You’re viewing a text-only version of this website that uses less data. View the main version of the website including all images and videos.
ਲਖੀਮਪੁਰ ਖੀਰੀ ਵਿੱਚ ਦੋ ਦਲਿਤ ਕੁੜੀਆਂ ਦੇ ਕਤਲ ਦੇ ਮਾਮਲੇ 'ਚ ਪਰਿਵਾਰ ਦਾ ਕੀ ਕਹਿਣਾ ਹੈ - ਗਰਾਉਂਡ ਰਿਪੋਰਟ
- ਲੇਖਕ, ਪ੍ਰਸ਼ਾਂਤ ਪਾਂਡੇ
- ਰੋਲ, ਬੀਬੀਸੀ ਲਈ, ਲਖੀਮਪੁਰ ਤੋਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
"ਸਾਡੀ ਧੀ ਨੂੰ ਕਿਉਂ ਮਾਰ ਦਿੱਤਾ, ਹਾਏ ਮੇਰੀਏ ਧੀਏ ਤੂੰ ਕਿੱਥੇ ਚਲੀ ਗਈ?"
ਰਿਸ਼ਤੇਦਾਰ ਅਤੇ ਹੋਰ ਸਾਕਸਬੰਧੀ ਮਾਂ ਨੂੰ ਹੌਸਲਾ ਦਵਾਉਂਦੇ ਹਨ ਪਰ ਮਾਂ ਦਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦੀਆਂ ਧੀਆਂ ਦਾ ਇਸ ਤਰ੍ਹਾਂ ਕਤਲ ਹੋ ਗਿਆ ਹੈ।
"ਜਾਨ ਕਿਉਂ ਲੈ ਲਈ ਦੋਨਾਂ ਦੀ?" "ਪੁਲਿਸ ਖ਼ੁਦ ਮਿਲੀ ਹੋਈ ਹੈ ਸਾਰਿਆਂ ਨਾਲ" ਇਹ ਕਹਿੰਦੇ-ਕਹਿੰਦੇ ਦੋਨਾਂ ਨਾਬਾਲਗ ਕੁੜੀਆਂ ਦੀ ਮਾਂ ਗਛ ਖਾ ਕੇ ਡਿੱਗ ਪੈਂਦੀ ਹੈ।
ਵੀਰਵਾਰ ਨੂੰ ਪੂਰੇ ਪਰਿਵਾਰ ਦਾ ਇਹੋ ਹਾਲ ਰਿਹਾ। ਮਜ਼ਦੂਰ ਪਿਤਾ ਪੋਸਟਮਾਰਟਮ ਲਈ ਦਿਨ ਭਰ ਭੱਜ ਨੱਠ ਕਰਦਾ ਰਿਹਾ, ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੋਸਟਮਾਰਟਮ ਰਿਪੋਰਟ ਵਿੱਚ ਬਲਾਤਕਾਰ ਅਤੇ ਗਲਾ ਦਬਾਉਣ ਦੀ ਪੁਸ਼ਟੀ ਹੋਈ ਹੈ।
ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਘਰ ਪਹੁੰਚੀਆਂ
ਵੀਰਵਾਰ ਸ਼ਾਮ ਨੂੰ ਤਿੰਨ ਡਾਕਟਰਾਂ ਦੇ ਪੈਨਲ ਨੇ ਦੋਵਾਂ ਕੁੜੀਆਂ ਦਾ ਪੋਸਟਮਾਰਟਮ ਕੀਤਾ। ਇਸ ਦੀ ਵੀਡੀਓਗਰਾਫ਼ੀ ਵੀ ਹੋਈ। ਪੋਸਟਮਾਰਟਮ ਤੋਂ ਬਾਅਦ ਭਾਰੀ ਸੁਰੱਖਿਆ ਵਿੱਚ ਦੋਵਾਂ ਲਾਸ਼ਾਂ ਨੂੰ ਲਖੀਮਪੁਰ ਖੀਰੀ ਤੋਂ ਉਹਨਾਂ ਦੇ ਪਿੰਡ ਲਿਆਂਦਾ ਗਿਆ ਪਰ ਪਰਿਵਾਰ ਅੰਤਿਮ ਸਸਕਾਰ ਲਈ ਤਿਆਰ ਨਹੀਂ ਹੋ ਰਿਹਾ ਸੀ।
ਦੋਵਾਂ ਭੈਣਾਂ (15 ਅਤੇ 17 ਸਾਲ) ਦਾ ਸੰਸਕਾਰ ਉਸ ਸਮੇਂ ਤੱਕ ਨਹੀਂ ਹੋਇਆ ਜਦੋਂ ਤੱਕ ਸਥਾਨਕ ਪ੍ਰਸ਼ਾਸ਼ਨ ਅਤੇ ਪਰਿਵਾਰ ਵਿਚਕਾਰ ਲਿਖਤੀ ਸਮਝੌਤਾ ਨਹੀਂ ਹੋਇਆ।
ਨਿਘਾਸ਼ਨ ਦੇ ਐੱਸਡੀਐੱਮ ਰਾਜੇਸ਼ ਕੁਮਾਰ ਅਤੇ ਲਖੀਮਪੁਰ ਖੀਰੀ ਦੇ ਏਐੱਸਪੀ ਅਰੁਨ ਕੁਮਾਰ ਸਿੰਘ ਨੇ ਮ੍ਰਿਤਕਾਂ ਦੇ ਪਿਤਾ ਨੂੰ ਇੱਕ ਲਿਖਤੀ ਭਰੋਸਾ ਪੱਤਰ ਸੌਂਪਿਆ।
ਇਸ ਸਮਝੌਤੇ ਅਨੁਸਾਰ (ਐੱਸਸੀ/ਐਸਟੀ ਐਕਟ ਤਹਿਤ) ਦੋਵਾਂ ਕੁੜੀਆਂ ਲਈ ਅੱਠ-ਅੱਠ ਲੱਖ ਰੁਪਏ ਯਾਨੀ ਕੁੱਲ 16 ਲੱਖ ਰੁਪਏ 16 ਸਤੰਬਰ (ਸ਼ੁੱਕਰਵਾਰ) ਤੱਕ ਬੈਂਕ ਵਿੱਚ ਟਰਾਂਸਫਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਰਾਣੀ ਲਕਸ਼ਮੀ ਬਾਈ ਯੋਜਨਾ ਰਾਹੀਂ ਮਦਦ ਦੇਣ, ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਹੋਰ ਵਿੱਤੀ ਸਹਾਇਤਾ ਦੇਣ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਇਸ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਅਤੇ ਜਲਦੀ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਅਦਾਲਤ ਵਿੱਚ ਪੈਰਵੀ ਕੀਤੀ ਜਾਵੇਗੀ।
ਇਸ ਤੋਂ ਬਾਅਦ ਸਥਾਨਕ ਐੱਸਡੀਐਮ ਨੇ ਬੰਦ ਕਮਰੇ ਵਿੱਚ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਦੋਵਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ:-
ਘਰ ਦਾ ਮਹੌਲ
ਇਸ ਤੋਂ ਪਹਿਲਾਂ ਵੀਰਵਾਰ ਨੂੰ ਮੀਂਹ ਦੌਰਾਨ ਲੋਹੀਆ ਨਿਵਾਸ ਯੋਜਨਾ ਤਹਿਤ ਮਿਲੇ ਘਰ ਵਿੱਚ ਪਰਿਵਾਰ ਦੇ ਦੂਰ-ਦੁਰਾਡੇ ਦੇ ਰਿਸ਼ਤੇਦਾਰਾਂ, ਪੁਲਿਸ ਕਰਮਚਾਰੀਆਂ ਅਤੇ ਮੀਡੀਆ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਸੀ।
ਲਖੀਮਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ 61 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਘਰ ਦੇ ਬਾਹਰ ਚੀਕਾਂ ਅਤੇ ਮਾਤਮ ਨਾਲ ਮਾਹੌਲ ਗਮਗੀਨ ਹੋ ਗਿਆ ਸੀ। ਕਈ ਵਾਰ ਕਾਰ ਅਤੇ ਸਾਇਰਨ ਦੀਆਂ ਆਵਾਜ਼ਾਂ ਇਨ੍ਹਾਂ ਚੀਕਾਂ ਨੂੰ ਥੋੜ੍ਹਾ ਸ਼ਾਂਤ ਕਰ ਦਿੰਦੀਆਂ ਸਨ।
ਪਿੰਡ ਦੇ ਉੱਤਰ ਵੱਲ ਗੰਨੇ ਦੇ ਖੇਤਾਂ ਨੇੜੇ ਪਰਿਵਾਰ ਦਾ ਘਰ ਹੈ। ਇਨ੍ਹਾਂ ਖੇਤਾਂ ਵਿੱਚ ਬੁੱਧਵਾਰ ਨੂੰ ਦੋਵੇਂ ਨਾਬਾਲਗ ਕੁੜੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ ਸਨ। ਦੋਵਾਂ ਭੈਣਾਂ ਦੀਆਂ ਲਾਸ਼ਾਂ ਇੱਕੋ ਦੁਪੱਟੇ ਨਾਲ ਲਟਕ ਰਹੀਆਂ ਸਨ।
ਪਿੰਡ ਦੇ ਰਹਿਣ ਵਾਲੇ ਰਾਜੂ ਦਾ ਕਹਿਣਾ ਹੈ, "ਸ਼ਾਮ 4.30 ਵਜੇ ਤੋਂ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ। ਪਹਿਲਾਂ ਤਾਂ ਪਿੰਡ ਦੇ ਚਾਰ-ਪੰਜ ਲੋਕ ਭਾਲ ਰਹੇ ਸੀ ਜਦੋਂ ਉਨ੍ਹਾਂ ਦਾ ਕੋਈ ਪਤਾ ਨਾ ਲੱਗਾ ਤਾਂ 15-20 ਲੋਕ ਬਾਹਰ ਨਿਕਲੇ। ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕੀਆਂ ਮਿਲੀਆਂ।"
ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਨਿਘਾਸਨ ਕੋਤਵਾਲੀ ਵਿਖੇ ਕਤਲ, ਗੈਰ-ਕਾਨੂੰਨੀ ਢੰਗ ਨਾਲ ਘਰ 'ਚ ਦਾਖਲ ਹੋਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਬੁੱਧਵਾਰ ਨੂੰ ਕੁੜੀਆਂ ਦੀ ਮਾਂ ਨੇ ਦੱਸਿਆ ਸੀ ਕਿ ''ਇੱਕ ਮੋਟਰਸਾਇਕਲ 'ਤੇ ਸਵਾਰ ਤਿੰਨ ਮੁੰਡੇ ਕੁੜੀਆਂ ਨੂੰ ਜ਼ਬਰਦਸਤੀ ਲੈ ਗਏ ਸਨ। ਇਸ ਸ਼ਿਕਾਇਤ ਤੋਂ ਬਾਅਦ ਇਲਾਕੇ ਦੇ ਆਈਜੀ ਲਕਸ਼ਮੀ ਸਿੰਘ ਨੇ ਖੁਦ ਲਖੀਮਪੁਰ ਜਾ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ। ਉਹ ਖੁਦ ਘਟਨਾ ਵਾਲੇ ਸਥਾਨ ਉਪਰ ਗਏ ਸੀ।
24 ਘੰਟਿਆਂ ਦੇ ਅੰਦਰ ਵੀਰਵਾਰ ਨੂੰ ਖੀਰੀ ਦੇ ਐੱਸਪੀ ਸੰਜੀਵ ਸੁਮਨ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ, "ਨੇੜੇ ਦੇ ਪਿੰਡ ਲਾਲਪੁਰ ਦੇ ਇੱਕ ਹੋਰ ਭਾਈਚਾਰੇ ਦੇ ਪੰਜ ਮੁੰਡਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪਿੰਡ ਦੇ ਇੱਕ ਮੁੰਡੇ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ।"
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
- ਦੋ ਸਕੀਆਂ ਨਾਬਾਲਗ ਦਲਿਤ ਭੈਣਾਂ ਦੀਆਂ ਲਾਸ਼ਾਂ ਲਖੀਮਪੁਰ ਖੀਰੀ ਵਿੱਚ ਦਰੱਖਤ ਨਾਲ ਲਟਕਦੀਆਂ ਮਿਲੀਆਂ
- ਪਰਿਵਾਰ ਵੱਲੋਂ ਅਗਵਾ ਅਤੇ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ
- ਪੁਲਿਸ ਵੱਲੋਂ ਛੇ ਮੁਲਜ਼ਮ ਗ੍ਰਿਫ਼ਤਾਰ, ਜਾਂਚ ਸ਼ੁਰੂ
- ਇਲਾਕੇ 'ਚ ਰੋਸ ਅਤੇ ਤਣਾਅ ਦਾ ਮਾਹੌਲ
- ਅਖਿਲੇਸ਼, ਮਾਇਆਵਤੀ ਅਤੇ ਪ੍ਰਿਅੰਕਾ ਗਾਂਧੀ ਨੇ ਯੂਪੀ ਸਰਕਾਰ 'ਤੇ ਉਠਾਏ ਸਵਾਲ
ਭਰਾਵਾਂ ਵੱਲੋਂ ਪੁਲਿਸ ਦੀ ਥਿਊਰੀ 'ਤੇ ਸਵਾਲ
ਕੁੜੀਆਂ ਦੇ ਪਰਿਵਾਰ ਵਾਲੇ ਆਮ ਮਜ਼ਦੂਰ ਹਨ । ਉਹਨਾਂ ਦੇ ਪਿਤਾ ਕੋਲ ਕੋਈ ਜ਼ਮੀਨ ਨਹੀਂ ਹੈ। ਅਖਿਲੇਸ਼ ਯਾਦਵ ਦੀ ਸਰਕਾਰ ਵਿੱਚ ਲੋਹੀਆ ਅਵਾਸ ਯੋਜਨਾ ਤਹਿਤ ਪਰਿਵਾਰ ਨੂੰ ਦੋ ਕਮਰਿਆਂ ਦਾ ਪੱਕਾ ਮਕਾਨ ਮਿਲਿਆ ਸੀ।
ਪਿੰਡ ਦੀ ਆਬਾਦੀ ਦੋ ਹਜ਼ਾਰ ਦੇ ਕਰੀਬ ਹੈ ਜਿਸ ਵਿੱਚ ਦਲਿਤਾਂ ਦੀ ਆਬਾਦੀ ਸਭ ਤੋਂ ਵੱਧ ਹੈ। ਪਿੰਡ ਵਿੱਚ ਦਲਿਤਾਂ ਦੀ ਆਬਾਦੀ 500 ਤੋਂ ਵੱਧ ਹੈ। ਪਰ ਜ਼ਿਆਦਾਤਰ ਪਰਿਵਾਰ ਬੇਜ਼ਮੀਨੇ ਮਜ਼ਦੂਰ ਹਨ ਅਤੇ ਦਿਹਾੜੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।
ਮ੍ਰਿਤਕਾਂ ਦੇ ਦੋ ਭਰਾ ਹਨ ਜੋ ਦਿੱਲੀ ਦੀ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ। ਉਹਨਾਂ ਦੀ ਵੱਡੀ ਭੈਣ ਦਾ ਵਿਆਹ ਨੇੜਲੇ ਪਿੰਡ ਵਿੱਚ ਹੋਇਆ ਹੈ। ਬੁੱਧਵਾਰ ਨੂੰ ਦੋਵੇਂ ਭਰਾ ਦਿੱਲੀ ਵਿੱਚ ਸਨ। ਪਿਤਾ ਕੰਮ 'ਤੇ ਗਿਆ ਹੋਇਆ ਸੀ। ਮਾਂ ਘਰ ਵਿੱਚ ਇਕੱਲੀ ਸੀ। ਮਾਂ ਦੇ ਦੱਸਣ ਮੁਤਾਬਕ ਮੋਟਰਸਾਇਕਲ ਸਵਾਰ ਮੁੰਡੇ ਕੁੜੀਆਂ ਨੂੰ ਬਾਈਕ 'ਤੇ ਬਿਠਾ ਕੇ ਲੈ ਗਏ।
ਕੁਝ ਸਮੇਂ ਬਾਅਦ ਜਦੋਂ ਤਲਾਸ਼ੀ ਸ਼ੁਰੂ ਕੀਤੀ ਤਾਂ ਪਿੰਡ ਲਾਲਪੁਰ ਨੂੰ ਜਾਂਦੀ ਮੇਨ ਆਦਬਾਨੀ ਰੋਡ ਦੇ ਅੰਦਰ ਗੰਨੇ ਦੇ ਖੇਤ ਵਿੱਚ ਕੁੜੀਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ।
ਲਖੀਮਪੁਰ ਖੀਰੀ ਪੁਲਿਸ ਨੇ ਪਿੰਡ ਲਾਲਾਪੁਰ ਤੋਂ ਪੰਜ ਮੁਲਜ਼ਮਾਂ ਅਤੇ ਮ੍ਰਿਤਕ ਦੇ ਪਿੰਡ ਵਿੱਚੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਪੀ ਸੰਜੀਵ ਸੁਮਨ ਨੇ ਦੱਸਿਆ, "ਕੁੜੀਆਂ ਦੀ ਜੁਨੈਦ ਅਤੇ ਉਸਦੇ ਸਾਥੀਆਂ ਨਾਲ ਹਾਲ ਹੀ ਵਿੱਚ ਦੋਸਤੀ ਹੋਈ ਸੀ। ਦੋਸ਼ੀ ਨੇ ਕੁੜੀ ਨੂੰ ਵਰਗਲਾ ਕੇ ਭਜਾ ਲਿਆ ਸੀ। ਪਹਿਲਾਂ ਬਲਾਤਕਾਰ ਕੀਤਾ, ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਦੁਪੱਟੇ ਨਾਲ ਲਟਕਾ ਦਿੱਤਾ।"
"ਇਸ ਤੋਂ ਬਾਅਦ ਦੋ ਹੋਰ ਸਾਥੀਆਂ ਨੂੰ ਬੁਲਾਇਆ ਗਿਆ। ਹਾਲੇ ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ। ਮੁਲਜ਼ਮਾਂ ਦੇ ਕੱਪੜੇ ਫੋਰੈਂਸਿਕ ਜਾਂਚ ਲਈ ਭੇਜੇ ਜਾ ਰਹੇ ਹਨ।"
ਦਿੱਲੀ ਤੋਂ ਰਾਤ ਭਰ ਸਫ਼ਰ ਕਰਕੇ ਪਿੰਡ ਪਹੁੰਚੇ ਕੁੜੀਆਂ ਦੇ ਭਰਾਵਾਂ ਨੇ ਪੁਲਿਸ ਦੀ ਥਿਊਰੀ 'ਤੇ ਸਵਾਲ ਉਠਾਉਂਦਿਆਂ ਕਿਹਾ, "ਪੁਲਿਸ ਕਹਿ ਰਹੀ ਹੈ ਕਿ ਦੋਵੇਂ ਭੈਣਾਂ ਰਜ਼ਾਮੰਦੀ ਨਾਲ ਗਈਆਂ ਸਨ ਪਰ ਜੇ ਉਹ ਆਪਣੀ ਸਹਿਮਤੀ ਨਾਲ ਗਈਆਂ ਸਨ ਤਾਂ ਮੁੰਡਿਆਂ ਨੇ ਉਨ੍ਹਾਂ ਨੂੰ ਕਿਉਂ ਮਾਰਿਆ? ਮੈਨੂੰ ਕੁਝ ਸਮਝ ਨਹੀਂ ਆ ਰਿਹਾ।"
ਉਹ ਹੱਥ ਜੋੜ ਕੇ ਕਹਿਣ ਲੱਗਦੇ ਹਨ, "ਕਿਰਪਾ ਕਰਕੇ ਸਾਨੂੰ ਇਕੱਲਾ ਛੱਡ ਦਿਓ।"
ਮੁਲਜ਼ਮਾਂ ਦੇ ਪਰਿਵਾਰਾਂ ਦਾ ਕੀ ਕਹਿਣਾ ਹੈ?
ਕਤਲ ਦੇ ਕਥਿਤ ਦੋਸ਼ ਵਿੱਚ ਪਿੰਡ ਲਾਲਪੁਰ ਦੇ ਰਹਿਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਮ੍ਰਿਤਕ ਭੈਣਾਂ ਦੇ ਪਿੰਡ ਤੋਂ ਲਾਲਪੁਰ ਦੀ ਦੂਰੀ ਦੋ ਕਿਲੋਮੀਟਰ ਦੇ ਕਰੀਬ ਹੈ।
ਮੁੱਖ ਦੋਸ਼ੀ ਜੁਨੈਦ (ਪੁਲਿਸ ਅਨੁਸਾਰ) ਦਾ 65 ਸਾਲਾ ਬਾਬਾ ਆਪਣੇ ਘਰ ਕੰਬਲ ਲੈ ਕੇ ਚੁੱਪਚਾਪ ਬੈਠਾ ਸੀ।
ਉਸ ਨੇ ਦੱਸਿਆ, "ਮੇਰਾ ਪੋਤਾ ਹੈਦਰਾਬਾਦ 'ਚ ਗਰਿੱਲ ਬਣਾਉਣ ਦਾ ਕੰਮ ਕਰਦਾ ਸੀ। ਉਹ ਛੇ ਮਹੀਨੇ ਪਹਿਲਾਂ ਗਿਆ ਸੀ ਅਤੇ ਮੁਹਰਮ 'ਤੇ ਆਇਆ ਸੀ। ਕੱਲ੍ਹ ਉਹ ਤਮੋਲੀਪੁਰਵਾ ਪੈਸੇ ਲੈਣ ਗਿਆ ਸੀ ਅਤੇ ਚਾਰ ਵਜੇ ਵਾਪਸ ਆ ਗਿਆ ਸੀ।"
"ਫਿਰ ਜੁਨੈਦ ਦੀ ਦਿੱਲੀ ਦੀ ਟਿਕਟ ਸੀ ਤਾਂ ਉਹ ਚਲਾ ਗਿਆ। ਰਾਤ 11 ਵਜੇ ਪੁਲਿਸ ਆਈ ਅਤੇ ਜੁਨੈਦ ਦੇ ਪਿਤਾ ਇਜ਼ਰਾਈਲ ਨੂੰ ਲੈ ਗਈ। ਇਸ ਤੋਂ ਬਾਅਦ ਪਿਤਾ ਨੇ ਫੋਨ ਕਰਕੇ ਉਸ ਨੂੰ ਵਾਪਸ ਬੁਲਾਇਆ। ਜਿਸ ਤੋਂ ਬਾਅਦ ਸਾਨੂੰ ਇਸ ਘਟਨਾ ਦਾ ਪਤਾ ਲੱਗਾ।
ਮੁੱਖ ਮੁਲਜ਼ਮ ਦਾ ਪਿਤਾ ਵੀ ਪੁਲਿਸ ਹਿਰਾਸਤ ਵਿੱਚ ਹੈ ਜਦਕਿ ਉਸਦੇ ਬਾਬੇ ਨੇ ਆਪਣੇ ਪੋਤੇ ਦਾ ਆਧਾਰ ਕਾਰਡ ਦਿਖਾਉਂਦੇ ਹੋਏ ਦਾਅਵਾ ਕੀਤਾ, "ਪੁਲਿਸ ਇਹਨਾਂ ਮੁੰਡਿਆਂ ਨੂੰ ਫਸਾ ਰਹੀ ਹੈ। ਸਾਰੇ ਨਾਬਾਲਗ ਹਨ।"
ਮੁੱਖ ਮੁਲਜ਼ਮ ਦੇ ਘਰ ਤੋਂ ਥੋੜ੍ਹਾ ਅੱਗੇ ਦੂਜੇ ਮੁਲਜ਼ਮਾਂ ਦੇ ਘਰ ਹਨ। ਮਜ਼ਦੂਰੀ ਪੇਸ਼ੇ ਵਾਲੇ ਪਰਿਵਾਰ ਨਾਲ ਸਬੰਧਤ ਇਹ ਸਾਰੇ ਮੁਲਜ਼ਮ ਹੈਦਰਾਬਾਦ ਅਤੇ ਗੁਜਰਾਤ ਵਿੱਚ ਕੰਮ ਕਰਦੇ ਹਨ।
ਇਹਨਾਂ ਵਿੱਚੋਂ ਦੋ ਮੁਲਜ਼ਮ ਚਚੇਰੇ ਭਰਾ ਹਨ। ਦੋਨਾਂ ਦੀ ਦਾਦੀ ਦੁਪੱਟੇ ਨਾਲ ਹੰਝੂ ਪੂੰਝਦੀ ਹੋਈ ਕਹਿੰਦੀ ਹੈ, "ਦੋਵੇਂ ਘਰ ਵਿੱਚ ਸੌਂ ਰਹੇ ਸੀ। ਸਵੇਰੇ ਪੁਲਿਸ ਆਈ ਅਤੇ ਉਹਨਾਂ ਨੂੰ ਚੁੱਕ ਕੇ ਲੈ ਗਈ।"
