ਮੱਧ ਪ੍ਰਦੇਸ਼: ਛੋਟੇ ਭਰਾ ਦੀ ਲਾਸ਼ ਗੋਦੀ ਵਿੱਚ ਲੈ ਕੇ ਬੈਠੇ ਬੱਚੇ ਦਾ ਵਾਇਰਲ ਵੀਡਿਓ, ਪੂਰਾ ਮਾਮਲਾ ਕੀ ਹੈ

    • ਲੇਖਕ, ਸ਼ੁਰੈਹ ਨਿਆਜ਼ੀ
    • ਰੋਲ, ਭੂਪਾਲ ਤੋਂ ਬੀਬੀਸੀ ਹਿੰਦੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਅੱਠ ਸਾਲ ਦਾ ਬੱਚਾ ਆਪਣੇ ਭਰਾ ਦੀ ਲਾਸ਼ ਨੂੰ ਗੋਦੀ ਵਿੱਚ ਲੈ ਕੇ ਬੈਠਾ ਹੈ। ਉਸ ਦੇ ਪਿਤਾ ਇਸ ਤਲਾਸ਼ ਵਿੱਚ ਭਟਕਦੇ ਰਹੇ ਕਿ ਉਨ੍ਹਾਂ ਨੂੰ ਕੋਈ ਸਸਤੀ ਗੱਡੀ ਮਿਲ ਜਾਵੇ ਤਾਂ ਕਿ ਉਹ ਆਪਣੇ ਬੱਚੇ ਮ੍ਰਿਤਕ ਦੇਹ ਨੂੰ ਘਰ ਲਿਜਾ ਸਕਣ।

ਇਸ ਘਟਨਾ ਦੀ ਵੀਡਿਓ ਵਾਇਰਲ ਹੋਈ ਤਾਂ ਪ੍ਰਦੇਸ਼ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ 'ਤੇ ਜ਼ੋਰਦਾਰ ਨਿਸ਼ਾਨਾ ਸਾਧਿਆ।

ਦੂਜੇ ਪਾਸੇ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਜਦੋਂ ਇਸ 'ਤੇ ਪੱਤਰਕਾਰਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁਝ ਵੀ ਕਹੇ ਬਗੈਰ ਅੱਗੇ ਵਧ ਗਏ।

ਪਰ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਹੁਣ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਦਿਲ ਨੂੰ ਮਾਯੂਸ ਕਰ ਦੇਣ ਵਾਲੀ ਇਸ ਘਟਨਾ ਨੇ ਬਹੁਤ ਸਾਰੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਭਰਾ ਦੀ ਲਾਸ਼ ਨਾਲ ਗੁਲਸ਼ਨ

ਅੱਠ ਸਾਲ ਦਾ ਇੱਕ ਬੱਚਾ ਗੁਲਸ਼ਨ ਆਪਣੇ ਛੋਟੇ ਭਰਾ ਦੀ ਲਾਸ਼ ਨੂੰ ਗੋਦੀ ਵਿੱਚ ਲੈ ਕੇ ਬੈਠਾ ਸੀ।

ਭਰਾ ਦੀ ਉਮਰ ਸਿਰਫ਼ ਦੋ ਸਾਲ ਹੈ ਅਤੇ ਉਹ ਸਫ਼ੈਦ ਕੱਪੜੇ ਵਿਚ ਲਪੇਟਿਆ ਹੋਇਆ ਹੈ। ਪਿਤਾ ਕਿਸੇ ਗੱਡੀ ਦੀ ਤਲਾਸ਼ ਵਿੱਚ ਚਲੇ ਗਏ ਸਨ ਤਾਂ ਕਿ ਉਹ ਆਪਣੇ ਬੱਚੇ ਦੀ ਮ੍ਰਿਤਕ ਦੇਹ ਵਾਪਸ ਆਪਣੇ ਪਿੰਡ ਲਿਜਾ ਸਕਣ।

ਪੂਜਾਰਾਮ ਦੱਸਦੇ ਹਨ ਕਿ ਬੇਟੇ ਦੀ ਮੌਤ ਤੋਂ ਬਾਅਦ ਲਾਸ਼ ਨੂੰ ਹਸਪਤਾਲ ਤੋਂ ਆਪਣੇ ਪਿੰਡ ਲੈ ਜਾਣ ਲਈ ਵਾਹਨ ਦੀ ਗੱਲ ਕੀਤੀ ਤਾਂ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਮਨ੍ਹਾ ਕਰ ਦਿੱਤਾ।

