ਚੀਨ ਵਿੱਚ ਔਰਤਾਂ ਮਰਦਾਂ ਦੇ ਕੱਪੜੇ ਕਿਉਂ ਪਹਿਨਣ ਲੱਗੀਆਂ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਜਿਵੇਂ ਗਰਮੀ ਨੇੜੇ ਆ ਰਹੀ ਸੀ, ਕੈਕਸਿਨ ਨੇ ਆਪਣੇ ਵਾਰਡਰੋਬ ਨੂੰ ਸਹੀ ਕਰਦਿਆਂ ਇੱਕ ਬਦਲਾਅ ਮਹਿਸੂਸ ਕੀਤਾ। ਹੁਣ ਉਨ੍ਹਾਂ ਕੋਲ ਔਰਤਾਂ ਦੇ ਕੱਪੜਿਆਂ ਨਾਲੋਂ 'ਮਰਦਾਂ ਦੇ ਕੱਪੜੇ' ਵੱਧ ਸਨ।

ਕੀ ਕਮੀਜ਼ਾਂ, ਟੀ-ਸ਼ਰਟਾਂ ਅਤੇ ਸ਼ੋਰਟਸ ਉਨ੍ਹਾਂ ਨੇ ਆਪਣੇ ਬੋਇਫ੍ਰੈਂਡ ਜਾਂ ਪਿਤਾ ਲਈ ਨਹੀਂ ਖਰੀਦੇ ਸਨ, ਨਹੀਂ, ਬਲਕਿ ਉਨ੍ਹਾਂ ਨੇ ਇਹ ਮਰਦਾਂ ਵਾਲੇ ਕੱਪੜੇ ਆਪਣੇ ਲਈ ਖਰੀਦੇ ਸਨ।

ਕੈਕਸਿਨ ਇਕੱਲੀ ਨਹੀਂ ਹੈ। ਚੀਨ ਵਿੱਚ ਬਹੁਤ ਸਾਰੀਆਂ ਨੌਜਵਾਨ ਔਰਤਾਂ, ਉਨ੍ਹਾਂ ਦੀਆਂ ਦੋਸਤਾਂ ਅਤੇ ਆਨਲਾਈਨ ਸਮੂਹਾਂ ਵਿੱਚ ਵੀ ਉਹ ਇੱਕੋ ਜਿਹੇ ਕਾਰਨਾਂ ਕਰਕੇ ਮਰਦਾਂ ਦੇ ਕੱਪੜਿਆਂ ਵੱਲ ਰੁਝਾਨ ਰੱਖ ਰਹੀਆਂ ਹਨ, ਜਿਵੇਂ ਕਿ ਵਧੀਆ ਗੁਣਵੱਤਾ, ਘੱਟ ਕੀਮਤਾਂ, ਵਧੇਰੇ ਆਰਾਮ ਅਤੇ ਘੱਟ ਬਾਡੀ ਸ਼ੇਮਿੰਗ।

ਪਰ ਇਸ ਰੁਝਾਨ ਦੇ ਪਿੱਛੇ ਅਸਲ ਕਾਰਨ ਕੀ ਹਨ?

ਇਹ ਕਿਵੇਂ ਸ਼ੁਰੂ ਹੋਇਆ

ਚੀਨ ਦੀ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਜਿਉਹੋਂਗਸ਼ੂ, ਜਿਸਨੂੰ ਰੈੱਡਨੋਟ ਵੀ ਕਿਹਾ ਜਾਂਦਾ ਹੈ, 'ਤੇ ਵੁਮੈਨ ਵੇਅਰਿੰਗ ਮੇਨਜ਼ ਵੇਅਰ ਟੈਗ ਨੂੰ 8.2 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਦਕਿ "ਜੈਂਡਰ ਨਿਊਟ੍ਰਲ ਡਰੈਸਿੰਗ" 9 ਕਰੋੜ ਤੋਂ ਵੀ ਵੱਧ ਵਿਊਜ਼ ਪਾਰ ਕਰ ਚੁੱਕਾ ਹੈ।

ਇਸ ਵਿਸ਼ੇ 'ਤੇ ਪੋਸਟਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜਿਨ੍ਹਾਂ ਵਿੱਚ ਅਕਸਰ ਮਰਦਾਂ ਦੇ ਕੱਪੜਿਆਂ ਦੇ ਫਾਇਦੇ ਬਾਰੇ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ ਵਧੇਰੇ ਕਾਟਨ ਅਤੇ ਲਿਨਨ ਦੀ ਮਾਤਰਾ, ਸਾਫ਼ ਕਟਿੰਗ, ਵੱਡੀਆਂ ਜੇਬਾਂ, ਵਧੀਆ ਫਿਨਿਸ਼ਿੰਗ ਅਤੇ ਘੱਟ ਕੀਮਤਾਂ।

ਕੈਕਸਿਨ ਨੂੰ ਯਾਦ ਹੈ ਕਿ ਉਨ੍ਹਾਂ ਦੇ ਵਾਰਡਰੋਬ ਭਾਵ ਅਲਮਾਰੀ ਵਿੱਚ ਇਹ ਬਦਲਾਅ 2023 ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਦੇ ਡੌਇਨ (ਚੀਨ ਦਾ ਘਰੇਲੂ ਟਿਕਟੋਕ ਵਰਜਨ) ਫੀਡ 'ਤੇ ਮਰਦਾਂ ਦੀਆਂ ਟੀ-ਸ਼ਰਟਾਂ ਵੇਚਣ ਵਾਲੀਆਂ ਲਾਈਵਸਟ੍ਰੀਮਾਂ ਆਉਣ ਲੱਗੀਆਂ।

ਸ਼ੁਰੂ ਵਿੱਚ ਉਸਨੂੰ ਇਹ ਹੈਰਾਨੀਜਨਕ ਲੱਗਿਆ, ਉਨ੍ਹਾਂ ਨੇ ਕਦੇ ਆਪਣੇ ਪਿਤਾ ਜਾਂ ਬੋਇਫ੍ਰੈਂਡ ਲਈ ਖਰੀਦਦਾਰੀ ਨਹੀਂ ਕੀਤੀ ਸੀ, ਫਿਰ ਐਲਗੋਰਿਦਮ ਉਨ੍ਹਾਂ ਨੂੰ ਇਹ ਸਮੱਗਰੀ ਕਿਉਂ ਦਿਖਾ ਰਿਹਾ ਸੀ?

ਕੈਕਸਿਨ ਨੇ ਸੋਚਿਆ ਕਿ ਇਹ ਕੋਈ ਗਲਿਚ ਹੋਏਗਾ, ਫਿਰ ਇੱਕ ਦਿਨ ਉਹ ਬਾਥਰੂਮ ਵਿੱਚ ਸੀ ਅਤੇ ਉਨ੍ਹਾਂ ਦਾ ਫੋਨ ਅਣਜਾਣੇ ਵਿੱਚ ਇੱਕ ਕੱਪੜਿਆਂ ਦੀ ਲਾਈਵਸਟ੍ਰੀਮ 'ਤੇ ਚੱਲਦਾ ਰਹਿ ਗਿਆ।

"ਕੁੜੀਆਂ ਇਸਨੂੰ ਛੋਟੇ ਸਾਈਜ਼ ਵਿੱਚ ਖਰੀਦ ਕੇ ਖੁਦ ਪਾ ਸਕਦੀਆਂ ਹਨ। ਇਹ ਯੂਨੀਸੈਕਸ ਹੈ, ਔਰਤਾਂ ਵੀ ਇਹ ਪਾ ਸਕਦੀਆਂ ਹਨ।"

