You’re viewing a text-only version of this website that uses less data. View the main version of the website including all images and videos.
ਫੇਸਬੁੱਕ ਨੇ ਆਸਟਰੇਲੀਆ ਵਿੱਚ ਨਿਊਜ਼ ਬੰਦ ਕੀਤੀ, ਗੂਗਲ ਨੇ ਵੀ ਦਿੱਤੀ ਧਮਕੀ, ਕੀ ਹੈ ਪੂਰਾ ਮਾਮਲਾ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਹੈ ਕਿ ਫੇਸਬੁੱਕ ਵੱਲੋਂ ਦੇਸ਼ ਵਿੱਚ ਉਪਭੋਗਤਾਵਾਂ ਲਈ ਖ਼ਬਰਾਂ ਦੀ ਸਮੱਗਰੀ 'ਤੇ ਪਾਬੰਦੀ ਲਗਾਉਣ ਤੋਂ ਉਨ੍ਹਾਂ ਦੀ ਸਰਕਾਰ ਨਹੀਂ ਡਰਦੀ।
ਉਨ੍ਹਾਂ ਨੇ ਕਿਹਾ ਕਿ "ਆਸਟਰੇਲੀਆ ਨੂੰ ਅਨਫ੍ਰੈਂਡ" ਕਰਨ ਦੀ ਫੇਸਬੁੱਕ ਦੀ ਕੋਸ਼ਿਸ਼ ਮੰਦਭਾਗੀ ਹੈ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਵੀਰਵਾਰ ਨੂੰ ਆਸਟਰੇਲੀਆ ਵਿੱਚ ਖ਼ਬਰਾਂ ਨਾਲ ਸਬੰਧਤ ਸਮੱਗਰੀ 'ਤੇ ਪਾਬੰਦੀ ਲਗਾ ਦਿੱਤੀ ਸੀ। ਗੂਗਲ ਨੇ ਇਹ ਵੀ ਕਿਹਾ ਹੈ ਕਿ ਉਹ ਆਸਟਰੇਲੀਆ ਵਿੱਚ ਆਪਣਾ ਸਰਚ ਇੰਜਨ ਬੰਦ ਕਰ ਸਕਦਾ ਹੈ।
ਵਿਸ਼ਵ ਦੀਆਂ ਇਨ੍ਹਾਂ ਦੋ ਵੱਡੀਆਂ ਤਕਨੀਕੀ ਕੰਪਨੀਆਂ ਅਤੇ ਆਸਟਰੇਲੀਆ ਸਰਕਾਰ ਵਿਚਾਲੇ ਵਿਵਾਦ ਦਾ ਕਾਰਨ ਇੱਕ ਪ੍ਰਸਤਾਵਤ ਕਾਨੂੰਨ ਹੈ ਜੋ ਤਕਨੀਕੀ ਕੰਪਨੀਆਂ ਅਤੇ ਮੀਡੀਆ ਅਦਾਰਿਆਂ ਵਿਚਕਾਰ ਬਾਜ਼ਾਰ 'ਚ ਸ਼ਕਤੀ ਦਾ ਸੰਤੁਲਨ ਸਥਾਪਤ ਕਰਨ ਲਈ ਲਿਆਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ
ਪ੍ਰਸਤਾਵਿਤ ਕਾਨੂੰਨ ਆਸਟਰੇਲੀਆਈ ਸੰਸਦ ਦੇ ਹੇਠਲੇ ਸਦਨ ਵਿੱਚ ਪਾਸ ਕੀਤਾ ਗਿਆ ਹੈ। ਹੁਣ ਇਹ ਪ੍ਰਸਤਾਵਿਤ ਕਾਨੂੰਨ ਸੈਨੇਟ ਵਿੱਚ ਪਾਸ ਕੀਤੇ ਜਾਣ ਦੀ ਤਿਆਰੀ ਵਿੱਚ ਹੈ।
ਪਰ ਪਹਿਲਾਂ ਅਸੀਂ ਜਾਣਦੇ ਹਾਂ ਕਿ ਇਹ ਬਹੁ-ਰਾਸ਼ਟਰੀ ਕੰਪਨੀਆਂ ਆਸਟਰੇਲੀਆ 'ਤੇ ਕੀ ਦਬਾਅ ਪਾ ਰਹੀਆਂ ਹਨ।
ਆਖ਼ਰ ਕੀ ਹੈ ਮਾਮਲਾ?
