ਰੋਜ਼ਾਨਾ ਜ਼ਿੰਦਗੀ ਦੀਆਂ ਉਹ ਆਦਤਾਂ ਜੋ ਤੁਹਾਨੂੰ ਬਿਨਾਂ ਅਹਿਸਾਸ ਕਰਵਾਏ ਥਕਾ ਸਕਦੀਆਂ ਹਨ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ

ਕੀ ਤੁਸੀਂ ਇੰਨੇ ਥੱਕ ਗਏ ਹੋ ਕਿ ਤੁਹਾਡੇ ਲਈ ਇਸ ਦਾ ਵਰਣਨ ਕਰਨ ਦਾ ਕੋਈ ਤਰੀਕਾ ਲੱਭਣਾ ਵੀ ਔਖਾ ਹੈ, ਬੇਸ਼ੱਕ ਤੁਸੀਂ ਪਹਿਲਾਂ ਹੀ ਇਹ ਯਕੀਨੀ ਬਣਾ ਲਿਆ ਹੋਵੇ ਕਿ ਤੁਹਾਨੂੰ ਕੋਈ ਮੈਡੀਕਲ ਸਮੱਸਿਆਵਾਂ ਨਹੀਂ ਹਨ?

ਸ਼ਾਇਦ ਤੁਸੀਂ ਪਹਿਲਾਂ ਹੀ ਮਾਹਰਾਂ ਦੀ ਆਮ ਸਲਾਹ ਦੀ ਪਾਲਣਾ ਕੀਤੀ ਹੋਵੇ, ਜਿਵੇਂ ਕਿ ਸੰਤੁਲਿਤ ਖ਼ੁਰਾਕ ਖਾਓ, ਕਸਰਤ ਕਰੋ ਅਤੇ ਸੁਨਿਸ਼ਚਿਤ ਕਰੋ ਕਿ ਤੁਸੀਂ ਲੋੜੀਂਦੀ ਨੀਂਦ ਲੈ ਰਹੇ ਹੋ।

ਅਜਿਹਾ ਕਰਨ ਦੇ ਬਾਵਜੂਦ ਵੀ ਤੁਸੀਂ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ? ਇੱਥੇ ਇਹ ਵੀ ਪਤਾ ਲੱਗਦਾ ਹੈ ਕਿ ਰੋਜ਼ਾਨਾ ਦੀਆਂ ਕੁਝ ਆਦਤਾਂ ਤੁਹਾਡੇ ਜੋਸ਼ ਨੂੰ ਖ਼ਤਮ ਕਰ ਰਹੀਆਂ ਹੋਣ।

ਇਨ੍ਹਾਂ ਗੁਪਤ ਊਰਜਾ ਤੋੜਨ ਵਾਲਿਆਂ ਵਿੱਚ ਪੁਰਾਣੀਆਂ ਆਦਤਾਂ ਵੀ ਸ਼ਾਮਿਲ ਹਨ, ਜਿਵੇਂ ਗ਼ਲਤ ਢੰਗ ਨਾਲ ਬੈਠਣਾ ਜਾਂ ਖਾਣੇ ਨੂੰ ਅਣਗੌਲਿਆ ਕਰਨਾ, ਆਦਿ।

ਨਾਲ ਹੀ ਉਹ ਚੀਜ਼ਾਂ ਜੋ ਅਸੀਂ ਇਸ ਨੂੰ ਬਿਨਾਂ ਸੋਚੇ-ਸਮਝੇ ਕਰਦੇ ਹਾਂ। ਮਨੋਵਿਗਿਆਨੀ ਉਮਾ ਨਾਇਡੂ ਹਫਿੰਗਟਨ ਪੋਸਟ ਨੂੰ ਦੱਸਦੇ ਹੋਏ ਕਹਿੰਦੇ ਹਨ, ਜਦੋਂ ਸਾਡੇ ਦਿਮਾਗ਼ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਤਾਂ ਅਸੀਂ ਗ਼ਲਤ ਢੰਗ ਨਾਲ ਸਾਹ ਲੈਂਦੇ ਹਾਂ।