ਪੂਜਾਰਾਮ ਦੇ ਮੁਤਾਬਕ, ਉਨ੍ਹਾਂ ਨੇ ਕਿਹਾ ਕਿ ਕੋਈ ਗੱਡੀ ਉਪਲੱਬਧ ਨਹੀਂ ਹੈ ਅਤੇ ਉਹ ਬਾਹਰੋਂ ਇਸ ਦਾ ਇੰਤਜ਼ਾਮ ਕਰ ਸਕਦੇ ਹਨ।

ਉੱਥੇ ਹੀ ਜਦੋਂ ਪੂਜਾਰਾਮ ਨੇ ਬਾਹਰ ਖੜ੍ਹੇ ਐਂਬੂਲੈਂਸ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਤੋਂ 1500 ਰੁਪਏ ਤੱਕ ਦੀ ਮੰਗ ਕਰ ਦਿੱਤੀ।

ਉਸ ਦੇ ਬਾਅਦ ਉਹ ਆਪਣੇ ਬੇਟੇ ਦੀ ਲਾਸ਼ ਲੈ ਕੇ ਬਾਹਰ ਆ ਗਏ, ਪਰ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਗੱਡੀ ਨਹੀਂ ਮਿਲੀ ਤਾਂ ਉਹ ਨਹਿਰੂ ਪਾਰਕ ਦੇ ਨਜ਼ਦੀਕ ਆਪਣੇ ਬੇਟੇ ਦੇ ਕੋਲ ਛੋਟੇ ਬੇਟੇ ਦੀ ਲਾਸ਼ ਛੱਡ ਕੇ ਚਲੇ ਗਏ।

ਨਰੋਤਮ ਮਿਸ਼ਰਾ ਦਾ ਬਿਆਨ

ਗੁਲਸ਼ਨ ਦਾ ਵੀਡਿਓ ਆਪਣੇ ਭਰਾ ਨੂੰ ਗੋਦੀ ਵਿੱਚ ਲੈ ਕੇ ਜਦੋਂ ਸਾਹਮਣੇ ਆਇਆ ਤਾਂ ਮਾਮਲਾ ਗਰਮਾ ਗਿਆ। ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਉਨ੍ਹਾਂ ਨੇ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ, ''ਜਦੋਂ ਉਹ ਪਿੰਡ ਤੋਂ ਆਏ ਸਨ ਤਾਂ ਉਸ ਸਮੇਂ ਉਨ੍ਹਾਂ ਦਾ ਬੱਚਾ ਗੰਭੀਰ ਸਥਿਤੀ ਵਿੱਚ ਸੀ। ਡਾਕਟਰਾਂ ਨੇ ਜਦੋਂ ਉਸ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਤਾ ਉਹ ਬੱਚੇ ਦੀ ਲਾਸ਼ ਵੱਡੇ ਲੜਕੇ ਨੂੰ ਸੌਂਪ ਕੇ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਗਏ।"

"ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰ ਮੰਨਿਆ ਹੈ ਅਤੇ ਸੀਈਓ ਜ਼ਿਲ੍ਹਾ ਪੰਚਾਇਤ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਸ਼ਾਮ ਤੱਕ ਜਾਂਚ ਕਰਨ ਨੂੰ ਕਿਹਾ ਗਿਆ ਹੈ।''

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਸਰਜਨ ਨੂੰ ਕਾਰਨ ਦੱਸੋ ਨੋਟਿਸ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਈ ਤਰ੍ਹਾਂ ਦੀ ਮਦਦ ਉਸ ਪਰਿਵਾਰ ਨੂੰ ਦਿੱਤੀ ਹੈ।

ਉੱਥੇ ਹੀ ਪਿਤਾ ਪੂਜਾਰਾਮ ਜਾਟਵ ਨੇ ਦੱਸਿਆ, ''ਮੈਂ ਬਾਜ਼ਾਰ ਵਿੱਚ ਪੈਂਚਰ ਲਾ ਕੇ ਆਪਣਾ ਗੁਜ਼ਾਰਾ ਕਰਦਾ ਹਾਂ। ਮੈਨੂੰ ਨਹੀਂ ਪਤਾ ਕਿ ਬੱਚੇ ਦੀ ਹਾਲਤ ਕਿਵੇਂ ਖਰਾਬ ਹੋਈ। ਪਹਿਲਾਂ ਨਜ਼ਦੀਕ ਦੇ ਡਾਕਟਰ ਨੂੰ ਦਿਖਾਇਆ, ਪਰ ਫਿਰ ਵੀ ਉਸ ਨੂੰ ਫਾਇਦਾ ਨਹੀਂ ਹੋਇਆ ਤਾਂ ਫਿਰ ਉਸ ਨੂੰ ਇੱਥੇ ਲੈ ਕੇ ਆਇਆ ਸੀ।''

