ਪੰਜਾਬ ਤੇ ਹਿਮਾਚਲ ਵਿਚਾਲੇ 95 ਸਾਲ ਪੁਰਾਣਾ ਰੇਲਵੇ ਲਿੰਕ ਟੁੱਟਿਆ, ਮੀਂਹ ਨਾਲ ਭਾਰੀ ਜਾਨੀ-ਮਾਲੀ ਨੁਕਸਾਨ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਉੱਤੇ ਪਠਾਨਕੋਟ ਨੇੜੇ ਚੱਕੀ ਦਰਿਆ ਉੱਤੇ ਬਣੇ ਰੇਲਵੇ ਪੁੱਲ ਦਾ ਇੱਕ ਪਿੱਲਰ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਢਹਿ ਗਿਆ ਹੈ।

ਦਰਅਸਲ ਚੱਕੀ ਦਰਿਆ ਵਿੱਚ ਪਹਾੜਾਂ ਤੋਂ ਆ ਰਹੇ ਤੇਜ਼ ਪਾਣੀ ਕਾਰਨ ਇਸ ਪੁੱਲ ਨੂੰ ਨੁਕਸਾਨ ਪਹੁੰਚਿਆ ਹੈ।

ਰੇਲ ਸੰਪਰਕ ਟੁੱਟ ਜਾਣ ਕਾਰਨ ਪੰਜਾਬ ਤੇ ਹਿਮਾਚਲ ਦੇ ਲੋਕਾਂ ਨੂੰ ਹੁਣ ਆਉਣ-ਜਾਣ ਵਿੱਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਟਰੇਨ ਦਾ ਕਿਰਾਇਆ ਘੱਟ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਸਹੂਲੀਅਤ ਸੀ ਅਤੇ ਜ਼ਿਆਦਾਤਰ ਵਪਾਰ ਵੀ ਇਸੇ ਰਾਹ ਰਾਹੀਂ ਹੁੰਦਾ ਸੀ।

ਹੁਣ ਲੋਕਾਂ ਨੂੰ ਸੜਕੀ ਮਾਰਗ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਇਹ ਪੁੱਲ ਪੰਜਾਬ ਦੇ ਪਠਾਨਕੋਟ ਨੂੰ ਹਿਮਾਚਲ ਦੇ ਕਾਂਗੜਾ ਅਤੇ ਜੋਗਿੰਦਰਨਗਰ ਨਾਲ ਜੋੜਦਾ ਹੈ। ਪੁੱਲ ਦੇ ਨੁਕਸਾਨੇ ਜਾਣ ਕਾਰਨ ਪੰਜਾਬ ਦੇ ਹਿਮਾਚਲ ਦਰਮਿਆਨ ਰੇਲਵੇ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ।

ਪੰਜਾਬ ਦੇ ਨਹਿਰੀ ਮਹਿਕਮੇ ਦੇ ਅਧਿਕਾਰੀ ਦੱਸਦੇ ਹਨ ਕਿ ਹੋ ਸਕਦਾ ਹੈ ਪੁਰਾਣੀ ਮਾਈਨਿੰਗ ਕਾਰਨ ਇਹ ਹਾਲਾਤ ਬਣੇ ਹੋਣ।

ਘਟਨਾ ਬਾਰੇ ਜਾਨਣ ਲਈ ਇਸ ਲਿੰਕ ਉੱਤੇ ਕਲਿੱਕ ਕਰਕੇ ਪੂਰਾ ਵੀਡੀਓ ਵੇਖੋ-

ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਲਗਾਤਾਰ ਮੀਂਹ ਦਾ ਅਸਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਹੋ ਰਿਹਾ ਹੈ।

ਮੀਂਹ ਕਾਰਨ ਹਿਮਾਚਲ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ

ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਖੇ ਕਈ ਜਗ੍ਹਾ ਜਾਨਮਾਲ ਦੇ ਨੁਕਸਾਨ ਦੀ ਵੀ ਜਾਣਕਾਰੀ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਵਿੱਚ ਇੱਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋਈ ਹੈ ਅਤੇ ਸੂਬੇ ਵਿੱਚ 15 ਸਭ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

"ਮੰਡੀ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹੇ ਵਿਖੇ ਕਾਫੀ ਨੁਕਸਾਨ ਹੋਇਆ ਹੈ। ਸੜਕਾਂ ਵੀ ਪ੍ਰਭਾਵਿਤ ਹੈ ਅਤੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਦੇਣ ਲਈ ਆਖਿਆ ਹੈ ਤਾਂ ਜੋ ਕੇਂਦਰ ਸਰਕਾਰ ਤੋਂ ਲੋੜੀਂਦੇ ਮੱਦਦ ਲਈ ਜਾ ਸਕੇ"

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸਿਰਫ਼ ਮੰਡੀ ਜ਼ਿਲੇ ਵਿਚ ਹੀ ਵਿਖੇ ਭਾਰੀ ਮੀਂਹ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਲਾਪਤਾ ਹਨ ਜਿਨ੍ਹਾਂ ਨੂੰ ਭਾਲਣ ਲਈ ਐੱਨਡੀਆਰਐੱਫ ਦੀ ਟੀਮ ਆਈ ਹੈ।

ਸਥਾਨਕ ਲੋਕਾਂ ਨੂੰ ਹਟਾਉਣ ਦੀ ਕਾਰਵਾਈ ਜਾਰੀ

ਸਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲਵੇ ਮਾਰਗ 'ਤੇ ਰੇਲਵੇ ਪੁਲ ਦਾ ਵੱਡਾ ਹਿੱਸਾ ਰੁੜ੍ਹਨ ਨਾਲ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਇੱਕੋ-ਇੱਕ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।

ਸਥਾਨਕ ਲੋਕਾਂ ਨੂੰ ਉੱਥੋਂ ਹਟਾਉਣ ਲਈ ਪਠਾਨਕੋਟ ਪ੍ਰਸ਼ਾਸਨ ਵਲੋਂ ਡਿਊਟੀ ਮੈਜਿਸਟ੍ਰੇਟ ਸਤੀਸ਼ ਕੁਮਾਰ ਨੂੰ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਪੁਲ ਰੁੜ ਗਿਆ ਹੈ ਜਦਕਿ ਰੇਲ ਮਾਰਗ 'ਤੇ ਰੇਲਵੇ ਵਿਭਾਗ ਵਲੋਂ ਇਸ ਮਹੀਨੇ 1 ਅਗਸਤ ਤੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ ਗਈ ਸੀ।

ਇਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਵੀ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ ਹੈ। ਉਨ੍ਹਾਂ ਮੁਤਾਬਕ ਹਿਮਾਚਲ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਿਹਾ ਭਾਰੀ ਮੀਂਹ ਅਤੇ ਚੱਕੀ ਦਰਿਆ ਦੇ ਪਾਣੀ ਨੇ ਇਸ ਰੇਲਵੇ ਪੁਲ ਨੂੰ ਨੁਕਸਾਨ ਪਹੁੰਚਾਇਆ ਸੀ।

ਪਿਛਲੇ ਦਿਨਾਂ ਦੌਰਾਨ ਰੇਲਵੇ ਪੁਲ ਦੇ ਕੁਝ ਪਿੱਲਰ ਨੁਕਸਾਨੇ ਗਏ ਸਨ ਜਿਸ ਕਾਰਨ ਰੇਲਵੇ ਵਿਭਾਗ ਵਲੋਂ ਰੇਲ ਰੂਟ ਬੰਦ ਸੀ। ਉੱਥੇ ਹੀ ਡਿਊਟੀ ਮੈਜਿਸਟ੍ਰੇਟ ਨੇ ਦੱਸਿਆ ਕਿ ਸੜਕੀ ਮਾਰਗ 'ਤੇ ਕੋਈ ਅਸਰ ਨਹੀਂ ਹੈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵੀ ਇਸ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਰੇਲਵੇ ਟਰੈਕ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਤੱਕ ਜਾਂਦਾ ਹੈ ਜੋ ਕਿ ਕਰੀਬ 170 ਕਿਲੋਮੀਟਰ ਲੰਬਾ ਹੈ ਉੱਥੇ ਹੀ ਇਸ ਟਰੇਨ ਰੂਟ 'ਤੇ ਰੋਜ਼ਾਨਾ ਅਪਡਾਊਨ 14 ਰੇਲ ਗੱਡੀਆਂ ਚਲਦੀਆਂ ਹਨ |

