'ਮੈਂ ਆਪਣੇ ਹੀ ਘਰ ਵਿੱਚ ਕੈਦੀ ਬਣਾ ਦਿੱਤੀ ਗਈ ਸੀ': ਇੱਥੇ ਡਰੱਗ ਗੈਂਗ ਹਰ ਹਫ਼ਤੇ ਸੈਂਕੜਿਆਂ ਘਰਾਂ 'ਤੇ ਕਬਜ਼ਾ ਕਰ ਰਹੇ ਹਨ

    • ਲੇਖਕ, ਸਿਮਾ ਕੋਟੇਚਾ
    • ਰੋਲ, ਯੂਕੇ ਵਿੱਚ ਸੀਨੀਅਰ ਕੋਰਸਪੌਂਡੈਂਟ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਯੂਕੇ ਵਿੱਚ ਹਰ ਹਫ਼ਤੇ ਹਜ਼ਾਰਾਂ ਨਹੀਂ ਤਾਂ ਘੱਟੋ-ਘੱਟ ਸੈਂਕੜੇ ਲੋਕਾਂ ਦੇ ਘਰਾਂ 'ਤੇ ਅਪਰਾਧੀ ਕਬਜ਼ਾ ਕਰ ਰਹੇ ਹਨ। ਉਹ ਆਮ ਤੌਰ 'ਤੇ ਇਨ੍ਹਾਂ ਘਰਾਂ ਦਾ ਇਸਤੇਮਾਲ ਡਰੱਗਜ਼ ਰੱਖਣ ਅਤੇ ਵੇਚਣ ਲਈ ਕਰਦੇ ਹਨ। ਇਸ ਜਾਣਕਾਰੀ ਉੱਥੋਂ ਦੇ ਪੁਲਿਸ ਮੁਖੀਆਂ ਨੇ ਬੀਬੀਸੀ ਨੂੰ ਦਿੱਤੀ ਹੈ।

'ਕੁਕੂਇੰਗ' ਕਰਨ ਵਾਲੇ ਅਪਰਾਧੀ ਅਕਸਰ ਕਮਜ਼ੋਰ ਲੋਕਾਂ, ਜਿਵੇਂ ਬਜ਼ੁਰਗਾਂ ਜਾਂ ਅਪਾਹਜਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਗੈਰ-ਕਾਨੂੰਨੀ ਕੰਮ ਕਰਨ ਲਈ ਜ਼ਬਰਦਸਤੀ ਉਨ੍ਹਾਂ ਦੇ ਘਰਾਂ ਵਿੱਚ ਦਾਖ਼ਲ ਹੋ ਜਾਂਦੇ ਹਨ।

ਕੁਝ ਮਾਮਲਿਆਂ ਵਿੱਚ, ਡਰੱਗਜ਼ ਲੈਣ ਵਾਲਿਆਂ ਦਾ ਫ਼ਾਇਦਾ ਚੁੱਕ ਕੇ ਗੈਂਗ ਉਨ੍ਹਾਂ ਦੇ ਘਰਾਂ ਵਿੱਚ ਵੜ ਜਾਂਦੇ ਹਨ ਅਤੇ ਫਿਰ ਉੱਥੋਂ ਨਿਕਲਣ ਤੋਂ ਇਨਕਾਰ ਕਰ ਦਿੰਦੇ ਹਨ।

'ਕੁਕੂਇੰਗ' ਅਜੇ ਕੋਈ ਵੱਖਰਾ ਤੇ ਖ਼ਾਸ ਅਪਰਾਧਿਕ ਜੁਰਮ ਨਹੀਂ ਹੈ, ਇਸ ਲਈ ਇਸ ਗੱਲ ਦਾ ਬਹੁਤ ਘੱਟ ਡੇਟਾ ਮੌਜੂਦ ਹੈ ਕਿ ਇਹ ਕਿੰਨੀ ਆਮ ਸਮੱਸਿਆ ਹੈ।

ਹਾਲਾਂਕਿ, ਬੀਬੀਸੀ ਨਾਲ ਖ਼ਾਸ ਤੌਰ 'ਤੇ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ 2025 ਅਤੇ ਅਪ੍ਰੈਲ 2026 ਦੇ ਵਿਚਕਾਰ ਲੰਦਨ ਵਿੱਚ ਪੁਲਿਸ ਨੂੰ 'ਕੁਕੂਇੰਗ' ਦੀਆਂ 1,539 ਘਟਨਾਵਾਂ ਦੀ ਸੂਚਨਾ ਮਿਲੀ ਸੀ। ਇਨ੍ਹਾਂ ਵਿੱਚੋਂ 1,275 ਪੀੜਤ ਮਰਦ ਸਨ।

ਪੀੜਤਾਂ ਨਾਲ "ਭਿਆਨਕ ਚੀਜ਼ਾਂ" ਹੋਈਆਂ

ਨੈਸ਼ਨਲ ਪੁਲਿਸ ਚੀਫ਼ਸ ਕਾਊਂਸਿਲ (ਐਨਪੀਸੀਸੀ) ਨੇ ਕਿਹਾ ਕਿ ਪੀੜਤਾਂ ਨਾਲ "ਭਿਆਨਕ ਚੀਜ਼ਾਂ" ਹੋਈਆਂ, ਉਹ ਅਕਸਰ ਆਪਣੇ ਹੀ ਘਰਾਂ ਵਿੱਚ ਬੰਦੀ ਬਣ ਕੇ ਰਹਿ ਜਾਂਦੇ ਸਨ।

ਐਨਪੀਸੀਸੀ ਦੀ ਕਿਰਸਟਨ ਡੇਂਟ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਸਾਹਮਣੇ ਅਜਿਹੇ ਮਾਮਲੇ ਆਏ ਹਨ, ਜਿੱਥੇ ਉਨ੍ਹਾਂ ਨੂੰ ਕੁੱਤੇ ਦਾ ਮਲ ਖਾਣ ਜਾਂ ਸੈਕਸ਼ੁਅਲ ਐਕਟ ਕਰਨ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਚੀਜ਼ਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ਅਤੇ ਫਿਰ ਅਪਰਾਧੀ ਬਲੈਕਮੇਲ ਕਰਨ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ। ਉਹ ਕਹਿੰਦੇ ਹਨ, 'ਜੇ ਤੂੰ ਉਹ ਨਹੀਂ ਕਰੇਂਗਾ ਜੋ ਮੈਂ ਕਹਿੰਦਾ ਹਾਂ, ਤਾਂ ਅਸੀਂ ਇਸਨੂੰ ਦੋਸਤਾਂ ਨਾਲ ਸਾਂਝਾ ਕਰ ਦੇਵਾਂਗੇ ਅਤੇ ਸੋਸ਼ਲ ਮੀਡੀਆ 'ਤੇ ਪਾ ਦੇਵਾਂਗੇ'।"

"ਇਹ ਸਭ ਲੋਕਾਂ ਦੇ ਘਰਾਂ ਦੇ ਅੰਦਰ ਅਤੇ ਲੁਕ ਕੇ ਹੁੰਦਾ ਹੈ, ਇਸ ਲਈ ਇਸ ਦਾ ਪਤਾ ਲਗਾਉਣਾ ਹਮੇਸ਼ਾ ਆਸਾਨ ਨਹੀਂ ਹੁੰਦਾ।"

'ਕੁਕੂਇੰਗ' ਦਾ ਨਾਮ ਕੋਇਲ ਪੰਛੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜੋ ਅਕਸਰ ਹੋਰ ਪੰਛੀਆਂ ਦੇ ਆਲ੍ਹਣਿਆਂ 'ਤੇ ਕਬਜ਼ਾ ਕਰਕੇ ਆਪਣੇ ਅੰਡੇ ਦਿੰਦੀ ਹੈ। ਸਾਲ ਦੇ ਅੰਤ ਤੱਕ ਇਸ ਨੂੰ ਇੱਕ ਖ਼ਾਸ ਅਪਰਾਧਿਕ ਜੁਰਮ ਘੋਸ਼ਿਤ ਕੀਤੇ ਜਾਣ ਦੀਆਂ ਉਮੀਦਾਂ ਹਨ, ਜਿਸ ਲਈ ਵੱਧ ਤੋਂ ਵੱਧ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਇਹ ਕ੍ਰਾਈਮ ਐਂਡ ਪੁਲਿਸਿੰਗ ਐਕਟ 2026 ਦਾ ਹਿੱਸਾ ਹੈ, ਪਰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਵੱਲੋਂ ਪੁਲਿਸ ਫੋਰਸ ਲਈ ਕਾਨੂੰਨੀ ਗਾਈਡਲਾਈਨ ਜਾਰੀ ਕਰਨੀ ਬਾਕੀ ਹੈ।

ਕਾਨੂੰਨ ਵਿੱਚ ਬਦਲਾਅ ਲਾਗੂ ਹੋਣ ਤੋਂ ਪਹਿਲਾਂ, ਬੀਬੀਸੀ ਦੀ ਟੀਮ ਲੰਦਨ ਦੀ ਮੈਟਰੋਪੋਲੀਟਨ ਪੁਲਿਸ ਸਰਵਿਸ ਦੇ ਨਾਲ ਉਨ੍ਹਾਂ ਘਰਾਂ ਵਿੱਚ ਗਈ ਜਿੱਥੇ 'ਕੁਕੂਇੰਗ' ਦਾ ਸ਼ੱਕ ਸੀ। ਉੱਥੇ ਉਨ੍ਹਾਂ ਨੇ ਗੰਦਗੀ ਅਤੇ ਬਦਹਾਲੀ ਦੇ ਹੈਰਾਨ ਕਰ ਦੇਣ ਵਾਲੇ ਨਿਸ਼ਾਨ ਵੇਖੇ।

ਅਸੀਂ ਉਨ੍ਹਾਂ ਪੀੜਤਾਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੀ ਘਰ ਵਿੱਚ ਕੈਦੀ ਵਰਗਾ ਮਹਿਸੂਸ ਹੁੰਦਾ ਸੀ ਅਤੇ ਹਿੰਸਾ ਤੇ ਬਦਲੇ ਦੇ ਡਰ ਕਾਰਨ ਉਹ ਪੁਲਿਸ ਕੋਲ ਜਾਣ ਤੋਂ ਡਰਦੇ ਸਨ।

ਇੱਕ ਪੀੜਤ ਦੀ ਹੱਡਬੀਤੀ

34 ਸਾਲ ਦੇ ਜੇਮੀ ਦੇ ਸਿਰ 'ਤੇ ਕੱਚ ਦੀ ਬੋਤਲ ਨਾਲ ਸੱਟ ਲੱਗਣ ਕਾਰਨ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ, ਅਤੇ ਇਸ ਕਾਰਨ ਉਨ੍ਹਾਂ ਨੂੰ ਤੁਰਨ-ਫਿਰਨ ਅਤੇ ਠੀਕ ਤਰ੍ਹਾਂ ਬੋਲਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ।