ਜਾਂ ਫਿਰ ਨਿਊਰੋਲੋਜਿਸਟ ਰਾਣਾ ਮਾਫੀ ਨੇ ਉਸੇ ਪ੍ਰਕਾਸ਼ਨ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਕੰਪਿਊਟਰ 'ਤੇ ਬਹੁਤ ਸਾਰੀਆਂ ਟੈਬਾਂ ਖੁੱਲ੍ਹੀਆਂ ਹੋਣਾ ਵੀ ਇਸ ਵਿੱਚ ਸ਼ਾਮਿਲ ਹੈ।

ਪਰ ਕੁਝ ਅਜਿਹੀਆਂ ਆਦਤਾਂ ਵੀ ਹਨ ਜੋ ਅਚਨਚੇਤ ਹੁੰਦੀਆਂ ਹਨਅਤੇ ਉਨ੍ਹਾਂ ਦੀ ਪੜਚੋਲ ਕਰਨ ਲਈ ਅਸੀਂ ਕੈਲੀਫੋਰਨੀਆ ਵਿੱਚ ਕਮਿਊਨਿਟੀ ਸਾਈਕਾਇਟ੍ਰੀ ਅਤੇ ਮਾਈਂਡਪਾਥ ਹੈਲਥ ਲਈ ਇੱਕ ਮਨੋਵਿਗਿਆਨੀ ਅਤੇ ਖੇਤਰੀ ਮੈਡੀਕਲ ਡਾਇਰੈਕਟਰ ਲੀਲਾ ਆਰ. ਮਾਗਵੀ ਨਾਲ ਗੱਲ ਕੀਤੀ।

ਟੀਵੀ ਸੀਰੀਜ਼ ਫਿਲਮਾਂ ਅਤੇ ਖ਼ਬਰਾਂ

ਸੀਰੀਜ਼ ਜਾਂ ਫਿਲਮਾਂ ਉਹ ਚੀਜ਼ਾਂ ਹਨ ਜੋ ਅਸੀਂ ਸਕੂਨ ਭਾਲਣ ਲਈ ਦੇਖਦੇ ਹਾਂ, ਪਰ ਡਾ. ਮਾਗਵੀ ਵਰਗੇ ਮਾਹਰ ਇਸ ਨੂੰ ਮਾਨਸਿਕ ਥਕਾਵਟ ਪੈਦਾ ਕਰਨ ਵਾਲੇ ਸੰਭਾਵੀ ਕਾਰਕਾਂ ਦੀ ਸੂਚੀ ਵਿੱਚ ਸ਼ਾਮਲ ਕਰਦੇ ਹਨ।

ਉਹ ਆਖਦੇ ਹਨ, "ਮਨੁੱਖ ਕਰਕੇ ਅਸੀਂ ਭਾਵਨਾਤਮਕ ਜੀਵ ਹਾਂ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਟੀਵੀ ਸ਼ੋਅ ਤੇ ਫਿਲਮਾਂ ਵਿੱਚ ਪਾਤਰਾਂ ਦੀਆਂ ਭਾਵਨਾਵਾਂ ਨਾਲ ਪ੍ਰਭਾਵਿਤ ਹੁੰਦੇ ਹਨ।"

ਇਹ ਵੀ ਪੜ੍ਹੋ:

"ਉਹ ਸਾਨੂੰ ਸਾਡੀ ਜ਼ਿੰਦਗੀ ਦੇ ਦਰਦਨਾਕ ਤਜ਼ਰਬਿਆਂ, ਕਿਸੇ ਵੀ ਕਿਸਮ ਦੀ ਕਮੀ, ਕਮਜ਼ੋਰੀ, ਨੁਕਸਾਨ ਜਾਂ ਅਸੁਰੱਖਿਆ ਦੀ ਯਾਦ ਦਿਵਾ ਸਕਦੇ ਹਨ ਅਤੇ ਇਹ ਸਭ ਉਦਾਸੀ, ਚਿੰਤਾ, ਡਰ, ਗੁੱਸੇ ਵਰਗੀਆਂ ਕਈ ਭਾਵਨਾਵਾਂ ਦਾ ਕਾਰਨ ਬਣ ਸਕਦੀਆਂ ਹਨ। ਬੇਸ਼ੱਕ ਉਹ ਸਾਡੇ ਹੀ ਅਵਚੇਤਨ ਵਿੱਚ ਕਿਉਂ ਨਾ ਹੋਣ, ਸਾਨੂੰ ਪ੍ਰਭਾਵਿਤ ਕਰਨਗੀਆਂ।"

"ਇਸ ਲਈ ਜਦੋਂ ਤੁਸੀਂ ਬਹੁਤੇ ਟੀਵੀ ਪ੍ਰੋਗਰਾਮਾਂ ਨੂੰ ਦੇਖਦੇ ਹੋ ਤਾਂ ਇਹ ਭਾਵਨਾਵਾਂ ਉੱਥੇ ਕਾਇਮ ਰਹਿੰਦੀਆਂ ਹਨ, ਭਾਵੇਂ ਤੁਸੀਂ ਕਿੰਨਾ ਵੀ ਦਾਅਦਾ ਕਰ ਲਓ ਕਿ ਤੁਸੀਂ ਖੁੱਲ੍ਹੀ ਸੋਚ ਦੇ ਮਾਲਕ ਹੋ।"

"ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਹੁੰਦੇ ਹੋ ਤਾਂ ਅਣਗਿਣਤ ਭਾਵਨਾਵਾਂ ਤੁਹਾਡੇ ਉੱਤੇ ਹਾਵੀ ਹੋ ਸਕਦੀਆਂ ਹਨ ਅਤੇ ਤੁਹਾਨੂੰ ਇਹ ਮਹਿਸੂਸ ਕਰਵਾਏ ਬਿਨਾਂ ਤੁਹਾਨੂੰ ਥੱਕਿਆ ਹੋਇਆ ਮਹਿਸੂਸ ਕਰਵਾਉਂਦੀਆਂ ਹਨ।"

ਡਾ. ਮਾਗਵੀ ਅੱਗੇ ਕਹਿੰਦੇ ਹਨ ਕਿ ਖ਼ਬਰਾਂ ਨੂੰ ਦੇਖਣ ਜਾਂ ਪੜ੍ਹਨ ਤੋਂ ਬਾਅਦ ਵੀ ਕੁਝ ਅਜਿਹਾ ਹੀ ਹੋ ਸਕਦਾ ਹੈ, "ਕਿਉਂਕਿ ਉਹ ਤੁਹਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ ਕਿ ਸੰਸਾਰ ਵਿੱਚ ਕੀ ਹੋ ਰਿਹਾ ਹੈ।"

ਉਹ ਇੱਥੇ ਸਪੱਸ਼ਟੀਕਰਨ ਵੀ ਦਿੰਦੇ ਹਨ ਕਿ ਉਹ ਨਹੀਂ ਕਹਿੰਦੇ ਕਿ ਟੀਵੀ ਦੇਖਣਾ ਜਾਂ ਅਖ਼ਬਾਰਾਂ ਪੜ੍ਹਣਾ ਗ਼ਲਤ ਹੈ।

ਉਹ ਆਖਦੇ ਹਨ, "ਮੈਂ ਇਸ ਥਕਾਵਟ ਦਾ ਮੁਕਾਬਲਾ ਕਰਨ ਲਈ ਸਿਫਾਰਸ਼ ਕਰਦਾ ਹਾਂ, ਕਿਸੇ ਚੀਜ਼ ਨੂੰ ਪੜ੍ਹਨ ਜਾਂ ਦੇਖਣ ਤੋਂ ਬਾਅਦ ਇਸ 'ਤੇ ਲਿਖ ਕੇ ਪ੍ਰਤੀਕਿਰਿਆ ਕਰੋ ਜਾਂ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨਾਲ ਬੈਠ ਇਸ 'ਤੇ ਚਰਚਾ ਕਰੋ।"

"ਇਸ ਨਾਲ ਭਾਵਨਾਵਾਂ ਦੇ ਵੇਗ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਤੇ ਊਰਜਾ ਨੂੰ ਬਚਾਇਆ ਜਾ ਸਕਦਾ ਹੈ।"

ਪਰ ਤੁਹਾਡੇ ਕੋਲ ਹਮੇਸ਼ਾ ਆਪਣਾ ਧਿਆਨ ਰੱਖਣ ਦਾ ਸਮਾਂ ਨਹੀਂ ਹੁੰਦਾ ਅਤੇ ਅਜਿਹੇ 'ਚ ਕੀ ਕੋਈ ਹੋਰ ਤਰੀਕਾ ਹੈ?

