ਨੂਹ ਡੀਐੱਸਪੀ ਕਤਲ: ਕਿਵੇਂ ਸਾਲਾਂ ਤੋਂ ਗ਼ੈਰ-ਕਾਨੂੰਨੀ ਮਾਇਨਿੰਗ ਨੂੰ ਰੋਕਣਾ ਪੁਲਿਸ ਲਈ ਖ਼ਤਰਨਾਕ ਸਾਬਿਤ ਹੁੰਦਾ ਹੈ - ਗਰਾਊਂਡ ਰਿਪੋਰਟ

ਡੰਪਰ

ਤਸਵੀਰ ਸਰੋਤ, ANI

    • ਲੇਖਕ, ਸ਼ੁਭਮ ਕਿਸ਼ੋਰ
    • ਰੋਲ, ਬੀਬੀਸੀ ਪੱਤਰਕਾਰ, ਹਰਿਆਣਾ ਦੇ ਨੂਹ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਹਰਿਆਣਾ ਦੇ ਤਾਵੜੂ ਵਿੱਚ ਲੋਕਾਂ ਵਿਚਾਲੇ ਇੱਕ ਪੁਰਾਣਾ ਵਾਇਰਲ ਵੀਡੀਓ ਮੁੜ ਚਰਚਾ ਵਿੱਚ ਹੈ। ਦਸੰਬਰ ਸਾਲ 2020 ਦੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਕਿਵੇਂ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹੀ ਵੀਡੀਓ ਦਿਖਾਉਂਦੇ ਹੋਏ ਇੱਕ ਸਥਾਨਕ ਪੱਤਰਕਾਰ ਕਹਿੰਦੇ ਹਨ, "ਇੱਕ ਡੀਐੱਸਪੀ ਦਾ ਕਤਲ ਬੇਹੱਦ ਦੁਖਦਾਈ ਹੈ, ਪਰ ਸਵਾਲ ਇਹ ਹੈ ਕਿ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ।"

"ਨਾ ਇੱਥੇ ਗ਼ੈਰ-ਕਾਨੂੰਨੀ ਮਾਈਨਿੰਗ ਨਵੀਂ ਗੱਲ ਹੈ ਤੇ ਨਾ ਹੀ ਪੁਲਿਸ ਨਾਲ ਹੋਣ ਵਾਲੀਆਂ ਝੜਪਾਂ ਅਤੇ ਇਹ ਰੁਕ ਹੀ ਨਹੀਂ ਰਹੀਆਂ, ਅਜਿਹਾ ਕਿਉਂ?"

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਾਵਲੀ ਦੀਆਂ ਪਹਾੜੀਆਂ 'ਤੇ ਕੁਝ ਲੋਕ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ, ਪਹਾੜ ਹੇਠਾਂ ਪੁਲਿਸ ਕਰਮੀ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਰੁਕਣ ਲਈ ਕਹਿੰਦੇ ਹਨ।

ਤਾਂ ਅਚਾਨਕ ਉੱਤੋਂ ਪੱਥਰਾਂ ਨਾਲ ਹਮਲਾ ਕੀਤਾ ਜਾਂਦਾ ਹੈ। ਪੁਲਿਸ ਵਾਲੇ ਵਾਰ-ਵਾਰ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹਨ, ਪਰ ਪੱਥਰਾਂ ਨਾਲ ਹਮਲਾ ਤੇਜ਼ ਹੋਣ ਲੱਗਦਾ ਹੈ।

ਉਚਾਈ ਤੋਂ ਪੱਥਰ ਸੁੱਟੇ ਜਾਣ ਕਾਰਨ ਪੁਲਿਸ ਵਾਲੇ ਉਨ੍ਹਾਂ ਦਾ ਸਾਹਮਣੇ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਨੂੰ ਭੱਜਣਾ ਪੈਂਦਾ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਹੇਠਾਂ ਖੜ੍ਹੇ ਪੁਲਿਸ ਕਰਮੀਆਂ ਉੱਤੇ ਪਹਾੜ ਤੋਂ ਪੱਥਰ ਸੁੱਟੇ ਜਾ ਰਹੇ ਹਨ

ਤਸਵੀਰ ਸਰੋਤ, Ombir Singh

ਤਸਵੀਰ ਕੈਪਸ਼ਨ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਹੇਠਾਂ ਖੜ੍ਹੇ ਪੁਲਿਸ ਕਰਮੀਆਂ ਉੱਤੇ ਪਹਾੜ ਤੋਂ ਪੱਥਰ ਸੁੱਟੇ ਜਾ ਰਹੇ ਹਨ