ਇਹ ਵੀ ਪੜ੍ਹੋ-

ਅਧਿਕਾਰੀਆਂ ਨੇ ਸਥਿਤੀ ਬਾਰੇ ਕੀ ਦੱਸਿਆ

ਡਰੇਨਜ਼ ਵਿਭਾਗ ਦੇ ਸੁਪਰੀਡੈਂਟ ਇੰਜੀਨੀਅਰ ਜਗਦੀਸ਼ ਰਾਜ ਮੌਕੇ 'ਤੇ ਆਪਣੀ ਟੀਮ ਨਾਲ ਪੁਜੇ।

ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਚੱਕੀ ਦਰਿਆ ਵਿੱਚ 68 ਹਜ਼ਾਰ ਕਯੁਸੀਕ ਫੁੱਟ ਪਾਣੀ ਆਉਣ ਨਾਲ ਦਰਿਆ ਵਿੱਚ ਹੜ੍ਹ ਵਾਲੇ ਹਾਲਾਤ ਸਨ। ਹਾਲਾਂਕਿ ਹੁਣ ਪਾਣੀ ਦਾ ਪੱਧਰ ਘੱਟ ਰਿਹਾ ਹੈ।

ਉਨ੍ਹਾਂ ਨੇ ਦੱਸਿਆ,''ਇਹ ਪੁਲ ਕਰੀਬ 95 ਸਾਲ ਪੁਰਾਣਾ ਹੈ ਅਤੇ ਹਾਲਾਤ ਵੀ ਖਸਤਾ ਹਨ ਜਦਕਿ ਇਸ ਪੁਲ ਦੀ ਜਾਂਚ ਲਈ ਇੱਕ ਕਮੇਟੀ ਵੀ 2012 ਵਿੱਚ ਬਣਾਈ ਗਈ ਸੀ ਤੇ ਉਸ ਕਮੇਟੀ ਨੇ ਪੁਲ ਦੀ ਹਾਲਤ ਖਸਤਾ ਹੋਣ ਬਾਰੇ ਦੱਸਿਆ ਸੀ।''

''ਇਹ ਪੁਲ ਟੁੱਟ ਚੁਕਾ ਹੈ ਤੇ ਪੰਜਾਬ ਅਤੇ ਹਿਮਾਚਲ ਦਾ ਰੇਲ ਲਿੰਕ ਪੂਰੀ ਤਰ੍ਹਾਂ ਬੰਦ ਹੈ ਅਤੇ ਹੁਣ ਰੇਲ ਵਿਭਾਗ ਹੀ ਆਉਣ ਵਾਲੇ ਸਮੇ ਵਿੱਚ ਇਸ ਰੇਲ ਰੂਟ ਨੂੰ ਬਹਾਲ ਕਰ ਸਕਦਾ ਹੈ।''

ਜਗਦੀਸ਼ ਰਾਜ ਦਾ ਕਹਿਣਾ ਸੀ,''ਜਿਵੇਂ ਰੇਲਵੇ ਪੁਲ ਦਾ ਵੱਡਾ ਹਿੱਸਾ ਦਰਿਆ ਵਿੱਚ ਡਿੱਗਿਆ ਹੈ। ਇਸ ਨਾਲ ਇੱਕ ਵੱਡਾ ਖ਼ਤਰਾ ਬਿਲਕੁਲ ਨਜ਼ਦੀਕ ਬਣੇ ਸੜਕੀ ਮਾਰਗ ਦੇ ਪੁਲ 'ਤੇ ਵੀ ਹੋ ਸਕਦਾ ਹੈ।''

ਪੰਜਾਬ ਤੇ ਹਿਮਾਚਲ ਦੇ ਲੋਕ ਕੀ ਕਹਿ ਰਹੇ ਹਨ

ਪਠਾਨਕੋਟ ਦੀ ਰਹਿਣ ਵਾਲੀ ਚੰਚਲ ਰਾਣੀ ਦਾ ਕਹਿਣਾ ਸੀ ਕਿ ਉਸਦੀ ਰਿਸ਼ਤੇਦਾਰ ਹਿਮਾਚਲ ਦੇ ਜ਼ਿਲ੍ਹਾ ਕਾਂਗੜਾ ਦੇ ਵੱਖ ਵੱਖ ਪਿੰਡਾਂ ਵਿੱਚ ਹਨ। ਜਿਨ੍ਹਾਂ ਨੂੰ ਉਹ ਸਾਲਾਂ ਤੋਂ ਮਿਲਣ ਲਈ ਪਠਾਨਕੋਟ ਤੋਂ ਜੋਗਿੰਦਰਨਗਰ ਜਾਣ ਵਾਲੀ ਇਸ ਟਰੇਨ ਰਾਹੀਂ ਸਫਰ ਕਰਦੇ ਹਨ।

ਚੰਚਲ ਰਾਣੀ ਮੁਤਾਬਕ ਉਸ ਲਈ ਇਹ ਸਸਤਾ ਅਤੇ ਸੌਖਾ ਸਾਧਨ ਸੀ ਪਰ ਅੱਜ ਇਹ ਪੁਲ ਟੁੱਟ ਜਾਣ ਤੋਂ ਬਾਅਦ ਉਸ ਨੂੰ ਅਤੇ ਉਸਦੇ ਪਰਿਵਾਰ ਲਈ ਇਹ ਵੱਡਾ ਨੁਕਸਾਨ ਹੈ ਅਤੇ ਇਸਦੇ ਟੁੱਟਣ ਦੀ ਖ਼ਬਰ ਸੁਣਦੇ ਹੀ ਉਹ ਇੱਥੇ ਹਾਲਾਤ ਦੇਖਣ ਪਹੁਚੀ ਹੈ।

ਉੱਧਰ ਪੁਲ 'ਤੇ ਖੜ੍ਹੇ ਹਵਾ ਵਿੱਚ ਲਟਕੀਆਂ ਰੇਲ ਲਾਈਨਾਂ ਨੂੰ ਦੇਖ ਰਹੇ ਹਿਮਾਚਲ ਪ੍ਰਦੇਸ਼ ਦੇ ਜਸੂਰ ਦੇ ਰਹਿਣ ਵਾਲੇ ਉਮੇਸ਼ ਕੁਮਾਰ ਦਾ ਕਹਿਣਾ ਸੀ ਕਿ ਉਹ ਕਾਰੋਬਾਰੀ ਹਨ ਅਤੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਇਸ ਟਰੇਨ ਰੂਟ ਉੱਤੇ ਸਾਲਾਂ ਤੋਂ ਸਫ਼ਰ ਕਰਦੇ ਆ ਰਹੇ ਹਨ।

ਉਮੇਸ਼ ਕੁਮਾਰ ਕਹਿੰਦੇ ਹਨ,''ਰੋਜ਼ਾਨਾ 7 ਟਰੇਨਾਂ ਹਿਮਾਚਲ ਦੇ ਜੋਗਿੰਦਰਨਗਰ ਤੋਂ ਅਤੇ ਉਸੇ ਤਰ੍ਹਾਂ 7 ਟਰੇਨਾਂ ਪਠਾਨਕੋਟ ਤੋਂ ਦਿਨ ਅਤੇ ਰਾਤ ਦੇ ਸਮੇ ਚਲਦੀਆਂ ਸਨ, ਜੋ ਪੁਲ ਦੇ ਕੁਝ ਖਸਤਾ ਹੋਣ ਦੇ ਚਲਦੇ ਪਿਛਲੇ ਕੁਝ ਦਿਨਾਂ ਤੋਂ ਬੰਦ ਜਰੂਰ ਸਨ ਪਰ ਉਮੀਦ ਸੀ ਕਿ ਸ਼ੁਰੂ ਹੋ ਜਾਵੇਗਾ ਪਰ ਹਣ ਉਮੀਦ ਵੀ ਖਤਮ ਹੋ ਗਈ।''

''ਅੱਜ ਵੀ ਜਦੋਂ ਉਹ ਸੜਕੀ ਮਾਰਗ ਰਾਹੀਂ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਆਏ ਹਨ ਤਾਂ ਉਨ੍ਹਾਂ ਨੂੰ ਮਹਿੰਗਾ ਸਫਰ ਕਰਨਾ ਪੈ ਰਿਹਾ ਹੈ ਅਤੇ ਹੁਣ ਤਾਂ ਉਨ੍ਹਾ ਲਈ ਅਗੇ ਹੋਰ ਮੁਸ਼ਕਿਲਾਂ ਹੋਣਗੀਆਂ।''

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)