ਅਜਿਹੇ ਵਿੱਚ ਆਪਣੀ ਮਾਨਸਿਕਤਾ ਦੀ ਜਾਂਚ ਕਰਨਾ ਚੰਗਾ ਤਰੀਕਾ ਹੈ, ਤੁਸੀਂ ਸੋਚ ਸਕਦੇ ਹੋ ਕਿ ਇਸ ਲੇਖ ਜਾਂ ਟੀਵੀ ਸ਼ੋਅ ਨੇ ਤੁਹਾਡੇ ਅੰਦਰ ਕਿਹੜੀ ਭਾਵਨਾ ਉਜਾਗਰ ਕੀਤੀ ਹੈ।

ਇਹ ਕਰਨਾ ਬਹੁਤ ਤੇਜ਼ ਅਤੇ ਆਸਾਨ ਹੋ ਸਕਦਾ ਹੈ।

"ਮਿਸਾਲ ਵਜੋਂ ਜੇ ਤੁਸੀਂ ਹੁਣੇ 'ਦਿ ਲਾਇਨ ਕਿੰਗ' ਦੇਖੀ ਹੈ ਅਤੇ ਤੁਸੀਂ ਉਦਾਸ ਮਹਿਸੂਸ ਕਰਦੇ ਹੋ ਕਿਉਂਕਿ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਹਾਡੇ ਪਿਆਰਿਆਂ ਦੀ ਮੌਤ ਬਾਰੇ ਚਿੰਤਾ ਹੋਣ ਲੱਗਦੀ ਹੈ।"

"ਪਰ ਆਪਣੀ ਮਾਨਸਿਕ ਜਾਂਚ ਦੌਰਾਨ ਆਪਣੇ ਆਪ ਨਾਲ ਵਿਚਾਰ ਕਰਦੇ ਹੋ ਤਾਂ ਤੁਹਾਨੂੰ ਲੱਗੇਗਾ ਕਿ ਹਰ ਕੋਈ ਸਿਹਤਮੰਦ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।"

ਅਪਵਾਦ

ਹਾਲਾਂਕਿ, ਕਿਤਾਬ ਵਿੱਚ ਕਹਾਣੀਆਂ ਪੜ੍ਹਨ ਨਾਲ ਉਲਟ ਅਸਰ ਹੋ ਸਕਦਾ ਹੈ।

ਸਕਰੀਨ ਦੀ ਨੀਲੀ ਰੋਸ਼ਨੀ ਨਾ ਸਿਰਫ਼ ਅੱਖਾਂ ਵਿੱਚ ਤਣਾਅ ਪੈਦਾ ਕਰਦੀ ਹੈ ਬਲਿਕ ਸਿਰ ਦਰਦ ਦਾ ਕਾਰਨ ਵੀ ਹੁੰਦੀ ਹੈ। ਪਰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਆਪਣੀ ਕਲਪਨਾ ਸ਼ਕਤੀ ਦੀ ਵਰਤੋਂ ਕਰਦੇ ਹੋ। ਇਸ ਲਈ ਕਾਫੀ ਲੋਕਾਂ ਲਈ ਪੜ੍ਹਣਾ ਉਨ੍ਹਾਂ ਨੂੰ ਸ਼ਾਂਤ ਕਰਦਾ ਹੈ, ਬੇਸ਼ੱਕ ਉਹ ਭਾਵਨਾਤਮਕ ਹੀ ਕਿਉਂ ਨਾ ਹੋਵੇ।

ਖੇਡ

ਇਹ ਉਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਮਨੋਰੰਜਨ ਕਰਦੀਆਂ ਹਨ ਅਤੇ ਸਾਨੂੰ ਦਿਨ ਪ੍ਰਤੀ ਦਿਨ ਬਾਹਰ ਲੈ ਜਾਂਦੀਆਂ ਹਨ। ਇਸ ਨਾਲ ਵੀ ਊਰਜਾ ਦੀ ਨਿਕਾਸੀ ਹੋ ਸਕਦੀ ਹੈ।

ਖੇਡ ਦੇ ਪ੍ਰਸ਼ੰਸਕ ਖੇਡ ਵਿੱਚ ਬਹੁਤ ਰੁੱਝੇ ਹੋਏ ਹੋ ਸਕਦੇ ਹਨ ਅਤੇ ਜਿੱਤਾਂ ਅਤੇ ਹਾਰਾਂ ਨੂੰ ਆਪਣੇ ਤੌਰ 'ਤੇ ਲੈਂਦੇ ਹਨ ਜਾਂ ਤਾਂ ਬਹੁਤ ਜ਼ਿਆਦਾ ਉਦਾਸ ਅਤੇ ਨਿਰਾਸ਼ ਜਾਂ ਉਤਸਾਹਿਤ ਮਹਿਸੂਸ ਕਰਦੇ ਹਨ।

ਕੋਈ ਵੀ ਅਤਿ, ਕੋਈ ਵੀ ਮਜ਼ਬੂਤ ਭਾਵਨਾ ਆਮ ਤੌਰ 'ਤੇ ਥਕਾ ਦੇਣ ਵਾਲੀ ਹੁੰਦੀ ਹੈ।

ਤੀਬਰ ਖੁਸ਼ੀ ਦਿਮਾਗ਼ ਦੇ ਬਹੁਤ ਸਾਰੇ ਸਰਕਟਾਂ ਨੂੰ ਥਕਾ ਸਕਦੀ ਹੈ। ਡੂੰਘੀ ਉਦਾਸੀ ਚਿੰਤਾ ਨਾਲ ਸਬੰਧਤ ਹੋ ਸਕਦੀ ਹੈ, ਜੋ ਦਿਮਾਗ਼ ਵਿੱਚ ਐਮੀਗਡਾਲਾ ਨੂੰ ਓਵਰਲੋਡ ਕਰਦੀ ਹੈ ਅਤੇ ਤੁਹਾਨੂੰ ਬਹੁਤ ਉਦਾਸ ਮਹਿਸੂਸ ਕਰਵਾਉਂਦੀ ਹੈ।

"ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।

"ਜੇ ਤੁਸੀਂ ਸੱਚਮੁੱਚ ਉਤਸ਼ਾਹਿਤ ਹੋ ਤਾਂ ਆਪਣੇ ਆਪ ਤੋਂ ਪੁੱਛੋ, ਕੀ ਮੈਨੂੰ ਇੱਕ ਬ੍ਰੇਕ, ਇੱਕ ਸਨੈਕ, ਇੱਕ ਤੇਜ਼ ਸ਼ਾਵਰ ਲੈਣ ਦੀ ਲੋੜ ਹੈ, ਇਸ ਪਲ ਵਿੱਚ ਸ਼ਾਂਤ ਹੋਣ ਲਈ ਮੈਨੂੰ ਕੀ ਕਰਨ ਦੀ ਲੋੜ ਹੈ?

"ਇੱਕ ਡੂੰਘਾ ਸਾਹ ਲਓ ਤੇ ਥੋੜ੍ਹਾ ਜਿਹੀ ਸੈਰ ਕਰੋ।"

ਯੋਜਨਾਵਾਂ

ਯੋਜਨਾਬੰਦੀ, ਅਸਲੀਅਤ ਨੂੰ ਕਾਬੂ ਕਰਨ ਦਾ, ਜੀਵਨ ਨੂੰ ਸੰਗਠਿਤ ਕਰਨ, ਅਰਾਜਕਤਾ ਨੂੰ ਹਰਾਉਣ ਅਤੇ ਸੰਚਾਲਨ ਦਾ ਇੱਕ ਤਰੀਕਾ ਹੈ।

ਪਰ ਫਿਰ, ਕੁਝ ਅਜਿਹਾ ਜੋ ਸਾਨੂੰ ਲਗਦਾ ਹੈ ਕਿ ਤਣਾਅ ਨੂੰ ਦੂਰ ਕਰੇਗਾ ਹੋਰ ਤਣਾਅ ਪੈਦਾ ਕਰ ਸਕਦਾ ਹੈ।

ਯੋਜਨਾਬੰਦੀ ਬਹੁਤ ਉਪਯੋਗੀ ਹੈ ਪਰ ਇੱਕ ਬਿੰਦੂ ਤੱਕ।

ਇੱਕ ਵਿਅਸਤ ਸਮਾਂ-ਸਾਰਣੀ ਦੇ ਸੰਪਰਕ ਵਿੱਚ ਰਹਿਣ ਨਾਲ ਚਿੰਤਾ ਵਧ ਸਕਦੀ ਹੈ ਅਤੇ ਮੈਮੋਰੀ ਅਤੇ ਪ੍ਰੋਸੈਸਿੰਗ ਦੀ ਗਤੀ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਸਕਦੀ ਹੈ।

"ਕੁਝ ਲੋਕ ਸਮਾਂ-ਸਾਰਣੀ ਅਤੇ ਸੂਚੀਆਂ ਬਣਾਉਣ ਵਿੱਚ ਇੰਨੇ ਘੰਟੇ ਬਿਤਾਉਂਦੇ ਹਨ ਕਿ ਉਹ ਦਿਮਾਗ਼ੀ ਤੌਰ 'ਤੇ ਜੀਣ ਅਤੇ ਆਪਣੀ ਜ਼ਿੰਦਗੀ ਦਾ ਅਨੰਦ ਲੈਣ ਵਿੱਚ ਸਮਰੱਥ ਨਹੀਂ ਹੁੰਦੇ।"

"ਉਹ ਹਮੇਸ਼ਾ ਚਿੰਤਤ ਰਹਿੰਦੇ ਹਨ ਕਿ ਉਹ ਇੱਥੇ ਪਿੱਛੇ ਰਹਿ ਗਏ ਹਨ, ਇਸ 'ਤੇ ਕਾਬੂ ਨਹੀਂ ਪਾ ਸਕਦੇ ਹਨ ਅਤੇ ਇਸ ਤਰ੍ਹਾਂ ਜਦੋਂ ਉਹ ਯੋਜਨਾਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅਸਮਰੱਥ ਰਹਿੰਦੇ ਹਨ ਤਾਂ ਅਸਲ ਵਿੱਚ ਉਨ੍ਹਾਂ ਪ੍ਰਤੀ ਦਇਆ ਅਤੇ ਸ਼ੁਕਰਗੁਜ਼ਾਰੀ ਮਹਿਸੂਸ ਨਹੀਂ ਕਰਦੇ ਹਨ।"

"ਇਹ ਉਦਾਸੀ, ਨਿਰਾਸ਼ਾ ਜਾਂ ਥਕਾਵਟ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਦਾ ਕਾਰਨ ਬਣ ਸਕਦਾ ਹੈ।"

ਮਾਗਵੀ ਦੱਸਦੇ ਹਨ, "ਮੇਰੇ ਕੋਲ ਬਾਲਗ ਮਰੀਜ਼ ਹਨ ਜੋ ਸੁਪਨੇ ਵਿੱਚ ਦੇਖਦੇ ਹਨ ਕਿ ਉਹ ਸਕੂਲ ਲਈ ਲੇਟ ਹੋਣ ਵਾਲੇ ਹਨ, ਉਨ੍ਹਾਂ ਨੇ ਆਪਣਾ ਹੋਮਵਰਕ ਪੂਰਾ ਨਹੀਂ ਕੀਤਾ, ਉਨ੍ਹਾਂ ਦੇ ਬਹੁਤ ਸਾਰੇ ਸੁਪਨੇ ਹਨ ਜੋ ਉਨ੍ਹਾਂ ਨੂੰ ਬਚਪਨ ਵਿੱਚ ਵਾਪਸ ਲੈ ਜਾਂਦੇ ਹਨ, ਜਿਸ ਨਾਲ ਉਹ ਲਗਾਤਾਰ ਪਿੱਛੇ ਅਤੇ ਬਿਮਾਰ ਮਹਿਸੂਸ ਕਰਦੇ ਹਨ।"

"ਮੈਂ ਹਮੇਸ਼ਾ ਸਿਫ਼ਾਰਸ਼ ਕਰਦਾ ਹਾਂ ਕਿ ਦਿਨ ਲਈ ਮੁੱਖ ਟੀਚੇ ਕੀ ਹਨ ਇਸ 'ਤੇ 5-10 ਮਿੰਟ ਬਿਤਾਉ ਅਤੇ ਬੇਸ਼ੱਕ ਉਹ ਹਾਸਿਲ ਨਾ ਹੋਏ ਹੋਣ, ਫਿਰ ਵੀ ਦਿਨ ਦੇ ਅੰਤ ਵਿੱਚ ਉਨ੍ਹਾਂ ਬਾਰੇ ਸੋਚਣ ਵਿੱਚ ਜ਼ਿਆਦਾ ਸਮਾਂ ਨਾ ਬਿਤਾਉ ਪਰ ਉਨ੍ਹਾਂ ਬਾਰੇ ਸੋਚੋ ਜੋ ਹਾਸਿਲ ਕੀਤੇ ਗਏ ਸਨ ਤੇ ਉਹ ਮਹੱਤਵਪੂਰਨ ਕਿਉਂ ਹਨ।"

ਮਨੋਵਿਗਿਆਨੀ ਇਹ ਵੀ ਸਿਫ਼ਾਰਸ਼ ਕਰਦੇ ਹਨ ਕਿ ਬਹੁਤ ਪਹਿਲਾਂ ਤੋਂ ਯੋਜਨਾਵਾਂ ਨਾ ਬਣਾਓ, "ਕਿਉਂਕਿ ਜ਼ਿੰਦਗੀ ਹਮੇਸ਼ਾਂ ਵਿਕਸਤ ਹੁੰਦੀ ਰਹਿੰਦੀ ਹੈ ਅਤੇ ਲਚਕਦਾਰ ਹੋਣਾ ਮਹੱਤਵਪੂਰਨ ਹੁੰਦਾ ਹੈ।"

"ਜਦੋਂ ਲੋਕ ਲੰਬੇ ਸਮੇਂ ਦੀ ਯੋਜਨਾ ਬਣਾਉਂਦੇ ਹਨ ਤਾਂ ਉਹ ਬਸ ਅੰਦਾਜ਼ਾ ਲਗਾਉਂਦੇ ਹਨ ਕਿ ਉਨ੍ਹਾਂ ਦੇ ਪਰਦੇਸੀ ਸੰਸਾਰ ਵਿੱਚ ਹਰ ਚੀਜ਼ ਸਮੇਂ 'ਤੇ ਉਸ ਟੀਚੇ ਤੱਕ ਪਹੁੰਚਣ ਲਈ ਘੜੀ ਵਾਂਗ ਚੱਲੇਗੀ।"

"ਪਰ ਜੇ ਉਨ੍ਹਾਂ ਦੇ ਪਰਿਵਾਰ ਵਿੱਚ, ਉਨ੍ਹਾਂ ਦੇ ਦੋਸਤਾਂ ਵਿੱਚ, ਉਨ੍ਹਾਂ ਦੀ ਨੌਕਰੀ ਵਿੱਚ ਕੁਝ ਬਦਲਦਾ ਹੈ ਅਤੇ ਉਹ ਉਸ ਟੀਚੇ ਤੱਕ ਨਹੀਂ ਪਹੁੰਚ ਸਕਦੇ ਤਾਂ ਉਹ ਦਬਾਅ ਮਹਿਸੂਸ ਕਰਦੇ ਹਨ।"

ਇੱਕ ਤਰਕੀਬ ਇਹ ਹੈ ਕਿ ਜ਼ਰੂਰੀ ਮੀਟਿੰਗਾਂ, ਮੁਲਾਕਾਤਾਂ, ਪਰਿਵਾਰਕ ਜਸ਼ਨਾਂ ਦੀ ਯੋਜਨਾ ਬਣਾਉ ਅਤੇ ਬਾਕੀ ਜਿੰਨਾ ਸਮਾਂ ਸੰਭਵ ਹੋ ਸਕੇ ਖਾਲੀ ਛੱਡੋ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)