ਵਰਲਡ ਫਰਸਟ ਅਖਵਾਏ ਗਏ ਇਸ ਪ੍ਰਸਤਾਵਤ ਕਾਨੂੰਨ ਦਾ ਉਦੇਸ਼ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਜਾ ਰਹੇ ਐਡਵਰਟਾਈਜ਼ਮੇਂਟ ਮਾਲੀਆ ਕਾਰਨ ਮੀਡੀਆ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਦਾ ਹੱਲ ਕਰਨਾ ਹੈ।
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸਦਾ ਸਿੱਧਾ ਪ੍ਰਭਾਵ ਤਕਨੀਕੀ ਕੰਪਨੀਆਂ 'ਤੇ ਪੈ ਸਕਦਾ ਹੈ। ਇਸਦੇ ਨਾਲ, ਇੰਟਰਨੈਟ 'ਤੇ ਉਪਲਬਧ ਖਬਰਾਂ ਦੀ ਸਮੱਗਰੀ ਤੱਕ ਲੋਕਾਂ ਦੀ ਪਹੁੰਚ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
ਇਸ ਮੁੱਦੇ ਬਾਰੇ ਲੰਬੇ ਸਮੇਂ ਤੋਂ ਗੱਲ ਕੀਤੀ ਜਾ ਰਹੀ ਹੈ ਅਤੇ ਚਿੰਤਾਵਾਂ ਇਹ ਜ਼ਾਹਰ ਕੀਤੀਆਂ ਜਾ ਰਹੀਆਂ ਹਨ ਕਿ ਤਕਨੀਕੀ ਕੰਪਨੀਆਂ ਦਾ ਮੀਡੀਆ ਸੰਸਥਾਵਾਂ 'ਤੇ ਮਾਰਕੀਟ ਪੱਧਰ 'ਤੇ ਦਬਦਬਾ ਹੈ।
ਆਸਟਰੇਲੀਆ ਵਿੱਚ ਗੂਗਲ ਇੱਕ ਮੁੱਖ ਸਰਚ ਇੰਜਨ ਹੈ ਜੋ ਸਰਕਾਰ ਵੱਲੋਂ ਬਹੁਤ ਜ਼ਿਆਦਾ ਲੋੜੀਂਦੀ ਸੇਵਾ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਇਸਦਾ ਬਹੁਤ ਘੱਟ ਮਾਰਕੀਟ ਵਿੱਚ ਮੁਕਾਬਲਾ ਹੁੰਦਾ ਹੈ।
2018 ਵਿੱਚ ਆਸਟਰੇਲੀਆਈ ਸਰਕਾਰ ਦੀ ਰੈਗੂਲੇਟਰੀ ਸੰਸਥਾ, ਆਸਟਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਦੇ ਖੇਤਰ ਵਿੱਚ ਮੁਕਾਬਲੇ ਵਾਲੇ ਵਾਤਾਵਰਨ ਉੱਤੇ ਗੂਗਲ ਅਤੇ ਫੇਸਬੁੱਕ ਦੇ ਪ੍ਰਭਾਵ ਬਾਰੇ ਜਾਂਚ ਦੇ ਹੁਕਮ ਦਿੱਤੇ ਹਨ।
ਸੰਸਥਾ ਨੇ ਪਾਇਆ ਕਿ ਮੀਡੀਆ ਅਤੇ ਤਕਨੀਕੀ ਕੰਪਨੀਆਂ ਵਿਚਕਾਰ ਸ਼ਕਤੀ ਦਾ ਅਸੰਤੁਲਨ ਹੈ। ਇਸ ਅਧਾਰ 'ਤੇ, ਸੰਸਥਾ ਨੇ ਇੱਕ ਕਾਨੂੰਨ ਦੀ ਸਿਫਾਰਸ਼ ਕੀਤੀ ਜੋ ਕਿ ਦੋ ਕਿਸਮਾਂ ਦੀਆਂ ਕੰਪਨੀਆਂ ਵਿਚਕਾਰ ਸ਼ਕਤੀ ਦਾ ਸੰਤੁਲਨ ਸਥਾਪਤ ਕਰੇਗੀ।
ਪਿਛਲੇ ਸਾਲ ਜੁਲਾਈ ਵਿੱਚ, ਆਸਟਰੇਲੀਆਈ ਸਰਕਾਰ ਨੇ ਇੱਕ ਨਵਾਂ ਬਿੱਲ ਪੇਸ਼ ਕੀਤਾ, ਜਿਸ ਕਾਰਨ ਫੇਸਬੁੱਕ ਅਤੇ ਗੂਗਲ ਨੇ ਆਸਟਰੇਲੀਆ ਵਿੱਚ ਆਪਣੀਆਂ ਸੇਵਾਵਾਂ ਦੇਣਾ ਬੰਦ ਕਰਨ ਦੀ ਧਮਕੀ ਦਿੱਤੀ ਸੀ।
ਇਸ ਕਾਨੂੰਨ ਵਿੱਚ ਖਾਸ ਕੀ ਹੈ?
