ਸੋਨਾ ਲੱਭਣ ਲਈ ਇਸ ਪਿੰਡ ਵਿੱਚ ਜੁਟੀ ਹਜ਼ਾਰਾਂ ਦੀ ਭੀੜ, ਇੱਕ ਚਰਵਾਹੇ ਨੂੰ ਮਿਲਿਆ ਇੰਨੇ ਗ੍ਰਾਮ ਸੋਨਾ

ਤਸਵੀਰ ਸਰੋਤ, Getty Images
- ਲੇਖਕ, ਅਕਿਆ ਵਾਂਡੇਰਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਪੱਛਮੀ ਕੀਨੀਆ ਦੇ ਇੱਕ ਦੂਰ-ਦੁਰਾਡੇ ਪਿੰਡ ਚੇਪੋਰੋਰ ਵਿੱਚ ਬਕਰੀਆਂ ਚਾਰਨ ਵਾਲੇ ਇੱਕ ਸ਼ਖਸ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਮਿਲੇ ਸੋਨੇ ਦੇ ਇੱਕ ਟੁੱਕੜੇ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਉਸ ਦੇ ਛੋਟੇ ਜਿਹੇ ਪਿੰਡ ਵਿੱਚ ਸੋਨੇ ਦੀ ਤਲਾਸ਼ ਕਰਨ ਵਾਲੇ ਲੋਕਾਂ ਦੀ ਭੀੜ ਲਗਾ ਦਿੱਤੀ ਹੈ।
33 ਸਾਲਾ ਮਾਨਸੇ ਲੋਮਾਚਾਰ ਨੇ ਕੁਝ ਹਫ਼ਤੇ ਪਹਿਲਾਂ ਤਿੰਨ ਗ੍ਰਾਮ ਸੋਨਾ 36,000 ਕੀਨੀਆਈ ਸ਼ਿਲਿੰਗ ਯਾਨੀ 280 ਡਾਲਰ ਵਿੱਚ ਵੇਚ ਦਿੱਤਾ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਹਜ਼ਾਰਾਂ ਲੋਕ ਚੇਪੋਰੋਰ ਪਹੁੰਚਣ ਲੱਗ ਪਏ।
ਹਾਲਾਤ ਇਹ ਬਣ ਗਏ ਹਨ ਕਿ ਪਿਛਲੇ ਮਹੀਨੇ ਤੱਕ ਪਿੰਡ ਦੇ ਨੇੜੇ ਸਿਰਫ਼ ਝਾੜੀਆਂ ਅਤੇ ਪਸ਼ੂ ਚਰਾਉਣ ਲਈ ਕੱਚੀ ਜ਼ਮੀਨ ਸੀ ਪਰ ਹੁਣ ਉੱਥੇ ਵੱਡੇ-ਵੱਡੇ ਟੋਏ, ਮਿੱਟੀ ਦੇ ਢੇਰ ਅਤੇ ਆਰਜ਼ੀ ਖਾਣ ਮਜ਼ਦੂਰਾਂ ਦੇ ਕੈਂਪ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, Edwin Naitale / BBC
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਸੋਨੇ ਦੀ ਭਾਲ ਵਿੱਚ ਲੋਕਾਂ ਦੀ ਇਹ ਭੀੜ ਸਿਰਫ਼ ਲੋਮਾਚਾਰ ਨੂੰ ਮਿਲੇ ਸੋਨੇ ਕਾਰਨ ਹੋਈ ਜਾਂ ਹਾਲ ਹੀ ਵਿੱਚ ਹੋਈਆਂ ਦੂਜੀਆਂ ਖੋਜਾਂ ਨੇ ਵੀ ਇਸ ਵਿੱਚ ਭੂਮਿਕਾ ਨਿਭਾਈ। ਸਥਾਨਕ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇੱਕ ਵਾਰ ਤਾਂ ਭੀੜ ਕਾਫੀ ਵੱਧ ਗਈ ਸੀ ਅਤੇ 10,000 ਲੋਕ ਇੱਥੇ ਪਹੁੰਚ ਗਏ ਸਨ।