ਪੂਜਾਰਾਮ ਜਾਟਵ ਦਾ ਪਰਿਵਾਰ

ਜਿਸ ਐਂਬੂਲੈਂਸ ਤੋਂ ਇਹ ਪਰਿਵਾਰ ਜ਼ਿਲ੍ਹਾ ਹਸਪਤਾਲ ਆਇਆ ਸੀ, ਉਹ ਉਨ੍ਹਾਂ ਨੂੰ ਛੱਡ ਕੇ ਵਾਪਸ ਪਰਤ ਗਈ ਸੀ।

ਪੂਜਾਰਾਮ ਜਾਟਵ ਦੇ ਤਿੰਨ ਲੜਕੇ ਅਤੇ ਇੱਕ ਬੇਟੀ ਹੈ। ਉਨ੍ਹਾਂ ਦੇ ਇਲਾਵਾ ਪਤਨੀ ਹੈ ਜੋ ਉਸ ਨੂੰ ਛੱਡ ਕੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਉਹੀ ਕਰ ਰਿਹਾ ਸੀ।

ਲੋਕਾਂ ਦਾ ਮੰਨਣਾ ਹੈ ਕਿ ਸਹੀ ਖਾਣ-ਪੀਣ ਨਾ ਮਿਲਣ ਦੀ ਵਜ੍ਹਾ ਨਾਲ ਬੱਚੇ ਦੀ ਹਾਲਤ ਵਿਗੜੀ ਅਤੇ ਅਜਿਹੀ ਸਥਿਤੀ ਵਿੱਚ ਪਹੁੰਚ ਗਈ ਕਿ ਉਸ ਦੀ ਮੌਤ ਦਾ ਕਾਰਨ ਬਣ ਗਈ।

ਗੁਲਸ਼ਨ ਨੂੰ ਆਪਣੇ ਭਰਾ ਦੀ ਲਾਸ਼ ਨੂੰ ਗੋਦੀ ਵਿੱਚ ਲੈ ਕੇ ਬੈਠਾ ਦੇਖਣ ਤੋਂ ਬਾਅਦ ਜਦੋਂ ਇਹ ਖ਼ਬਰ ਸ਼ਹਿਰ ਦੇ ਕੋਤਵਾਲੀ ਥਾਣੇ ਦੇ ਟਾਊਨ ਇੰਸਪੈਕਟਰ ਯੋਗੇਂਦਰ ਸਿੰਘ ਜਾਦੌਨ ਕੋਲ ਪਹੁੰਚੀ ਤਾਂ ਉਹ ਉਸ ਸਥਾਨ 'ਤੇ ਗਏ ਅਤੇ ਫਿਰ ਉਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਉਠਾ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ।

ਉਸ ਦੇ ਬਾਅਦ ਉਨ੍ਹਾਂ ਨੇ ਇੰਤਜ਼ਾਮ ਕਰਕੇ ਪਰਿਵਾਰ ਨੂੰ ਐਂਬੂਲੈਂਸ ਦੀ ਮਦਦ ਨਾਲ ਪਿੰਡ ਭਿਜਵਾਇਆ।

ਚੀਫ ਮੈਡੀਕਲ ਅਤੇ ਹੈਲਥ ਅਫ਼ਸਰ (ਸੀਐੱਮਐੱਚਓ) ਡਾਕਟਰ ਰਾਕੇਸ਼ ਸ਼ਰਮਾ ਨੇ ਦੱਸਿਆ, ''ਜਦੋਂ ਇਸ ਮਾਮਲੇ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਸ ਨੂੰ ਉਸ ਦੇ ਪਿੰਡ ਭਿਜਵਾਇਆ।''

ਭਾਜਪਾ-ਕਾਂਗਰਸ ਆਹਮਣੇ-ਸਾਹਮਣੇ

ਪਰ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਪ੍ਰਦੇਸ਼ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਆਹਮਣੇ-ਸਾਹਮਣੇ ਕਰ ਦਿੱਤਾ ਹੈ।

ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਇਸ ਮਾਮਲੇ ਵਿੱਚ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਪੇਂਡੂ ਖੇਤਰ ਵਿੱਚ ਸਿਹਤ ਅਤੇ ਐਂਬੂਲੈਂਸ ਦੀਆਂ ਸਮੱਸਿਆਵਾਂ 'ਤੇ ਕਈ ਟਵੀਟ ਕੀਤੇ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਕਮਲਨਾਥ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਕਿਹਾ, ''ਮੀਡੀਆ ਤੋਂ ਮੂੰਹ ਮੋੜ ਕੇ ਭੱਜੇ, ਪੱਤਰਕਾਰਾਂ ਨੇ ਮੁਰੈਨਾ ਮਾਮਲੇ 'ਤੇ ਕੀਤਾ ਸੀ ਸਵਾਲ। ਸ਼ਿਵਰਾਜ ਜੀ, ਕਿੰਨਾ ਭੱਜੋਗੇ, ਕਿੱਥੇ-ਕਿੱਥੇ ਭੱਜੋਗੇ, ਹੁਣ ਹਰ ਪਾਸੇ ਜਨਤਾ ਖੜ੍ਹੀ ਹੈ।"

ਉਨ੍ਹਾਂ ਨੇ ਅੱਗੇ ਟਵੀਟ ਵਿੱਚ ਲਿਖਿਆ ਹੈ ਕਿ ਚੁਣੌਤੀਆਂ ਤੋਂ ਭੱਜਣ ਅਤੇ ਸੱਚਾਈ ਨੂੰ ਨਕਾਰਨ ਦੀ ਤੁਹਾਡੀ ਅਤੇ ਤੁਹਾਡੀ ਸਰਕਾਰ ਦੀ ਇਹ ਪ੍ਰਵਿਰਤੀ ਪ੍ਰਦੇਸ਼ ਦੇ ਪੂਰੇ ਮੈਡੀਕਲ ਤੰਤਰ ਨੂੰ ਖੋਖਲਾ ਅਤੇ ਸੰਵੇਦਨਹੀਣ ਕਰਦੀ ਜਾ ਰਹੀ ਹੈ।

ਇਸ ਦੇ ਬਾਅਦ ਹੀ ਸਰਕਾਰ ਹਰਕਤ ਵਿੱਚ ਆਈ ਅਤੇ ਪੀੜਤ ਪਰਿਵਾਰ ਨੂੰ ਸਹਾਇਤਾ ਉਪਲੱਬਧ ਕਰਾਈ ਗਈ ਹੈ।

ਮੱਧ ਪ੍ਰਦੇਸ਼ ਵਿੱਚ ਸਿਹਤ ਸੁਵਿਧਾਵਾਂ ਦੀ ਸਥਿਤੀ

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਪ੍ਰਦੇਸ਼ ਵਿੱਚ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ।

ਐੱਮਪੀ ਮੈਡੀਕਲ ਕਾਲਜ ਕੌਂਸਲ ਦੀ ਰਿਪੋਰਟ ਦੇ ਅਨੁਸਾਰ, ਪ੍ਰਦੇਸ਼ ਵਿੱਚ ਸਿਹਤ ਵਿਭਾਗ ਦੀ ਸਥਿਤੀ ਦੀ ਗੱਲ ਕਰੀਏ ਤਾਂ ਪ੍ਰਦੇਸ਼ ਵਿੱਚ 77 ਹਜ਼ਾਰ ਡਾਕਟਰਾਂ ਦੀ ਜ਼ਰੂਰਤ ਹੈ।

ਪਰ ਉਪਲੱਬਧ ਸਿਰਫ਼ 22 ਹਜ਼ਾਰ ਹਨ। ਹਰ 3400 ਵਿਅਕਤੀਆਂ 'ਤੇ ਇੱਕ ਡਾਕਟਰ ਮੌਜੂਦ ਹੈ।

ਪ੍ਰਦੇਸ਼ ਵਿੱਚ ਡਾਕਟਰਾਂ ਦੀ ਸਹੀ ਸੰਖਿਆ ਜਾਣਨ ਲਈ ਕੌਂਸਲ ਨੇ ਇਸ ਸਾਲ ਫਿਰ ਤੋਂ ਰਜਿਸਟ੍ਰੇਸ਼ਨ ਦੇ ਨਿਰਦੇਸ਼ ਦਿੱਤੇ ਹਨ।

ਅੰਤਿਮ ਮਿਤੀ ਤੱਕ ਸਿਰਫ਼ 22,000 ਡਾਕਟਰਾਂ ਨੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਈ। ਹਾਲਾਂਕਿ ਕੌਂਸਲ ਦੇ ਦਸਤਾਵੇਜ਼ਾਂ ਵਿੱਚ ਪਹਿਲਾਂ 59,000 ਡਾਕਟਰ ਦਰਜ ਸਨ।

ਦੂਜੇ ਪਾਸੇ ਸਿਹਤ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ 3278 ਪਦਾਂ ਵਿੱਚੋਂ ਮਾਹਿਰਾਂ ਦੇ ਸਿਰਫ਼ 1029 ਪਦ ਭਰੇ ਹੋਏ ਹਨ।

ਉੱਥੇ ਹੀ 1677 ਪਦ ਮੈਡੀਕਲ ਅਧਿਕਾਰੀਆਂ ਦੇ ਵੀ ਖਾਲੀ ਹਨ। ਇਹ ਅੰਕੜੇ ਪ੍ਰਦੇਸ਼ ਵਿੱਚ ਸਿਹਤ ਵਿਭਾਗ ਦੀ ਤਸਵੀਰ ਬਿਆਨ ਕਰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)