ਦੋ ਸਾਲ ਪਹਿਲਾਂ, ਇੱਕ ਅਪਰਾਧੀ ਗਿਰੋਹ ਨੇ ਉਨ੍ਹਾਂ ਦੀ ਹਾਲਤ ਦਾ ਫ਼ਾਇਦਾ ਚੁੱਕਦੇ ਹੋਏ ਉਨ੍ਹਾਂ ਨਾਲ ਦੋਸਤੀ ਕੀਤੀ, ਫਿਰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੇ ਘਰ ਵਿੱਚ ਰਹਿਣ ਲੱਗ ਪਏ ਅਤੇ ਉਨ੍ਹਾਂ ਦੇ ਫਲੈਟ ਦਾ ਇਸਤੇਮਾਲ ਡਰੱਗਜ਼ ਵੇਚਣ ਲਈ ਕਰਨ ਲੱਗ ਪਏ।

ਜੇਮੀ ਨੇ ਕਿਹਾ, "ਉਹ ਲੋਕ ਪਹਿਲਾਂ ਮੇਰੇ ਨਾਲ ਬਹੁਤ ਚੰਗੇ ਅਤੇ ਠੀਕ-ਠਾਕ ਸਨ, ਤਾਂ ਜੋ ਉਹ ਜੋ ਚਾਹੁਣ ਕਰ ਸਕਣ।"

ਉਨ੍ਹਾਂ ਨੇ ਅੱਗੇ ਕਿਹਾ, "ਉਨ੍ਹਾਂ ਨੇ ਮੇਰੇ ਕੱਪੜੇ ਚੋਰੀ ਕਰ ਲਏ। ਉਹ ਮੇਰੇ ਘਰ 'ਚੋਂ ਕੰਮ ਦੀ ਹਰ ਚੀਜ਼ ਲੈਣ ਲੱਗ ਪਏ, ਜਿਵੇਂ ਮੈਨੂੰ ਬਿਨਾਂ ਪਤਾ ਲੱਗੇ ਚੋਰੀ ਕਰਨਾ। ਅਤੇ ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਉਹ ਹੀ ਅਜਿਹਾ ਕਰ ਰਹੇ ਹਨ, ਤਾਂ ਉਹ ਇਸ ਤੋਂ ਇਨਕਾਰ ਕਰ ਦਿੰਦੇ ਸਨ।"

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਅਪਮਾਨਜਨਕ ਗੱਲ ਇਹ ਸੀ ਕਿ ਉਨ੍ਹਾਂ ਨੂੰ ਇੱਕ ਅਜਿਹੇ ਕਿਸ਼ੋਰ ਨੇ ਥੱਪੜ ਮਾਰਿਆ ਜੋ ਉਨ੍ਹਾਂ ਤੋਂ ਕਾਫ਼ੀ ਛੋਟਾ ਸੀ। ਜੇਮੀ ਨੇ ਕਿਹਾ ਕਿ ਆਪਣੀ ਹਾਲਤ ਕਾਰਨ ਉਨ੍ਹਾਂ ਨੂੰ ਲੱਗਿਆ ਕਿ ਗਿਰੋਹ ਦੇ ਸਾਹਮਣੇ ਸਖ਼ਤੀ ਨਾਲ ਪੇਸ਼ ਆਉਣਾ ਨਾਮੁਮਕਿਨ ਹੈ।

ਉਨ੍ਹਾਂ ਕਿਹਾ, "ਮੇਰੇ ਦਿਮਾਗ ਵਿੱਚ ਸੱਟ ਲੱਗੀ ਹੈ ਅਤੇ ਇੱਕ ਜ਼ੋਰਦਾਰ ਮੁੱਕਾ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਮੈਂ ਲੜ ਨਹੀਂ ਸਕਦਾ, ਬਹਿਸ ਨਹੀਂ ਕਰ ਸਕਦਾ।"

ਉਨ੍ਹਾਂ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਉਹ ਗਿਰੋਹ ਤੋਂ ਬਚ ਕੇ ਆਪਣੇ ਫਲੈਟ ਤੋਂ ਭੱਜ ਕੇ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਜਾਣ ਵਿੱਚ ਕਾਮਯਾਬ ਹੋ ਗਏ।

'ਆਪਣੇ ਹੀ ਘਰ ਵਿੱਚ ਕੈਦ'

ਐਨਪੀਸੀਸੀ ਨੇ ਇਸ ਸਾਲ ਮਾਰਚ ਦੀ ਸ਼ੁਰੂਆਤ ਵਿੱਚ 'ਕਾਊਂਟੀ ਲਾਈਨਜ਼' 'ਤੇ ਕੇਂਦ੍ਰਿਤ ਇੱਕ ਹਫ਼ਤੇ ਦੇ ਹਿੱਸੇ ਵਜੋਂ 683 ਘਰਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ 'ਕੁਕੂਇੰਗ' ਦਾ ਸ਼ੱਕ ਸੀ।

'ਕਾਊਂਟੀ ਲਾਈਨਜ਼' ਦਾ ਮਤਲਬ ਹੈ ਵੱਡੇ ਸ਼ਹਿਰਾਂ ਤੋਂ ਛੋਟੇ, ਪੇਂਡੂ ਇਲਾਕਿਆਂ ਵਿੱਚ ਡਰੱਗਜ਼ ਪਹੁੰਚਾਉਣਾ।

ਅਧਿਕਾਰੀਆਂ ਦੇ ਅਨੁਸਾਰ, 'ਕਾਊਂਟੀ ਲਾਈਨਜ਼' ਆਪ੍ਰੇਸ਼ਨ ਅਤੇ 'ਕੁਕੂਇੰਗ' ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ। ਡਰੱਗਜ਼ ਵੇਚਣ ਵਾਲੇ ਅਕਸਰ ਆਪਣਾ ਕੰਮ ਕਰਨ ਲਈ ਅਜਿਹੀਆਂ ਥਾਵਾਂ ਦੀ ਤਲਾਸ਼ ਵਿੱਚ ਰਹਿੰਦੇ ਹਨ।

ਡੈਂਟ ਨੇ ਕਿਹਾ, "ਸਾਨੂੰ ਸ਼ੱਕ ਹੈ ਕਿ ਪੂਰੇ ਦੇਸ਼ (ਯੂਕੇ) ਵਿੱਚ ਹਰ ਹਫ਼ਤੇ, ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਘਰਾਂ ਵਿੱਚ 'ਕੁਕੂਇੰਗ' ਹੋ ਰਹੀ ਹੈ।"

ਉਨ੍ਹਾਂ ਵਿੱਚੋਂ ਇੱਕ ਜੈਕੀ ਸਨ, ਜਿਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਹਿਲਾਂ ਹੈਰੋਇਨ ਅਤੇ ਕੋਕੀਨ ਦੀ ਲਤ ਦੇ ਸ਼ਿਕਾਰ ਸਨ।

ਪਹਿਲਾਂ ਉਨ੍ਹਾਂ ਦੇ ਡੀਲਰ ਨੇ ਉਨ੍ਹਾਂ ਨੂੰ ਭਾਰੀ ਕਰਜ਼ਾ 'ਤੇ ਵੀ ਡਰੱਗਜ਼ ਲੈਣ ਦਿੱਤੇ। ਫਿਰ ਜਦੋਂ ਜੈਕੀ ਇਸ ਨੂੰ ਚੁਕਤਾ ਨਹੀਂ ਕਰ ਸਕੇ, ਤਾਂ ਡੀਲਰ ਨੇ ਬਿੱਲ ਵਿੱਚ ਵਾਧੂ 2,000 ਪੌਂਡ ਜੋੜ ਦਿੱਤੇ ਅਤੇ ਕਿਹਾ ਕਿ ਜਦੋਂ ਤੱਕ ਉਹ ਪੈਸੇ ਨਹੀਂ ਚੁਕਾਉਂਦੀ, ਉਦੋਂ ਤੱਕ ਇੱਕ ਡੀਲਰ ਉਸ ਦੇ ਨਾਲ ਰਹੇਗਾ।

ਜੈਕੀ ਨੇ ਦੱਸਿਆ ਕਿ ਮਹੀਨਿਆਂ ਤੱਕ ਉਸ ਦੇ ਘਰ 'ਤੇ 'ਕੁਕੂਇੰਗ' ਹੁੰਦੀ ਰਹੀ ਅਤੇ ਉਹ "ਆਪਣੇ ਹੀ ਘਰ ਵਿੱਚ ਕੈਦੀ" ਬਣ ਕੇ ਰਹਿ ਗਏ।

ਉਨ੍ਹਾਂ ਕਿਹਾ, "ਮੈਂ ਉਸ ਨੂੰ ਕਈ ਵਾਰ ਘਰ ਛੱਡਣ ਲਈ ਕਿਹਾ, ਪਰ ਉਹ ਕਹਿੰਦਾ ਸੀ- 'ਮੇਰੇ ਸਾਥੀ ਨੇ ਕਿਹਾ ਹੈ ਕਿ ਮੈਂ ਇੱਥੇ ਹੀ ਰਹਿਣਾ ਹੈ'।"

"ਇਸ ਦਾ ਮਤਲਬ ਇਹ ਸੀ ਕਿ ਮੈਨੂੰ ਇੱਕ ਹੀ ਕਮਰੇ ਵਿੱਚ ਰਹਿਣਾ ਪੈਂਦਾ ਸੀ। ਜਦੋਂ ਵੀ ਮੈਂ ਸਾਹਮਣੇ ਵਾਲੇ ਕਮਰੇ ਜਾਂ ਰਸੋਈ ਵਿੱਚ ਜਾਣ ਦੀ ਕੋਸ਼ਿਸ਼ ਕਰਦੀ, ਤਾਂ ਉਹ ਕਹਿੰਦਾ, 'ਨਹੀਂ, ਤੂੰ ਅੰਦਰ ਨਹੀਂ ਆ ਸਕਦੀ'। ਮੈਨੂੰ ਆਪਣੇ ਬੈੱਡਰੂਮ ਵਿੱਚ ਹੀ ਰਹਿਣਾ ਪੈਂਦਾ ਸੀ। ਕਦੇ-ਕਦੇ ਉਹ ਕਹਿੰਦਾ, 'ਮੈਂ ਤੇਰੇ ਲਈ ਚਿਕਨ ਅਤੇ ਚਿਪਸ ਜਾਂ ਕੁਝ ਹੋਰ ਲੈ ਆਵਾਂਗਾ', ਪਰ ਅਜਿਹਾ ਬਹੁਤ ਘੱਟ ਹੁੰਦਾ ਸੀ।"

ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਦੌਰ ਨਾਲ ਨਜਿੱਠਣ ਲਈ ਉਨ੍ਹਾਂ ਨੇ ਡਰੱਗਜ਼ ਦਾ ਸਹਾਰਾ ਲਿਆ।

'ਇਹ ਕਿਸੇ ਨਾਲ ਵੀ ਹੋ ਸਕਦਾ ਹੈ'

ਕਈ ਮਹੀਨਿਆਂ ਤੱਕ ਘਰ 'ਤੇ ਕਬਜ਼ਾ ਜਮਾਈ ਰੱਖਣ ਤੋਂ ਬਾਅਦ, ਉਹ ਡੀਲਰ ਆਖ਼ਿਰਕਾਰ ਚਲਾ ਗਿਆ। ਜੈਕੀ ਨੇ ਦੱਸਿਆ ਕਿ ਉਸਨੂੰ ਸ਼ੱਕ ਸੀ ਕਿ ਪੁਲਿਸ ਨਜ਼ਰ ਰੱਖ ਰਹੀ ਹੈ ਅਤੇ ਇਸੇ ਕਾਰਨ ਉਹ ਉੱਥੋਂ ਚਲਾ ਗਿਆ।

ਰਿਹੈਬ ਸੈਂਟਰ ਜਾਣ ਤੋਂ ਬਾਅਦ ਹੁਣ ਜੈਕੀ ਡਰੱਗਜ਼ ਤੋਂ ਖਹਿੜਾ ਛੁੜਾ ਚੁੱਕੇ ਹਨ ਅਤੇ 'ਕੁਕੂਇੰਗ' ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਸਪੋਰਟ ਗਰੁੱਪਾਂ ਨਾਲ ਕੰਮ ਕਰਦੇ ਹਨ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ।

ਉਨ੍ਹਾਂ ਕਿਹਾ, "ਇਹ ਸਿਰਫ਼ ਡਰੱਗਜ਼ ਬਾਰੇ ਨਹੀਂ ਹੈ। ਇਹ ਕਿਸੇ ਵੀ ਚੀਜ਼ ਬਾਰੇ ਹੋ ਸਕਦਾ ਹੈ। ਇਸ ਵਿੱਚ ਪਾਰਟਨਰ (ਜੋ ਘਰ ਛੱਡ ਕੇ ਨਹੀਂ ਜਾਂਦੇ) ਸ਼ਾਮਲ ਹੋ ਸਕਦੇ ਹਨ। ਪਰਿਵਾਰ ਦੇ ਮੈਂਬਰ ਹੋ ਸਕਦੇ ਹਨ। ਕੋਈ ਵੀ ਅਜਿਹਾ ਵਿਅਕਤੀ ਹੋ ਸਕਦਾ ਹੈ ਜੋ ਤੁਹਾਡੀ ਪ੍ਰਾਪਰਟੀ ਛੱਡਣ ਤੋਂ ਇਨਕਾਰ ਕਰ ਦੇਵੇ ਅਤੇ ਇਸਦਾ ਇਸਤੇਮਾਲ ਹਰ ਤਰ੍ਹਾਂ ਦੀਆਂ ਚੀਜ਼ਾਂ ਲਈ ਕੀਤਾ ਜਾ ਸਕਦਾ ਹੈ - ਪੈਸੇ, ਸਮਾਨ ਦੀ ਚੋਰੀ, ਜਾਂ ਕੋਈ ਵੀ ਅਜਿਹੀ ਚੀਜ਼ ਜਿਸ ਨਾਲ ਉਨ੍ਹਾਂ ਨੂੰ ਲੱਗੇ ਕਿ ਉਹ ਤੁਹਾਡਾ ਫ਼ਾਇਦਾ ਚੁੱਕ ਸਕਦੇ ਹਨ।''

ਖਿੱਲਰੇ ਪੈਕੇਟ, ਟੁੱਟੇ ਦਰਵਾਜ਼ੇ ਅਤੇ ਮਲ ਦੀ ਤਿੱਖੀ ਬਦਬੂ

ਮੈਟ ਪੁਲਿਸ ਦੇ ਨਾਲ ਲੰਦਨ ਦੀਆਂ ਉਨ੍ਹਾਂ ਥਾਵਾਂ ਦਾ ਦੌਰਾ ਕਰਦੇ ਸਮੇਂ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ 'ਕੁਕੂਇੰਗ' ਵਾਲੇ ਘਰਾਂ ਵਿੱਚ ਗੰਦਗੀ ਅਤੇ ਬਦਹਾਲੀ ਆਮ ਗੱਲ ਹੁੰਦੀ ਹੈ।

ਫਰਸ਼ 'ਤੇ ਖਾਣੇ ਦੇ ਪੈਕਟ ਖਿੱਲਰੇ ਪਏ ਸਨ, ਦਰਵਾਜ਼ੇ ਕਬਜ਼ਿਆਂ ਤੋਂ ਉੱਖੜੇ ਹੋਏ ਸਨ ਅਤੇ ਹਵਾ ਵਿੱਚ ਮਲ ਦੀ ਤਿੱਖੀ ਬਦਬੂ ਫੈਲੀ ਹੋਈ ਸੀ।

ਸਾਨੂੰ ਇੱਕ ਰਸੋਈ ਵਿੱਚ ਲਿਜਾਇਆ ਗਿਆ, ਜਿੱਥੇ ਸਿੰਕ ਵਿੱਚ ਕੱਚਾ ਚਿਕਨ ਪਿਆ ਸੀ। ਇੱਕ ਰਜ਼ਾਈ 'ਤੇ ਖੂਨ ਦੇ ਦਾਗ ਸਨ ਅਤੇ ਇੱਕ ਗੰਦੀ ਫੋਲਡਿੰਗ ਟੇਬਲ ਨੂੰ ਬਿਸਤਰੇ ਵਜੋਂ ਵਰਤਿਆ ਜਾ ਰਿਹਾ ਸੀ। ਇੱਕ ਬਾਥਰੂਮ ਦਾ ਟਾਇਲਟ ਜਾਮ ਸੀ। ਸਾਰੀਆਂ ਪ੍ਰਾਪਰਟੀਆਂ ਵਿੱਚ ਸੜੀਆਂ-ਗਲੀਆਂ ਚੀਜ਼ਾਂ ਵਰਗੀ ਬਦਬੂ ਆ ਰਹੀ ਸੀ।

ਵਾਰ-ਵਾਰ ਸ਼ਿਕਾਰ ਬਣਨ ਵਾਲੇ ਲੋਕ

ਬ੍ਰਿਟੇਨ ਦੀ ਸਭ ਤੋਂ ਵੱਡੀ ਪੁਲਿਸ ਫੋਰਸ 'ਮੈਟ' ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਫ਼ਾਇਦਾ ਚੁੱਕਿਆ ਜਾਂਦਾ ਹੈ, ਉਨ੍ਹਾਂ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਇੱਕੋ ਜਿਹਾ ਪੈਟਰਨ (ਤਰੀਕਾ) ਦੇਖਣ ਨੂੰ ਮਿਲ ਰਿਹਾ ਹੈ। "ਡੇਟਾ ਤੋਂ ਪਤਾ ਲੱਗਦਾ ਹੈ ਕਿ ਜੇ ਤੁਸੀਂ 40 ਤੋਂ 49 ਸਾਲ ਦੇ ਗੋਰੇ ਮਰਦ ਹੋ ਅਤੇ ਸ਼ਾਇਦ ਡਰੱਗਜ਼ ਦੀ ਲਤ ਦੇ ਸ਼ਿਕਾਰ ਹੋ, ਤਾਂ ਤੁਹਾਡੇ 'ਕੁਕੂਇੰਗ' ਦਾ ਸ਼ਿਕਾਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।"

ਇੰਸਪੈਕਟਰ ਐਂਡਰਿਊ ਕੈਮਰਨ ਨੇ ਕਿਹਾ, "ਅਸੀਂ ਵਾਰ-ਵਾਰ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਵੀ ਦੇਖ ਰਹੇ ਹਾਂ। ਦੁੱਖ ਦੀ ਗੱਲ ਹੈ ਕਿ ਜੋ ਲੋਕ ਇੱਕ ਵਾਰ ਕੁਕੂਇੰਗ ਦਾ ਸ਼ਿਕਾਰ ਹੋਏ, ਉਹ ਜਾਂ ਤਾਂ ਕਿਸੇ ਹੋਰ ਥਾਂ ਚਲੇ ਗਏ ਜਾਂ ਉਸੇ ਥਾਂ ਰਹਿ ਕੇ ਮੁੜ ਸ਼ਿਕਾਰ ਬਣ ਗਏ।"

ਬੀਬੀਸੀ ਨੂੰ ਮਿਲੀ 'ਫ੍ਰੀਡਮ ਆਫ ਇਨਫ਼ਾਰਮੇਸ਼ਨ' ਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ 2023/24 ਵਿੱਚ ਰਾਜਧਾਨੀ ਵਿੱਚ 380 ਅਜਿਹੀਆਂ ਜਾਂਚਾਂ ਹੋਈਆਂ, ਜਿਨ੍ਹਾਂ ਵਿੱਚ ਕੁਕੂਇੰਗ ਨੂੰ ਇੱਕ ਸੰਭਾਵਿਤ ਸਮੱਸਿਆ ਵਜੋਂ ਫਲੈਗ ਕੀਤਾ ਗਿਆ ਸੀ। ਜਾਂਚਾਂ ਦਾ ਇਹ ਅੰਕੜਾ 2025/26 ਵਿੱਚ ਵੱਧ ਕੇ 1,078 ਹੋ ਗਿਆ।

ਮੈਟ ਪੁਲਿਸ ਨੇ ਕਿਹਾ ਕਿ ਇਹ ਵਾਧਾ ਮੁੱਖ ਤੌਰ 'ਤੇ ਇਸ ਲਈ ਹੋਇਆ ਕਿਉਂਕਿ ਪੁਲਿਸ ਫੋਰਸ ਵਿੱਚ ਇਸ ਗੱਲ ਨੂੰ ਲੈਕੇ ਜਾਗਰੂਕਤਾ ਵਧੀ ਹੈ ਕਿ ਕੁਕੂਇੰਗ ਕੀ ਹੈ, ਅਤੇ ਨਾਲ ਹੀ ਇਸ ਕਰਕੇ ਵੀ ਕਿਉਂਕਿ ਹੁਣ ਜ਼ਿਆਦਾ ਡਰੱਗ ਡੀਲਰ ਇਸ ਤਰੀਕੇ ਨੂੰ ਇੱਕ ਬਿਜ਼ਨਸ ਮਾਡਲ ਵਜੋਂ ਵਰਤ ਰਹੇ ਹਨ।

ਸੌਖੇ ਸ਼ਬਦਾਂ ਵਿੱਚ , ਪੁਲਿਸ ਦਾ ਕਹਿਣਾ ਹੈ ਕਿ ਹੁਣ ਜ਼ਿਆਦਾ ਡਰੱਗ ਡੀਲਰ ਕੁਕੂਇੰਗ ਦਾ ਇਸਤੇਮਾਲ ਆਪਣੇ ਗਲਤ ਕੰਮਾਂ ਲਈ ਕਰ ਰਹੇ ਹਨ, ਨਤੀਜੇ ਵਜੋਂ ਪੁਲਿਸ ਵੀ ਵਧੇਰੇ ਚੌਕਸ ਹੋਈ ਹੈ ਅਤੇ ਜਾਂਚਾਂ ਵੀ ਵਧ ਗਈਆਂ ਹਨ।

ਪੁਲਿਸ ਫੋਰਸ ਨੇ ਕਿਹਾ ਕਿ ਇਸ ਦੌਰਾਨ ਡੇਟਾ ਇਕੱਠਾ ਕਰਨ ਦਾ ਤਰੀਕਾ ਵੀ ਬਦਲਿਆ ਹੈ, ਇਹ ਵੀ ਵਾਧੇ ਦਾ ਇੱਕ ਕਾਰਨ ਹੋ ਸਕਦਾ ਹੈ।

ਕਮਜ਼ੋਰ ਲੋਕਾਂ ਨੂੰ ਮਦਦ ਦੀ ਲੋੜ ਹੈ

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਕੁਕੂਇੰਗ ਇੱਕ ਵੱਖਰਾ ਅਤੇ ਵਿਸ਼ੇਸ਼ ਅਪਰਾਧ ਨਹੀਂ ਬਣ ਜਾਂਦਾ, ਉਹ ਸ਼ੱਕੀ ਲੋਕਾਂ ਨੂੰ ਹੋਰ ਜੁਰਮਾਂ, ਜਿਵੇਂ ਡਰੱਗਜ਼ ਰੱਖਣ ਜਾਂ ਗੁਲਾਮੀ ਨਾਲ ਸੰਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇੰਗਲੈਂਡ ਦੀਆਂ ਕਈ ਪੁਲਿਸ ਫੋਰਸਾਂ ਦੇ ਸਰੋਤਾਂ ਨੇ ਦੱਸਿਆ ਕਿ ਕੁਕੂਇੰਗ ਨੂੰ ਰੋਕਣ ਲਈ 'ਕਲੋਜ਼ਰ ਆਰਡਰ' (ਜਗ੍ਹਾ ਬੰਦ ਕਰਨ ਦੇ ਹੁਕਮ) ਦਾ ਇਸਤੇਮਾਲ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ।

ਇਹ ਹੁਕਮ ਪੁਲਿਸ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਕਿਸੇ ਪ੍ਰਾਪਰਟੀ ਨੂੰ ਕੁਝ ਸਮੇਂ ਲਈ ਬੰਦ ਕਰਨ ਦੀ ਇਜਾਜ਼ਤ ਦਿੰਦੇ ਹਨ। ਅੰਸ਼ਿਕ ਕਲੋਜ਼ਰ ਆਰਡਰ ਦਾ ਮਤਲਬ ਹੋ ਸਕਦਾ ਹੈ ਕਿ ਕਿਰਾਏਦਾਰ ਉੱਥੇ ਰਹਿ ਸਕਦਾ ਹੈ, ਪਰ ਉਸ ਘਰ 'ਚ ਆਉਣ ਵਾਲੇ ਨਾਮਜ਼ਦ ਲੋਕਾਂ (ਵਿਜ਼ਿਟਰਾਂ) ਅਤੇ ਹੋਰ ਲੋਕਾਂ ਦੇ ਆਉਣ 'ਤੇ ਪਾਬੰਦੀ ਹੁੰਦੀ ਹੈ।

ਪਰ ਕੁਝ ਪੀੜਤ ਇਸ ਸਮੱਸਿਆ ਨਾਲ ਨਜਿੱਠਣ ਦੇ ਤਰੀਕੇ ਦੀ ਆਲੋਚਨਾ ਕਰਦੇ ਹਨ।

ਨਾਮ ਨਾ ਦੱਸਣ ਦੀ ਸ਼ਰਤ 'ਤੇ ਗੱਲ ਕਰਨ ਵਾਲੇ ਇੱਕ ਪੀੜਤ ਨੇ ਕਿਹਾ, "ਮੈਨੂੰ ਪੁਲਿਸ 'ਤੇ ਕੋਈ ਭਰੋਸਾ ਨਹੀਂ ਹੈ, ਉਹ ਕਿਸੇ ਕੰਮ ਦੇ ਨਹੀਂ ਹਨ।"

ਉਨ੍ਹਾਂ ਦਾ ਮੰਨਣਾ ਹੈ ਕਿ ਕਮਜ਼ੋਰ ਲੋਕਾਂ ਨੂੰ ਮਦਦ ਦੀ ਲੋੜ ਹੈ ਅਤੇ ਉਨ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਹੋਰ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਐਨਪੀਸੀਸੀ ਨੇ ਕਿਹਾ ਹੈ ਕਿ ਉਹ ਪੀੜਤਾਂ ਦਾ ਭਰੋਸਾ ਜਿੱਤਣ ਲਈ ਕੰਮ ਕਰ ਰਹੀ ਹੈ ਅਤੇ ਉਸ ਨੂੰ ਉਮੀਦ ਹੈ ਕਿ 'ਕੁਕੂਇੰਗ' (cuckooing) ਨੂੰ ਇੱਕ ਵੱਖਰਾ ਅਤੇ ਵਿਸ਼ੇਸ਼ ਅਪਰਾਧਿਕ ਜੁਰਮ ਬਣਾਉਣ ਲਈ ਕਾਨੂੰਨ ਵਿੱਚ ਬਦਲਾਅ ਮਦਦਗਾਰ ਸਾਬਤ ਹੋਵੇਗਾ।

ਪੀੜਤਾਂ ਦੀਆਂ ਕਹਾਣੀਆਂ ਤੇ ਤਜਰਬੇ "ਬਹੁਤ ਹੀ ਭਿਆਨਕ ਤੇ ਹੈਰਾਨ ਕਰਨ ਵਾਲੇ"

ਡਾਕਟਰ ਐਮੀ ਲੌਘਰੀ, ਯੂਨੀਵਰਸਿਟੀ ਆਫ਼ ਲੀਡਜ਼ ਵਿੱਚ ਖੋਜਕਰਤਾ ਹਨ ਅਤੇ ਉਨ੍ਹਾਂ ਦਾ ਕੰਮ ਕੁਕੂਇੰਗ ਅਤੇ 'ਕਾਊਂਟੀ ਲਾਈਨਜ਼' ਸ਼ੋਸ਼ਣ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹਮੇਸ਼ਾ ਇਹ ਨਹੀਂ ਪਛਾਣ ਸਕਦੀ ਕਿ ਕਦੋਂ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ।

ਉਨ੍ਹਾਂ ਕਿਹਾ, "ਕੁਕੂਇੰਗ ਦੇ ਪੀੜਤਾਂ ਨੂੰ ਹਮੇਸ਼ਾਂ ਪੀੜਤ ਵਜੋਂ ਨਹੀਂ ਵੇਖਿਆ ਜਾਂਦਾ ਸੀ ਕਿਉਂਕਿ ਅਕਸਰ ਉਨ੍ਹਾਂ ਦਾ ਪੁਲਿਸ ਨਾਲ ਪਹਿਲਾਂ ਹੀ ਤਜਰਬਾ ਜਾਂ ਸੰਪਰਕ ਰਿਹਾ ਹੁੰਦਾ ਸੀ।"

ਹਾਲਾਂਕਿ, ਹਾਲ ਦੇ ਸਾਲਾਂ ਵਿੱਚ ਇਸ ਮੁੱਦੇ ਬਾਰੇ ਜਾਗਰੂਕਤਾ ਵਧੀ ਹੈ, ਪਰ ਉਨ੍ਹਾਂ ਕਿਹਾ ਕਿ "ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ" ਅਤੇ ਸ਼ੋਸ਼ਣ ਦੀ ਪਛਾਣ ਕਰਨ ਅਤੇ ਕੁਕੂਇੰਗ ਦੇ ਮਾਮਲਿਆਂ ਵਿੱਚ ਬਿਹਤਰ ਪ੍ਰਤੀਕਿਰਿਆ ਦੇਣ ਲਈ ਹੋਰ ਮਾਰਗਦਰਸ਼ਨ ਅਤੇ ਨੀਤੀਆਂ ਦੀ ਮੰਗ ਕੀਤੀ।

ਹੋਮ ਆਫਿਸ (ਬ੍ਰਿਟੇਨ ਦਾ ਗ੍ਰਹਿ ਮੰਤਰਾਲਾ) ਦੇ ਇੱਕ ਬੁਲਾਰੇ ਨੇ ਕਿਹਾ ਕਿ ਪੀੜਤਾਂ ਵੱਲੋਂ ਬੀਬੀਸੀ ਨਿਊਜ਼ ਨੂੰ ਸੁਣਾਈਆਂ ਗਈਆਂ ਕਹਾਣੀਆਂ ਅਤੇ ਤਜਰਬੇ "ਬਹੁਤ ਹੀ ਭਿਆਨਕ ਅਤੇ ਹੈਰਾਨ ਕਰਨ ਵਾਲੇ" ਸਨ।

ਉਨ੍ਹਾਂ ਅੱਗੇ ਕਿਹਾ, "ਅਸੀਂ ਕਮਿਊਨਿਟੀਆਂ ਨੂੰ ਕੁਕੂਇੰਗ ਵਰਗੇ ਘਿਨਾਉਣੇ ਜੁਰਮ ਤੋਂ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, ਜਿਸ ਵਿੱਚ ਡਰੱਗਜ਼ ਦਾ ਧੰਦਾ ਕਰਨ ਵਾਲੇ ਗਿਰੋਹਾਂ ਅਤੇ ਸੰਗਠਿਤ ਅਪਰਾਧਿਕ ਗਰੁੱਪਾਂ 'ਤੇ ਨਕੇਲ ਕੱਸਣ ਲਈ ਇਸ ਸਾਲ 'ਕਾਊਂਟੀ ਲਾਈਨਜ਼ ਪ੍ਰੋਗਰਾਮ' ਵਿੱਚ 34 ਮਿਲੀਅਨ ਪੌਂਡ ਤੋਂ ਵੱਧ ਦਾ ਨਿਵੇਸ਼ ਕਰਨਾ ਵੀ ਸ਼ਾਮਲ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)