ਸੋਨੇ ਦੀ ਥੋੜ੍ਹੀ ਜਿਹੀ ਮਾਤਰਾ ਵੀ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਜੋ ਕੀਨੀਆ ਅਤੇ ਯੂਗਾਂਡਾ ਦੇ ਨੇੜਲੇ ਇਲਾਕਿਆਂ ਤੋਂ ਆਏ ਹਨ, ਜਿਨ੍ਹਾਂ ਦੀ ਜ਼ਿੰਦਗੀ ਖੇਤੀ ਤੋਂ ਹੋਣ ਵਾਲੀ ਅਨਿਸ਼ਚਿਤ ਕਮਾਈ 'ਤੇ ਟਿਕੀ ਹੋਈ ਹੈ।
"ਇੰਨਾ ਸੋਨਾ ਮਿਲ ਜਾਵੇ ਕਿ ਸਕੂਲ ਦੀ ਫੀਸ ਭਰ ਸਕਾਂ"
ਇਨ੍ਹਾਂ ਇਲਾਕਿਆਂ ਵਿੱਚ ਲੋਕ ਕਦੇ-ਕਦਾਈਂ ਸੋਨੇ ਦੀ ਤਲਾਸ਼ ਵਿੱਚ ਦਰਿਆ ਦੀ ਰੇਤ ਛਾਣਦੇ ਹਨ ਪਰ ਉਨ੍ਹਾਂ ਨੂੰ ਬਹੁਤ ਘੱਟ ਹੀ ਕੁਝ ਖਾਸ ਮਿਲ ਪਾਉਂਦਾ ਹੈ।
ਲੋਮਾਚਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸੋਨਾ ਖੁਸ਼ਕਿਸਮਤੀ ਨਾਲ ਮਿਲਿਆ। ਆਪਣੀ ਗੁਆਚੀ ਹੋਈ ਬੱਕਰੀ ਨੂੰ ਲੱਭਦੇ ਸਮੇਂ ਉਨ੍ਹਾਂ ਦੀ ਮੁਲਾਕਾਤ ਨਦੀ ਕਿਨਾਰੇ ਸੋਨਾ ਤਲਾਸ਼ ਰਹੀਆਂ ਕੁਝ ਔਰਤਾਂ ਨਾਲ ਹੋਈ।
ਉਹ ਕਹਿੰਦੇ ਹਨ, "ਮੈਂ ਵੀ ਉਨ੍ਹਾਂ ਨਾਲ ਜੁੜ ਗਿਆ ਅਤੇ ਇਸੇ ਤਰ੍ਹਾਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਸੋਨਾ ਹੈ।"
ਨੇੜਲੇ ਪਿੰਡ ਨਾਪਾਵੋਈ ਦਾ ਕਿਸਾਨ ਅਤੇ ਚਰਵਾਹਾ ਪੈਟ੍ਰਿਕ ਲੋਕੋਲੀਆ ਵੀ ਆਪਣੇ ਪਰਿਵਾਰ ਦੀ ਮਦਦ ਲਈ ਕੁਝ ਹੋਰ ਪੈਸੇ ਕਮਾਉਣ ਦੀ ਉਮੀਦ ਨਾਲ ਸੋਨੇ ਦੀ ਤਲਾਸ਼ ਵਿੱਚ ਨਾਲ ਜੁੜ ਗਿਆ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਉਨ੍ਹਾਂ ਦੀ ਫੀਸ ਭਰਨਾ ਮੇਰੇ ਲਈ ਵੱਡੀ ਸਮੱਸਿਆ ਰਹੀ ਹੈ।"
ਉਹ ਚੈਲਸੀ ਫੁੱਟਬਾਲ ਟੀਮ ਦੀ ਪੁਰਾਣੀ ਜਰਸੀ ਪਹਿਨੇ ਹੋਏ ਸੋਨਾ ਲੱਭਣ ਵਾਲੀ ਥਾਂ 'ਤੇ ਖੜ੍ਹੇ ਹਨ।
18 ਸਾਲਾ ਅਬੀਗੇਲ ਚੇਲੇਂਗਟ ਦਾ ਕਹਿਣਾ ਹੈ ਕਿ ਚੇਪੋਰੋਰ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਸੋਨਾ ਲੱਭਣ ਲਈ ਖੁਦਾਈ ਨਹੀਂ ਕੀਤੀ ਸੀ।
ਉਹ ਨੇੜਲੇ ਇੱਕ ਜ਼ਿਲ੍ਹੇ ਤੋਂ ਆਈ ਹੈ ਅਤੇ ਉਮੀਦ ਹੈ ਕਿ ਉਸ ਨੂੰ ਇੰਨਾ ਸੋਨਾ ਮਿਲ ਜਾਵੇਗਾ ਕਿ ਉਹ ਆਪਣੀ ਸਕੂਲ ਦੀ ਫੀਸ ਭਰ ਸਕੇ ਅਤੇ ਆਪਣੇ ਛੋਟੇ ਭੈਣ-ਭਰਾਵਾਂ ਦੀ ਪੜ੍ਹਾਈ ਜਾਰੀ ਰੱਖ ਸਕੇ।

ਤਸਵੀਰ ਸਰੋਤ, Edwin Naitale / BBC
ਉਨ੍ਹਾਂ ਦੇ ਪਿੱਛੇ ਸੈਂਕੜੇ ਲੋਕ ਇੱਕ-ਦੂਜੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹ ਕੁਹਾੜੀਆਂ ਦੀ ਮਦਦ ਨਾਲ ਪੱਥਰੀਲੀ ਜ਼ਮੀਨ ਨੂੰ ਪੁੱਟ ਰਹੇ ਹਨ।
ਕੁਝ ਲੋਕ ਮਿੱਟੀ ਨੂੰ ਨੇੜੇ ਦੀ ਇੱਕ ਨਦੀ ਤੱਕ ਲੈ ਜਾਂਦੇ ਹਨ। ਉੱਥੇ ਜ਼ਿਆਦਾਤਰ ਔਰਤਾਂ ਗੰਦਲੇ ਪਾਣੀ ਵਿੱਚ ਬੈਠ ਕੇ ਮਿੱਟੀ ਨੂੰ ਛਾਣਦੀਆਂ ਹਨ। ਉਨ੍ਹਾਂ ਨੂੰ ਉਮੀਦ ਰਹਿੰਦੀ ਹੈ ਕਿ ਇਸ ਵਿੱਚੋਂ ਸੋਨੇ ਦਾ ਕੋਈ ਛੋਟਾ ਜਿਹਾ ਕਣ ਹੀ ਮਿਲ ਜਾਵੇ।
ਕੁਝ ਤਜਰਬੇਕਾਰ ਲੋਕ ਡੂੰਘੇ ਟੋਇਆਂ ਵਿੱਚ ਜਾ ਕੇ ਮਿੱਟੀ ਕੱਢ ਰਹੇ ਹਨ ਅਤੇ ਪੱਥਰਾਂ ਨੂੰ ਤੋੜ ਰਹੇ ਹਨ। ਉਨ੍ਹਾਂ ਦਾ ਮਕਸਦ ਵੀ ਸੋਨਾ ਲੱਭਣਾ ਹੀ ਹੈ।
ਲੋਮਾਚਾਰ ਵਰਗੇ ਲੋਕਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਇਨ੍ਹਾਂ ਲੋਕਾਂ ਦੀ ਉਮੀਦ ਨੂੰ ਜ਼ਿੰਦਾ ਰੱਖ ਰਹੀਆਂ ਹਨ।
ਵੈਸਟ ਪੋਕੋਟ ਕਾਊਂਟੀ ਦੇ ਡਿਪਟੀ ਕਮਿਸ਼ਨਰ ਸੈਮੂਅਲ ਕਿਆਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖ਼ਿਆਲ ਵਿੱਚ ਸੋਨੇ ਦੀ ਭਾਲ ਲਈ ਇਹ ਦੌੜ ਦੋ ਵੱਡੀਆਂ ਖੋਜਾਂ ਤੋਂ ਬਾਅਦ ਸ਼ੁਰੂ ਹੋਈ ਹੈ।
ਉਹ ਬੀਬੀਸੀ ਨੂੰ ਦੱਸਦੇ ਹਨ, "ਕੁਝ ਨੌਜਵਾਨਾਂ ਨੂੰ ਕਾਫੀ ਮਾਤਰਾ ਵਿੱਚ ਸੋਨਾ ਮਿਲਿਆ। ਅਗਲੇ ਦਿਨ ਔਰਤਾਂ ਨੂੰ ਉਸੇ ਇਲਾਕੇ ਵਿੱਚ ਫਿਰ ਤੋਂ ਕਾਫੀ ਸੋਨਾ ਮਿਲਿਆ।"
ਕਿਆਰੀ ਦੱਸਦੇ ਹਨ ਕਿ ਔਰਤਾਂ ਕਈ ਸਾਲਾਂ ਤੋਂ ਇਸ ਨਦੀ ਕਿਨਾਰੇ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਸੋਨਾ ਲੱਭਦੀਆਂ ਰਹੀਆਂ ਹਨ। ਇਸ ਨਾਲ ਉਹ ਆਮ ਤੌਰ 'ਤੇ ਹਫ਼ਤੇ ਵਿੱਚ 8 ਤੋਂ 23 ਡਾਲਰ ਤੱਕ ਕਮਾ ਲੈਂਦੀਆਂ ਹਨ।
ਇੱਕ ਅੰਦਾਜ਼ੇ ਮੁਤਾਬਕ ਸ਼ੁਰੂਆਤ ਵਿੱਚ 10 ਹਜ਼ਾਰ ਦੀ ਭੀੜ ਸੀ

ਤਸਵੀਰ ਸਰੋਤ, Edwin Naitale / BBC
ਪਰ ਅਗਸਤ ਦੀ ਸ਼ੁਰੂਆਤ ਵਿੱਚ ਜ਼ਿਆਦਾ ਮਾਤਰਾ ਵਿੱਚ ਸੋਨਾ ਮਿਲਣ ਦੀਆਂ ਖ਼ਬਰਾਂ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ।
ਕਿਆਰੀ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ ਅਫ਼ਵਾਹਾਂ ਫੈਲੀਆਂ, ਸੋਨੇ ਦੀ ਖੋਜ ਅਤੇ ਉਸ ਦੀ ਮਾਤਰਾ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾਣ ਲੱਗਾ।
ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਣ ਲੱਗੇ। ਇਨ੍ਹਾਂ ਵਿੱਚੋਂ ਕਈਆਂ ਨੂੰ ਖੁਦਾਈ ਦਾ ਬਿਲਕੁੱਲ ਜਾਂ ਬਹੁਤ ਘੱਟ ਤਜਰਬਾ ਸੀ। ਉਹ ਸੋਨਾ ਮਿਲਣ ਦੀ ਉਮੀਦ ਵਿੱਚ ਇੱਥੇ ਆਏ ਸਨ।
ਸ਼ੁਰੂਆਤ ਵਿੱਚ ਆਈ ਭੀੜ ਤੋਂ ਬਾਅਦ ਹੁਣ ਸੋਨਾ ਲੱਭਣ ਵਾਲਿਆਂ ਦੀ ਗਿਣਤੀ ਘੱਟ ਕੇ ਕਰੀਬ 2500 ਰਹਿ ਗਈ ਹੈ, ਕਿਉਂਕਿ ਕੁਝ ਲੋਕਾਂ ਨੇ ਸੋਨੇ ਦੀ ਤਲਾਸ਼ ਛੱਡ ਦਿੱਤੀ ਹੈ।
ਹਾਲਾਂਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਇਲਾਕੇ ਵਿੱਚ ਕੁਝ ਸੋਨਾ ਮਿਲਿਆ ਹੈ ਪਰ ਜ਼ਮੀਨ ਦੇ ਅੰਦਰ ਸੋਨੇ ਦੀ ਮਾਤਰਾ ਕਿੰਨੀ ਹੈ ਅਤੇ ਵਪਾਰਕ ਪੱਧਰ 'ਤੇ ਇਸ ਤੋਂ ਕਿੰਨਾ ਲਾਭ ਹੋ ਸਕਦਾ ਹੈ, ਇਸ ਬਾਰੇ ਸਵਾਲ ਅਜੇ ਵੀ ਬਣੇ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ, "ਮੈਂ ਇਹ ਪੁਸ਼ਟੀ ਕਰ ਸਕਦਾ ਹਾਂ ਕਿ ਛੋਟੇ ਪੱਧਰ 'ਤੇ ਸੋਨੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਔਸਤਨ ਲਗਭਗ 100 ਲੋਕ ਆਉਂਦੇ ਸਨ।"
ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਮਿਲੀਆਂ ਚੀਜ਼ਾਂ ਅਸਲ ਵਿੱਚ ਸੋਨਾ ਹੀ ਸਨ ਜਾਂ ਨਹੀਂ।
ਰਿਪੋਰਟਾਂ ਮੁਤਾਬਕ, ਵੱਖ-ਵੱਖ ਲੋਕਾਂ ਨੂੰ ਮਿਲੇ ਸੋਨੇ ਦੀ ਕੀਮਤ ਕੁਝ ਸੌ ਕੀਨੀਆਈ ਸ਼ਿਲਿੰਗ ਤੋਂ ਲੈ ਕੇ ਇੱਕ ਅਜਿਹੀ ਖੋਜ ਤੱਕ ਹੈ ਜਿਸ ਦੀ ਕੀਮਤ ਲਗਭਗ 78,000 ਸ਼ਿਲਿੰਗ (600 ਡਾਲਰ) ਦੱਸੀ ਗਈ ਹੈ।

ਤਸਵੀਰ ਸਰੋਤ, Edwin Naitale / BBC
ਵੈਸਟ ਪੋਕੋਟ ਕਾਊਂਟੀ ਦੀ ਸਰਹੱਦ ਯੂਗਾਂਡਾ ਨਾਲ ਲੱਗਦੀ ਹੈ ਅਤੇ ਦੋਵੇਂ ਪਾਸੇ ਰਹਿਣ ਵਾਲੇ ਭਾਈਚਾਰਿਆਂ ਵਿਚਕਾਰ ਲੰਬੇ ਸਮੇਂ ਤੋਂ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਹਨ।
ਪੂਰਬੀ ਯੂਗਾਂਡਾ ਦੇ ਬੁਸੀਆ ਤੋਂ ਆਏ ਖਣਨ ਮਜ਼ਦੂਰ ਮੁਗੀਸ਼ਾ ਗੌਡਫਰੇ ਨੇ ਇੱਕ ਦੋਸਤ ਤੋਂ ਸੋਨੇ ਦੀ ਖੋਜ ਬਾਰੇ ਸੁਣਨ ਤੋਂ ਬਾਅਦ ਚੇਪੋਰੋਰ ਦਾ ਰੁਖ ਕੀਤਾ।
ਉਹ ਤੁਰੰਤ ਪਿੰਡ ਵੱਲ ਰਵਾਨਾ ਹੋ ਗਏ ਅਤੇ ਉੱਥੇ ਪਹੁੰਚਣ ਲਈ ਲਗਭਗ 100,000 ਯੂਗਾਂਡਾਈ ਸ਼ਿਲਿੰਗ (27 ਡਾਲਰ) ਖਰਚ ਕੀਤੇ।
ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਚੇਪੋਰੋਰ ਵਿੱਚ ਰਹਿਣ ਦੇ ਹਾਲਾਤ ਚੰਗੇ ਨਹੀਂ ਹਨ।
ਗੌਡਫਰੇ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਦਰੱਖਤਾਂ ਹੇਠਾਂ ਸੌਂਦੇ ਹਾਂ ਅਤੇ ਸਵੇਰ ਹੁੰਦੇ ਹੀ ਮੁੜ ਇਸ 'ਤੇ ਲੱਗ ਜਾਂਦੇ ਹਾਂ। ਕਈ ਵਾਰ ਅਸੀਂ ਦਿਨ-ਰਾਤ ਕੰਮ ਕਰਦੇ ਹਾਂ।"
ਹੁਣ ਤੱਕ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਪਰ ਉਹ ਨਿਰਾਸ਼ ਨਹੀਂ ਹਨ।
ਉਹ ਕਹਿੰਦੇ ਹਨ, "ਜਦੋਂ ਤੱਕ ਸਾਨੂੰ ਕੁਝ ਨਹੀਂ ਮਿਲ ਜਾਂਦਾ, ਅਸੀਂ ਵਾਪਸ ਨਹੀਂ ਜਾ ਸਕਦੇ। ਜਦੋਂ ਸਾਨੂੰ ਉਹ ਮਿਲ ਜਾਵੇਗਾ ਜਿਸ ਦੀ ਸਾਨੂੰ ਲੋੜ ਹੈ, ਉਸ ਤੋਂ ਬਾਅਦ ਹੀ ਅਸੀਂ ਘਰ ਵਾਪਸ ਜਾਵਾਂਗੇ।"
ਔਰਤਾਂ ਖਿਲਾਫ ਜਿਣਸੀ ਹਿੰਸਾ ਦਾ ਡਰ

ਤਸਵੀਰ ਸਰੋਤ, Edwin Naitale / BBC
ਹਾਲਾਂਕਿ ਸੋਨੇ ਦੀ ਤਲਾਸ਼ ਵਿੱਚ ਲੱਗੀ ਇਸ ਭੀੜ ਨੇ ਕੁਝ ਲੋਕਾਂ ਲਈ ਬਿਨ੍ਹਾਂ ਖੁਦਾਈ ਕੀਤੇ ਹੀ ਕਮਾਈ ਦੇ ਮੌਕੇ ਪੈਦਾ ਕਰ ਦਿੱਤੇ ਹਨ।
ਸਥਾਨਕ ਅਧਿਕਾਰੀਆਂ ਮੁਤਾਬਕ, ਖਣਨ ਵਾਲੀ ਥਾਂ ਦੇ ਆਲੇ-ਦੁਆਲੇ 200 ਤੋਂ ਵੱਧ ਦੁਕਾਨਾਂ ਅਤੇ ਕਾਰੋਬਾਰ ਸ਼ੁਰੂ ਹੋ ਗਏ ਹਨ। ਇਹ ਪਿੰਡ ਵਿੱਚ ਆਏ ਨਵੇਂ ਲੋਕਾਂ ਨੂੰ ਖਾਣਾ, ਪਾਣੀ ਅਤੇ ਹੋਰ ਜ਼ਰੂਰੀ ਸਮਾਨ ਵੇਚ ਰਹੇ ਹਨ।
ਗੁਆਂਢੀ ਬਾਰਿੰਗੋ ਕਾਊਂਟੀ ਤੋਂ ਆਏ ਆਇਰੀਨ ਅਮੇਜਾ ਭੀੜ ਲਈ ਸਮਾਨ ਵੇਚ ਰਹੇ ਹਨ। ਉਹ ਬੋਤਲਬੰਦ ਪਾਣੀ, ਸਾਫਟ ਡ੍ਰਿੰਕਸ, ਬਰੈੱਡ, ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੇਚਦੇ ਹਨ।
ਉਹ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਜਦੋਂ ਮੈਂ ਇੱਥੋਂ ਜਾਵਾਂਗੀ ਤਾਂ ਮੇਰੇ ਕੋਲ ਇੰਨੇ ਪੈਸੇ ਹੋਣਗੇ ਕਿ ਮੈਂ ਆਪਣਾ ਕਾਰੋਬਾਰ ਜਾਰੀ ਰੱਖ ਸਕਾਂ ਅਤੇ ਇਸ ਨੂੰ ਵਧਾ ਸਕਾਂ।"
ਪਰ ਇਸ ਇਲਾਕੇ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਵੀ ਸਾਹਮਣੇ ਆਈ ਹੈ।
ਆਇਰੀਨ ਕਹਿੰਦੇ ਹਨ, "ਇਹ ਇੱਕ ਜੰਗਲੀ ਇਲਾਕਾ ਹੈ ਅਤੇ ਅਸੀਂ ਪਹਾੜਾਂ ਦੇ ਵਿਚਕਾਰ ਹਾਂ। ਸਾਡੇ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ, ਇੱਥੋਂ ਤੱਕ ਕਿ ਨਹਾਉਣ ਲਈ ਵੀ ਪਾਣੀ ਨਹੀਂ ਹੈ।"
ਉਹ ਅੱਗੇ ਦੱਸਦੇ ਹਨ ਕਿ ਔਰਤਾਂ ਲਈ ਹਨੇਰਾ ਹੋਣ ਤੋਂ ਬਾਅਦ ਚੁਣੌਤੀਆਂ ਹੋਰ ਵੱਧ ਜਾਂਦੀਆਂ ਹਨ।
ਉਹ ਕਹਿੰਦੇ ਹਨ, "ਤੁਹਾਨੂੰ ਰਹਿਣ ਲਈ ਕੋਈ ਸੁਰੱਖਿਅਤ ਥਾਂ ਲੱਭਣੀ ਪੈਂਦੀ ਹੈ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਮਰਦ ਹਨ।"
ਸਥਾਨਕ ਅਧਿਕਾਰੀ ਮੰਨਦੇ ਹਨ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਇੱਥੇ ਪਹੁੰਚਣ ਨਾਲ ਅਜਿਹੇ ਇਲਾਕੇ 'ਤੇ ਬਹੁਤ ਜ਼ਿਆਦਾ ਦਬਾਅ ਪਿਆ ਹੈ, ਜਿੱਥੇ ਬੁਨਿਆਦੀ ਢਾਂਚਾ ਬਹੁਤ ਘੱਟ ਹੈ। ਪਾਈਪ ਨਾਲ ਪਾਣੀ ਦੀ ਵਿਵਸਥਾ ਨਹੀਂ ਹੈ ਅਤੇ ਸਾਫ-ਸਫਾਈ ਦੀਆਂ ਸਹੂਲਤਾਂ ਵੀ ਸੀਮਿਤ ਹਨ।
ਲੋਕਾਂ ਦੀ ਹਾਲਤ 'ਤੇ ਨਜ਼ਰ ਰੱਖਣ ਅਤੇ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਣਸੀ ਹਿੰਸਾ ਅਤੇ ਇੱਥੇ ਮੌਜੂਦ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਸੁਰੱਖਿਆ ਗਸ਼ਤ ਵੀ ਵਧਾ ਦਿੱਤੀ ਗਈ ਹੈ।
ਜ਼ਮੀਨ 'ਤੇ ਹਰ ਪਾਸੇ ਖੱਡ ਨਜ਼ਰ ਆ ਰਹੇ...

ਤਸਵੀਰ ਸਰੋਤ, Edwin Naitale / BBC
ਅਧਿਕਾਰੀ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਨ ਕਿ ਸਤੰਬਰ ਵਿੱਚ ਸਕੂਲ ਮੁੜ ਖੁੱਲ੍ਹਣ ਵਾਲੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਬੱਚੇ ਵੀ ਸੋਨੇ ਦੀ ਖੁਦਾਈ ਦੇ ਕੰਮ ਵਿੱਚ ਸ਼ਾਮਿਲ ਹੋ ਸਕਦੇ ਹਨ।
ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸ ਥਾਂ 'ਤੇ ਜਾਣ ਤੋਂ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ।
ਜਿਹੜੇ ਲੋਕ ਅਜੇ ਵੀ ਸੋਨੇ ਦੀ ਭਾਲ ਕਰ ਰਹੇ ਹਨ, ਉਹ ਹੁਣ ਹੋਰ ਡੂੰਘੀ ਖੁਦਾਈ ਕਰਨ ਵਿੱਚ ਲੱਗੇ ਹਨ।
ਖੁਦਾਈ ਤੋਂ ਨਿਕਲੀ ਮਿੱਟੀ ਅਤੇ ਪੱਥਰਾਂ ਨਾਲ ਭਰੇ ਕਈ ਟਰੱਕ ਪਹਿਲਾਂ ਹੀ ਨੇੜਲੇ ਔਰਟੁਮ ਸ਼ਹਿਰ ਵਿੱਚ ਭੇਜੇ ਜਾ ਚੁੱਕੇ ਹਨ, ਜਿੱਥੇ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀ ਇਸ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।
ਉਦੋਂ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇੱਥੇ ਕਿੰਨਾ ਸੋਨਾ ਹੈ ਅਤੇ ਵਪਾਰਕ ਤੌਰ 'ਤੇ ਇਸ ਨਾਲ ਕਿੰਨਾ ਫਾਇਦਾ ਹੋ ਸਕਦਾ ਹੈ।
ਲੋਮਾਚਾਰ ਦਾ ਮੰਨਣਾ ਹੈ ਕਿ ਸੋਨੇ ਦੀ ਖੁਦਾਈ ਬੰਦ ਕਰਨਾ ਇਸ ਦਾ ਹੱਲ ਨਹੀਂ ਹੈ ਬਲਕਿ ਇਸ ਨੂੰ ਬਿਹਤਰ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਉਹ ਚਾਹੁੰਦੇ ਹਨ ਕਿ ਸਰਕਾਰ ਸਥਾਨਕ ਖਣਨ ਮਜ਼ਦੂਰਾਂ ਦੀ ਮਦਦ ਕਰੇ ਤਾਂ ਜੋ ਉਹ ਸੋਨਾ ਲੱਭਣ ਅਤੇ ਕੱਢਣ ਲਈ ਹੋਰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਤਰੀਕੇ ਅਪਣਾ ਸਕਣ।
ਉਹ ਕਹਿੰਦੇ ਹਨ, "ਅਸੀਂ ਸਰਕਾਰ ਤੋਂ ਮੈਟਲ ਡਿਟੈਕਟਰ ਵਰਗੀਆਂ ਚੀਜ਼ਾਂ ਲਈ ਮਦਦ ਮੰਗਾਂਗੇ। ਇਸ ਨਾਲ ਸਾਨੂੰ ਇਹ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਇੱਥੇ ਹੋਰ ਖਣਿਜ ਵੀ ਹਨ ਜਾਂ ਨਹੀਂ ਤਾਂ ਜੋ ਸਾਡਾ ਇਲਾਕਾ ਵਿਕਸਿਤ ਹੋ ਸਕੇ।"
ਉਹ ਨੇੜਲੇ ਘਰਾਂ ਵੱਲ ਇਸ਼ਾਰਾ ਕਰਦਿਆਂ ਇਲਾਕੇ ਵਿੱਚ ਮੌਜੂਦ ਗਰੀਬੀ ਵੱਲ ਧਿਆਨ ਦਿਵਾਉਂਦੇ ਹਨ।
ਉਹ ਕਹਿੰਦੇ ਹਨ, "ਜੇ ਤੁਸੀਂ ਆਲੇ-ਦੁਆਲੇ ਦੇਖੋ ਤਾਂ ਸ਼ਾਇਦ ਹੀ ਕੋਈ ਅਜਿਹਾ ਘਰ ਮਿਲੇ ਜਿਸ ਦੀ ਛੱਤ ਲੋਹੇ ਦੀਆਂ ਚਾਦਰਾਂ ਦੀ ਬਣੀ ਹੋਵੇ। ਜ਼ਿਆਦਾਤਰ ਘਰ ਸਿਰਫ਼ ਘਾਹ-ਫੂਸ ਦੀਆਂ ਛੱਤਾਂ ਵਾਲੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




























