ਸਿੱਧੂ ਮੂਸੇਵਾਲਾ ਵਾਂਗ ਭਰੀ ਜਵਾਨੀ ’ਚ ਕਤਲ ਹੋਣ ਵਾਲੇ ਅਮਰੀਕੀ ਰੈਪਰ ਟੇਕਆਫ ਕਿਵੇਂ ਸ਼ੋਹਰਤ ਤੱਕ ਪਹੁੰਚੇ ਸਨ

ਤਸਵੀਰ ਸਰੋਤ, Getty Images
- ਲੇਖਕ, ਮਾਰਕ ਸਾਵੇਜ
- ਰੋਲ, ਸੰਗੀਤ ਪੱਤਰਕਾਰ, ਬੀਬੀਸੀ ਨਿਊਜ਼
- ਪ੍ਰਕਾਸ਼ਿਤ
ਅਮਰੀਕਾ ਦੇ ਮਸ਼ਹੂਰ ਰੈਪਰ ਟੇਕਆਫ਼ ਦੀ ਹਿਊਸਟਨ ਵਿੱਚ ਮੰਗਲਵਾਰ ਨੂੰ ਗੋਲ਼ੀਆਂ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੀ ਉਮਰ ਮਹਿਜ਼ 28 ਸਾਲ ਸੀ।
ਟੇਕਆਫ਼ ਇੱਕ ਮਸ਼ਹੂਰ ਮਿਊਜ਼ਿਕ ਬੈਂਡ 'ਮੀਗੋਜ਼' ਦਾ ਹਿੱਸਾ ਸਨ, ਮੀਗੋਜ਼ ਬੈਂਡ ਆਪਣੀ ਪੀੜ੍ਹੀ ਦੇ ਸਭ ਤੋਂ ਪ੍ਰਭਾਵਸ਼ਾਲੀ ਬੈਂਡਾਂ ਵਿੱਚੋਂ ਇੱਕ ਰਿਹਾ ਹੈ।
ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਜਿਸ ਵੇਲੇ ਗੋਲੀਬਾਰੀ ਹੋਈ ਉਸ ਵੇਲੇ ਟੇਕਆਫ਼ 810 ਬਿਲੀਅਰਡਸ ਅਤੇ ਬੌਲਿੰਗ ਐਲੀ ਦੇ ਬਾਹਰ ਇੱਕ ਬਾਲਕੋਨੀ ਵਿੱਚ ਮੌਜੂਦ ਸਨ।
ਉਹ ਆਪਣੇ ਚਾਚੇ ਅਤੇ ਬੈਂਡਮੇਟ (ਬੈਂਡ ਦੇ ਇੱਕ ਸਾਥੀ) ਕਵਾਵੋ ਨਾਲ ਡਾਇਸ ਖੇਡ ਰਹੇ ਸਨ। ਉਸੇ ਵੇਲੇ ਸਥਾਨਕ ਸਮੇਂ ਅਨੁਸਾਰ ਲਗਭਗ 02:30 ਵਜੇ ਗੋਲੀਬਾਰੀ ਸ਼ੁਰੂ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ 40 ਤੋਂ 50 ਮਹਿਮਾਨ ਇੱਕ ਪ੍ਰਾਈਵੇਟ ਪਾਰਟੀ ਵਿੱਚ ਮੌਜੂਦ ਸਨ ਜਦੋਂ ਕਿਸੇ ਨੇ ਇਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਮੁਤਾਬਕ, ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਇੱਕ ਵੱਡੀ ਭੀੜ ਮੌਜੂਦ ਸੀ ਅਤੇ ਇੱਕ ਵਿਅਕਤੀ ਦੇ ਸਿਰ ਜਾਂ ਗਰਦਨ ਵਿੱਚ ਗੋਲੀ ਲੱਗੀ ਸੀ। ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਦੋ ਹੋਰ ਲੋਕ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਨਿੱਜੀ ਵਾਹਨਾਂ 'ਚ ਹਸਪਤਾਲ ਲਿਜਾਇਆ ਗਿਆ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਤਸਵੀਰ ਸਰੋਤ, EVN