ਇਸ ਪ੍ਰਸਤਾਵਿਤ ਕਾਨੂੰਨ ਵਿੱਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਟੈਕ ਕੰਪਨੀਆਂ ਨਿਊਜ਼ ਸਮੱਗਰੀ ਲਈ ਭੁਗਤਾਨ ਕਰਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਕਿੰਨਾ ਭੁਗਤਾਨ ਕਰਨਾ ਪਵੇਗਾ।
ਇਹ ਕਾਨੂੰਨ ਇੱਕ ਸੰਗਠਨ ਦੇ ਰੂਪ ਵਿੱਚ ਮੀਡੀਆ ਸੰਸਥਾਵਾਂ ਨੂੰ ਟੈਕ ਕੰਪਨੀਆਂ ਨਾਲ ਨੈਗੋਸ਼ਿਏਟ ਕਰਨ ਦੀ ਤਾਕਤ ਦੇਵੇਗਾ ਤਾਂ ਜੋ ਉਸ ਸਮੱਗਰੀ ਦੀ ਕੀਮਤ ਤੈਅ ਹੋ ਸਕੇ ਜੋ ਕਿ ਟੈਕ ਕੰਪਨੀਆਂ ਦੀ ਨਿਊਜ਼ ਫੀਡ ਅਤੇ ਸਰਚ ਰਿਜ਼ਲਟਸ ਵਿੱਚ ਨਜ਼ਰ ਆਉਂਦੀ ਹੈ।
ਜੇਕਰ ਇਹ ਸਮਝੌਤਾ ਅਸਫਲ ਹੋ ਜਾਂਦਾ ਹੈ ਤਾਂ ਅਜਿਹੇ ਮਾਮਲੇ ਆਸਟਰੇਲੀਆ ਕਮਿਊਨੀਕੇਸ਼ਨਜ਼ ਐਂਡ ਮੀਡੀਆ ਅਥਾਰਟੀ ਕੋਲ ਜਾ ਸਕਦੇ ਹਨ।
ਪ੍ਰਸਤਾਵਿਤ ਕਾਨੂੰਨ ਮੁਤਾਬਕ ਜੇਕਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਟੈਕ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਕੰਪਨੀ ਨੂੰ ਹਰੇਕ ਗ਼ਲਤ ਲਈ ਦਸ ਮਿਲੀਅਨ ਆਸਟੇਰਲੀਆਈ ਡਾਲਰ ਲਗਭਗ 56 ਕਰੋੜ ਰੁਪਏ) ਦੇਣੇ ਪੈਣਗੇ ਜਾਂ ਫਿਰ ਕੰਪਨੀ ਦੇ ਸਥਾਨਕ ਟਰਨਓਵਰ ਦਾ ਦਸ ਫ਼ੀਸਦ ਹਰਜ਼ਾਨੇ ਦੇ ਤੌਰ 'ਤੇ ਭਰਨੇ ਪੈਣਗੇ।
ਸਰਕਾਰ ਮੁਤਾਬਕ ਇਸ ਕਾਨੂੰਨ ਤਹਿਤ ਸਭ ਤੋਂ ਪਹਿਲਾਂ ਗੂਗਲ ਅਤੇ ਫੇਸਬੁੱਕ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਪਰ ਇਹ ਹੋਰ ਕੰਪਨੀਆਂ 'ਤੇ ਵੀ ਲਾਗੂ ਹੋ ਸਕਦਾ ਹੈ।
ਆਸਟੇਰਲੀਆ ਕਿਉਂ ਲਿਆ ਰਿਹਾ ਇਹ ਕਾਨੂੰਨ?
ਸਰਕਾਰ ਦਾ ਤਰਕ ਹੈ ਕਿ ਟੈਕ ਕੰਪਨੀਆਂ ਨੂੰ ਨਿਊਜ਼ ਰੂਮ ਨੂੰ ਉਨ੍ਹਾਂ ਦੀ ਪੱਤਰਕਾਰਤਾ ਲਈ ਉਚਿਤ ਕੀਮਤ ਅਦਾ ਕਰਨੀ ਚਾਹੀਦੀ ਹੈ।
ਇਸਦੇ ਨਾਲ ਹੀ ਇਹ ਵੀ ਤਰਕ ਦਿੱਤਾ ਗਿਆ ਹੈ ਕਿ ਆਸਟਰੇਲੀਆ ਦੀ ਨਿਊਜ਼ ਇੰਡਸਟਰੀ ਲਈ ਆਰਥਿਕ ਮਦਦ ਦੀ ਲੋੜ ਹੈ ਕਿਉਂਕਿ ਮਜ਼ਬੂਤ ਮੀਡੀਆ ਲੋਕਤੰਤਰ ਦੀ ਲੋੜ ਹੈ।
ਕੀ ਹੈ ਫੇਸਬੁੱਕ ਦੀ ਪ੍ਰਤੀਕਿਰਿਆ?
ਫੇਸਬੁਕ ਨੇ ਐਲਾਨ ਕੀਤਾ ਸੀ ਕਿ ਉਹ ਆਸਟੇਰਲੀਆਈ ਯੂਜ਼ਰਜ਼ ਨੂੰ ਨਿਊਜ਼ ਸਮੱਗਰੀ ਦੇਖਣ ਅਤੇ ਸ਼ੇਅਰ ਕਰਨ 'ਤੇ ਰੋਕ ਲਾਵੇਗਾ।
ਫੇਸਬੁੱਕ ਨੇ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨ ''ਸਾਡੇ ਪਲੇਟਫਾਰਮ ਅਤੇ ਪਬਲਿਸ਼ਰਜ਼ ਵਿਚਾਲੇ ਰਿਸ਼ਤੇ ਨੂੰ ਮੂਲ ਰੂਪ ਤੋਂ ਨਹੀਂ ਸਮਝਦਾ'' ਹੈ।
ਗੂਗਲ ਨੇ ਕੀ ਕਿਹਾ?
ਗੂਗਲ ਦਾ ਕਹਿਣਾ ਹੈ ਕਿ ਜੇਕਰ ਇਹ ਬਿੱਲ ਲਿਆਂਦਾ ਗਿਆ ਤਾਂ ਉਹ ਆਸਟੇਰਲੀਆ ਵਿੱਚ ਆਪਣਾ ਸਰਚ ਇੰਜਨ ਬੰਦ ਕਰ ਦੇਵੇਗਾ।
ਪਰ ਗੂਗਲ ਨੇ ਹੁਣ ਇਹ ਵੀ ਕਿਹਾ ਹੈ ਕਿ ਉਹ ਮੁਰਡੋਕ ਦੀ ਨਿਊਜ਼ ਕੌਰਪ ਨੂੰ ਉਸਦੀ ਸਮੱਗਰੀ ਲਈ ਪੈਸੇ ਦੇਣ ਲਈ ਤਿਆਰ ਹੈ।
ਨਿਊਜ਼ ਕੌਰਪ ਨੇ ਕਿਹਾ ਹੈ ਕਿ ਉਹ ਇੱਕ ਤੈਅ ਭੁਗਤਾਨ ਰਾਸ਼ੀ ਦੇ ਬਦਲੇ ਗੂਗਲ ਨਾਲ ਆਪਣੀ ਸਮੱਗਰੀ ਸਾਂਝੀ ਕਰੇਗਾ।
ਇਹ ਵੀ ਪੜ੍ਹੋ: