You’re viewing a text-only version of this website that uses less data. View the main version of the website including all images and videos.
ਨੈਸ਼ਨਲ ਅਚੀਵਮੈਂਟ ਸਰਵੇ ਕੀ ਹੈ ਜਿਸ ਵਿੱਚ ਪੰਜਾਬ ਮੋਹਰੀ ਆਇਆ ਅਤੇ ਜਿਸ ਨੂੰ ਮੀਤ ਹੇਅਰ ਗਲਤ ਦੱਸ ਰਹੇ ਹਨ
- ਲੇਖਕ, ਗੁਰਕਿਰਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਪੱਧਰ ਬਾਰੇ ਕੀਤੇ ਦੇਸ਼ ਵਿਆਪੀ ਸਰਵੇਖਣ ਵਿੱਚ ਪੰਜਾਬ ਨੇ ਦਿੱਲੀ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।
ਹਾਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਨੈਸ਼ਨਲ ਅਚੀਵਮੈਂਟ ਸਰਵੇ ਜੋ ਪੰਜਾਬ ਨੂੰ ਮੋਹਰੀ ਦਿਖਾ ਰਿਹਾ ਹੈ ਉਹ ਝੂਠੇ ਅੰਕੜਿਆਂ ਉੱਪਰ ਅਧਾਰਿਤ ਹੈ।''
ਹਾਲਾਂਕਿ ਉਨ੍ਹਾਂ ਨੇ ਇਸ ਪ੍ਰਪਤੀ ਲਈ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਪਰ ਕਿਹਾ ਕਿ ਉਨ੍ਹਾਂ ਨੂੰ ਸਰਵੇ ਦੇ ਨਤੀਜਿਆਂ ਬਾਰੇ ਕੁਝ ਇਤਰਾਜ਼ ਹਨ।
ਉਨ੍ਹਾਂ ਨੇ ਕਿਹਾ ਜਿਵੇਂ ਹੀ ਮੈਂ ਵਿਭਾਗ ਸੰਭਾਲਿਆ, ''ਮੈਂ ਮਹਿਸੂਸ ਕੀਤਾ ਕਿ ਚੰਗੇ ਅਧਿਆਪਨ ਨਾਲੋਂ ਪਿਛਲੀ ਸਰਕਾਰ ਨੰਬਰਾਂ ਦੀ ਖੇਡ ਖੇਡ ਰਹੀ ਸੀ। ਵੱਖ-ਵੱਖ ਬੈਠਕਾਂ ਵਿੱਚ ਮੈਨੂੰ ਦੱਸਿਆ ਗਿਆ ਕਿ ਅਧਿਆਪਕਾਂ ਉੱਪਰ ਬੇਸਲਾਈਨ ਅਸੈਸਮੈਂਟ ਨਾ ਛੇੜਛਾੜ ਕਰਨ ਲਈ ਦਬਾਅ ਪਾਇਆ ਜਾਂਦਾ ਸੀ।''
ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਦੀਆਂ ਸਿੱਖਣ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਵਿੱਚ ਖ਼ਾਸ ਤੌਰ 'ਤੇ ਬੱਚਿਆਂ ਦੀ ਪੜ੍ਹਾਈ ਉੱਪਰ ਮਹਾਮਾਰੀ ਦੇ ਅਸਰ ਦਾ ਅਧਿਐਨ ਕੀਤਾ ਗਿਆ।
ਮੌਜੂਦਾ ਸਰਵੇ ਲਈ ਪੂਰੇ ਦੇਸ ਦੇ ਚੋਣਵੇਂ ਸਕੂਲਾਂ ਵਿੱਚ 12 ਨਵੰਬਰ 2021 ਨੂੰ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਵਿੱਚ ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮਿਲ ਸਨ।
ਪੰਜਾਬ ਦੇ ਬੱਚਿਆਂ ਦੇ ਨਤੀਜੇ ਦਿੱਲੀ ਦੇ ਬੱਚਿਆਂ ਦੇ ਮੁਬਾਕਬਲੇ ਵਿੱਚ ਵਧੀਆ ਆਏ ਹਨ ਇਸ ਲਈ ਵਿਰੋਧੀ ਧਿਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ:
ਪੰਜਾਬ ਨੇ 15 ਵਿੱਚੋਂ 10 ਵਰਗਾਂ ਵਿੱਚ ਮੋਹਰੀ ਥਾਂ ਹਾਸਲ ਕੀਤੀ ਹੈ। ਤੀਜੀ ਕਲਾਸ ਲਈ ਸੂਬੇ ਨੇ ਭਾਸ਼ਾ (ਪੰਜਾਬੀ), ਗਣਿਤ, ਵਾਤਾਵਰਣ ਵਿੱਚ ਕੌਮੀ ਔਸਤ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਜਦਕਿ ਦਸਵੀਂ ਕਲਾਸ ਵਿੱਚ ਸੂਬੇ ਦੀ ਕਾਰਗੁਜ਼ਾਰੀ ਅੰਗਰੇਜ਼ੀ ਵਿੱਚ ਤੀਜੇ ਨੰਬਰ ਉੱਪਰ ਅਤੇ ਗਣਿਤ ਵਿੱਚ ਸਭ ਤੋਂ ਉੱਪਰ ਰਹੀ ਹੈ।
ਜਾਣਦੇ ਹਾਂ ਸਰਵੇ ਬਾਰੇ ਕੁਝ ਅਹਿਮ ਸਵਾਲਾਂ ਦੇ ਜਵਾਬ-
ਸਰਵੇ ਕਿਉਂ ਕੀਤਾ ਜਾਂਦਾ ਹੈ?
ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਸਰਵ ਸਿੱਖਿਆ ਪ੍ਰੋਗਰਾਮ ਦੇ ਤਹਿਤ ਦੇਸ਼ ਦੇ ਬੱਚਿਆਂ ਨੂੰ ਬਰਾਬਰੀ ਅਤੇ ਗੁਣਵੱਤਾ ਵਾਲੀ ਐਲੀਮੈਂਟਰੀ ਸਿੱਖਿਆ ਮੁਹਈਆ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ।
ਸਰਵ ਸਿੱਖਿਆ ਅਭਿਆਨ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਸਕੂਲੀ ਸਿੱਖਿਆ ਦੇ ਵੱਖ-ਵੱਖ ਪੱਧਰਾਂ 'ਤੇ ਪੜ੍ਹਦੇ ਬੱਚੇ ਕੀ ਜਾਣਦੇ ਹਨ ਅਤੇ ਕੀ ਕਰ ਸਕਦੇ ਹਨ, ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਇਕੱਠੀ ਕੀਤੀ ਜਾਵੇ।
ਦੂਸਰੇ ਸ਼ਬਦਾਂ ਵਿੱਚ ਬੱਚਿਆਂ ਦੇ ਸਿੱਖਣ ਪੱਧਰਾਂ ਨੂੰ ਜਾਨਣਾ ਇਸ ਲਈ ਜ਼ਰੂਰੀ ਸੀ ਤਾਂ ਜੋ ਦੇਖਿਆ ਜਾ ਸਕੇ ਕਿ ਐਲੀਮੈਂਟਰੀ ਐਜੂਕੇਸ਼ਨ ਵਿੱਚ ਸਰਕਾਰ ਵੱਲੋਂ ਜੋ ਯਤਨ ਕੀਤੇ ਜਾ ਰਹੇ ਹਨ, ਉਸ ਨਾਲ ਬੱਚਿਆਂ ਨੂੰ ਕੋਈ ਲਾਭ ਮਿਲ ਰਿਹਾ ਹੈ ਜਾਂ ਨਹੀਂ।
ਇਸ ਉਦੇਸ਼ ਦੀ ਪ੍ਰਾਪਤੀ ਲਈ ਨੈਸ਼ਨਲ ਅਚੀਵਮੈਂਟ ਸਰਵੇ ਸਾਲ 2000-2001 ਤੋਂ ਲੈ ਕੇ ਹਰ ਤਿੰਨ ਸਾਲ ਬਾਅਦ ਕੀਤਾ ਜਾਂਦਾ ਹੈ।
ਸਰਵੇ ਕਿਵੇਂ ਕੀਤਾ ਜਾਂਦਾ ਹੈ?
