ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਕੈਨੇਡਾ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਧਰਮ ਬਦਲੀ ਦਾ ਮੁੱਦਾ ਜਨਤਕ ਬਹਿਸ ਵਿੱਚ ਛਾਇਆ ਰਿਹਾ। ਇਸ ਤੋਂ ਇਲਾਵਾ ਫਰੀਦਕੋਟ ਦੀ ਰਿਆਸਤ ਦਾ ਮੁੱਦਾ ਵੀ ਕਾਫੀ ਚਰਚਾ ਵਿੱਚ ਰਿਹਾ

ਕੈਨੇਡਾ ਵੱਲੋਂ ਲੱਖਾਂ ਹੁਨਰਮੰਦ ਲੋਕਾਂ ਨੂੰ ਦਿੱਤੀ ਜਾਵੇਗੀ ਸਥਾਈ ਰਿਹਾਇਸ਼, ਨਵੀਂ ਨੀਤੀ ਵਿੱਚ ਕੀ ਹੈ ਖ਼ਾਸ

ਕੈਨੇਡਾ ਦੇ ਇਮੀਗ੍ਰੇਸ਼ਨ ਪਾਲਿਸੀ

ਕੈਨੇਡਾ ਸਾਲ 2023-25 ਲਈ ਨਵੀਂ ਇਮੀਗ੍ਰੇਸ਼ਨ ਪਾਲਿਸੀ ਲੈ ਕੇ ਆਇਆ ਹੈ, ਜਿਸ ਦੇ ਤਹਿਤ ਲੱਖਾਂ ਹੁਨਰਮੰਦ ਲੋਕਾਂ ਨੂੰ ਉੱਥੇ ਸਥਾਈ ਰਿਹਾਇਸ਼ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ।

ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਸਿਹਤ ਸਨਅਤਾਂ, ਨਿਰਮਾਣ ਤੇ ਤਕਨਾਲੋਜੀ ਵਰਗੇ ਅਦਾਰਿਆਂ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖ਼ਤਮ ਕਰਨ ਦੇ ਮੱਦੇਨਜ਼ਰ ਬਣਾਈ ਗਈ ਹੈ।

ਕੋਵਿਡ-19 ਤੋਂ ਬਾਅਦ ਕੈਨੇਡਾ ਦਾ ਅਰਥਚਾਰਾ ਉੱਨਤ ਦੇਸ਼ਾਂ ਦਰਮਿਆਨ ਬਹੁਤ ਤੇਜ਼ੀ ਨਾਲ ਵਾਪਸ ਲੀਹ 'ਤੇ ਆ ਰਿਹਾ ਸੀ ਪਰ ਹਾਲ ਹੀ ਵਿੱਚ ਕੈਨੇਡਾ ਦੇ ਕਈ ਪ੍ਰਮੁੱਖ ਸਨਅਤਾਂ ਕਾਮਿਆਂ ਦੀ ਘਾਟ ਨਾਲ ਜੂਝ ਰਹੀਆਂ ਹਨ।

ਇਸ ਮੁਸ਼ਕਿਲ ਨਾਲ ਨਜਿੱਠਣ ਲਈ ਕੈਨੇਡਾ ਇਮੀਗ੍ਰੇਸ਼ਨ ਦਾ ਰਾਹ ਅਖ਼ਤਿਆਰ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

1984 ਸਿੱਖ ਕਤਲੇਆਮ: ਭਾਜਪਾ ਤੇ ਫੂਲਕਾ ਕਿਸ 'ਟਰੁੱਥ ਕਮਿਸ਼ਨ' ਦੀ ਮੰਗ ਕਰ ਰਹੇ ਹਨ, ਭਾਰਤ ਵਿੱਚ ਇਹ ਕਿਵੇਂ ਬਣ ਸਕਦਾ ਹੈ

1984 ਦੇ ਪੀੜਤ

ਤਸਵੀਰ ਸਰੋਤ, Getty Images

1984 ਦੇ ਸਿੱਖ ਕਤਲੇਆਮ ਦਾ ਮਾਮਲਾ ਇਸ ਵਾਰ ਇੱਕ ਅਜਿਹੀ ਮੰਗ ਨਾਲ ਰਾਸ਼ਟਰੀ ਰਾਜਨੀਤੀ ਵਿੱਚ ਆਇਆ ਹੈ, ਜਿਸ ਦੀ ਇਸ ਤੋਂ ਪਹਿਲਾਂ ਭਾਰਤ ਵਿੱਚ ਕੋਈ ਵੀ ਮਿਸਾਲ ਨਹੀਂ ਮਿਲਦੀ।

