You’re viewing a text-only version of this website that uses less data. View the main version of the website including all images and videos.
ਪਤਨੀ ਨੂੰ 120 ਮਰਦਾਂ ਨਾਲ ਜਿਨਸੀ ਸੰਬੰਧ ਬਣਾਉਣ ਲਈ ਮਜਬੂਰ ਕੀਤਾ, ਇਸ ਤਰ੍ਹਾਂ ਭੱਜ ਕੇ ਮਹਿਲਾ ਨੇ ਪੁਲਿਸ ਨੂੰ ਸੁਣਾਈ ਹੱਡਬੀਤੀ
- ਲੇਖਕ, ਅਲਕੇਸ਼ ਫ਼ਿਲਿਪਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
(ਇਸ ਖ਼ਬਰ ਦੇ ਕੁਝ ਵੇਰਵੇ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।)
ਸਵੀਡਨ ਵਿੱਚ 61 ਸਾਲ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ 120 ਮਰਦਾਂ ਨਾਲ ਜਿਨਸੀ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਇਸ ਦੋਸ਼ ਵਿੱਚ ਉਸ ਨੂੰ ਚਾਰ ਸਾਲ ਅਤੇ ਪੰਜ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਪਾਇਆ ਕਿ ਉਸ ਨੇ ਹਿੰਸਾ ਦੀਆਂ ਧਮਕੀਆਂ ਅਤੇ ਸਿਕਿਓਰਿਟੀ ਕੈਮਰਿਆਂ ਰਾਹੀਂ ਪਤਨੀ 'ਤੇ ਕਾਬੂ ਰੱਖਿਆ। ਉਸ ਵਿਅਕਤੀ ਨੂੰ ਬਲਾਤਕਾਰ ਦੀ ਕੋਸ਼ਿਸ਼, ਦਲਾਲੀ, ਕੁੱਟਮਾਰ ਅਤੇ ਧਮਕੀਆਂ ਦੇਣ ਸਮੇਤ ਕਈ ਅਪਰਾਧਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ।
ਇਹ ਫ਼ੈਸਲਾ ਸਵੀਡਨ ਦੇ ਪੂਰਬੀ ਤੱਟ 'ਤੇ ਸਥਿਤ ਹਰਨੋਸਾਂਡ ਦੀ ਅਦਾਲਤ ਵਿੱਚ ਸੁਣਾਇਆ ਗਿਆ।
ਅਦਾਲਤ ਨੇ ਪੈਸੇ ਦੇਕੇ ਸੈਕਸ ਕਰਨ ਦੇ ਇਲਜ਼ਾਮ ਵਿੱਚ 28 ਹੋਰ ਮਰਦਾਂ ਨੂੰ ਵੀ ਦੋਸ਼ੀ ਠਹਿਰਾਇਆ। ਇਸ ਮਾਮਲੇ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਕੁਝ ਲੋਕਾਂ ਨੇ ਇਸ ਦੀ ਤੁਲਨਾ ਫ੍ਰਾਂਸ ਦੇ ਡੋਮਿਨਿਕ ਪੇਲਿਕੋ ਮਾਮਲੇ ਨਾਲ ਕੀਤੀ।