ਸਾਲ 2021 ਦੇ ਅਚੀਵਮੈਂਟ ਸਰਵੇ ਲਈ ਤਿੰਨ ਪ੍ਰਸ਼ਨਾਵਲੀਆਂ ਵਿਕਸਿਤ ਕੀਤੀਆਂ ਗਈਆਂ ਸਨ- ਬੱਚਿਆਂ ਲਈ, ਅਧਿਆਪਕਾਂ ਲਈ ਤੇ ਸਕੂਲਾਂ ਲਈ।
ਇਨ੍ਹਾਂ ਪ੍ਰਸ਼ਨਾਵਲੀਆਂ ਨੂੰ 22 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫਿਰ ਇਸ ਸਰਵੇ ਲਈ ਬੱਚਿਆਂ ਦਾ ਟੈਸਟ ਸੀਬੀਐੱਸਈ ਵੱਲੋਂ ਪੂਰੇ ਦੇਸ਼ ਵਿੱਚ ਇੱਕੋ ਸਮੇਂ 12 ਨਵੰਬਰ 2021 ਨੂੰ ਲਿਆ ਗਿਆ।
ਤੀਜੀ, ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁ-ਵਿਕਲਪੀ ਪ੍ਰਸ਼ਨ ਪੱਤਰ ਹੱਲ ਕਰਨ ਲਈ ਦਿੱਤੇ ਗਏ। ਸਵਾਲਾਂ ਦੇ ਜਵਾਬ ਵਿਦਿਆਰਥੀ ਓਐਮਆਰ ਸ਼ੀਟ ਉੱਪਰ ਦਿੰਦੇ ਹਨ।
ਇਹ ਪ੍ਰਸ਼ਨ ਪੱਤਰ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਵੱਖ-ਵੱਖ ਪੱਧਰਾਂ ਉੱਪਰ ਸਿੱਖਣ ਪ੍ਰਾਪਤੀ ਦਾ ਆਂਕਲਣ ਕਰਦੇ ਹਨ। ਇਨ੍ਹਾਂ ਪ੍ਰਸ਼ਨ ਪੱਤਰਾਂ ਨੂੰ ਸਿੱਖਿਆ ਖੇਤਰ ਦੇ ਮਾਹਰਾਂ ਵੱਲੋਂ ਫੀਲਡ ਟੈਸਟਿੰਗ ਦੇ ਅਧਾਰ 'ਤੇ ਤਿਆਰ ਕੀਤਾ ਜਾਂਦਾ ਹੈ।
ਹਰ ਸਵਾਲ ਨੂੰ ਰਿਸਰਚ ਦੀ ਕਸੌਟੀ ਉੱਪਰ ਕਸੇ ਜਾਣ ਤੋਂ ਬਾਅਦ ਹੀ ਪ੍ਰਸ਼ਨ ਪੱਤਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
ਆਖਰੀ ਰਿਪੋਰਟ ਦੇ ਨਤੀਜਿਆਂ ਨੂੰ ਲਿੰਗ (ਕੁੜੀਆਂ ਮੁੰਡੇ), ਖੇਤਰ (ਪੇਂਡੂ ਸ਼ਹਿਰੀ), ਸਕੂਲ ਦੀ ਕਿਸਮ (ਸਰਕਾਰੀ, ਨਿੱਜੀ, ਸਹਾਇਤਾ ਪ੍ਰਪਤ) , ਸਮਾਜਿਕ ਸਮੂਹ (ਐਸਸੀ, ਬੀਸੀ, ਐਸਟੀ) ਦੇ ਅਧਾਰ 'ਤੇ ਪੇਸ਼ ਕੀਤਾ ਜਾਂਦਾ ਹੈ।
ਸਰਵੇ ਤੋਂ ਹਾਸਲ ਜਾਣਕਾਰੀ ਨੀਤੀ ਨਿਰਮਾਣ, ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਅਤੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸਮਰੂਪਤਾ ਲਿਆਉਣ ਲਈ ਕੀਤੀ ਜਾਂਦੀ ਹੈ।