ਇਹ ਲਾਈਨਾਂ ਕੁਝ ਮਿੰਟਾਂ ਵਿੱਚ ਵਾਰ-ਵਾਰ ਦੋਹਰਾਈਆਂ ਜਾਂਦੀਆਂ ਰਹੀਆਂ।

ਔਰਤਾਂ ਲਈ ਬਣੀਆਂ ਲਾਈਵਸਟ੍ਰੀਮਾਂ, ਜਿਨ੍ਹਾਂ ਵਿੱਚ ਅਕਸਰ ਸਰੀਰ ਨੂੰ ਪਤਲਾ ਦਿਖਾਉਣ, ਕਮੀਆਂ ਨੂੰ ਢੱਕਣ ਜਾਂ ਨਾਜ਼ੁਕ, ਆਦਰਸ਼ਕ ਪੇਸ਼ ਕਰਨ 'ਤੇ ਜ਼ੋਰ ਹੁੰਦਾ ਹੈ, ਦੀ ਤੁਲਨਾ ਵਿੱਚ ਇਹ ਵਾਲੀ ਲਾਈਵਸਟ੍ਰੀਮ ਕੱਪੜਿਆਂ ਦੀ ਗੁਣਵੱਤਾ ਅਤੇ ਮਟੀਰੀਅਲ 'ਤੇ ਕੇਂਦ੍ਰਿਤ ਸੀ।

ਉਹ ਕਹਿੰਦੀ ਹੈ, "ਇਹ ਮੈਨੂੰ ਬਹੁਤ ਪਸੰਦ ਆਇਆ। ਮੈਂ ਕਦੇ ਨਹੀਂ ਸਮਝ ਸਕੀ ਕਿ ਔਰਤਾਂ ਦੇ ਕੱਪੜੇ ਹਮੇਸ਼ਾ ਮੁੱਖਧਾਰਾ ਸੁੰਦਰਤਾ ਦੇ ਮਿਆਰਾਂ ਨੂੰ ਕਿਉਂ ਧੱਕਦੇ ਹਨ, ਖ਼ਾਸ ਕਰਕੇ ਜਦੋਂ ਡਿਜ਼ਾਈਨ ਅਕਸਰ ਅਣਸੁਖਾਵੇਂ ਹੁੰਦੇ ਹਨ।"

ਕੀਮਤ ਨੇ ਵੀ ਮਦਦ ਕੀਤੀ

ਜ਼ਿਆਦਾਤਰ ਕਮੀਜ਼ਾਂ 100 ਯੂਆਨ (ਲਗਭਗ 1,325 ਰੁਪਏ) ਤੋਂ ਘੱਟ ਦੀਆਂ ਸਨ। ਭਾਵੇਂ ਉਸਨੂੰ ਉਹ ਵਾਪਸ ਵੀ ਕਰਨੀ ਪੈਂਦੀ, ਤਾਂ ਵੀ ਖ਼ਤਰਾ ਘੱਟ ਮਹਿਸੂਸ ਹੁੰਦਾ ਸੀ।

ਉਨ੍ਹਾਂ ਨੇ ਆਪਣੀ ਪਹਿਲੀ "ਮਰਦਾਂ ਵਾਲੀ" ਟੀ-ਸ਼ਰਟ ਖਰੀਦੀ ਅਤੇ ਉਹ ਹੈਰਾਨ ਰਹਿ ਗਈ। ਇਹ ਉਨ੍ਹਾਂ ਨੂੰ ਔਰਤਾਂ ਦੇ ਉਹਨਾਂ ਕੱਪੜਿਆਂ ਨਾਲੋਂ ਵਧੇਰੇ ਆਰਾਮਦਾਇਕ, ਮੋਟੀ ਅਤੇ ਸਾਹ ਲੈਣ ਯੋਗ ਲੱਗੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਤਿੰਨ ਗੁਣਾ ਕੀਮਤ 'ਤੇ ਖਰੀਦਿਆ ਸੀ।

ਕੈਕਸੀਨ ਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਲੱਗਿਆ ਤੇ ਉਹ ਹੋਰ ਮਰਦਾਂ ਵਾਲੇ ਕੱਪੜੇ ਖਰੀਦਣ ਲੱਗ ਪਏ ਅਤੇ ਇਸ ਨੂੰ ਪਹਿਨਣ ਨੂੰ ਲੈ ਕੇ ਜਿਸ ਝਿਜਕ ਜਾਂ ਅਸਹਿਜਤਾ ਦੀ ਉਸਨੇ ਉਮੀਦ ਕੀਤੀ ਸੀ, ਉਹ ਕਦੇ ਮਹਿਸੂਸ ਹੀ ਨਹੀਂ ਹੋਈ।

ਉਹ ਕਹਿੰਦੀ ਹੈ, "ਸਮੇਂ ਦੇ ਨਾਲ, ਇਹ ਕੱਪੜੇ ਹੌਲੀ-ਹੌਲੀ ਉਨ੍ਹਾਂ ਦੀ ਅਲਮਾਰੀ 'ਤੇ ਹਾਵੀ ਹੋਣ ਲੱਗੇ, "ਜਿਵੇਂ ਕੋਈ ਹਮਲਾਵਰ ਪ੍ਰਜਾਤੀ ਜੋ ਅਸਲ ਕੱਪੜਿਆਂ ਨੂੰ ਹੌਲੀ-ਹੌਲੀ ਬਾਹਰ ਕੱਢ ਰਹੀ ਹੋਵੇ।"

ਘੱਟ ਖਰਚ ਕਰਨ ਦੀ ਰੁਝਾਨ

ਇਹ ਰੁਝਾਨ ਉਸ ਸਮੇਂ ਸਾਹਮਣੇ ਆ ਰਿਹਾ ਹੈ ਜਦੋਂ 2022 ਦੇ ਅੰਤ ਵਿੱਚ ਕੋਵਿਡ-19 ਪਾਬੰਦੀਆਂ ਹਟਣ ਤੋਂ ਬਾਅਦ ਵੀ ਚੀਨ ਦੀ ਖਪਤਕਾਰ ਅਰਥਵਿਵਸਥਾ ਕਮਜ਼ੋਰ ਬਣੀ ਹੋਈ ਹੈ।

ਕੈਕਸਿਨ ਵਰਗੇ ਕਰਮਚਾਰੀਆਂ ਲਈ, ਜੋ ਸ਼ੰਘਾਈ ਵਿੱਚ ਮਸ਼ਹੂਰ ਅਤੇ ਕਾਫ਼ੀ ਸਖ਼ਤ "996" ਕੰਮਕਾਜੀ ਪ੍ਰਣਾਲੀ (ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ, ਹਫ਼ਤੇ ਵਿੱਚ ਛੇ ਦਿਨ) ਅਧੀਨ ਕੰਮ ਕਰਦੀ ਹੈ, ਵਿੱਤੀ ਸਾਵਧਾਨੀ ਹੁਣ ਆਮ ਗੱਲ ਬਣ ਗਈ ਹੈ।

ਹੁਣ ਉਹ ਨੌਕਰੀ ਬਦਲਣ ਲਈ ਪਹਿਲਾਂ ਨਾਲੋਂ ਘੱਟ ਉਤਸ਼ਾਹਿਤ ਹੈ ਅਤੇ ਕੱਪੜਿਆਂ ਵਰਗੀਆਂ ਜ਼ਰੂਰੀ ਚੀਜ਼ਾਂ 'ਤੇ ਵੀ ਵੱਡੀ ਰਕਮ ਖਰਚਣ ਤੋਂ ਕਤਰਾਉਂਦੀ ਹੈ।

ਇਸ ਪ੍ਰਸੰਗ ਵਿੱਚ ਕੁਝ ਖਪਤਕਾਰਾਂ ਨੇ "ਰਿਵਰਸ ਕੰਜ਼ੰਪਸ਼ਨ" ਦੇ ਰੁਝਾਨ ਨੂੰ ਅਪਨਾਇਆ ਹੈ, ਜਿਸ ਵਿੱਚ ਫਾਸਟ ਫੈਸ਼ਨ ਦੀ ਥਾਂ ਕੀਮਤ ਦੇ ਮੁਕਾਬਲੇ ਵਧੀਆ ਮੁੱਲ ਅਤੇ ਟਿਕਾਊਪਣ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਕੈਕਸਿਨ ਦਾ ਕਹਿਣਾ ਹੈ, "ਜੇ ਕੋਈ ਚੀਜ਼ ਫਿੱਟ ਨਾ ਆਵੇ ਤਾਂ ਉਸ ਨੂੰ ਵਾਪਸ ਕਰਨਾ ਆਸਾਨ ਹੈ। ਮੈਨੂੰ ਹੁਣ ਕੱਪੜਿਆਂ 'ਤੇ ਬਹੁਤ ਪੈਸਾ ਖਰਚਣ ਦਾ ਕੋਈ ਮਤਲਬ ਨਹੀਂ ਲੱਗਦਾ, ਵੈਸੇ ਵੀ ਮੈਂ ਕਿਸੇ ਕੱਪੜੇ ਨੂੰ ਇੱਕ ਸੀਜ਼ਨ ਤੋਂ ਵੱਧ ਨਹੀਂ ਪਹਿਨਦੀ।"

ਸਾਈਜ਼ ਦਾ ਮਸਲਾ

ਕਈ ਔਰਤਾਂ ਲਈ ਇਹ ਬਦਲਾਅ ਲਿੰਗ ਪਛਾਣ ਬਾਰੇ ਕੋਈ ਬਿਆਨ ਦੇਣ ਨਾਲੋਂ ਵੱਧ ਵਿਹਾਰਕ ਲੋੜਾਂ ਨਾਲ ਜੁੜਿਆ ਹੋਇਆ ਹੈ।

ਚੀਨ ਵਿੱਚ ਔਰਤਾਂ ਦੇ ਕੱਪੜਿਆਂ ਦੀ ਸਭ ਤੋਂ ਵੱਧ ਆਲੋਚਨਾ ਉਨ੍ਹਾਂ ਦੇ ਸਾਈਜ਼ ਨੂੰ ਲੈ ਕੇ ਕੀਤੀ ਜਾਂਦੀ ਹੈ।

ਡੌਇਨ ਅਤੇ ਜਿਉਹੋਂਗਸ਼ੂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਤਲੇ ਸਰੀਰ ਵਾਲੀਆਂ ਇਨਫਲੂਐਂਸਰ ਅਕਸਰ ਦਿਖਾਉਂਦੀਆਂ ਹਨ ਕਿ ਕਥਿਤ ਤੌਰ 'ਤੇ ਵੱਡੇ ਸਾਈਜ਼ ਵੀ ਉਨ੍ਹਾਂ ਨੂੰ ਮੁਸ਼ਕਲ ਨਾਲ ਹੀ ਫਿੱਟ ਆਉਂਦੇ ਹਨ।

ਅਜਿਹੀਆਂ ਐਕਸ ਐੱਲ (ਐਕਸਟਰਾ ਲਾਰਜ) ਲੇਬਲ ਵਾਲੀਆਂ ਡਰੈੱਸਾਂ ਵੀ ਦੇਖਣ ਨੂੰ ਮਿਲਦੀਆਂ ਹਨ ਜੋ ਪੱਟ 'ਤੇ ਹੀ ਨਹੀਂ ਚੜ੍ਹਦੀਆਂ, ਜਾਂ ਫਿਰ ਅਜਿਹੀਆਂ ਸਾਈਜ਼ਿੰਗ ਪ੍ਰਣਾਲੀਆਂ ਜਿਨ੍ਹਾਂ ਵਿੱਚ ਮੁਕਾਬਲਤਨ ਪਤਲੀਆਂ ਔਰਤਾਂ ਨੂੰ ਵੀ ਸਭ ਤੋਂ ਛੋਟੇ ਸਾਈਜ਼ਾਂ ਵਿੱਚ ਰੱਖਿਆ ਜਾਂਦਾ ਹੈ।

ਦੂਜੇ ਪਾਸੇ, ਲੰਬੇ ਕੱਦ ਵਾਲੀਆਂ ਔਰਤਾਂ ਨੂੰ ਬਹੁਤ ਜਲਦੀ ਵੱਡੇ ਸਾਈਜ਼ਾਂ ਦੀ ਸ਼੍ਰੇਣੀ ਵਿੱਚ ਧੱਕ ਦਿੱਤਾ ਜਾਂਦਾ ਹੈ।

ਇੱਕ ਵਾਇਰਲ ਵੀਡੀਓ ਵਿੱਚ ਇੱਕ ਬਲੌਗਰ ਆਪਣੇ ਪੂਡਲ ਕੁੱਤੇ ਨੂੰ ਐੱਲ ਸਾਈਜ਼ ਦਾ ਟੌਪ ਪਹਿਨਾਉਂਦੀ ਹੈ ਅਤੇ ਉਹ ਉਸਨੂੰ ਬਿਲਕੁਲ ਫਿੱਟ ਆ ਜਾਂਦਾ ਹੈ।

ਸ਼ੰਘਾਈ ਦੀ ਵਕੀਲ ਲੀ, ਜਿਸਨੇ ਆਪਣਾ ਸਿਰਫ਼ ਉਪਨਾਮ ਹੀ ਜਨਤਕ ਕਰਨ ਦੀ ਬੇਨਤੀ ਕੀਤੀ, ਕਹਿੰਦੀ ਹੈ ਕਿ ਉਹ ਕਾਫ਼ੀ ਪਹਿਲਾਂ ਹੀ ਮਰਦਾਂ ਦੇ ਕੱਪੜਿਆਂ ਵੱਲ ਮੁੜ ਗਈ ਸੀ ਕਿਉਂਕਿ ਔਰਤਾਂ ਦੇ ਕੱਪੜੇ ਉਸਨੂੰ ਸ਼ਾਇਦ ਹੀ ਕਦੇ ਢੰਗ ਨਾਲ ਫਿੱਟ ਆਉਂਦੇ ਸਨ। ਉਨ੍ਹਾਂ ਦੀ ਲੰਬਾਈ 170 ਸੈਂਟੀਮੀਟਰ ਹੈ ਅਤੇ ਉਨ੍ਹਾਂ ਦੇ ਮੋਢੇ ਚੌੜੇ ਹਨ।

ਲੀ ਦੱਸਦੀ ਹੈ ਕਿ ਯੂਰਪ ਵਿੱਚ ਪੜ੍ਹਾਈ ਕਰਨ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਸੀ ਕਿ ਐੱਮ (ਮੀਡੀਅਮ) ਸਾਈਜ਼ ਦੇ ਕੱਪੜੇ ਵੀ ਉਨ੍ਹਾਂ ਨੂੰ ਬਿਲਕੁਲ ਢੰਗ ਨਾਲ ਫਿੱਟ ਆ ਸਕਦੇ ਹਨ।

ਉਹ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਇੱਥੇ ਔਰਤਾਂ ਦੇ ਕੱਪੜੇ ਮੇਰੇ ਵਰਗੇ ਸਰੀਰਕ ਬਣਤਰ ਵਾਲੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਹੀ ਨਹੀਂ ਜਾਂਦੇ।"

ਉਹ ਮਰਦਾਂ ਦੇ ਕੱਪੜਿਆਂ ਦੀ ਵਿਹਾਰਕਤਾ ਵੱਲ ਵੀ ਇਸ਼ਾਰਾ ਕਰਦੀ ਹੈ। ਉਨ੍ਹਾਂ ਦੇ ਮੁਤਾਬਕ, ਐੱਮ ਸਾਈਜ਼ ਦੀ ਇੱਕ ਮਰਦਾਂ ਦੀ ਪੈਂਟ ਦੀਆਂ ਜੇਬਾਂ ਵਿੱਚ 11 ਇੰਚ ਦਾ ਟੈਬਲੇਟ ਅਤੇ ਇੱਕ ਕਿਤਾਬ ਆਸਾਨੀ ਨਾਲ ਆ ਸਕਦੇ ਹਨ ਅਤੇ ਇਸ ਨਾਲ ਪੈਂਟ ਦੀ ਫਿੱਟਿੰਗ 'ਤੇ ਵੀ ਕੋਈ ਅਸਰ ਨਹੀਂ ਪੈਂਦਾ।

ਉਹ ਕਹਿੰਦੀ ਹੈ, "ਕੀ ਔਰਤਾਂ ਦੇ ਕਿਹੜੇ ਕੱਪੜੇ ਅਜਿਹਾ ਕਰ ਸਕਦੇ ਹਨ? ਇੱਥੋਂ ਤੱਕ ਕਿ ਲਿਪਸਟਿਕ ਵੀ ਨਾਲ ਰੱਖੋ ਤਾਂ ਸਰੀਰ ਉਭਰਿਆ ਹੋਇਆ ਦਿਖਾਈ ਦੇਣ ਲੱਗਦਾ ਹੈ।"

ਉਦਯੋਗ 'ਤੇ ਦਬਾਅ

ਦਰਮਿਆਨੇ ਆਕਾਰ ਦੇ ਇੱਕ ਫੈਸ਼ਨ ਬ੍ਰਾਂਡ ਵਿੱਚ ਡਿਜ਼ਾਈਨਰ ਵਾਂਗ ਦੇ ਅਨੁਸਾਰ, ਕੱਪੜਿਆਂ ਦੇ ਸਾਈਜ਼ ਅਤੇ ਗੁਣਵੱਤਾ ਨਾਲ ਜੁੜੀਆਂ ਸਮੱਸਿਆਵਾਂ ਅਸਲ ਵਿੱਚ ਉਦਯੋਗ 'ਤੇ ਪੈ ਰਹੇ ਵੱਡੇ ਦਬਾਅ ਦੀ ਝਲਕ ਹਨ।

ਮਹਾਮਾਰੀ ਤੋਂ ਬਾਅਦ ਚੀਨ ਦਾ ਕੱਪੜਾ ਉਦਯੋਗ ਕਾਫ਼ੀ ਸੁੰਗੜ ਗਿਆ ਹੈ। ਉਤਪਾਦਨ ਅਤੇ ਬਰਾਮਦਗੀ ਦੋਵਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ, ਪ੍ਰਚੂਨ ਵਿਕਰੀ ਵਿੱਚ ਵਾਧਾ ਵੀ ਕਾਫ਼ੀ ਹੌਲਾ ਪੈ ਗਿਆ ਹੈ।

2024 ਵਿੱਚ ਇਹ ਵਾਧਾ ਸਿਰਫ਼ 0.1 ਫ਼ੀਸਦੀ ਰਿਹਾ, ਜਦਕਿ 2023 ਵਿੱਚ ਇਹ ਲਗਭਗ 15 ਫ਼ੀਸਦੀ ਸੀ।

ਹੁਣ ਕੰਪਨੀਆਂ ਨਵੇਂ ਡਿਜ਼ਾਈਨਾਂ ਦੀ ਗਿਣਤੀ ਘਟਾ ਰਹੀਆਂ ਹਨ ਅਤੇ ਖਪਤਕਾਰ, ਜਿਨ੍ਹਾਂ ਕੋਲ ਪਹਿਲਾਂ ਹੀ ਕਾਫ਼ੀ ਕੱਪੜੇ ਹਨ, ਖਰੀਦਦਾਰੀ ਵਿੱਚ ਕਟੌਤੀ ਕਰ ਰਹੇ ਹਨ।

ਲਾਗਤ ਘਟਾਉਣ ਲਈ ਕੁਝ ਬ੍ਰਾਂਡ ਹੁਣ ਆਪਣੇ ਡਿਜ਼ਾਈਨ ਤਿਆਰ ਕਰਨ ਦੀ ਬਜਾਏ ਦੱਖਣ-ਪੂਰਬੀ ਏਸ਼ੀਆ ਤੋਂ ਪਹਿਲਾਂ ਤੋਂ ਤਿਆਰ ਪੈਟਰਨ ਖਰੀਦ ਰਹੇ ਹਨ।

ਪਰ ਇਹ ਡਿਜ਼ਾਈਨ ਅਕਸਰ ਚੀਨੀ ਲੋਕਾਂ ਦੀ ਸਰੀਰਕ ਬਣਤਰ ਦੇ ਅਨੁਕੂਲ ਨਹੀਂ ਹੁੰਦੇ, ਜਿਸ ਕਾਰਨ ਕੱਪੜਿਆਂ ਦੀ ਫਿਟਿੰਗ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਕਥਿਤ ਤੌਰ 'ਤੇ "ਬੱਚਿਆਂ ਦੇ ਸਾਈਜ਼ ਵਰਗੇ" ਔਰਤਾਂ ਦੇ ਕੱਪੜਿਆਂ ਦਾ ਰੁਝਾਨ ਵਧ ਰਿਹਾ ਹੈ।

ਡਿਜ਼ਾਈਨ ਨਾਲ ਜੁੜੇ ਫ਼ੈਸਲੇ ਵੀ ਆਰਥਿਕ ਕਾਰਨਾਂ ਤੋਂ ਪ੍ਰਭਾਵਿਤ ਹੁੰਦੇ ਹਨ। ਪਤਲੇ ਸਰੀਰ ਵਾਲਿਆਂ ਲਈ ਕੱਪੜੇ ਬਣਾਉਣਾ ਸਸਤਾ ਅਤੇ ਆਸਾਨ ਹੁੰਦਾ ਹੈ, ਜਦਕਿ ਵੱਡੇ ਸਾਈਜ਼ਾਂ ਲਈ ਵਧੇਰੇ ਜਟਿਲ ਸਿਲਾਈ ਅਤੇ ਵੱਧ ਲਾਗਤ ਦੀ ਲੋੜ ਪੈਂਦੀ ਹੈ।

ਵਾਂਗ ਕਹਿੰਦੀ ਹੈ, "ਜੇ 20 ਵੱਡੇ ਸਾਈਜ਼ਾਂ ਨੂੰ ਵੇਚਣ ਦੀ ਲਾਗਤ 200 ਮੀਡੀਅਮ ਸਾਈਜ਼ਾਂ ਜਿੰਨੀ ਹੋਵੇ, ਤਾਂ ਕੰਪਨੀਆਂ ਵੱਡੇ ਸਾਈਜ਼ ਬਣਾਉਣੇ ਹੀ ਬੰਦ ਕਰ ਦੇਣਗੀਆਂ।"

ਉਹ ਇਹ ਵੀ ਦੱਸਦੀ ਹੈ ਕਿ ਕੱਪੜਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਫੈਬਰਿਕ ਦੀਆਂ ਕੀਮਤਾਂ ਹੁਣ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਨਿਰਮਾਤਾਵਾਂ 'ਤੇ ਇੱਕ ਵਾਰ ਫਿਰ ਦਬਾਅ ਵਧ ਗਿਆ ਹੈ।

ਉਨ੍ਹਾਂ ਦੇ ਮੁਤਾਬਕ, ਇਸ ਦਾ ਨਤੀਜਾ ਆਉਣ ਵਾਲੇ ਸਾਲ ਵਿੱਚ ਹੋਰ ਵੀ ਪਤਲੇ ਕੱਪੜਿਆਂ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ।

ਕੈਕਸਿਨ ਵਰਗੇ ਖਰੀਦਦਾਰਾਂ ਲਈ, ਇਹ ਸਥਿਤੀ ਉਸ ਰੁਝਾਨ ਨੂੰ ਹੋਰ ਤੇਜ਼ ਕਰ ਸਕਦੀ ਹੈ ਜੋ ਪਹਿਲਾਂ ਹੀ ਇਹ ਤੈਅ ਕਰ ਰਿਹਾ ਹੈ ਕਿ ਉਨ੍ਹਾਂ ਦੀ ਅਲਮਾਰੀ ਵਿੱਚ ਆਖ਼ਿਰਕਾਰ ਕਿਹੜੇ ਕੱਪੜੇ ਜਗ੍ਹਾ ਬਣਾਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)