ਪੇਲਿਕੋ ਨੇ ਨਸ਼ੀਲਾ ਪਦਾਰਥ ਖੁਆ ਕੇ ਆਪਣੀ ਪਤਨੀ ਗਿਜੇਲ ਨਾਲ ਨੌਂ ਸਾਲ ਤੱਕ ਹੋਰ ਮਰਦਾਂ ਤੋਂ ਬਲਾਤਕਾਰ ਕਰਵਾਇਆ ਸੀ।
ਹਾਲੀਆ ਮਾਮਲੇ ਵਿੱਚ, ਸਵੀਡਨ ਦੇ ਆਂਗਰਮਾਨਲੈਂਡ ਸੂਬੇ ਦੇ ਇਸ ਵਿਅਕਤੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੇ ਸਿਰਫ਼ ਆਪਸੀ ਸਹਿਮਤੀ ਨਾਲ ਹੋਣ ਵਾਲੀਆਂ ਮੁਲਾਕਾਤਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਸੀ।
ਪਰ ਅਦਾਲਤ ਨੇ ਪੀੜਤ ਪੱਖ ਦੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਸ ਵਿਅਕਤੀ ਨੇ ਆਪਣੀ ਪਤਨੀ ਦਾ "ਬੇਰਹਿਮੀ ਨਾਲ ਸ਼ੋਸ਼ਣ" ਕੀਤਾ। ਕਾਨੂੰਨੀ ਕਾਰਨਾਂ ਕਰਕੇ ਪਤੀ-ਪਤਨੀ ਦੋਵਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ।
ਇਸਤਗਾਸਾ ਪੱਖ (ਪੀੜਤ ਪੱਖ) ਮੁਤਾਬਕ, ਸਾਲ 2022 ਵਿੱਚ ਇਸ ਵਿਅਕਤੀ ਨੇ ਆਪਣੀ ਪਤਨੀ ਨੂੰ ਪੈਸੇ ਲੈਕੇ ਮਰਦਾਂ ਨਾਲ ਜਿਨਸੀ ਸੰਬੰਧ ਬਣਾਉਣ ਲਈ ਮਜਬੂਰ ਕਰਨਾ ਸ਼ੁਰੂ ਕੀਤਾ ਸੀ।
ਅਪਮਾਨ ਅਤੇ ਤਿਰਸਕਾਰ ਭਰੀ ਭਾਸ਼ਾ
ਇਸ ਵਿੱਚ ਸ਼ਾਮਲ ਮਰਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕ੍ਰਾਮਫੋਰਸ ਸਥਿਤ ਉਨ੍ਹਾਂ ਦੇ ਇਕਾਂਤ ਫਾਰਮਹਾਊਸ 'ਤੇ ਆਉਂਦੇ ਸਨ। ਇਹ ਸਿਲਸਿਲਾ ਉਸ ਵੇਲੇ ਤੱਕ ਜਾਰੀ ਰਿਹਾ ਜਦੋਂ ਤੱਕ ਮਹਿਲਾ ਨੇ ਅਕਤੂਬਰ 2025 ਵਿੱਚ ਪੁਲਿਸ ਕੋਲ ਸ਼ਿਕਾਇਤ ਨਹੀਂ ਕਰ ਦਿੱਤੀ।
ਇਸਤਗਾਸਾ ਪੱਖ ਨੇ ਕਿਹਾ ਕਿ ਉਹ ਪਤਨੀ ਨੂੰ ਨਸ਼ੀਲੇ ਪਦਾਰਥ ਦਿੰਦਾ ਸੀ।
ਪੂਰਬੀ ਸਵੀਡਨ ਵਿੱਚ ਸਥਿਤ ਉਨ੍ਹਾਂ ਦੇ ਦੂਰ-ਦਰਾਜ਼ ਘਰ ਵਿੱਚ ਕਿਸੇ ਦਾ ਆਉਣਾ-ਜਾਣਾ ਬਹੁਤ ਘੱਟ ਹੈ ਅਤੇ ਉਹ ਬਹੁਤ ਕਿਸੇ ਨਾਲ ਸੰਪਰਕ ਰੱਖਦੇ ਵੀ ਨਹੀਂ। ਮਹਿਲਾ ਦਾ ਪਤੀ ਘਰ ਵਿੱਚ ਸਿਕਿਓਰਿਟੀ ਕੈਮਰਿਆਂ ਦਾ ਇਸਤੇਮਾਲ ਕਰਦਾ ਸੀ ਤਾਂ ਜੋ ਆਪਣੀ ਪਤਨੀ 'ਤੇ ਨਜ਼ਰ ਰੱਖ ਸਕੇ ਅਤੇ ਉਹ ਕਾਬੂ ਵਿੱਚ ਰਹੇ।
ਕੁਝ ਕੈਮਰਿਆਂ ਵਿੱਚ ਜਿਨਸੀ ਗਤੀਵਿਧੀਆਂ ਵੀ ਰਿਕਾਰਡ ਹੋ ਜਾਂਦੀਆਂ ਸਨ।
ਉਸ ਨੇ ਪਤਨੀ ਨੂੰ ਜਾਨੋਂ ਮਾਰਣ, ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਅਤੇ ਉਸ ਦੀਆਂ ਉਂਗਲਾਂ ਕੱਟ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
ਸਵੀਡਿਸ਼ ਪਬਲਿਕ ਬ੍ਰਾਡਕਾਸਟਰ ਐਸਵੀਟੀ ਮੁਤਾਬਕ, ਮਹਿਲਾ ਨੂੰ ਪਤਾ ਸੀ ਕਿ ਘਰ ਵਿੱਚ ਕਿੱਥੇ-ਕਿੱਥੇ ਕੈਮਰੇ ਲੱਗੇ ਹੋਏ ਹਨ।
ਉਹ ਕੈਮਰਿਆਂ ਦੀ ਰੇਂਜ ਤੋਂ ਬਾਹਰ ਇੱਕ ਥਾਂ ਦਾ ਇਸਤੇਮਾਲ ਕਰਕੇ ਉੱਥੋਂ ਭੱਜ ਨਿੱਕਲੇ ਅਤੇ ਫਿਰ ਪੁਲਿਸ ਨੂੰ ਫ਼ੋਨ ਕੀਤਾ।
ਅਦਾਲਤ ਨੇ ਪਾਇਆ ਕਿ ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਜਿਨਸੀ ਗਤੀਵਿਧੀਆਂ ਨੂੰ ਫ਼ਿਲਮਾਉਣ ਅਤੇ ਉਨ੍ਹਾਂ ਨੂੰ ਆਨਲਾਈਨ ਬ੍ਰਾਡਕਾਸਟ ਕਰਨ ਲਈ ਵੀ ਮਜਬੂਰ ਕੀਤਾ।
ਉਸ ਨੇ ਆਪਣੀ ਪਤਨੀ ਨੂੰ ਜ਼ਿਆਦਾ ਗਾਹਕ ਇਕੱਠੇ ਕਰਨ ਲਈ ਮਜਬੂਰ ਕੀਤਾ ਅਤੇ ਉਨ੍ਹਾਂ 'ਤੇ ਦਬਾਅ ਪਾਇਆ ਕਿ ਉਹ ਗੁਆਂਢੀਆਂ ਅਤੇ ਹੋਰ ਲੋਕਾਂ ਨੂੰ ਵੀ ਜਿਨਸੀ ਸੰਬੰਧ ਬਣਾਉਣ ਲਈ ਰਾਜ਼ੀ ਕਰਨ।
ਅਦਾਲਤ ਨੇ ਕਿਹਾ ਕਿ ਕਈ ਮਾਮਲਿਆਂ ਵਿੱਚ ਉਸ ਨੇ ਇਹ ਕੰਮ ਲੰਬੇ ਸਮੇਂ ਤੱਕ ਦਬਾਅ ਬਣਾ ਕੇ ਕਰਵਾਇਆ। ਇਸ ਲਈ ਉਹ ਅਪਮਾਨਜਨਕ ਅਤੇ ਤਿਰਸਕਾਰ ਭਰੀ ਭਾਸ਼ਾ ਦਾ ਵੀ ਇਸਤੇਮਾਲ ਕਰਦਾ ਸੀ।