ਨੈਸ਼ਨਲ ਅਚੀਵਮੈਂਟ ਸਰਵੇ ਪੂਰੇ ਭਾਰਤ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਸੈਂਪਲ ਅਧਾਰਿਤ ਸਰਵੇਖਣ ਹੈ।
ਇਹ ਸਰਵੇਖਣ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਬਾਰੇ ਜ਼ਿਲ੍ਹੇਵਾਰ, ਸੂਬਿਆਂ ਤੇ ਕੌਮੀ ਪੱਧਰਾਂ ਉੱਪਰ ਵਿਸਥਾਰਪੂਰਬਕ ਜਾਣਕਾਰੀ ਦਿੰਦਾ ਹੈ।
ਪਿਛਲਾ ਸਰਵੇ 2017 ਵਿੱਚ ਕੀਤਾ ਗਿਆ ਸੀ।
ਸਰਵੇਖਣ ਵਿੱਚ ਤੀਜੀ, ਪੰਜਵੀਂ ਅਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਤੋਂ ਭਾਸ਼ਾ, ਗਣਿਤ, ਵਾਤਾਵਰਣ ਦੇ ਪਾਠਕ੍ਰਮ ਵਿੱਚੋਂ ਟੈਸਟ ਲਏ ਜਾਂਦੇ ਹਨ।
ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪਾਠਕ੍ਰਮ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਦੇ ਹੁੰਦੇ ਹਨ।
ਵੀਡੀਓ: ਪੰਜਾਬ ਦੇ ਇਸ ਸਕੂਲ 'ਚ ਵਿਦਿਆਰਥੀ ਹੀ ਅਧਿਆਪਕ ਹਨ
ਨੈਸ਼ਨਲ ਅਚੀਵਮੈਂਟ ਸਵਰੇ 2021 ਵਿੱਚ-
- ਸਰਵੇ ਲਈ ਤੀਜੀ, ਪੰਜਵੀਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਦੀ ਪ੍ਰੀਖਿਆ 12 ਨਵੰਬਰ 2021 ਨੂੰ ਲਈ ਗਈ।
- ਦੇਸ਼ ਭਰ ਵਿੱਚੋਂ 733 ਜ਼ਿਲ੍ਹੇ ਸ਼ਾਮਲ ਸਨ।
- ਦੇਸ਼ ਦੇ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਸਨ।
- ਇੱਕ ਲੱਖ 23 ਹਜ਼ਾਰ 729 ਸਕੂਲ ਸ਼ਾਮਲ ਸਨ।
- 38,87,759 ਕੁੱਲ ਵਿਦਿਆਰਥੀ ਸ਼ਾਮਲ ਸਨ।
ਪੰਜਾਬ ਅਤੇ ਸਕੂਲ ਸਿੱਖਿਆ ਲਈ ਮਾਅਨੇ
ਪੰਜਾਬੀ ਯੂਨੀਵਰਿਸਟੀ ਦੇ ਸਿੱਖਿਆ ਤੇ ਸਮੁਦਾਇ ਸੇਵਾ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ਼ ਕੁਲਵਿੰਦਰ ਸਿੰਘ ਨੇ ਇਸ ਸੰਬੰਧ ਵਿੱਚ ਬੀਬੀਸੀ ਨੂੰ ਦੱਸਿਆ ਕਿ ਸਰਵੇ ਦੇ ਨਤੀਜਿਆਂ ਦੀ ਵਿਆਖਿਆ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ।