ਹਰਿਆਣਾ ਪੁਲਿਸ ਦੇ ਓਮਬੀਰ ਸਿੰਘ, ਜਿਨ੍ਹਾਂ ਨੇ ਇਹ ਵੀਡੀਓ ਬਣਾਇਆ ਹੈ, ਉਹ ਉਸ ਵੇਲੇ ਤਾਵੜੂ ਸ਼ਹਿਰ ਦੇ ਥਾਣੇ ਦੇ ਇੰਚਾਰਜ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਉਹ ਕਹਿੰਦੇ ਹਨ, "ਪਹਾੜਾਂ 'ਤੇ ਜਦੋਂ ਵੀ ਇਸ ਤਰ੍ਹਾਂ ਪੁਲਿਸ ਜਾਂਦੀ ਹੈ ਤਾਂ ਉਨ੍ਹਾਂ 'ਤੇ ਹਮਲਾ ਹੁੰਦਾ ਹੈ। ਆਮ ਤੌਰ 'ਤੇ ਪੱਥਰ ਮਾਰ ਕੇ ਹੀ ਹਮਲਾ ਕੀਤਾ ਜਾਂਦਾ ਹੈ।"

ਤਾਵੜੂ ਅਤੇ ਨੇੜਲੇ ਇਲਾਕੇ ਦੇ ਲੋਕਾਂ ਲਈ ਗ਼ੈਰ-ਮਾਈਨਿੰਗ ਕਰਨ ਵਾਲਿਆਂ ਅਤੇ ਪੁਲਿਸ ਵਿਚਾਲੇ ਹੋਣ ਵਾਲੀਆਂ ਝੜਪਾਂ ਨਵੀਆਂ ਨਹੀਂ ਹਨ। ਲੋਕਾਂ ਦਾ ਦਾਅਵਾ ਹੈ ਕਿ ਸੜਕਾਂ 'ਤੇ ਗ਼ੈਰ-ਕਾਨੂੰਨੀ ਪੱਥਰਾਂ ਨਾਲ ਭਰੇ ਡੰਪਰ ਦੇਖੇ ਜਾ ਸਕਦੇ ਹਨ।

ਤਾਵੜੂ ਬਾਈਪਾਸ 'ਤੇ ਰਹਿਣ ਵਾਲੇ ਯੋਗੇਸ਼ ਦੱਸਦੇ ਹਨ, "ਮੈਂ ਕਈ ਵਾਰ ਇਸੇ ਸੜਕ 'ਤੇ ਗ਼ੈਰ-ਕਾਨੂੰਨੀ ਪੱਥਰਾਂ ਨਾਲ ਭਰੇ ਟਰੱਕ ਦੇਖੇ ਹਨ, ਇਹ ਸਾਡੇ ਲਈ ਬਹੁਤ ਆਮ ਗੱਲ ਹੈ, ਕਈ ਵਾਰ ਪੁਲਿਸ ਦੀਆਂ ਗੱਡੀਆਂ ਨੂੰ ਉਨ੍ਹਾਂ ਦਾ ਪਿੱਛਾ ਕਰਦਿਆਂ ਵੀ ਦੇਖਿਆ ਗਿਆ ਹੈ।"

ਨੇੜੇ ਹੀ ਬਿਜਲੀ ਦੀਆਂ ਤਾਰਾਂ ਨੂੰ ਦਿਖਾਉਂਦੇ ਹੋਏ ਕਹਿੰਦੇ ਹਨ, "ਕੁਝ ਦਿਨਾਂ ਪਹਿਲਾਂ ਹੀ ਪੁਲਿਸ ਇੱਕ ਡੰਪਰ ਦਾ ਪਿੱਛਾ ਕਰ ਰਹੀ ਸੀ, ਉਸ ਨੇ ਇੱਥੇ ਹੀ ਆਪਣਾ ਟਰਾਲੀ ਪਲਟ ਦਿੱਤੀ ਅਤੇ ਸਾਰੇ ਪੱਥਰ ਸੁੱਟ ਦਿੱਤੇ, ਤੁਸੀਂ ਦੇਖ ਸਕਦੇ ਹੋ, ਉੱਥੇ ਤਾਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਆਮ ਤੌਰ 'ਤੇ ਪਿੱਛਾ ਕੀਤੇ ਜਾਣ 'ਤੇ ਇਹ ਡੰਪਰ ਟਰਾਲੀ ਪਲਟ ਦਿੰਦੇ ਹਨ, ਉਸ ਵਿੱਚ ਰੱਖੇ ਸਾਰੇ ਪੱਥਰ ਸੜਕ 'ਤੇ ਡਿੱਗ ਜਾਂਦੇ ਹਨ ਅਤੇ ਪੁਲਿਸ ਅੱਗੇ ਨਹੀਂ ਵੱਧ ਸਕਦੀ ਅਤੇ ਡਰਾਈਵਰ ਭੱਜਣ ਵਿੱਚ ਸਫ਼ਲ ਹੋ ਜਾਂਦੇ ਹਨ।

19 ਜੁਲਾਈ ਨੂੰ ਨੇੜਲੇ ਇੱਕ ਪਿੰਡ ਵਿੱਚ ਤਾਵੜੂ ਦੇ ਡੀਐੱਸਪੀ ਸੁਰਿੰਦਰ ਸਿੰਘ ਬਿਸ਼ਨੋਈ 'ਤੇ ਡੰਪਰ ਚੜਾ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਲਾਸ਼ ਜਿਸ ਥਾਂ ਮਿਲੀ ਉੱਥੇ ਵੀ ਇਸ ਤਰ੍ਹਾਂ ਦੇ ਪੱਥਰ ਸੁੱਟ ਦਿੱਤੇ ਗਏ ਸਨ।

ਇਹ ਵੀ ਪੜ੍ਹੋ:

ਕਿਵੇਂ ਚੱਲ ਰਿਹਾ ਹੈ ਗ਼ੈਰ-ਕਾਨੂੰਨੀ ਮਾਈਨਿੰਗ ਦਾ ਕਾਰੋਬਾਰ

ਡੀਐੱਸਪੀ ਸੁਰਿੰਦਰ ਸਿੰਘ ਬਿਸ਼ਨੋਈ ਦਾ ਕਤਲ ਜਿਸ ਥਾਂ ਹੋਇਆ ਉੱਥੇ ਪਹੁੰਚਣਾ ਆਸਾਨ ਨਹੀਂ ਹੈ।

ਪਚਗਾਓਂ ਵਿੱਚ ਜਿੱਥੇ ਸੜਕਾਂ ਖ਼ਤਮ ਹੋ ਜਾਂਦੀਆਂ ਹਨ, ਉੱਥੋਂ ਕਰੀਬ 20 ਮਿੰਟ ਤੱਕ ਪਹਾੜੀ ਇਲਾਕਿਆਂ ਦੀਆਂ ਕੱਚੀਆਂ ਸੜਕਾਂ ਤੋਂ ਹੁੰਦਿਆਂ ਹੋਏ ਅਸੀਂ ਉੱਥੇ ਪਹੁੰਚ ਗਏ।

ਆਸੇ-ਪਾਸੇ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਥਾਵਾਂ 'ਤੇ ਮਾਈਨਿੰਗ ਦੀਆਂ ਵਾਰਦਾਤਾਂ ਆਮ ਹਨ। ਕੁਝ ਥਾਵਾਂ 'ਤੇ ਪੱਥਰ ਡਿੱਗੇ ਹੋਏ ਵੀ ਮਿਲੇ।

ਉੱਥੇ ਹੀ ਮੌਜੂਦ ਇੱਕ ਪਿੰਡ ਵਾਲੇ ਨੇ ਕਿਹਾ, "ਇਹ ਮਜ਼ਬੂਤ ਪਹਾੜ ਹਨ। ਇਨ੍ਹਾਂ ਵਿੱਚ ਅਜਿਹੇ ਪੱਥਰ ਉਦੋਂ ਹੀ ਨਿਕਲਦੇ ਹਨ, ਜਦੋਂ ਤੁਸੀਂ ਉਨ੍ਹਾਂ ਨੂੰ ਡ੍ਰਿਲ ਕੀਤਾ ਜਾਵੇ, ਯਾਨਿ ਸਾਫ਼ ਹੈ ਕਿ ਇੱਥੇ ਮਾਈਨਿੰਗ ਹੋ ਰਹੀ ਹੈ।"

ਪਿੰਡਵਾਲਿਆਂ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਕਈ ਲੋਕ ਇਸ ਨਾਲ ਜੁੜੇ ਹੋਏ ਹਨ, ਕੁਝ ਦੇ ਕੋਲ ਮਸ਼ੀਨਾਂ ਅਤੇ ਡੰਪਰ ਹਨ, ਕੁਝ ਹੱਥ ਨਾਲ ਹੀ ਮਾਈਨਿੰਗ ਕਰਦੇ ਹਨ, ਤਾਂ ਕੁਝ ਲੋਕ ਦੂਜਿਆਂ ਲਈ ਮਜ਼ਦੂਰੀ ਕਰਦੇ ਹਨ।

ਪਚਗਾਓਂ

ਤਸਵੀਰ ਸਰੋਤ, Shahnawaz/BBC

ਤਸਵੀਰ ਕੈਪਸ਼ਨ, ਪਚਗਾਓਂ ਵਿੱਚ ਸੜਕਾਂ ਖ਼ਤਮ ਹੋ ਜਾਂਦੀਆਂ ਹਨ

ਇੱਕ ਪੁਲਿਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ, "ਨੇੜਲੇ ਪਿੰਡਾਂ ਦੇ ਲੋਕ, ਜਿਨ੍ਹਾਂ ਕੋਲ ਕੋਈ ਮਸ਼ੀਨ ਨਹੀਂ ਹੈ, ਉਹ ਆਪਣੇ ਹੱਥਾਂ ਨਾਲ ਖੁਦਾਈ ਕਰਦੇ ਹਨ।"

"ਇਨ੍ਹਾਂ ਦੀ ਗਿਣਤੀ ਬਹੁਤ ਹੈ, ਡ੍ਰਿਲਿੰਗ ਮਸ਼ੀਨਾਂ ਦਾ ਪੁਲਿਸ ਦੀ ਨਜ਼ਰ ਵਿੱਚ ਆਉਣ ਦਾ ਵੀ ਖ਼ਤਰਾ ਹੈ।"

ਪੱਥਰ ਕੱਢਣ ਤੋਂ ਬਾਅਦ ਇਨ੍ਹਾਂ ਨੂੰ ਡੰਪਰ ਵਿੱਚ ਲੋਡ ਕੀਤਾ ਜਾਂਦਾ ਹੈ ਅਤੇ ਕ੍ਰਸ਼ਰ ਵਿੱਚ ਭੇਜ ਦਿੱਤਾ ਜਾਂਦਾ ਹੈ।

ਇਹ ਡੰਪਰ ਅਕਸਰ ਕੱਚੇ ਰਸਤਿਓਂ ਰਾਤ ਵੇਲੇ ਨਿਕਲਦੇ ਹਨ ਤਾਂ ਜੋ ਪੁਲਿਸ ਦੀ ਨਜ਼ਰ ਤੋਂ ਬਚ ਸਕਣ। ਕਈ ਵਾਰ ਪੁਲਿਸ ਇਨ੍ਹਾਂ ਦਾ ਪਤਾ ਲਗਾਉਣ ਦੇ ਬਾਵਜੂਦ ਕੁਝ ਕਰ ਨਹੀਂ ਸਕਦੀ।

ਪੁਲਿਸ ਅਧਿਕਾਰੀ ਮੁਤਾਬਕ, "ਇਨ੍ਹਾਂ ਨੂੰ ਰੋਕਣਾ ਆਸਾਨ ਨਹੀਂ ਹੈ, ਜੇਕਰ ਇਹ ਕਿਸੇ ਮਸਰੂਫ਼ ਸੜਕ ਤੋਂ ਲੰਘ ਰਹੇ ਹਨ ਅਤੇ ਅਸੀਂ ਪਿੱਛਾ ਕਰਨ ਦੀ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੱਥਰ ਸੁੱਟਣ ਜਾਂ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ।"

"ਇਹ ਵੱਡੀਆਂ ਗੱਡੀਆਂ ਹੁੰਦੀਆਂ ਹਨ, ਜੇਕਰ ਕਿਸੇ ਆਮ ਆਦਮੀ ਦੀ ਗੱਡੀ 'ਤੇ ਪੱਥਰ ਡਿੱਗ ਜਾਵੇ ਜਾਂ ਉਹ ਉਨ੍ਹਾਂ ਦੀ ਲਪੇਟ ਵਿੱਚ ਆ ਜਾਵੇ ਤਾਂ ਜਾਨ ਦਾ ਖ਼ਤਰਾ ਹੈ, ਇਸ ਲਈ ਇਨ੍ਹਾਂ ਦਾ ਪਿੱਛਾ ਅਕਸਰ ਸੁਨਸਾਨ ਇਲਾਕਿਆਂ ਵਿੱਚ ਹੀ ਕੀਤਾ ਜਾਂਦਾ ਹੈ।"

ਸਾਨੂੰ ਅਰਾਵਲੀ ਦੇ ਕਈ ਇਲਾਕਿਆਂ ਵਿੱਚ ਕਈ ਕ੍ਰਸ਼ਰ ਨਜ਼ਰ ਆਏ। ਲੋਕਾਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਕਈ ਬੰਦ ਪਏ ਹਨ।

ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਮਾਈਨਿੰਗ ਰੋਕਣ ਗਏ ਡੀਐੱਸਪੀ ਨੂੰ ਕਥਿਤ ਤੌਰ 'ਤੇ ਦਰੜਿਆ

ਕਈਆਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਪਰ ਉਹ ਬਸ ਕਾਨੂੰਨੀ ਢੰਗ ਨਾਲ ਕੱਢੇ ਗਏ ਪੱਥਰਾਂ ਨੂੰ ਕ੍ਰਸ਼ ਕਰ ਸਕਦੇ ਹਨ।

ਪਰ ਇਸ ਇਲਾਕੇ ਨੂੰ ਜਾਨਣ ਵਾਲੇ ਕਈ ਲੋਕ ਕਹਿੰਦੇ ਹਨ ਬੰਦ ਪਏ ਕ੍ਰਸ਼ਰ ਵੀ ਕਈ ਵਾਰ ਰਾਤ ਵਿੱਚ ਚਾਲੂ ਹੋ ਜਾਂਦੇ ਹਨ, ਪੁਲਿਸ ਲਗਾਤਾਰ ਜਾਂਚ ਮੁਹਿੰਮ ਚਲਾਉਂਦੀ ਰਹਿੰਦੀ ਹੈ, ਪਰ ਇਸ ਤੋਂ ਬਚਣਾ ਮੁਸ਼ਕਿਲ ਨਹੀਂ ਹੈ।

ਨੇੜਲੇ ਪਿੰਡ ਦੇ ਸਈਦ (ਬਦਲਿਆ ਹੋਇਆ ਨਾਮ) ਦੱਸਦੇ ਹਨ, "ਸੱਤ ਤੋਂ ਅੱਠ ਮਿੰਟਾਂ ਵਿੱਚ ਕ੍ਰਸ਼ਰ ਪੂਰੇ ਡੰਪਰ ਦੇ ਸਾਰੇ ਪੱਥਰਾਂ ਨੂੰ ਕ੍ਰਸ਼ ਕਰ ਦਿੰਦਾ ਹੈ। ਤੁਸੀਂ ਕਿੰਨੀ ਵੀ ਚੌਕਸੀ ਲਗਾ ਲਓ, ਇਨ੍ਹਾਂ 'ਤੇ ਲਗਾਮ ਨਹੀਂ ਲੱਗ ਸਕਦੀ।"

ਪੁਲਿਸ ਨੇ ਦੱਸਿਆ ਕਿ ਅਕਸਰ ਕੋਈ ਮੁਖਬਰ ਮੌਜੂਦ ਹੁੰਦਾ ਹੈ ਜੋ ਕਿ ਪੁਲਿਸ ਦੇ ਆਉਣ ਦੀ ਸੂਚਨਾ ਹੇਠਾਂ ਤੋਂ ਹੀ ਦੇ ਦਿੰਦਾ ਹੈ।

ਪਿੰਡ ਦੇ ਕਈ ਲੋਕ ਇਹ ਵੀ ਕਹਿੰਦੇ ਹਨ ਕਈ ਪਿੰਡਵਾਲਿਆਂ ਦੀ ਰੋਟੀ ਮਾਈਨਿੰਗ 'ਤੇ ਨਿਰਭਰ ਹੈ।

ਪਚਗਾਓਂ ਦੀ ਤਸਵੀਰ ਜਿੱਥੇ ਡੀਐੱਸਪੀ ਦੇ ਕਤਲ ਦੇ ਮੁਲਜ਼ਮਾਂ ਦਾ ਘਰ ਹੈ

ਤਸਵੀਰ ਸਰੋਤ, Shahnawaz/BBC

ਤਸਵੀਰ ਕੈਪਸ਼ਨ, ਪਚਗਾਓਂ ਦੀ ਤਸਵੀਰ ਜਿੱਥੇ ਡੀਐੱਸਪੀ ਦੇ ਕਤਲ ਦੇ ਮੁਲਜ਼ਮਾਂ ਦਾ ਘਰ ਹੈ

ਸਈਦ ਕਹਿੰਦੇ ਹਨ, "ਇਹ ਘਟਨਾ ਬਹੁਤ ਦੁਖਦਾਈ ਹੈ, ਇੱਕ ਆਦਮੀ ਨੇ ਗ਼ਲਤੀ ਕੀਤੀ ਅਤੇ ਇਸ ਦਾ ਖ਼ਾਮਿਆਜ਼ਾ ਪਿੰਡ ਦੇ ਕਈ ਦੂਜੇ ਲੋਕਾਂ ਨੂੰ ਭੁਗਤਣਾ ਪਵੇਗਾ।"

"ਦੇਖਣ ਵਿੱਚ ਜਿੰਨਾ ਵੱਡਾ ਧੰਦਾ ਲੱਗਦਾ ਹੈ, ਇੱਥੋਂ ਦੇ ਨੇੜਲੇ ਲੋਕਾਂ ਲਈ ਇੰਨਾਂ ਨਹੀਂ ਹੈ, ਕਈ ਮਜ਼ਦੂਰ ਲੱਗਦੇ ਹਨ, ਇੱਕ ਡੰਪਰ ਨਾਲ ਮੁਸ਼ਕਿਲ ਨਾਲ ਉਨ੍ਹਾਂ ਨੂੰ 1500 ਦਾ ਮੁਨਾਫ਼ਾ ਹੁੰਦਾ ਹੈ। ਪੈਸਾ ਉਹ ਕਮਾਉਂਦੇ ਹਨ ਜੋ ਇਨ੍ਹਾਂ ਦਾ ਠੇਕਾ ਲੈਂਦੇ ਹਨ ਅਤੇ ਬਜ਼ਾਰ ਵਿੱਚ ਵੇਚਦੇ ਹਨ।"

ਕੁਝ ਲੋਕਾਂ ਨੇ ਸਾਨੂੰ ਦੱਸਿਆ ਕਿ ਛੇ ਟਾਇਰ ਵਾਲੀ ਇੱਕ ਟਰਾਲੀ ਕਰੀਬ 15 ਹਜ਼ਾਰ ਤੋਂ 17 ਹਜ਼ਾਰ ਰੁਪਏ ਵਿੱਚ ਵੇਚੀ ਜਾਂਦੀ ਹੈ। ਕਈ ਛੋਟੇ ਵਪਾਰੀਆਂ ਤੋਂ ਇਲਾਵਾ ਕੁਝ ਵੱਡੇ ਲੋਕ ਵੀ ਇਸੇ ਧੰਦੇ ਵਿੱਚ ਸਰਗਰਮ ਦੱਸੇ ਜਾ ਰਹੇ ਹਨ।

ਹਰਿਆਣਾ ਦੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਮਾਫ਼ੀਆ ਨੂੰ ਸੁਰੱਖਿਆ ਦੇਣ ਦਾ ਇਲਜ਼ਾਮ ਲਗਾ ਰਹੇ ਹਨ।

ਉਨ੍ਹਾਂ ਨੇ ਕਿਹਾ, "ਮਾਫ਼ੀਆ ਇਸ ਪੱਧਰ 'ਤੇ ਬਿਨਾਂ ਕਿਸੇ ਡਰ ਦੇ ਕੰਮ ਕਰ ਰਹੇ ਹਨ, ਇਸ ਦਾ ਮਤਲਬ ਸਾਫ਼ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਮਿਲੀ ਹੋਈ ਹੈ।”

ਇਸ ਘਟਨਾ ਤੋਂ ਬਾਅਦ ਜਦੋਂ ਅਸੀਂ ਪਚਗਾਓਂ ਪਹੁੰਚੇ ਤਾਂ ਪੁਲਿਸ ਨੇ ਨਿਗਰਾਨੀ ਵਧਾ ਦਿੱਤੀ ਸੀ। ਪੁਲਿਸ ਦੇ ਡਰ ਨਾਲ ਕਈ ਲੋਕ ਪਿੰਡ ਛੱਡ ਕੇ ਭੱਜ ਗਏ ਸਨ।

ਇਸ 'ਤੇ ਗੱਲ ਕਰਦਿਆਂ ਹੋਇਆ ਹਰਿਆਣਾ ਪੁਲਿਸ ਦੇ ਬੁਲਾਰੇ ਕ੍ਰਿਸ਼ਣ ਕੁਮਾਰ ਨੇ ਬੀਬੀਸੀ ਨੂੰ ਕਿਹਾ, "ਜਿਹੜੇ ਲੋਕ ਗ਼ੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਿਲ ਹਨ, ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ, ਪਰ ਜੋ ਨਿਰਦੇਸ਼ ਹਨ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ।"

ਡੰਪਰਾਂ ਨਾਲ ਭਰੇ ਪਏ ਹਨ ਥਾਣੇ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਨੂਹ ਵਿੱਚ ਇਸ ਸਾਲ 23 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।

ਵਾਰਦਾਤ ਤੋਂ ਬਾਅਦ ਕਈ ਲੋਕ ਪਿੰਡ ਛੱਡ ਕੇ ਭੱਜ ਗਏ

ਤਸਵੀਰ ਸਰੋਤ, Shahnawaz/BBC

ਤਸਵੀਰ ਕੈਪਸ਼ਨ, ਵਾਰਦਾਤ ਤੋਂ ਬਾਅਦ ਕਈ ਲੋਕ ਪਿੰਡ ਛੱਡ ਕੇ ਭੱਜ ਗਏ ਹਨ

ਸਰਕਾਰੀ ਡਾਟਾ ਮੁਤਾਬਕ ਇਸ ਦੌਰਾਨ 68 ਗੱਡੀਆਂ ਸੀਜ਼ ਕੀਤੀਆਂ ਗਈਆਂ ਹਨ ਅਤੇ 4,28,400 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।

ਅਸੀਂ ਤਾਵੜੂ ਦੇ ਸਦਰ ਅਤੇ ਸ਼ਹਿਰ ਥਾਣਾ ਵਿੱਚ ਪਹੁੰਚੇ ਤਾਂ ਕਈ ਡੰਪਰ ਖੜ੍ਹੇ ਨਜ਼ਰ ਆਏ। ਇਨ੍ਹਾਂ ਵਿੱਚੋਂ ਕੁਝ ਪਿਛਲੇ ਮਹੀਨਿਆਂ ਦੌਰਾਨ ਫੜ੍ਹੇ ਗਏ ਸਨ ਤਾਂ ਕੁਝ ਕਾਫੀ ਸਮੇਂ ਤੋਂ ਉੱਥੇ ਖੜ੍ਹੇ ਸਨ।

ਸਾਲ 2021-22 ਵਿੱਚ ਨੂਹ ਵਿੱਚ 239 ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਉੱਥੇ ਹੀ ਇੱਕ ਸਥਾਨਕ ਪੱਤਰਕਾਰ ਨੇ ਸਾਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਸਨ, ਪੁਲਿਸ ਕਈ ਮਾਮਲਿਆਂ ਵਿੱਚ ਕਾਰਵਾਈ ਵੀ ਕਰ ਰਹੀ ਸੀ ਪਰ ਰੋਕਣ ਵਿੱਚ ਸਫ਼ਲ ਨਹੀਂ ਹੋ ਰਹੀ ਸੀ।

ਸਥਾਨਕ ਮੀਡੀਆ ਵਿੱਚ ਲਗਾਤਾਰ ਛੱਪ ਰਹੀਆਂ ਸਨ ਖ਼ਬਰਾਂ

ਅਖ਼ਬਾਰਾਂ ਦੇ ਸਥਾਨਕ ਪੰਨਿਆਂ 'ਤੇ ਅਤੇ ਸਥਾਨਕ ਮੀਡੀਆ ਵਿੱਚ ਮਾਈਨਿੰਗ ਨਾਲ ਜੁੜੀਆਂ ਖ਼ਬਰਾਂ ਲਗਾਤਾਰ ਛੱਪ ਰਹੀਆਂ ਸਨ, ਕੁਝ ਖ਼ਬਰਾਂ ਵਿੱਚ ਪੁਲਿਸ 'ਤੇ ਸਵਾਲ ਵੀ ਚੁੱਕੇ ਗਏ ਸਨ।

ਤਾਵੜੂ ਸ਼ਹਿਰ ਥਾਣਾ ਵਿੱਚ ਜ਼ਬਤ ਕੀਤੇ ਗਏ ਡੰਪਰ

ਤਸਵੀਰ ਸਰੋਤ, Shahnawaz/BBC

ਤਸਵੀਰ ਕੈਪਸ਼ਨ, ਤਾਵੜੂ ਸ਼ਹਿਰ ਥਾਣਾ ਵਿੱਚ ਜ਼ਬਤ ਕੀਤੇ ਗਏ ਡੰਪਰ

13 ਮਈ 2022 ਨੂੰ ਅਖ਼ਬਰਾ ਦੈਨਿਕ ਜਾਗਰਣ ਵਿੱਚ ਇੱਕ ਤਸਵੀਰ ਛਪੀ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਟਰੱਕ ਵਿੱਚ ਗ਼ੈਰ-ਕਾਨੂੰਨੀ ਪੱਥਰ ਸਨ, ਜਿਸ ਨੂੰ ਸਵੇਰੇ ਸੋਹਨਾ ਰੋਡ ਤੋਂ ਬਿਨਾਂ ਰੋਕ-ਟੋਕ ਲੰਘਦਿਆਂ ਦੇਖਿਆ ਗਿਆ।

ਇਸੇ ਰਿਪੋਰਟ ਵਿੱਚ ਨੂਹ ਦੇ ਪੁਲਿਸ ਅਧਿਕਾਰੀ ਵਰੁਣ ਸਿੰਘਲਾ ਦਾ ਬਿਆਨ ਵੀ ਛਪਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ, "ਕਈ ਨਾਕਿਆਂ 'ਤੇ ਲਗਾਏ ਗਏ ਐੱਸਪੀਓ ਅਤੇ ਪੁਲਿਸ ਕਰਮੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।"

ਇਸ ਤੋਂ ਇਲਾਵਾ 20 ਮਾਰਚ 2022 ਨੂੰ ਮੌਕੇ ਦੀ ਤਸਵੀਰ ਦੇ ਨਾਲ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਦੱਸਿਆ ਗਿਆ ਕਿ ਗ਼ੈਰ-ਕਾਨੂੰਨੀ ਮਾਈਨਿੰਗ ਦੌਰਾਨ ਪਹਾੜ ਦਾ ਇੱਕ ਹਿੱਸਾ ਢਹਿ ਗਿਆ ਅਤੇ ਇਸ ਵਿੱਚ ਇੱਕ ਡੰਪਰ ਅਤੇ ਜ਼ਮੀਨ ਖੋਦਣ ਵਾਲੀ ਮਸ਼ੀਨ ਦੱਬ ਗਈ।

ਇਸ ਦੇ ਤਿੰਨ ਦਿਨਾਂ ਬਾਅਦ, 23 ਮਾਰਚ ਨੂੰ ਇੱਕ ਹੋਰ ਖ਼ਬਰ ਛਪੀ ਜਿਸ ਮੁਤਾਬਕ ਪੁਲਿਸ ਇੱਕ ਡੰਪਰ ਦਾ ਪਿੱਛਾ ਕਰ ਰਹੀ ਸੀ, ਜਿਸ ਦਾ ਚਾਲਕ ਸੜਕ 'ਤੇ ਪੱਥਰ ਸੁੱਟ ਕੇ ਭੱਜਣ ਵਿੱਚ ਸਫ਼ਲ ਰਿਹਾ।

ਸਥਾਨਕ ਅਖ਼ਬਾਰਾਂ ਦੀਆਂ ਖ਼ਬਰਾਂ ਵਿੱਚ ਪੁਲਿਸ ਅਤੇ ਨਾਕਿਆਂ 'ਤੇ ਤਾਇਨਾਤ ਲੋਕਾਂ 'ਤੇ ਸਵਾਲ ਚੁੱਕੇ ਗਏ ਸਨ।

ਸਾਰੀਆਂ ਖ਼ਬਰਾਂ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਬਿਆਨ ਵੀ ਸ਼ਾਮਿਲ ਰਹੇ ਹਨ, ਜਿਨ੍ਹਾਂ ਵਿੱਚ ਉਹ ਸਖ਼ਤ ਕਦਮ ਚੁੱਕਣ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰਨ ਦੀ ਗੱਲ ਆਖ ਰਹੇ ਸਨ।

ਕੀ ਪੁਲਿਸ ਕੁਤਾਹੀ ਹੋਈ ਹੈ

ਸਥਾਨਕ ਪੱਤਰਕਾਰਾਂ ਦੱਸਦੇ ਹਨ ਕਿ ਪੁਲਿਸ ਅਤੇ ਮਾਈਨਿੰਗ ਕਰਨ ਵਾਲਿਆਂ ਦਾ ਆਮਣਾ-ਸਾਹਮਣਾ ਹੁੰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਖ਼ਤਰੇ ਦਾ ਅੰਦਾਜ਼ਾ ਸੀ, ਅਤੇ ਇਹ ਵੀ ਸਵਾਲ ਚੁੱਕ ਰਹੇ ਹਨ ਕਿ ਕੀ ਡੀਐੱਸਪੀ ਸੁਰਿੰਦਰ ਸਿੰਘ ਦਾ ਬਿਨਾਂ ਸੁਰੱਖਿਆ ਤੋਂ ਉੱਥੇ ਜਾਣਾ ਸਹੀ ਸੀ?

ਅਸੀਂ ਇਸ ਮੁੱਦੇ 'ਤੇ ਨੂਹ ਦੇ ਐੱਸਪੀ ਵਰੁਣ ਸਿੰਘਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਸਕਿਆ।

ਪੁਲਿਸ

ਤਸਵੀਰ ਸਰੋਤ, ANI

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ।

ਉਨ੍ਹਾਂ ਨੇ ਕਿਹਾ, "ਇਹ ਇੱਕ ਰੂਟੀਨ ਚੈਂਕਿੰਗ ਸੀ, ਦਿਨ ਵਿੱਚ ਚੈਕਿੰਗ ਹੁੰਦੀ ਹੈ, ਨਾਕੇ 'ਤੇ ਚੈਕਿੰਗ ਹੁੰਦੀ ਹੈ, ਉਸ ਵਿੱਚ ਡਿਊਟੀ ਨਿਰਧਾਰਿਤ ਹੁੰਦੀ ਹੈ, ਇਸ ਤਰ੍ਹਾਂ ਦਿਨ ਵਿੱਚ ਚੈਕਿੰਗ ਹੋ ਰਹੀ ਸੀ।"

"ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉੱਥੇ ਗ਼ੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਕਿੰਨੀ ਮਾਤਰਾ ਵਿੱਚ ਇਸ ਦੀ ਜਾਣਕਾਰੀ ਨਹੀਂ ਸੀ, ਤਾਂ ਉਹ ਨਿਕਲ ਪਏ, ਜਦੋਂ ਉਹ ਉੱਥੇ ਪਹੁੰਚੇ ਤਾਂ ਪੁਲਿਸ ਦੀ ਗੱਡੀ ਦੇਖ ਦੇ ਡੰਪਰ ਡਰਾਈਵਰ ਨੇ ਭੱਜਣਾ ਸ਼ੁਰੂ ਕਰ ਦਿੱਤਾ।"

ਉਹ ਰੋਡ ਉਚਾਈ 'ਤੇ ਸੀ, ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੂੰ ਰੋਕ ਲਿਆ। ਡੀਐੱਸਪੀ ਨੂੰ ਲੱਗਾ ਕਿ ਇਹ ਪੁਲਿਸ ਦੇਖ ਕੇ ਰੁਕ ਗਏ ਹਨ, ਇਸ ਲਈ ਉਹ ਆਪਣੀ ਜੀਪ ਤੋਂ ਉਤਰੇ। ਪਰ ਉਹ ਰੁਕੇ ਸਨ, ਜੈਕ ਚੁੱਕ ਕੇ ਪੱਥਰ ਸੁੱਟਣ ਲਈ। ਉਨ੍ਹਾਂ ਨੇ ਪੱਥਰ ਸੁੱਟੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਦਰੜ ਦਿੱਤਾ।"

ਅਰਵਾਲੀ ਦੀਆਂ ਪਹਾੜੀਆਂ ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਣੇ ਕਈ ਸੂਬਿਆਂ ਤੋਂ ਲੰਘਦੀਆਂ ਹਨ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਤੇ ਪੰਛੀਆਂ ਦਾ ਘਰ ਹਨ।

ਸਾਲ 2002 ਵਿੱਚ ਸੁਪਰੀਮ ਕੋਰਟ ਨੇ ਅਰਾਵਲੀ ਵਿੱਚ ਮਾਈਨਿੰਗ 'ਤੇ ਰੋਕ ਲਗਾ ਦਿੱਤੀ ਸੀ ਪਰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਨੈਸ਼ਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਹਾਲ ਹੀ ਵਿੱਚ ਹਰਿਆਣਾ ਸੂਬਾ ਪ੍ਰਦੂਸ਼ਣ ਬੋਰਡ ਅਤੇ ਨੂਹ, ਗੁਰੂਗ੍ਰਾਮ ਅਤੇ ਫਰੀਦਾਬਾਦ ਪ੍ਰਸ਼ਾਸਨ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਇੱਕ ਸੰਯੁਕਤ ਕਮੇਟੀ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)