ਇੱਕ ਹੋਰ ਮੁਲਜ਼ਮ ਦੀ ਮਾਂ ਨੇ ਕਿਹਾ, "ਬੇਟਾ ਕੱਲ੍ਹ ਪੈਸੇ ਇਕੱਠੇ ਕਰਨ ਗਿਆ ਸੀ ਅਤੇ ਉਹ ਤੁਰੰਤ ਆ ਗਿਆ ਸੀ। ਉਸ ਨੂੰ ਬੁਖਾਰ ਸੀ। ਸਾਡਾ ਮੁੰਡਾ ਅਜਿਹਾ ਨਹੀਂ ਕਰ ਸਕਦਾ। ਪੁਲਿਸ ਫਸਾ ਰਹੀ ਹੈ।"
ਘਟਨਾ ਤੋਂ ਬਾਅਦ ਪਿੰਡ ਲਾਲਪੁਰ ਵਿੱਚ ਅਜੀਬ ਜਿਹੀ ਚੁੱਪ ਛਾਈ ਹੋਈ ਹੈ। ਕਈ ਵਾਰ ਸਾਇਰਨ ਨਾਲ ਪੁਲਿਸ ਦੀਆਂ ਜੀਪਾਂ ਇਸ ਚੁੱਪ ਨੂੰ ਤੋੜਦੀਆਂ ਹਨ। ਪਿੰਡ ਦੇ ਦੱਖਣ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਜਮੀਲ ਨੇ ਦੱਸਿਆ, "ਸਾਨੂੰ ਕੱਲ੍ਹ ਪਤਾ ਲੱਗਾ ਜਦੋਂ ਪੁਲਿਸ ਦੀਆਂ ਜੀਪਾਂ ਆਉਣ ਲੱਗੀਆਂ।
ਜਮੀਲ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਇਹ ਘਟਨਾ ਕਿਸਨੇ ਅਤੇ ਕਿਉਂ ਕੀਤੀ। ਪਰ ਦੋਹਾਂ ਪਿੰਡਾਂ ਦੇ ਰਿਸ਼ਤੇ ਖਰਾਬ ਹੋ ਗਏ। ਜੋ ਹੋਇਆ ਉਹ ਗਲਤ ਸੀ। ਇੱਥੇ ਪਹਿਲਾਂ ਸਾਰੇ ਇਕੱਠੇ ਰਹਿੰਦੇ ਸਨ ਪਰ ਹੁਣ ਏਥੇ ਕੁਝ ਵੀ ਹੋ ਸਕਦਾ ਹੈ।"
ਪਿੰਡ 'ਚ ਰਾਜਨੀਤਿਕ ਪਾਰਟੀਆਂ ਦਾ ਆਉਣਾ
ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਯੂਪੀ ਦੀ ਕਾਨੂੰਨ ਵਿਵਸਾਥਾ ਉਪਰ ਸਵਾਲ ਚੁੱਕੇ ਹਨ।
ਸਮਾਜਵਾਦੀ ਪਾਰਟੀ ਦੀ ਬੁਲਾਰਾ ਜੂਹੀ ਸਿੰਘ ਦੀ ਅਗਵਾਈ ਵਿੱਚ ਇੱਕ ਵਫ਼ਦ ਪਿੰਡ ਪਹੁੰਚਿਆ। ਇਸ ਦੇ ਨਾਲ ਹੀ ਕਾਂਗਰਸ ਦੇ ਦੋ ਵਿਧਾਇਕਾਂ ਦਾ ਵਫ਼ਦ ਵੀ ਪਰਿਵਾਰ ਨੂੰ ਮਿਲਿਆ।
ਹਾਲਂਕਿ ਸਥਾਨਕ ਪ੍ਰਸ਼ਾਸ਼ਨ ਨੇ ਤਤਪਰਤਾ ਦਿਖਾਈ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲੇਗਾ।
ਇਹ ਵੀ ਪੜ੍ਹੋ: