ਸਾਊਦੀ ਅਰਬ 'ਚ ਫਸੇ ਨੌਜਵਾਨ ਕਰ ਰਹੇ ਘਰ ਵਾਪਸੀ ਦੀ ਮੰਗ, ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ

ਸਾਉਦੀ ਅਰਬ 'ਚ ਫਸੇ ਨੌਜਵਾਨ

ਤਸਵੀਰ ਸਰੋਤ, Ranjit Singh/BBC

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 2 ਮਿੰਟ

ਸਾਊਦੀ ਅਰਬ ਵਿੱਚ ਫਸੇ ਕਰੀਬ 28 ਪੰਜਾਬੀ ਨੌਜਵਾਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ। ਇਹਨਾਂ ਨੌਜਵਾਨਾਂ ਨੇ ਆਪਣੀ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ ਉਪਰ ਵੀ ਪਾਈ ਹੈ ਜਿਸ ਵਿੱਚ ਉਹਨਾਂ ਨੇ ਟਰੈਵਲ ਏਜੰਟਾਂ ਉਪਰ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਇਹ ਨੌਜਵਾਨ ਫਿਲਹਾਲ ਸਾਊਦੀ ਅਰਬ ਦੇ ਰਿਆਦ ਸ਼ਹਿਰ ਵਿੱਚ ਰਹਿ ਰਹੇ ਹਨ। ਨੌਜਵਾਨ ਦਾ ਕਹਿਣਾ ਹੈ ਕਿ ਉਹ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਸਾਊਦੀ ਅਰਬ ਆਏ ਸਨ। ਪਰ ਟਰੈਵਲ ਏਜੰਟਾਂ ਨੇ ਉਹਨਾਂ ਨੂੰ 'ਜਾਅਲੀ' ਡਰਾਇਵਿੰਗ ਲਾਇਸੈਂਸ ਦੇ ਕੇ ਭੇਜਿਆ ਜੋ ਕਿ ਛੋਟੇ ਵਹੀਕਲਾਂ ਦੇ ਸਨ ਨਾ ਕਿ ਹੈਵੀ ਲਾਇਸੈਂਸ।

ਭਾਰਤ ਲਿਆਉਣ ਦੀ ਤੇ ਏਜੰਟਾਂ ਖਿਲਾਫ ਕਾਰਵਾਈ ਦੀ ਮੰਗ

ਇਹਨਾਂ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਭਾਰਤ ਲਿਆਂਦਾ ਜਾਵੇ, ਸਾਊਦੀ ਅਰਬ ਤੱਕ ਆਉਣ ਲਈ ਲੱਗੇ ਪੈਸੇ ਵਾਪਸ ਕੀਤੇ ਜਾਣ ਅਤੇ ਕਥਿਤ ਦੋਸ਼ੀ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਰੋਪੜ ਜ਼ਿਲ੍ਹੇ ਨਾਲ ਸਬੰਧਤ ਰਣਜੀਤ ਸਿੰਘ (30) ਦਾ ਕਹਿਣਾ ਹੈ ਕਿ ਉਸ ਨੇ ਕਰਜ਼ਾ ਚੁੱਕ ਕੇ ਡੇਢ ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਪਰ ਉਸ ਨੂੰ ਸਾਊਦੀ ਅਰਬ ਵਿੱਚ ਵਾਅਦੇ ਮੁਤਾਬਕ ਰੁਜ਼ਗਾਰ ਨਹੀਂ ਮਿਲਿਆ।

ਬੀਬੀਸੀ ਨਾਲ ਫੌਨ 'ਤੇ ਗੱਲਬਾਤ ਕਰਦਿਆਂ ਰਣਜੀਤ ਨੇ ਕਿਹਾ, "ਅਸੀਂ ਰਿਆਦ ਤੋਂ ਕਰੀਬ 1200 ਕਿਲੋਮੀਟਰ ਤੱਕ ਗਏ, ਰੁਜ਼ਗਾਰ ਲਈ ਭਟਕੇ। ਪਰ ਸਾਨੂੰ ਕਹਿ ਦਿੱਤਾ ਗਿਆ ਕਿ ਅਸੀਂ ਵੱਡੇ ਟਰੱਕ ਨਹੀਂ ਚਲਾ ਸਕਦੇ। ਸਾਨੂੰ ਫਿਰ ਮੁੜ ਕੇ ਉਸੇ ਕੰਪਨੀ ਵਿੱਚ ਆਉਣਾ ਪਿਆ। ਸਾਨੂੰ ਜਿੰਨ੍ਹਾਂ ਜਲਦੀ ਹੋ ਸਕੇ ਭਾਰਤ ਲਿਆਂਦਾ ਜਾਵੇ।"

"ਅਸੀਂ ਇੱਥੇ ਲੇਬਰ ਕੋਰਟ ਵਿੱਚ ਕੇਸ ਵੀ ਪਾਇਆ ਹੋਇਆ ਹੈ ਜੇਕਰ ਅਸੀਂ ਕੇਸ ਵਾਪਸ ਲੈਂਦੇ ਹਾਂ ਤਾਂ ਫਿਰ ਦੁਬਾਰਾ ਅਸੀਂ ਦੋ ਸਾਲ ਤੱਕ ਕੰਪਨੀ ਖ਼ਿਲਾਫ ਕੇਸ ਨਹੀਂ ਕਰ ਸਕਦੇ ਅਤੇ ਸਾਨੂੰ ਉਹਨਾਂ ਦੀਆਂ ਸ਼ਰਤਾਂ ਮੁਤਾਬਕ ਕੰਮ ਕਰਨਾ ਪਵੇਗਾ।"

ਇਹ ਵੀ ਪੜ੍ਹੋ-

ਹੁਸ਼ਿਆਰਪੁਰ ਨਾਲ ਸਬੰਧਤ ਬਿਕਰਮਜੀਤ ਸਿੰਘ (24) ਦਾ ਕਹਿਣਾ ਹੈ ਕਿ ਉਹ ਕਰੀਬ 28 ਲੋਕ ਹਨ ਜਿੰਨ੍ਹਾਂ ਨਾਲ 3 ਏਜੰਟਾਂ ਨੇ 'ਧੋਖਾ ਕੀਤਾ ਹੈ'।

ਬਿਕਰਮਜੀਤ ਸਿੰਘ ਨੇ ਕਿਹਾ, "ਸਾਡੇ ਕੋਲ ਨਾ ਰੁਜ਼ਗਾਰ ਹੈ ਅਤੇ ਨਾ ਚੰਗਾ ਖਾਣਾ। ਅਸੀਂ ਟਰਾਲੇ ਚਲਾਉਣਾ ਚਾਹੁੰਦੇ ਸੀ ਪਰ ਸਾਨੂੰ ਵਾਪਸ ਮੋੜ ਦਿੱਤਾ ਗਿਆ। ਹੁਣ ਅਸੀਂ ਘਰ ਆਉਣਾ ਚਾਹੁੰਦੇ ਹਾਂ। ਪੰਜਾਬ ਸਰਕਾਰ ਏਜੰਟਾਂ ਖਿਲਾਫ਼ ਕਾਰਵਾਈ ਕਰੇ ਅਤੇ ਸਾਡੇ ਪੈਸੇ ਵਾਪਸ ਕੀਤੇ ਜਾਣ।"

"ਮੁੱਖ ਮੰਤਰੀ ਭਗਵੰਤ ਮਾਨ 'ਤੇ ਆਸਾਂ"

ਬਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਹੀ ਆਸਾਂ ਹਨ ਕਿ ਉਹ ਇਨਸਾਫ ਕਰਨਗੇ।

"ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਨਸਾਫ ਲਈ ਬੇਨਤੀ ਕੀਤੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਸਾਡੀ ਸੁਣਵਾਈ ਕਰਨਗੇ।"

ਇਹਨਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਸਾਊਦੀ ਅਰਬ ਭੇਜਣ ਵਾਲੇ ਇੱਕ ਟਰੈਵਲ ਏਜੰਟ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਕਾਨੂੰਨ ਮੁਤਾਬਕ ਭੇਜਿਆ ਗਿਆ ਸੀ ਅਤੇ ਉੱਥੇ ਕੰਮਕਾਰ ਨੂੰ ਸਥਾਪਿਤ ਹੋਣ ਲਈ 3-4 ਮਹੀਨੇ ਲੱਗਦੇ ਹਨ ਜਦਕਿ ਇਹਨਾਂ ਨੂੰ ਗਏ ਹਾਲੇ ਡੇਢ-ਦੋ ਮਹੀਨੇ ਹੋਏ ਹਨ।

ਕਿਸੇ ਵੀ ਕਿਸਮ ਦੀ ਗੜਬੜ ਪਾਈ ਗਈ ਤਾਂ ਹੋਵੇਗੀ ਕਾਰਵਾਈ: ਐੱਸਐੱਸਪੀ, ਰੋਪੜ

ਸਾਉਦੀ ਅਰਬ 'ਚ ਫਸੇ ਨੌਜਵਾਨ

ਤਸਵੀਰ ਸਰੋਤ, Bimal Saini

ਰੋਪੜ ਦੇ ਐੱਸਐੱਸਪੀ ਡਾਕਟਰ ਸੰਦੀਪ ਗਰਗ ਨੇ ਕਿਹਾ ਹੈ ਕਿ ਇਹ ਮਾਮਲਾ ਕੱਲ੍ਹ ਸ਼ਾਮ ਉਹਨਾਂ ਦੇ ਧਿਆਨ ਵਿੱਚ ਆਇਆ ਅਤੇ ਇਸ ਸਬੰਧ ਵਿੱਚ ਡੀਐੱਸਪੀ ਅਤੇ ਐੱਸਐੱਚਓ ਨੰਗਲ ਜਾਂਚ ਕਰ ਰਹੇ ਹਨ।

ਐੱਸਐੱਸਪੀ ਸੰਦੀਪ ਗਰਗ ਨੇ ਕਿਹਾ, "ਮਾਮਲੇ ਦੀ ਜਾਂਚ ਹੋ ਰਹੀ ਹੈ। ਜੇਕਰ ਕਿਸੇ ਵੀ ਕਿਸਮ ਦੀ ਕੋਈ ਗੜਬੜ ਪਾਈ ਗਈ ਤਾਂ ਉਸ ਉਪਰ ਤੁਰੰਤ ਕਾਰਵਾਈ ਹੋਵੇਗੀ।"

ਇਹ ਵੀ ਪੜ੍ਹੋ:-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)