ਮੰਗਲਵਾਰ ਦੁਪਹਿਰ ਨੂੰ ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ ਤਾਂ ਜੋ ਮਾਮਲੇ ਦੀ ਸਹੀ ਜਾਂਚ ਕੀਤੀ ਜਾਵੇ।
ਉਨ੍ਹਾਂ ਕਿਹਾ, "ਕਿਰਪਾ ਕਰਕੇ ਅੱਗੇ ਆਓ, ਸਾਨੂੰ ਜਾਣਕਾਰੀ ਦੇਵੋ ਤਾਂ ਜੋ ਅਸੀਂ ਇਸ ਪਰਿਵਾਰ ਨੂੰ ਕੁਝ ਜਵਾਬ ਦੇ ਸਕੀਏ ਜੋ ਇਸ ਸਮੇਂ ਬਹੁਤ ਦੁਖੀ ਹੈ।''
ਮੌਤ ਤੋਂ ਕੁਝ ਘੰਟਿਆਂ ਪਹਿਲਾਂ 'ਸਟਾਪ ਬਰੀਦਿੰਗ' ਵਾਲੀ ਪੋਸਟ
ਆਪਣੀ ਮੌਤ ਤੋਂ ਕੁਝ ਘੰਟਿਆਂ ਪਹਿਲਾਂ ਟੇਕਆਫ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸਟੋਰੀ 'ਤੇ ਤਸਵੀਰ ਪੋਸਟ ਕੀਤੀ ਸੀ।
ਇਸ ਤਸਵੀਰ ਵਿੱਚ ਉਨ੍ਹਾਂ ਨੂੰ ਸਿਗਰਟ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਪਲੇਬੁਆਏ ਕਾਰਟੀ ਦਾ ਗਾਣਾ "ਸਟਾਪ ਬ੍ਰੀਥਿੰਗ" (ਸਾਹ ਲੈਣਾ ਬੰਦ ਕਰੋ) ਬੈਕਗ੍ਰਾਊਂਡ ਵਿੱਚ ਚੱਲਦਾ ਹੈ।

ਤਸਵੀਰ ਸਰੋਤ, Takeoff's Instagram
ਕੌਣ ਸਨ ਟੇਕਆਫ਼
ਟੇਕਆਫ਼ ਦਾ ਪੂਰਾ ਨਾਮ ਕਿਰਸ਼ਨਿਕ ਖਾਰੀ ਬਾਲ ਸੀ। ਉਨ੍ਹਾਂ ਦਾ ਜਨਮ 1994 ਵਿੱਚ ਅਮਰੀਕਾ ਦੇ ਜਾਰਜੀਆ ਸੂਬੇ 'ਚ ਲਾਰੈਂਸਵਿਲੇ ਵਿੱਚ ਹੋਇਆ ਸੀ।
ਟੇਕਆਫ਼ ਨੇ ਸਾਲ 2008 ਵਿੱਚ ਆਪਣੇ ਰੈਪਿੰਗ ਕਰੀਅਰ ਦੀ ਸ਼ੁਰੂਆਤ ਆਪਣੇ ਚਾਚਾ ਕਵਾਵੋ ਅਤੇ ਚਚੇਰੇ ਭਰਾ ਆਫਸੈੱਟ ਨਾਲ ਕੀਤੀ ਸੀ।
ਉਨ੍ਹਾਂ ਤਿੰਨਾਂ ਨੇ ਮਿਲ ਕੇ ਹਿੱਪ-ਹੋਪ ਗਰੁੱਪ 'ਮੀਗੋਜ਼' ਬਣਾਇਆ ਸੀ। ਟੇਕਆਫ਼ ਆਪਣੇ ਗਰੁੱਪ ਵਿੱਚ ਸਭ ਤੋਂ ਛੋਟੇ ਸਨ।
ਹਾਲਾਂਕਿ ਇਹ ਬੈਂਡ ਇਸੇ ਸਾਲ ਦੇ ਸ਼ੁਰੂ ਵਿੱਚ ਟੁੱਟ ਗਿਆ ਸੀ, ਪਰ ਇਸ ਬੈਂਡ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਈ ਹਿੱਟ ਗਾਣੇ ਦਿੱਤੇ ਹਨ ਜਿਵੇਂ-ਬੈਡ ਐਂਡ ਬੂਜੀ, ਵਰਸਾਚੇ ਅਤੇ ਵਾਕ ਇਟ ਟਾਕ ਇਟ।

- ਅਮਰੀਕਾ ਦੇ 28 ਸਾਲਾ ਮਸ਼ਹੂਰ ਰੈਪਰ ਟੇਕਆਫ਼ ਦੀ ਹਿਊਸਟਨ ਵਿੱਚ ਮੰਗਲਵਾਰ ਨੂੰ ਗੋਲ਼ੀਆਂ ਲੱਗਣ ਨਾਲ ਮੌਤ।
- ਟੇਕਆਫ਼ ਇੱਕ ਮਸ਼ਹੂਰ ਮਿਊਜ਼ਿਕ ਬੈਂਡ 'ਮੀਗੋਜ਼' ਦਾ ਹਿੱਸਾ ਸਨ, ਜੋ ਇਸੇ ਸਾਲ ਟੁੱਟ ਗਿਆ ਸੀ।
- ਜਿਸ ਵੇਲੇ ਇਹ ਘਟਨਾ ਵਾਪਰੀ ਟੇਕਆਫ਼ ਆਪਣੇ ਚਾਚੇ ਤੇ ਬੈਂਡ ਮੈਂਬਰ ਕਵਾਵੋ ਨਾਲ ਬਾਲਕੋਨੀ 'ਚ ਮੌਜੂਦ ਸਨ।
- ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਜਾਂਚ ਜਾਰੀ ਹੈ।
- ਮੌਤ ਤੋਂ ਕੁਝ ਘੰਟੇ ਪਹਿਲਾਂ ਟੇਕਆਫ਼ ਨੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਇੱਕ ਤਸਵੀਰ ਪੋਸਟ ਕੀਤੀ ਸੀ।
- ਇਸ ਤਸਵੀਰ ਦੇ ਨਾਲ ਉਨ੍ਹਾਂ ਨੇ "ਸਟਾਪ ਬ੍ਰੀਥਿੰਗ" ਗਾਣਾ ਲਗਾਇਆ ਸੀ।

ਇਨ੍ਹਾਂ ਤਿੰਨਾਂ ਦਾ ਪਾਲਣ ਪੋਸ਼ਣ ਇਕੱਠਿਆਂ ਹੀ ਟੇਕਆਫ਼ ਦੀ ਮਾਂ ਦੁਆਰਾ ਕੀਤਾ ਗਿਆ ਸੀ।
ਟੇਕਆਫ਼ ਆਪਣੇ ਬੈਂਡ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਸਨ ਅਤੇ ਅਕਸਰ ਜਨਤਕ ਤੌਰ 'ਤੇ ਹੋਰਾਂ ਦੀ ਤੁਲਨਾ ਵਿੱਚ ਵਧੇਰੇ ਸ਼ਾਂਤ ਰਹਿੰਦੇ ਸਨ।
ਉਨ੍ਹਾਂ ਦੇ ਸਾਥੀ ਆਫ਼ਸੈੱਟ ਨੇ 2018 ਵਿੱਚ ਰੋਲਿੰਗ ਸਟੋਨ (ਇੱਕ ਅਮਰੀਕੀ ਮਾਸਿਕ ਪਤ੍ਰਿਕਾ, ਜੋ ਸੰਗੀਤ ਜਗਤ ਨਾਲ ਸਬੰਧਿਤ ਸਮੱਗਰੀ ਛਾਪਦੀ ਹੈ) ਨੂੰ ਦੱਸਿਆ ਸੀ ਕਿ "ਉਹ ਬਹੁਤ ਜ਼ਿਆਦਾ ਵਿਸ਼ਲੇਸ਼ਣ ਕਰਦਾ ਹੈ, ਮੈਨੂੰ ਲੱਗਦਾ ਹੈ ਕਿ ਇਸੇ ਕਾਰਨ ਉਸ ਦੇ ਰੈਪ ਇੰਨੇ ਮਜ਼ਬੂਤ ਹੁੰਦੇ ਹਨ। ਉਹ ਤਾਕਤਵਰ ਹੈ।"
ਟੇਕਆਫ਼ ਤੇ ਉਨ੍ਹਾਂ ਦੇ ਬੈਂਡ ਦਾ ਸਫ਼ਰ
ਮੀਗੋਜ਼ ਬੈਂਡ ਵਿੱਚ ਟੇਕਆਫ਼ ਦੇ ਨਾਲ ਉਨ੍ਹਾਂ ਦੇ ਦੋ ਹੋਰ ਸਾਥੀ, ਉਨ੍ਹਾਂ ਦਾ ਚਚੇਰਾ ਭਰਾ ਆਫ਼ਸੈੱਟ ਅਤੇ ਚਾਚਾ ਕੁਵਾਵੋ ਸਨ। ਹਾਲਾਂਕਿ ਇਹ ਬੈਂਡ ਇਸੇ ਸਾਲ ਦੀ ਸ਼ੁਰੂਆਤ ਵਿੱਚ ਵੱਖ ਹੋ ਗਿਆ ਸੀ।
ਬੈਂਡ ਦੇ ਇਹ ਤਿੰਨੇਂ ਮੈਂਬਰ ਲਾਰੈਂਸਵਿਲੇ, ਜਾਰਜੀਆ ਵਿੱਚ ਇਕੱਠੇ ਵੱਡੇ ਹੋਏ ਅਤੇ ਰਾਜਧਾਨੀ, ਅਟਲਾਂਟਾ ਪਹੁੰਚੇ ਜੋ ਕਿ ਰੈਪ ਸੰਗੀਤ ਦਾ ਘਰ ਮੰਨਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਟੇਕਆਫ ਨੇ ਕਿਹਾ ਸੀ ਕਿ ਬੈਂਡ ਬਣਾਉਣ ਦਾ ਮੁੱਖ ਮੰਤਵ ਸੰਗੀਤ ਸੀ ਤੇ ਗਰੀਬੀ ਤੋਂ ਬਚਣ ਦਾ ਰਸਤਾ ਵੀ।
ਉਨ੍ਹਾਂ ਨੇ ਦਿ ਫੈਡਰ ਪਤ੍ਰਿਕਾ ਨੂੰ ਇੱਕ ਵਾਰ ਦੱਸਿਆ ਸੀ, "ਵੱਡਾ ਹੁੰਦੇ ਹੋਏ ਮੈਂ ਸੰਗੀਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੇ ਕੋਲ ਕਰਨ ਲਈ ਹੋਰ ਕੁਝ ਨਹੀਂ ਸੀ।''
ਉਨ੍ਹਾਂ ਦੱਸਿਆ ਸੀ, "ਆਪਣੇ ਖਾਲੀ ਸਮੇਂ ਵਿੱਚ, ਮੈਂ ਆਪਣੇ ਆਪ ਨੂੰ ਰਿਕਾਰਡ ਕਰਦਾ। ਇੱਕ ਬੀਟ ਲੱਭਦਾ... ਬਸ ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ, ਆਪਣੇ ਆਪ ਲਈ। ਮੈਂ ਇੰਤਜ਼ਾਰ ਕਰਦਾ ਕਿ ਕਦੋਂ ਕਵਾਵੋ ਫੁੱਟਬਾਲ ਦੇ ਅਭਿਆਸ ਤੋਂ ਵਾਪਸ ਆਉਣ ਤੇ ਮੈਂ ਉਨ੍ਹਾਂ ਨੂੰ ਆਪਣਾ ਗੀਤ ਸੁਣਾਵਾਂ।''
ਟੇਕਆਫ਼ ਹੋਰਾਂ ਦੇ ਬੈਂਡ ਨੂੰ ਪਹਿਲਾਂ ਪੋਲੋ ਕਲੱਬ ਕਿਹਾ ਜਾਂਦਾ ਸੀ। ਇਸ ਬੈਂਡ ਨੇ ਸਾਲ 2010 ਵਿੱਚ 'ਮੀਗੋਜ਼' ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ, ਅਤੇ ਇਨ੍ਹਾਂ ਦਾ ਪਹਿਲਾ ਹਿੱਟ ਗੀਤ 'ਵਰਸਾਚੇ' ਸੀ।
ਟੇਕਆਫ਼ ਨੇ ਆਪਣੇ ਬੈਂਡ ਨਾਲ 2021 ਵਿੱਚ ਇੱਕ ਹੋਰ ਐਲਬਮ ਕੱਢਣ ਤੋਂ ਪਹਿਲਾਂ, ਸਾਲ 2018 ਵਿੱਚ ਆਪਣੀ ਇੱਕ ਸੋਲੋ ਐਲਬਮ 'ਦ ਲਾਸਟ ਰਾਕੇਟ' ਵੀ ਰਿਲੀਜ਼ ਕੀਤੀ ਸੀ।

ਤਸਵੀਰ ਸਰੋਤ, Getty Images
ਜਦੋਂ ਟੇਕਆਫ਼ ਨੂੰ ਜੇਲ੍ਹ ਜਾਣਾ ਪਿਆ
ਸਾਲ 2015 ਵਿੱਚ ਜਾਰਜੀਆ ਸਟੇਟ ਯੂਨੀਵਰਸਿਟੀ ਵਿੱਚ ਇੱਕ ਸ਼ੋਅ ਤੋਂ ਬਾਅਦ ਟੇਕਆਫ਼ ਦੇ ਗਰੁੱਪ ਦੀ ਬੱਸ 'ਤੇ ਪੁਲਿਸ ਦਾ ਛਾਪਾ ਪਿਆ ਅਤੇ ਟੇਕਆਫ਼ ਨੂੰ ਜੇਲ੍ਹ ਵੀ ਜਾਣਾ ਪਿਆ।
ਉਨ੍ਹਾਂ ਦੀ ਇਸ ਗ੍ਰਿਫ਼ਤਾਰੀ ਨਾਲ ਉਨ੍ਹਾਂ ਦੇ ਸਟਾਰਡਮ ਉੱਤੇ ਵੀ ਖਾਸਾ ਪ੍ਰਭਾਵ ਪਿਆ ਸੀ।
ਫਿਰ ਉਸੇ ਸਾਲ ਬਾਅਦ ਵਿੱਚ, ਇਸ ਤਿਕੜੀ ਨੇ 'ਬੈਕ ਟੂ ਦਾ ਬੈਂਡੋ' ਦਾ ਮਿਕਸਟੇਪ ਜਾਰੀ ਕੀਤਾ, ਜਿਸ ਵਿੱਚ ਹਿੱਟ ਗੀਤ 'ਲੁੱਕ ਐਟ ਮਾਈ ਡੈਬ' ਸ਼ਾਮਲ ਸੀ।
ਇਸ ਗੀਤ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਫ਼ੈਨਜ਼ ਵਿੱਚ ਮਸ਼ਹੂਰ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਡੈਬਿੰਗ ਡਾਂਸ ਵੀ ਕਾਫ਼ੀ ਪ੍ਰਸਿੱਧ ਹੋਇਆ, ਜਿਸ ਨੂੰ ਬਾਅਦ ਵਿੱਚ ਅਥਲੀਟਾਂ ਅਤੇ ਇੱਥੋਂ ਤੱਕ ਕਿ ਸਿਆਸਤਦਾਨਾਂ ਨੇ ਵੀ ਫਾਲੋ ਕੀਤਾ।
ਉਹ 2016 ਵਿੱਚ 'ਬੈਡ ਐਂਡ ਬੂਜੀ' ਦੇ ਨਾਲ ਇਹ ਬੈਂਡ ਹੋਰ ਪ੍ਰਸਿੱਧ ਹੋ ਗਿਆ। ਰਿਲੀਜ਼ ਹੋਣ ਤੋਂ ਦੋ ਮਹੀਨਿਆਂ ਬਾਅਦ ਇਹ ਗੀਤ ਯੂਐੱਸ ਚਾਰਟ ਵਿੱਚ ਟਾਪ 'ਤੇ ਰਿਹਾ।
ਸਾਲ 2017 ਵਿੱਚ ਅਦਾਕਾਰ ਅਤੇ ਰੈਪਰ ਡੋਨਾਲਡ ਗਲੋਵਰ ਨੇ ਗੋਲਡਨ ਗਲੋਬ ਅਵਾਰਡਜ਼ ਵਿੱਚ ਆਪਣੇ ਇੱਕ ਭਾਸ਼ਣ ਦੌਰਾਨ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਉਹ [ਮੀਗੋਜ਼] ਇਸ ਪੀੜ੍ਹੀ ਦੇ ਬੀਟਲਸ ਹਨ।"
ਆਪਣੀ ਇਸ ਐਲਬਮ ਦੇ ਹਿੱਟ ਹੋਣ ਤੋਂ ਬਾਅਦ ਇਸ ਬੈਂਡ ਨੇ ਹੋਰ ਐਲਬਮ ਰਿਲੀਜ਼ ਕੀਤੀ ਜੋ ਕਿ ਯੂਕੇ ਵਿੱਚ ਵੀ ਟਾਪ 10 'ਚ ਰਹੀ।

ਇਹ ਵੀ ਪੜ੍ਹੋ-

ਇਸੇ ਸਾਲ ਟੁੱਟਿਆ ਬੈਂਡ
ਆਫਸੈੱਟ ਨਾਲ ਅਸਹਿਮਤੀ ਦੇ ਬਾਅਦ ਇਹ ਬੈਂਡ ਇਸ ਸਾਲ ਦੇ ਸ਼ੁਰੂ ਵਿੱਚ ਵੱਖ ਹੋ ਗਿਆ ਸੀ।
ਬੈਂਡ ਮੈਂਬਰ ਕਵਾਵੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਬਿਗ ਫੈਕਟ ਪੋਡਕਾਸਟ ਨੂੰ ਕਿਹਾ ਸੀ, "ਅਸੀਂ ਵਫ਼ਾਦਾਰੀ ਦੀ ਗੱਲ ਕਰਦੇ ਹਾਂ ਅਤੇ ਕਈ ਵਾਰ ਇਹ ... ਪ੍ਰਦਰਸ਼ਿਤ ਨਹੀਂ ਹੁੰਦਾ।''
''ਇਸ ਦਾ ਕਿਸੇ ਲੇਬਲ, ਕਿਸੇ ਕਾਗਜ਼ੀ ਕਾਰਵਾਈ ਆਦਿ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਇਹ ਤਿੰਨ ਭਰਾਵਾਂ ਦੀ ਗੱਲ ਹੈ।''
ਟੇਕਆਫ਼ ਅਤੇ ਕਵਾਵੋ ਨੇ ਇੱਕ ਦੂਜੇ ਨਾਲ ਕੰਮ ਕਰਨਾ ਜਾਰੀ ਰੱਖਿਆ ਅਤੇ ਇੱਕ ਐਲਬਮ ਵੀ ਰਿਲੀਜ਼ ਕੀਤੀ, ਜੋ ਪਿਛਲੇ ਮਹੀਨੇ ਯੂਐੱਸ ਚਾਰਟ ਵਿੱਚ ਸੱਤਵੇਂ ਨੰਬਰ 'ਤੇ ਪਹੁੰਚ ਗਈ ਸੀ।

ਤਸਵੀਰ ਸਰੋਤ, Aaron J. Thornton
ਟੇਕਆਫ਼ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਇਸ ਜੋੜੀ ਨੇ ਇੱਕ ਹੈਲੋਵੀਨ-ਥੀਮ ਵਾਲਾ ਵੀਡੀਓ ਵੀ ਜਾਰੀ ਕੀਤਾ ਸੀ।
ਉਨ੍ਹਾਂ ਦੀ ਮੌਤ ਤੋਂ ਬਾਅਦ ਹਿੱਪ-ਹੌਪ ਜਗਤ ਦੇ ਸਿਤਾਰੇ ਅਤੇ ਪ੍ਰਸ਼ੰਸਕ ਉਨ੍ਹਾਂ ਨੇ ਸ਼ਰਧਾਂਜਲੀ ਦੇ ਰਹੇ ਹਨ।
ਟੇਕਆਫ ਦੇ ਵਕੀਲ ਡ੍ਰਿਊ ਫਾਇੰਦਡਲਿੰਗ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਰੈਪਰ ਦੀ ਮੌਤ "ਇੱਕ ਬਹੁਤ ਵੱਡਾ ਘਾਟਾ ਹੈ, ਖਾਸ ਕਰਕੇ ਅਟਲਾਂਟਾ ਲਈ", ਜੋ ਕਿ ਟੇਕਆਫ਼ ਦਾ ਜੱਦੀ ਸ਼ਹਿਰ ਹੈ।
ਉਨ੍ਹਾਂ ਕਿਹਾ ਕਿ ਅਜੇ ਤਾਂ "ਦੁਨੀਆਂ ਨੇ ਟੇਕਆਫ ਬਾਰੇ ਜਾਣਨਾ ਹੀ ਸ਼ੁਰੂ ਕੀਤਾ ਸੀ। ਇਹੀ ਉਨ੍ਹਾਂ ਦੇ ਚਮਕਣ ਦਾ ਸਮਾਂ ਸੀ।"

ਇਹ ਵੀ ਪੜ੍ਹੋ-













