਿਰ ਵੀ ਅਸੀਂ ਜੰਗਾਂ ਵਿੱਚ ਇੱਕ-ਦੂਸਰੇ ਦੇ ਓਨੇ ਲੋਕ ਨਹੀਂ ਮਾਰੇ, ਜਿੰਨੇ ਆਪੋ-ਆਪਣੇ ਘਰੀਂ ਮਾਰ ਛੱਡੇ ਨੇ।

ਰਾਤ ਇੱਕ ਵਾਰ ਫਿਰ ਹਨੇਰੀ ਏ, ਜੱਥੇ ਦੋਵੇਂ ਪਾਸੇ ਫਿਰ ਇਕੱਠੇ ਹੋਏ ਨੇ, ਭੁੱਖਾਂ ਵੀ ਹੈ ਨੇ, ਪਰ ਇਹ ਵੀ ਯਾਦ ਰੱਖੋ ਕਿ ਸਾਡੀਆਂ ਭੁੱਖਾਂ ਵੀ ਸਾਂਝੀਆਂ ਨੇ, ਸਾਡੇ ਗੀਤ ਵੀ ਸਾਂਝੇ ਨੇ ਤੇ ਸਾਡੀਆਂ ਤਾਂਘਾਂ ਵੀ ਸਾਂਝੀਆਂ ਨੇ। ਰੱਬ ਰਾਖਾ!

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)