28 ਮਰਦਾਂ ਦੋਸ਼ੀ ਪਾਏ ਗਏ
ਅਦਾਲਤ ਨੇ ਇਹ ਵੀ ਮੰਨਿਆ ਕਿ ਪੈਸੇ ਲੈਕੇ ਜਿਨਸੀ ਸੰਬੰਧ ਬਣਾਉਣ ਦੀ ਪਹਿਲ ਪਤੀ ਨੇ ਕੀਤੀ ਸੀ।
ਹਾਲਾਂਕਿ, ਅਦਾਲਤ ਨੇ ਬਲਾਤਕਾਰ ਦੇ ਅੱਠ ਇਲਜ਼ਾਮ ਖ਼ਾਰਜ ਕਰ ਦਿੱਤੇ, ਕਿਉਂਕਿ ਇਹ ਸਾਬਿਤ ਨਹੀਂ ਹੋ ਸਕਿਆ ਕਿ ਮਹਿਲਾ ਦੀ ਭਾਗੀਦਾਰੀ ਪੂਰੀ ਤਰ੍ਹਾਂ ਉਨ੍ਹਾਂ ਦੀ ਇੱਛਾ ਦੇ ਖ਼ਿਲਾਫ਼ ਸੀ।
ਇੱਕ ਮਾਮਲੇ ਵਿੱਚ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਅਸਲ ਵਿੱਚ ਕਿਹੜੀਆਂ ਜਿਸਨੀ ਗਤੀਵਿਧੀਆਂ ਹੋਈਆਂ ਸਨ।
ਪਤੀ ਨੂੰ ਜੇਲ੍ਹ ਦੀ ਸਜ਼ਾ ਦੇਣ ਤੋਂ ਇਲਾਵਾ, ਅਦਾਲਤ ਨੇ ਉਸ ਨੂੰ ਇਹ ਹੁਕਮ ਵੀ ਦਿੱਤਾ ਕਿ ਉਹ ਮਹਿਲਾ (ਪਤਨੀ) ਨੂੰ 2 ਲੱਖ ਸਵੀਡਿਸ਼ ਕ੍ਰੋਨਾ ਮੁਆਵਜ਼ੇ ਵਜੋਂ ਅਦਾ ਕਰੇ।
ਸਵੀਡਿਸ਼ ਅਧਿਕਾਰੀਆਂ ਨੇ ਅਜਿਹੇ 120 ਮਰਦਾਂ ਦੀ ਪਹਿਚਾਣ ਕੀਤੀ ਸੀ, ਜਿਨ੍ਹਾਂ ਨੇ ਪੈਸੇ ਦੇਕੇ ਜਿਨਸੀ ਗਤੀਵਿਧੀਆਂ ਦੀ ਸਹੂਲਤ ਲਈ ਸੀ। ਪਰ ਇਸ ਮਾਮਲੇ ਵਿੱਚ ਸਿਰਫ਼ 29 ਮਰਦਾਂ 'ਤੇ ਦੋਸ਼ ਲਗਾਏ ਗਏ।
ਇਨ੍ਹਾਂ ਵਿਅਕਤੀਆਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਕਈਆਂ ਨੇ ਕਿਹਾ ਕਿ ਉਨ੍ਹਾਂ ਨੇ ਮਹਿਲਾ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਨਾ ਹੀ ਕੋਈ ਭੁਗਤਾਨ ਕੀਤਾ।
ਫਿਰ ਵੀ ਅਦਾਲਤ ਨੇ 28 ਮਰਦਾਂ ਨੂੰ ਦੋਸ਼ੀ ਪਾਇਆ। ਇਨ੍ਹਾਂ ਵਿੱਚੋਂ ਦੋ ਮਰਦਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਦਕਿ ਬਾਕੀਆਂ ਨੂੰ ਮੁਅੱਤਲ ਸਜ਼ਾ ਜਾਂ ਪ੍ਰੋਬੇਸ਼ਨ 'ਤੇ ਛੱਡ ਦਿੱਤਾ ਗਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