ਉਹ ਕਹਿੰਦੇ ਹਨ, ''ਇਹ ਨੈਸ਼ਨਲ ਐਸਸਮੈਂਟ ਸਰਵੇ ਬਣਾਉਣ ਦੀ ਵਿਧੀ ਵਿੱਚ ਸੈਂਪਲਿੰਗ ਅਤੇ ਮਾਪਣੀਆਂ ਨੂੰ ਬਿਲਕੁਲ ਵਿਗਿਆਨਕ ਤਰੀਕੇ ਨਾਲ ਵਿਦਿਅਕ ਮਾਹਰਾਂ ਦੀ ਨਿਗਰਾਨੀ ਵਿੱਚ ਵਿਕਸਿਤ ਕੀਤਾ ਜਾਂਦਾ ਹੈ।''
''ਇਨ੍ਹਾਂ ਅੰਕੜਿਆਂ ਦੇ ਅਧਾਰ 'ਤੇ ਕਿਸੇ ਰਾਜ ਨੂੰ ਵੱਧ ਵਧੀਆ ਜਾਂ ਘੱਟ ਵਧੀਆ ਕਹਿਣਾ ਉਦੋਂ ਤੱਕ ਤਰਕਸੰਗਤ ਨਹੀਂ ਹੋਵੇਗਾ ਜਦੋਂ ਤੱਕ ਕਿ ਉਸ ਵਿੱਚ ਸ਼ਾਮਲ ਸਾਰੀਆਂ ਤਕਨੀਕੀ ਚਿੰਤਾਵਾਂ ਨੂੰ ਨਾ ਵਾਚ ਲਿਆ ਜਾਵੇ।''
''ਸਹੀ ਤੌਰ 'ਤੇ ਪੰਜਾਬ ਨੂੰ ਦਿੱਲੀ ਤੋਂ ਉੱਪਰ ਦਿਖਾਉਣਾ ਅੱਛਾ ਲੱਗ ਰਿਹਾ ਹੈ ਪ੍ਰੰਤੂ ਇਹ ਇਸ ਦੀ ਪ੍ਰਮਾਣਿਕਤਾ ਨੂੰ ਸੈਂਪਲ ਅਤੇ ਮਾਪਣੀਆਂ ਦੀ ਬਣਤਰ ਨੂੰ ਸਮਝੇ ਬਿਨਾਂ ਵਧੀਆ ਨਹੀਂ ਹੋਵੇਗਾ।''
ਉਨ੍ਹਾਂ ਨੇ ਕਿਹਾ, ''ਕਿਸੇ ਸਰਵੇ ਦੇ ਨਤੀਜੇ ਉਸ ਨੂੰ ਕਰਨ ਲਈ ਵਰਤੀ ਗਈ ਵਿਧੀ ਉੱਪਰ ਨਿਰਭਰ ਕਰਦੇ ਹਨ। ਦੂਜੀ ਗੱਲ ਜੋ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਵਰਤੇ ਗਏ ਟੈਸਟ ਕਿੰਨੀਂ ਕੁ ਸਟੀਕਤਾ ਨਾਲ ਬਣਾਏ ਗਏ। ਸਰਵੇ ਲਈ ਸੈਂਪਲ ਦੀ ਚੋਣ ਕਿਵੇਂ ਕੀਤੀ ਗਈ ਹੈ।''
ਡਾ਼ ਕੁਲਵਿੰਦਰ ਦਾ ਕਹਿਣਾ ਹੈ, ''ਭਾਵੇਂ ਕਿ ਪੰਜਾਬ ਦੇ ਨਤੀਜੇ ਇਸ ਸਰਵੇ ਵਿੱਚ ਵਧੀਆ ਦਿਖਾਏ ਗਏ ਹਨ ਪਰ ਬੱਚਿਆਂ ਨੂੰ ਆਪਣੀ ਕਲਾਸ ਦੀ ਸਮੱਗਰੀ ਪੜ੍ਹਨ-ਲਿਖਣ ਅਤੇ ਸਮਝਣ ਵਿੱਚ ਦਿੱਕਤ ਆ ਰਹੀ ਹੈ।''
ਉਹ ਵਿਸ਼ਵ ਬੈਂਕ ਦੀ ਰਿਪੋਰਟ ਦੇ ਹਵਾਲੇ ਨਾਲ ਸਪਸ਼ਟ ਕਰਦੇ ਹਨ ਕਿ ਵਿਸ਼ਵ ਪੱਧਰ 'ਤੇ ਹੀ ਲੌਕਡਾਊਨ ਕਾਰਨ ਬੱਚਿਆਂ ਦੇ ਸਿੱਖਣ ਮਿਆਰਾਂ ਵਿੱਚ ਕਮੀ ਆਈ ਹੈ। ਇਸ ਦੇ ਅਧਾਰ 'ਤੇ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਿਆ-ਲਿਖਿਆ ਮੰਨਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ।
ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਪੰਜਾਬ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਹਿਸਾਬ ਨਾਲ ਤਾਂ ਲਗਭਗ ਅੱਧੇ ਪੈਮਾਨਿਆਂ ਵਿੱਚ ਵਿੱਚ ਮੋਹਰੀ ਰਿਹਾ ਸੀ। ਜਦਕਿ ਬੱਚਿਆਂ ਦੀ ਲਰਨਿੰਗ ਅਚੀਵਮੈਂਟ ਵਿੱਚ ਫਾਡੀ ਰਹਿ ਗਿਆ ਸੀ।
''ਉਦੋਂ ਸਵਾਲ ਇਹ ਉੱਠਿਆ ਸੀ ਕਿ ਜਦੋਂ ਪੰਜਾਬ ਕੋਲ ਸਭ ਕੁਝ ਵਧੀਆ ਹੈ ਤਾਂ ਬੱਚੇ ਪੜ੍ਹਨ-ਲਿਖਣ ਵਿੱਚ ਕਿਉਂ ਪਿਛੜ ਰਹੇ ਹਨ। ਇਸ ਸਰਵੇ ਵਿੱਚ ਬੱਚਿਆਂ ਦੀ ਲਰਨਿੰਗ ਅਚੀਵਮੈਂਟ ਵੀ ਵਧੀਆ ਦਿਖਾ ਦਿੱਤੀ ਗਈ ਹੈ।''
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖਿਆ ਦੇ ਪ੍ਰਸੰਗ ਵਿੱਚ ਸੂਬਿਆਂ ਦੀ ਤੁਲਨਾ ਕਰਨਾ ਠੀਕ ਨਹੀਂ ਹੈ। ਹਰ ਸੂਬੇ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਹਾਲਾਤ ਹੁੰਦੇ ਹਨ, ਜਿਸ ਕਾਰਨ ਹਰੇਕ ਸੂਬਾ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ।
''ਹਾਲਾਂਕਿ ਵਿਸ਼ਲੇਸ਼ਣ ਵੀ ਸੰਖਿਅਕੀ ਦੀਆਂ ਨਿਸ਼ਚਿਤ ਵਿਧੀਆਂ ਦੀ ਵਰਤੋਂ ਰਾਹੀਂ ਕੀਤਾ ਜਾਂਦਾ ਹੈ। ਫਿਰ ਵੀ ਇਸ ਵਿੱਚ ਸੂਬਿਆਂ ਦੀਆਂ ਦੇਸ਼ ਭਰ ਦੇ ਵਿੱਚ ਭੂਗੋਲਿਕ, ਸਮਾਜਿਕ ਆਰਥਿਕ, ਸਭਿਆਚਾਰਕ ਅਤੇ ਭਾਸ਼ਾਈ ਅਧਾਰ ਤੇ ਭਿੰਨਤਾਵਾਂ ਨੂੰ ਉਸ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਜਾਂਦਾ ਜੋ ਕਿ ਉਸ ਰਾਜ ਦੀ ਵਿਦਿਆਰਥੀ ਪਾਪੂਲੇਸ਼ਨ ਬਾਰੇ ਸਰਬਵਿਆਪੀਕਰਨ ਕਰਨਾ ਬਹੁਤ ਤਰਕਸੰਗਤ ਨਹੀਂ ਹੈ।''
ਇਹ ਸੇਬਾਂ ਅਤੇ ਸੰਤਰਿਆਂ ਦੀ ਤੁਲਨਾ ਕਰਨ ਵਰਗਾ ਹੈ।
ਇਹ ਵੀ ਪੜ੍ਹੋ: