ਡੇਰਾ ਮੁਖੀ ਜਦੋਂ ਪੈਰੋਲ 'ਤੇ ਸੀ ਤਾਂ ਉਸ ਵੇਲੇ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਕੀ-ਕੀ ਗਤੀਵਿਧੀਆਂ ਨਜ਼ਰ ਆਈਆਂ

ਡੇਰਾ ਸਿਰਸਾ ਮੁਖੀ ਦੀ ਪੈਰੋਲ

ਤਸਵੀਰ ਸਰੋਤ, Saint MSG

ਤਸਵੀਰ ਕੈਪਸ਼ਨ, ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਆਨਲਾਈਨ ਪ੍ਰੋਗਰਾਮ ਦੌਰਾਨ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ ਤੇ ਪ੍ਰਭੂ ਦਿਆਲ
    • ਰੋਲ, ਬੀਬੀਸੀ ਪੱਤਰਕਾਰ/ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 3 ਮਿੰਟ

ਕਰੀਬ ਇੱਕ ਮਹੀਨੇ ਦੀ ਪੈਰੋਲ ਤੋਂ ਬਾਅਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ ਵਾਪਸੀ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ।

17 ਜੂਨ ਨੂੰ ਉਨ੍ਹਾਂ ਨੂੰ ਇੱਕ ਮਹੀਨੇ ਦੀ ਪੈਰੋਲ ਮਿਲੀ ਸੀ ਅਤੇ ਇਹ ਸਮਾਂ ਉਨ੍ਹਾਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਵਿੱਚ ਬਤੀਤ ਕੀਤਾ। ਇੱਕ ਮਹੀਨਾ ਡੇਰਾ ਮੁਖੀ ਇਸ ਆਸ਼ਰਮ ਵਿੱਚ ਰਹੇ ਅਤੇ ਇੱਥੋਂ ਹੀ ਵਾਪਸ ਜੇਲ੍ਹ ਚਲੇ ਗਏ।

ਪੈਰੋਲ ਦੌਰਾਨ ਗੁਰਮੀਤ ਰਾਮ ਰਹੀਮ ਆਪਣੇ ਪੁਰਾਣੇ ਰੰਗ ਵਿੱਚ ਦਿਸੇ। ਡੇਰਾ ਮੁਖੀ ਦੇ ਵੱਖ- ਵੱਖ ਸੋਸ਼ਲ ਮੀਡੀਆ ਉੱਤੇ ਨਜ਼ਰ ਪਾਈ ਜਾਵੇ ਤਾਂ ਉਹ ਖੇਡ ਦੇ ਮੈਦਾਨ, ਗੀਤ ਗਾਉਂਦੇ ਅਤੇ ਰੰਗ ਬਰੰਗੀਆਂ ਪੋਸ਼ਾਕਾਂ ਵਿੱਚ ਨਜ਼ਰ ਆਏ।

ਯੂ ਟਿਊਬ ਚੈਨਲ ਉੱਤੇ ਸਤਸੰਗ ਤੋਂ ਇਲਾਵਾ ਉਨ੍ਹਾਂ ਇੱਕ ਗੀਤ ਵੀ ਲਾਂਚ ਕੀਤਾ। ਇਸ ਦੌਰਾਨ ਡੇਰਾ ਮੁਖੀ ਸ਼ਰਧਾਲੂਆਂ ਨਾਲ ਆਨਲਾਈਨ ਰੂ-ਬ-ਰੂ ਵੀ ਹੋਏ।

ਹਾਲਾਂਕਿ ਜਿਸ ਸਮੇਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ ਉਸ ਦੀ ਟਾਈਮਿੰਗ ਕਾਫੀ ਅਹਿਮ ਸੀ ਕਿਉਂਕਿ 23 ਜੂਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਸਨ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਪੈਰੋਲ ਦਾ ਵਿਰੋਧ ਵੀ ਕੀਤੀ ਸੀ ਪਰ ਹਰਿਆਣਾ ਸਰਕਾਰ ਦੀ ਦਲੀਲ ਸੀ ਕਿ ਨਿਯਮਾਂ ਮੁਤਾਬਕ ਹੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ।

ਪੈਰੋਲ ਦੌਰਾਨ ਰਾਮ ਰਹੀਮ ਦੀਆਂ ਆਨਲਾਈਨ ਗਤੀਵਿਧੀਆਂ

ਗੁਰਮੀਤ ਰਾਮ ਰਹੀਮ ਨੇ ਯੂ ਟਿਊਬ ਚੈਨਲ "ਸੰਤ ਐਮਐਸਜੀ" ਉੱਤੇ ਲਾਈਵ ਸਤਸੰਗ ਕੀਤੇ। ਆਪਣੇ ਵਿਚਾਰਾਂ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਨੇ ਸੰਗੀਤ ਦੀ ਮਹਿਫ਼ਲ ਵੀ ਲਗਾਈ ਜਿਸ ਵਿੱਚ ਉਨ੍ਹਾਂ ਕਈ ਗੀਤ ਸੁਣਾਏ।

ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦਾ ਇੱਕ ਗੀਤ "ਇਸ਼ਕੇ ਦੀ ਝਾਂਜਰ" ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਉਹ ਰੋਜ਼ਾਨਾ ਯੂ-ਟਿਊਬ ਉੱਤੇ ਲਾਈਵ ਵੀ ਹੁੰਦੇ ਰਹੇ। ਸਭ ਤੋਂ ਪਹਿਲਾਂ 17 ਜੂਨ ਨੂੰ ਗੁਰਮੀਤ ਰਾਮ ਰਹੀਮ ਆਪਣੇ ਇੰਸਟਾਗ੍ਰਾਮ "ਸੰਤ ਡਾਕਟਰ ਐਮਐਸਜੀ" ਉੱਤੇ ਇੱਕ ਵੀਡੀਓ ਜਾਰੀ ਕਰਦੇ ਹਨ ਜਿਸ ਵਿੱਚ ਉਹ ਨਕਾਰਆਤਮਕ ਸੋਚ ਉੱਤੇ ਗੱਲ ਕਰਦੇ ਹਨ।

ਡੇਰਾ ਸਿਰਸਾ ਮੁਖੀ ਦੀ ਪੈਰੋਲ

ਤਸਵੀਰ ਸਰੋਤ, Saint MSG

29 ਜੂਨ ਨੂੰ ਗੁਰਮੀਤ ਰਾਮ ਰਹੀਮ ਆਪਣੇ ਪੁਰਾਣੇ ਅੰਦਾਜ਼ ਵਿੱਚ ਆਉਂਦੇ ਹਨ ਅਤੇ ਵਾਲੀਬਾਲ ਖੇਡਦੇ ਹੋਏ ਇੰਸਟਾਗ੍ਰਾਮ ਉੱਤੇ ਨਜ਼ਰ ਆਉਂਦੇ ਹਨ। 4 ਜੁਲਾਈ ਦੇ ਵੀਡੀਓ ਵਿੱਚ ਉਹ ਬੈਡਮਿੰਟਨ ਖੇਡਦੇ ਦਿਸ ਰਹੇ ਹਨ। ਖੇਡਾਂ ਤੋਂ ਇਲਾਵਾ ਗੁਰਮੀਤ ਰਾਮ ਰਹੀਮ ਆਪਣੇ ਸਟਾਈਲਿਸ਼ ਕੱਪੜਿਆਂ ਵਿੱਚ ਵੀ ਨਜ਼ਰ ਆਏ। ਘੋੜੇ ਅਤੇ ਕੁੱਤਿਆਂ ਨਾਲ ਵੀ ਉਨ੍ਹਾਂ ਆਪਣੀਆਂ ਵੀਡੀਓਜ਼ ਜਾਰੀ ਕੀਤੀਆਂ।

ਇੰਸਟਾਗ੍ਰਾਮ ਉੱਤੇ ਹੀ ਡੇਰਾ ਸਿਰਸਾ ਮੁਖੀ ਹਨੀਪ੍ਰੀਤ ਦੇ ਨਾਲ ਵੀ ਨਜ਼ਰ ਆਏ। 17 ਜੁਲਾਈ ਨੂੰ ਗੁਰਮੀਤ ਰਾਮ ਰਹੀਮ ਇੰਸਟਾਗ੍ਰਾਮ ਉੱਤੇ ਹਨੀਪ੍ਰੀਤ ਦੇ ਨਾਲ ਲਾਈਵ ਵੀ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਸ਼ਰਧਾਲੂਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਲਾਈਵ ਦੌਰਾਨ ਰਾਮ ਰਹੀਮ ਨੂੰ ਕਿਸੇ ਨੇ ਪੁੱਛਿਆ ਕਿ "ਹਨੀਪ੍ਰੀਤ ਨੂੰ ਨਾਲ ਕਿਉਂ ਬਿਠਾਇਆ ਹੈ ਤਾਂ ਡੇਰਾ ਮੁਖੀ ਨੇ ਜਵਾਬ ਦਿੱਤਾ ਕਿ ਬਾਪ ਦੇ ਨਾਲ ਜੇਕਰ ਬੇਟੀ ਬੈਠੀ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ"।

ਇਸ ਤੋਂ ਬਾਅਦ ਡੇਰਾ ਮੁਖੀ ਫਿਰ ਬੋਲਦੇ ਹਨ ਕਿ ਸ਼ਰਧਾਲੂਆਂ ਦੀ ਮੰਗ ਸੀ ਇਸ ਕਰ ਕੇ ਹਨੀਪ੍ਰੀਤ ਨੂੰ ਲਾਈਵ ਵਿੱਚ ਨੇੜੇ ਬਿਠਾਇਆ ਗਿਆ ਹੈ।

ਇਸ ਤੋਂ ਬਾਅਦ 18 ਜੁਲਾਈ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚੱਲੇ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਟ ਉੱਤੇ ਕੋਈ ਗਤੀਵਿਧੀ ਫ਼ਿਲਹਾਲ ਨਜ਼ਰ ਨਹੀਂ ਆਈ।

ਇਹ ਵੀ ਪੜ੍ਹੋ:

ਜੇਲ੍ਹ ਅਧਿਕਾਰੀਆਂ ਦੀਆਂ ਦਲੀਲਾਂ

ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਰਾਮ ਰਹੀਮ ਜੇਲ੍ਹ ਵਿੱਚ ਪਰਤ ਆਏ ਹਨ ਅਤੇ ਪੈਰੋਲ ਦੌਰਾਨ ਉਨ੍ਹਾਂ ਨੇ ਕੋਈ ਅਜਿਹੀ ਗਤੀਵਿਧੀ ਨਹੀਂ ਕੀਤੀ ਜੋ ਨਿਯਮਾਂ ਦੇ ਉਲਟ ਹੋਵੇ।

ਅਧਿਕਾਰੀਆਂ ਮੁਤਾਬਕ ਨਾ ਹੀ ਯੂਪੀ ਪੁਲਿਸ ਨੇ ਅਜਿਹੀ ਕੋਈ ਰਿਪੋਰਟ ਜੇਲ੍ਹ ਅਥਾਰਿਟੀ ਨੂੰ ਭੇਜੀ ਹੈ। ਨਾਮ ਨਾ ਛਾਪਣ ਦੀ ਸ਼ਰਤ ਉੱਤੇ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਡੇਰਾ ਮੁਖੀ ਨੂੰ ਇੱਕ ਮਹੀਨੇ ਦੀ ਰੈਗੂਲਰ ਪੈਰੋਲ ਦਿੱਤੀ ਗਈ ਸੀ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਐਨਓਸੀ ਮਿਲਣ ਤੋਂ ਬਾਅਦ ਹੀ ਉਹ ਜੇਲ੍ਹ ਤੋਂ ਬਾਹਰ ਆਏ ਸਨ।

ਸ਼ਰਧਾਲੂ ਹੋਏ ਖ਼ੁਸ਼

ਡੇਰਾ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਆਨਲਾਈਨ ਤਰੀਕੇ ਨਾਲ ਡੇਰਾ ਮੁਖੀ ਦੇ ਰੂ-ਬ-ਰੂ ਹੋਣ ਨਾਲ ਸ਼ਰਧਾਲੂਆਂ ਨੂੰ ਉਤਸ਼ਾਹ ਮਿਲਿਆ ਹੈ। ਸਿਰਸਾ ਸਥਿਤ ਡੇਰੇ ਦੇ ਸ਼ਰਧਾਲੂ ਦਵਿੰਦਰ ਸਿੰਘ ਨੇ ਕਿਹਾ ਕਿ ਆਨਲਾਈਨ ਸਤਸੰਗ ਦੌਰਾਨ ਇੱਕ ਲੱਖ ਸ਼ਰਧਾਲੂ ਜੁੜਦੇ ਸਨ।

ਦਵਿੰਦਰ ਸਿੰਘ ਮੁਤਾਬਕ ਡੇਰਾ ਮੁਖੀ ਨੇ ਨਵੇਂ ਕਾਰਜ ਸ਼ੁਰੂ ਕਰਨ ਲਈ ਸ਼ਰਧਾਲੂਆਂ ਨੂੰ ਆਦੇਸ਼ ਦਿੱਤੇ ਹਨ ਜਿਸ ਵਿੱਚ ਹਰ ਇੱਕ ਘਰ ਵਿੱਚ ਤਿਰੰਗਾ ਲਗਾਉਣਾ ਹੈ। ਜਿਸ ਦਾ ਮਕਸਦ ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਉੱਚਾ ਰੱਖਣਾ ਹੈ। ਇਸ ਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਨੂੰ ਹੋਰ ਵਧਾਉਣ ਲਈ ਆਖਿਆ ਹੈ।

ਵੀਡੀਓ ਕੈਪਸ਼ਨ, ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਕਾਨੂੰਨ ਵਿਵਸਥਾ ਦਾ ਖ਼ਦਸ਼ਾ ਕਿਉਂ?

ਡੇਰਾ ਸਿਰਸਾ ਨਾਲ ਸਬੰਧਿਤ ਸ਼ਰਧਾਲੂ ਸਤੀਸ਼ ਬਾਂਸਲ ਮੁਤਾਬਕ ਡੇਰਾ ਵੱਲੋਂ ਪਹਿਲਾਂ ਹੀ 140 ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਸਨ ਜਿਨ੍ਹਾਂ ਨੂੰ ਹੁਣ ਵਧਾ ਕੇ 142 ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਡੇਰਾ ਮੁਖੀ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਪਹਿਲਾਂ ਤੋਂ ਹੀ ਰੁੱਖ ਲਗਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਉਸ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਅਤੇ ਵੱਡੀਆਂ ਸੜਕਾਂ ਦੇ ਕੰਢੇ ਹੁਣ ਮੋਬਾਈਲ ਪਖਾਨੇ ਵੀ ਬਣਾਏ ਜਾਣਗੇ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)