ਹਾਲਾਂਕਿ ਦੱਖਣੀ ਅਫ਼ਰੀਕਾ ਵਿੱਚ ਨਸਲਭੇਦ ਦੇ ਮਾਮਲੇ ਵਿੱਚ ਇੱਕ 'ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ' ਬਣਾਇਆ ਗਿਆ ਸੀ।

ਭਾਜਪਾ ਨੇਤਾ ਆਰਪੀ ਸਿੰਘ ਅਤੇ ਸਿੱਖ 1984 ਵਿੱਚ ਸਿੱਖ ਕਤਲੇਆਮ ਕੇਸ ਦੇ ਵਕੀਲ ਐੱਚਐੱਸ ਫੂਲਕਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਲਈ 'ਟਰੁੱਥ ਕਮਿਸ਼ਨ' ਬਣਾਉਣ ਲਈ ਲਿਖਿਆ ਹੈ।

ਇਸ ਦੇ ਨਾਲ ਹੀ ਆਰਪੀ ਸਿੰਘ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ 1984 ਦੇ ਕਤਲੇਆਮ ਅਤੇ ਆਪਰੇਸ਼ਨ ਬਲੂ ਸਟਾਰ ਨਾਲ ਸਬੰਧਤ ਦਸਤਾਵੇਜ਼ ਜਨਤਕ ਕੀਤੇ ਜਾਣ।

ਐੱਚਐੱਸ ਫੂਲਕਾ ਦਾ ਕਹਿਣਾ, ''ਇਸ ਤੋਂ ਪਹਿਲਾਂ ਦੇ ਜਾਂਚ ਕਮਿਸ਼ਨਾਂ ਵਿੱਚ ਪੂਰੀ ਸੱਚਾਈ ਬਾਹਰ ਨਹੀਂ ਆ ਸਕੀ। ਇਸ ਲਈ ਸਿੱਖਾਂ ਖ਼ਿਲਾਫ਼ ਘੜੀ ਗਈ ਸਾਜ਼ਿਸ਼ ਦੀ ਜਾਂਚ ਲਈ 'ਟਰੁੱਥ ਕਮਿਸ਼ਨ' ਬਣਾਉਣਾ ਜ਼ਰੂਰੀ ਹੈ।''

ਅਜਿਹੇ ਵਿੱਚ ਸਵਾਲ ਪੈਦਾ ਹੋ ਰਿਹਾ ਹੈ ਕਿ 38 ਸਾਲਾਂ ਬਾਅਦ ਜਿਸ 'ਟਰੁੱਥ ਕਮਿਸ਼ਨ' ਦੀ ਮੰਗ ਹੋ ਰਹੀ ਹੈ, ਅਸਲ ਵਿੱਚ ਇਹ ਕੀ ਹੈ ਅਤੇ ਇਹ ਕਿਸ ਤਰ੍ਹਾਂ ਪੀੜਤਾਂ ਨੂੰ ਇਨਸਾਫ਼ ਦਵਾ ਸਕਦਾ ਹੈ? ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਪਰਾਲੀ ਦਾ ਮਸਲਾ ਸਰਕਾਰਾਂ ਤੋਂ ਕਿਉਂ ਹੱਲ ਨਹੀਂ ਹੋ ਰਿਹਾ

ਪਰਾਲੀ

ਤਸਵੀਰ ਸਰੋਤ, Getty Images

ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਦਾ ਸਫ਼ਰ ਕਰਦਿਆਂ ਤੁਹਾਨੂੰ ਰਸਤੇ ਵਿੱਚ ਕਿਸਾਨ ਪਰਾਲੀ ਨੂੰ ਬਿਨਾ ਕਿਸੇ ਰੋਕ ਦੇ ਅੱਗ ਲਗਾਉਂਦੇ ਨਜ਼ਰ ਆਉਣਗੇ।

ਖ਼ਾਸ ਤੌਰ ਉੱਤੇ ਸੰਗਰੂਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਲਗਾਈ ਗਈ ਅੱਗ ਕਾਰਨ ਪੈਦਾ ਹੋਏ ਪ੍ਰਦੂਸ਼ਣ ਨਾਲ ਸ਼ਾਮੀ ਪੰਜ ਵਜੇ ਤੋਂ ਬਾਅਦ ਸੜਕ ਉੱਤੇ ਦਿਖਾਈ ਦੇਣਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਕਿਸਾਨਾਂ ਵੱਲੋਂ ਅੱਗ ਰਾਤ ਸਮੇਂ ਵੀ ਲਗਾਈ ਜਾਂਦੀ ਹੈ।

ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨੂੰ ਲੱਗੀ ਅੱਗ ਉੱਤੇ ਨਜ਼ਰ ਰੱਖਣ ਲਈ ਇੱਕ ਕੰਟਰੋਲ ਰੂਮ ਬਣਾਇਆ ਗਿਆ।

ਕੰਟਰੋਲ ਰੂਮ ਦੇ ਇੰਚਾਰਜ ਦੀਪਕ ਵਸ਼ਿਸਟ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਜ਼ਿਆਦਾਤਰ ਅੱਗ ਦੁਪਹਿਰ ਇੱਕ ਵਜੇ ਤੋਂ ਸ਼ਾਮੀ ਚਾਰ ਵਜੇ ਦੇ ਵਿਚਕਾਰ ਲਗਾਈ ਜਾਂਦੀ ਹੈ।

ਇਸ ਦਾ ਕਾਰਨ ਹੈ ਉਸ ਸਮੇਂ ਧੁੱਪ ਕਾਰਨ ਪਰਾਲੀ ਵਿੱਚ ਨਮੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਬੜੀ ਤੇਜ਼ੀ ਨਾਲ ਇਹ ਸੜ ਜਾਂਦੀ ਹੈ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਸਿੱਧੂ ਮੂਸੇਵਾਲਾ ਵਾਂਗ ਭਰੀ ਜਵਾਨੀ 'ਚ ਕਤਲ ਹੋਣ ਵਾਲੇ ਅਮਰੀਕੀ ਰੈਪਰ ਟੇਕਆਫ ਕਿਵੇਂ ਸ਼ੋਹਰਤ ਤੱਕ ਪਹੁੰਚੇ ਸਨ

ਅਮਰੀਕੀ ਮਸ਼ਹੂਰ ਰੈਪਰ ਟੇਕਆਫ਼ ਦੀ ਗੋਲ਼ੀਆਂ ਲੱਗਣ ਨਾਲ ਮੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੇਕਆਫ਼ ਦਾ ਪੂਰਾ ਨਾਮ ਕਿਰਸ਼ਨਿਕ ਖਾਰੀ ਬਾਲ ਸੀ

ਅਮਰੀਕਾ ਦੇ ਮਸ਼ਹੂਰ ਰੈਪਰ ਟੇਕਆਫ਼ ਦੀ ਹਿਊਸਟਨ ਵਿੱਚ ਮੰਗਲਵਾਰ ਨੂੰ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ ਮਹਿਜ਼ 28 ਸਾਲ ਸੀ।

ਟੇਕਆਫ਼ ਇੱਕ ਮਸ਼ਹੂਰ ਮਿਊਜ਼ਿਕ ਬੈਂਡ 'ਮੀਗੋਜ਼' ਦਾ ਹਿੱਸਾ ਸਨ, ਮੀਗੋਜ਼ ਬੈਂਡ ਆਪਣੀ ਪੀੜ੍ਹੀ ਦੇ ਸਭ ਤੋਂ ਪ੍ਰਭਾਵਸ਼ਾਲੀ ਬੈਂਡਾਂ ਵਿੱਚੋਂ ਇੱਕ ਰਿਹਾ ਹੈ।

ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਜਿਸ ਵੇਲੇ ਗੋਲੀਬਾਰੀ ਹੋਈ ਉਸ ਵੇਲੇ ਟੇਕਆਫ਼ 810 ਬਿਲੀਅਰਡਸ ਅਤੇ ਬੌਲਿੰਗ ਐਲੀ ਦੇ ਬਾਹਰ ਇੱਕ ਬਾਲਕੋਨੀ ਵਿੱਚ ਮੌਜੂਦ ਸਨ।

ਉਹ ਆਪਣੇ ਚਾਚੇ ਅਤੇ ਬੈਂਡਮੇਟ (ਬੈਂਡ ਦੇ ਇੱਕ ਸਾਥੀ) ਕਵਾਵੋ ਨਾਲ ਡਾਇਸ ਖੇਡ ਰਹੇ ਸਨ। ਉਸੇ ਵੇਲੇ ਸਥਾਨਕ ਸਮੇਂ ਅਨੁਸਾਰ ਲਗਭਗ 02:30 ਵਜੇ ਗੋਲੀਬਾਰੀ ਸ਼ੁਰੂ ਹੋ ਗਈ।

ਪੁਲਿਸ ਦਾ ਕਹਿਣਾ ਹੈ ਕਿ 40 ਤੋਂ 50 ਮਹਿਮਾਨ ਇੱਕ ਪ੍ਰਾਈਵੇਟ ਪਾਰਟੀ ਵਿੱਚ ਮੌਜੂਦ ਸਨ ਜਦੋਂ ਕਿਸੇ ਨੇ ਇਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਮੁਤਾਬਕ, ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਇੱਕ ਵੱਡੀ ਭੀੜ ਮੌਜੂਦ ਸੀ ਅਤੇ ਇੱਕ ਵਿਅਕਤੀ ਦੇ ਸਿਰ ਜਾਂ ਗਰਦਨ ਵਿੱਚ ਗੋਲੀ ਲੱਗੀ ਸੀ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਦੋ ਹੋਰ ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਨਿੱਜੀ ਵਾਹਨਾਂ 'ਚ ਹਸਪਤਾਲ ਲਿਜਾਇਆ ਗਿਆ। ਮੁਕੰਮਲ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਟਵਿੱਟਰ ਆਪ ਵੀ ਪੈਸੇ ਕਮਾਏਗਾ ਤੇ ਲੋਕਾਂ ਨੂੰ ਅਦਾਇਗੀ ਕਰੇਗਾ - ਇਲੋਨ ਮਸਕ ਨੇ ਜਿਹੜੇ ਬਦਲਾਅ ਕੀਤੇ

ਟਵਿੱਟਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਲੋਨ ਮਸਕ

ਬੀਤੇ ਦਿਨੀ ਇਲੋਨ ਮਸਕ ਨੇ ਟਵਿੱਟਰ ਨਾਲ ਆਪਣੀ ਡੀਲ ਮੁਕੰਮਲ ਕਰਦਿਆਂ ਹੀ, ਕੰਪਨੀ ’ਚ ਕਈ ਫ਼ੇਰ-ਬਦਲ ਕੀਤੇ।

ਇਨ੍ਹਾਂ ਵਿੱਚ ਇੱਕ ਵੱਡਾ ਬਦਲਾਅ ਕਿਸੇ ਦੀ ਸ਼ਖਸੀਅਤ ਨੂੰ ਤਸਦੀਕ ਕਰਨ ਲਈ ਕੰਪਨੀ ਵਲੋਂ ਪ੍ਰੋਫ਼ਾਈਲ ਨਾਲ ਲਗਾਏ ਜਾਣ ਵਾਲੇ ਬਲੂ ਟਿੱਕ ਵਿੱਚ ਆਇਆ। ਜਿਸ ਲਈ ਹੁਣ ਵਰਤੋਂਕਾਰ ਨੂੰ ਫ਼ੀਸ ਦੇਣੀ ਪਵੇਗੀ।

ਇਲੋਨ ਮਸਕ ਨੇ ਕਿਹਾ ਕਿ ਟਵਿੱਟਰ ਵਰਤੋਂਕਾਰ, ਜੋ ਆਪਣੇ ਨਾਮ ਨਾਲ ਟਵਿੱਟਰ ਤਸਦੀਕ (ਵੇਰੀਫ਼ਾਈ) ਚਿੰਨ੍ਹ ਬਲੂ ਟਿੱਕ ਲਗਵਾਉਣਾ ਚਾਹੁੰਦੇ ਹਨ, ਤੋਂ ਕੰਪਨੀ ਹਰ ਮਹੀਨੇ 8 ਡਾਲਰ ਵਸੂਲੇਗੀ।

ਭਾਰਤ ਦੇ ਹਿਸਾਬ ਨਾਲ ਇਹ ਫੀਸ ਪ੍ਰਤੀ ਮਹੀਨਾ ਸਾਢੇ 600 ਰੁਪਏ ਦੇ ਕਰੀਬ ਬਣਦਾ ਹੈ।

44 ਬਿਲੀਅਨ ਡਾਲਰ ਵਿੱਚ ਸੋਸ਼ਲ ਮੀਡੀਆ ਕੰਪਨੀ ਖ਼ਰੀਦਣ ਤੋਂ ਬਾਅਦ ਇਲੋਨ ਮਸਕ ਨੇ ਇਸ ਕਦਮ ਨੂੰ ਕੀਤੇ ਜਾ ਰਹੇ ਬਦਲਾਵਾਂ ਦਾ ਹਿੱਸਾ ਦੱਸਦਿਆਂ ਕਿਹਾ, " ਸਪੈਮ ਜਾਂ ਸਕੈਮ ਨੂੰ ਮਾਤ ਪਾਉਣ ਲਈ ਇਹ ਜ਼ਰੂਰੀ ਹੈ।"

ਟਵਿੱਟਰ ਵਰਤੋਂਕਾਰ ਦੇ ਨਾਮ ਨਾਲ ਇੱਕ ਬਲੂ ਟਿੱਕ ਚਿੰਨ੍ਹ, ਜੋ ਆਮ ਤੌਰ 'ਤੇ ਵੱਡੀਆਂ ਹਸਤੀਆਂ ਦੇ ਨਾਵਾਂ ਨਾਲ ਲਗਾਇਆ ਜਾਂਦਾ ਹੈ, ਹਾਲੇ ਤੱਕ ਮੁਫ਼ਤ ਸੀ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)