ਸਕੂਲ ਜਾਣ ਤੋਂ ਬਾਅਦ 6 ਸਾਲਾ ਬੱਚੀ ਦੀ ਕਲਾਸਰੂਮ ਵਿੱਚ ਹੋਈ ਮੌਤ, ਸੀਸੀਟੀਵੀ ਫੁਟੇਜ ਸਾਹਮਣੇ ਆਉਣ 'ਤੇ ਉੱਠਿਆ ਵਿਵਾਦ

ਪ੍ਰਣਯ ਤੇਜਾ ਦੇ ਮਾਤਾ-ਪਿਤਾ
ਤਸਵੀਰ ਕੈਪਸ਼ਨ, ਕੇਜੀਐਚ ਮੁਰਦਾਘਰ ਦੇ ਬਾਹਰ ਪ੍ਰਣਯ ਤੇਜਾ ਦੇ ਮਾਤਾ-ਪਿਤਾ
    • ਲੇਖਕ, ਸ਼੍ਰੀਨਿਵਾਸ ਲੱਕੋਜੂ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

(ਇਸ ਖ਼ਬਰ ਦੇ ਵੇਰਵੇ ਪਰੇਸ਼ਾਨ ਕਰ ਸਕਦੇ ਹਨ।)

ਵਿਸ਼ਾਖਾਪਟਨਮ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ 6 ਸਾਲ ਦੇ ਬੱਚੇ ਦੀ ਸਕੂਲ ਵਿੱਚ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਧਿਆਪਕਾ ਨੇ ਬੱਚੇ ਦੀ ਕੁੱਟਮਾਰ ਕੀਤੀ ਸੀ।

ਸਕੂਲ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਬੱਚਾ ਕਲਾਸ ਰੂਮ ਵਿੱਚ ਹੀ ਅਚਾਨਕ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ।

ਉਸ ਦਿਨ ਕਲਾਸ ਵਿੱਚ ਅਸਲ ਵਿੱਚ ਕੀ ਹੋਇਆ? ਬੱਚਾ ਕਿਉਂ ਡਿੱਗਿਆ? ਸਕੂਲ ਦੇ ਕਰਮਚਾਰੀਆਂ ਨੇ ਤੁਰੰਤ ਕੀ ਕੀਤਾ? ਪੁਲਿਸ ਦਾ ਕੀ ਕਹਿਣਾ ਹੈ?, ਆਓ ਇਹ ਜਾਣਦੇ ਹਾਂ।

ਬੱਚੇ ਦੀ ਮੌਤ, ਅਸਲ ਵਿੱਚ ਕੀ ਹੋਇਆ?

ਛੇ ਸਾਲ ਦਾ ਪ੍ਰਣਯ ਤੇਜਾ ਹਰ ਰੋਜ਼ ਦੀ ਤਰ੍ਹਾਂ ਵੀਰਵਾਰ (20 ਅਗਸਤ) ਨੂੰ ਸਵੇਰੇ ਸਕੂਲ ਗਿਆ।

ਕਲਾਸ ਇੰਚਾਰਜ ਅਧਿਆਪਕਾ (ਸਕੂਲ ਵੱਲੋਂ ਟੀਚਰ ਦਾ ਨਾਮ ਜਨਤਕ ਨਹੀਂ ਕੀਤਾ ਗਿਆ) ਸਵੇਰੇ 11.30 ਤੋਂ 12 ਵਜੇ ਦੇ ਕਰੀਬ ਸਾਰੇ ਬੱਚਿਆਂ ਦਾ ਹੋਮਵਰਕ ਚੈੱਕ ਕਰ ਰਹੀ ਸੀ। ਇਸ ਤੋਂ ਬਾਅਦ ਪ੍ਰਣਯ ਤੇਜਾ ਦੀ ਵਾਰੀ ਆਈ।

ਹੋਮਵਰਕ ਪੂਰਾ ਨਾ ਹੋਣ ਕਰਕੇ ਅਧਿਆਪਕਾ ਪ੍ਰਣਯ ਨੂੰ ਝਿੜਕ ਰਹੀ ਸੀ। ਉਸੇ ਸਮੇਂ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਪ੍ਰਣਯ ਤੇਜਾ ਅਧਿਆਪਕਾ ਦੇ ਉੱਪਰ ਹੀ ਡਿੱਗ ਪਿਆ।

ਸਕੂਲ ਦੇ ਕਰਮਚਾਰੀ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

 ਮਾਪਿਆਂ ਨੇ ਅਧਿਆਪਕਾ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ
ਤਸਵੀਰ ਕੈਪਸ਼ਨ, ਮਾਪਿਆਂ ਨੇ ਅਧਿਆਪਕਾ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ

ਬੱਚੇ ਦੇ ਪਰਿਵਾਰ ਨੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਅਧਿਆਪਕਾ ਦੀ ਕਾਰਵਾਈ ਕਰਕੇ ਬੱਚੇ ਦੀ ਮੌਤ ਹੋਈ ਹੈ।

ਇਸ ਮਾਮਲੇ ਵਿੱਚ ਵਿਸ਼ਾਖਾ ਵਨ ਟਾਊਨ ਪੁਲਿਸ ਨੇ ਬੀਬੀਸੀ ਨੂੰ ਦੱਸਿਆ, ''ਇਸ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪਰ ਬੱਚੇ ਦੀ ਮੌਤ ਅਸਲ ਵਿੱਚ ਕਿਸ ਕਾਰਨ ਹੋਈ, ਇਹ ਪੋਸਟਮਾਰਟਮ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।"

ਪਰਿਵਾਰਕ ਮੈਂਬਰਾਂ ਨੇ ਦੁਪਹਿਰ 3 ਵਜੇ ਦੇ ਕਰੀਬ ਕੇਜੀਐਚ ਹਸਪਤਾਲ 'ਚ ਪ੍ਰਦਰਸ਼ਨ ਕੀਤਾ ਅਤੇ ਇਲਜ਼ਾਮ ਲਾਇਆ ਕਿ ਟੀਚਰ ਨੇ ਬੱਚੇ ਨੂੰ ਝਿੜਕਿਆ ਅਤੇ ਕੰਮ ਪੂਰਾ ਨਾ ਕਰਨ ਕਰਕੇ ਉਸ ਦੀ ਕੁੱਟਮਾਰ ਕੀਤੀ।

ਇਸ ਮਾਮਲੇ ਵਿੱਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੀ ਅਧਿਆਪਕਾ ਦਾ ਪੱਖ ਜਾਣਨ ਲਈ ਬੀਬੀਸੀ ਨੇ ਕੋਸ਼ਿਸ਼ ਕੀਤੀ। ਪਰ ਸਕੂਲ ਪ੍ਰਬੰਧਨ ਜਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਅਧਿਆਪਕਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਕਾਰਨ ਬੀਬੀਸੀ ਅਧਿਆਪਕਾ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਕਰ ਸਕਿਆ।

ਮਾਪਿਆਂ ਨੇ ਦੱਸਿਆ ਬੱਚੇ ਨੇ ਹੋਮਵਰਕ ਕਿਉਂ ਨਹੀਂ ਕੀਤਾ

ਵੀਰਵਾਰ ਨੂੰ ਕੇਜੀਐਚ ਦੇ ਮੁਰਦਾਘਰ ਦੇ ਬਾਹਰ ਬੱਚੇ ਦੇ ਪਿਤਾ ਕ੍ਰਿਸ਼ਨ ਪ੍ਰਸਾਦ ਨੇ ਬੀਬੀਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਕੇਟਰਿੰਗ ਦਾ ਕੰਮ ਕਰਦੇ ਹਨ, ਜਦਕਿ ਬੱਚੇ ਦੀ ਮਾਂ ਗ੍ਰਿਹਣੀ ਹੈ।

ਕ੍ਰਿਸ਼ਨ ਪ੍ਰਸਾਦ ਨੇ ਬੀਬੀਸੀ ਨੂੰ ਕਿਹਾ, "ਅਸੀਂ 3 ਦਿਨ ਧਾਰਮਿਕ ਦਰਸ਼ਨਾਂ ਲਈ ਬਾਹਰ ਗਏ ਹੋਏ ਸੀ। ਇਸ ਕਰਕੇ ਸਾਡਾ ਬੱਚਾ 3 ਦਿਨ ਸਕੂਲ ਨਹੀਂ ਜਾ ਸਕਿਆ। ਇਸ ਲਈ ਉਸ ਦਾ ਹੋਮਵਰਕ ਪੂਰਾ ਨਹੀਂ ਹੋਇਆ। ਵੀਰਵਾਰ ਨੂੰ ਕਲਾਸ ਟੀਚਰ ਨੇ ਹੋਮਵਰਕ ਬਾਰੇ ਪੁੱਛਿਆ।"

ਪ੍ਰਣਯ ਤੇਜਾ ਦੇ ਪਿਤਾ
ਤਸਵੀਰ ਕੈਪਸ਼ਨ, ਪ੍ਰਣਯ ਤੇਜਾ ਦੇ ਪਿਤਾ

"ਹੋਮਵਰਕ ਪੂਰਾ ਨਾ ਕਰਨ ਕਰਕੇ ਅਧਿਆਪਕਾ ਨੇ ਬੱਚੇ ਨੂੰ ਝਿੜਕਿਆ ਤੇ ਕੁੱਟਿਆ, ਇਹ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ। ਅਸੀਂ ਬਾਹਰ ਗਏ ਹੋਏ ਸੀ, ਇਸ ਕਰਕੇ ਹੀ ਉਸ ਦਾ ਹੋਮਵਰਕ ਰਹਿ ਗਿਆ ਸੀ ਅਤੇ ਇਸੇ ਕਾਰਨ ਅਧਿਆਪਕਾ ਨੇ ਉਸ ਨੂੰ ਕੁੱਟਿਆ।"

ਵਿਸ਼ਾਖਾਪਟਨਮ ਦੇ ਆਰਡੀਓ ਦਿਲੀਪ ਚਕਰਵਰਤੀ ਨੇ ਬੀਬੀਸੀ ਨੂੰ ਦੱਸਿਆ, "ਅਧਿਆਪਕਾ ਜਦੋਂ ਝਿੜਕ ਰਹੀ ਸੀ, ਉਸੇ ਸਮੇਂ ਬੱਚਾ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਹਸਪਤਾਲ ਲਿਜਾਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹੁਣ ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਉਸ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।"

ਪਹਿਲਾਂ ਪ੍ਰਦਰਸ਼ਨ, ਬਾਅਦ ਵਿੱਚ ਮਾਮਲਾ ਦਰਜ ਨਾ ਕਰਨ ਦੀ ਮੰਗ

ਘਟਨਾ ਤੋਂ ਬਾਅਦ ਸਕੂਲ ਪ੍ਰਬੰਧਨ ਬੱਚੇ ਨੂੰ ਨਜਦੀਕੀ ਕੇਜੀਐਚ ਹਸਪਤਾਲ ਲੈ ਕੇ ਪਹੁੰਚੇ। ਪਰ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਹਸਪਤਾਲ ਦੇ ਬਾਹਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਫਿਰ ਮੀਡੀਆ ਉੱਥੇ ਪਹੁੰਚਿਆ ਅਤੇ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ। ਇਸ ਤੋਂ ਬਾਅਦ ਅਧਿਕਾਰੀ ਇੱਕ-ਇੱਕ ਕਰਕੇ ਕੇਜੀਐਚ ਦੇ ਮੁਰਦਾਘਰ ਵੱਲ ਆਉਣ ਲੱਗੇ।

ਇਸੇ ਦੌਰਾਨ ਸਕੂਲ ਪ੍ਰਬੰਧਨ ਦੇ ਕੁਝ ਲੋਕ ਵੀ ਉੱਥੇ ਪਹੁੰਚੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।

ਪ੍ਰਣਯ ਤੇਜਾ ਆਪਣੇ ਪਰਿਵਾਰ ਨਾਲ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਪ੍ਰਣਯ ਤੇਜਾ ਆਪਣੇ ਪਰਿਵਾਰ ਨਾਲ (ਫਾਈਲ ਫੋਟੋ)

ਸ਼ਾਮ 5 ਵਜੇ ਦੇ ਕਰੀਬ ਉੱਥੇ ਮੌਜੂਦ ਪੁਲਿਸ ਨੇ ਮਾਮਲਾ ਦਰਜ ਕਰਨ ਲਈ ਮਾਤਾ-ਪਿਤਾ ਨਾਲ ਸੰਪਰਕ ਕੀਤਾ।

ਪਰ ਉਨ੍ਹਾਂ ਨੇ ਪੁਲਿਸ ਨੂੰ ਕਿਹਾ, "ਅਸੀਂ ਕੋਈ ਮਾਮਲਾ ਦਰਜ ਨਹੀਂ ਕਰਵਾਉਣਾ ਚਾਹੁੰਦੇ। ਸਾਨੂੰ ਸਾਡੇ ਬੱਚੇ ਦੀ ਲਾਸ਼ ਦੇ ਦਿਓ, ਸਾਡੇ ਲਈ ਇੰਨਾ ਹੀ ਕਾਫ਼ੀ ਹੈ।"

ਇਸ ਕਾਰਨ ਪੁਲਿਸ ਨੇ ਵੀ ਮਾਮਲਾ ਦਰਜ ਨਹੀਂ ਕੀਤਾ। ਮਾਤਾ-ਪਿਤਾ ਨੇ ਮੀਡੀਆ ਨਾਲ ਗੱਲ ਕਰਨ ਤੋਂ ਵੀ ਪਰਹੇਜ਼ ਕੀਤਾ।

ਲੋਕੇਸ਼ ਦੇ ਟਵੀਟ ਤੋਂ ਬਾਅਦ...

ਸ਼ਾਮ 6.31 ਵਜੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ 'ਐਕਸ' 'ਤੇ ਪੋਸਟ ਕਰਕੇ ਬੱਚੇ ਦੀ ਮੌਤ ਦੀ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ।

ਲੋਕੇਸ਼ ਨੇ ਆਪਣੀ 'ਐਕਸ' ਪੋਸਟ ਵਿੱਚ ਕਿਹਾ, "ਵਿਸ਼ਾਖਾਪਟਨਮ ਦੇ ਸਕੂਲ ਵਿੱਚ ਬੱਚੇ ਦੀ ਮੌਤ ਹੋਣਾ ਬਹੁਤ ਹੀ ਦੁਖਦਾਈ ਘਟਨਾ ਹੈ। ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"

ਲੋਕੇਸ਼ ਨੇ ਆਪਣੀ ਪੋਸਟ ਵਿੱਚ ਲਿਖਿਆ, "ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਹੌਸਲਾ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਬੱਚਾ ਕੋਈ ਵਾਪਸ ਨਹੀਂ ਲਿਆ ਸਕਦਾ। ਪਰਿਵਾਰ ਨੂੰ ਹੋਇਆ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ। ਸਰਕਾਰ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ ਅਤੇ ਹਰ ਸੰਭਵ ਮਦਦ ਕਰੇਗੀ।"

ਇਸ ਤੋਂ ਬਾਅਦ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ।

ਵਨ ਟਾਊਨ ਪੁਲਿਸ
ਤਸਵੀਰ ਕੈਪਸ਼ਨ, ਵਨ ਟਾਊਨ ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਘਟਨਾ ਦੇ ਪਿੱਛੇ ਦਾ ਅਸਲ ਕਾਰਨ ਸਪੱਸ਼ਟ ਹੋਵੇਗਾ।

'ਪੈਥੋਲੋਜੀ ਰਿਪੋਰਟ ਦਾ ਇੰਤਜ਼ਾਰ'

ਇਸ ਘਟਨਾ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਜਾਂ ਨਹੀਂ, ਇਹ ਜਾਨਣ ਲਈ ਬੀਬੀਸੀ ਨੇ ਸ਼ੁੱਕਰਵਾਰ (21 ਅਗਸਤ) ਸਵੇਰੇ ਵਿਸ਼ਾਖਾਪਟਨਮ ਦੇ ਮਹਾਰਾਣੀਪੇਟ ਵਨ ਟਾਊਨ ਪੁਲਿਸ ਨਾਲ ਸੰਪਰਕ ਕੀਤਾ।

ਪੁਲਿਸ ਨੇ ਕਿਹਾ, "ਅਸੀਂ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਉਸ ਵਿੱਚ ਦਿਖਾਈ ਦੇ ਰਹੇ ਦ੍ਰਿਸ਼ ਅਤੇ ਬੱਚੇ ਦੇ ਮਾਪਿਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਸ਼ੱਕੀ ਮੌਤ ਦਾ ਮਾਮਲਾ (ਬੀਐਨਐਸ 2023 ਦੀ ਧਾਰਾ 194) ਦਰਜ ਕੀਤਾ ਗਿਆ ਹੈ। ਫਿਲਹਾਲ ਪੈਥੋਲੋਜੀ ਰਿਪੋਰਟ ਮੰਗਵਾਈ ਗਈ ਹੈ।"

ਡੀਈਓ ਪ੍ਰੇਮ ਕੁਮਾਰ ਨੇ ਕਿਹਾ, "ਅਸੀਂ ਸਕੂਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਉਸ ਵਿੱਚ ਅਧਿਆਪਕਾ ਬੱਚੇ ਨਾਲ ਗੁੱਸੇ ਵਿੱਚ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ, ਇਹ ਵੀ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਬੱਚੇ ਦੀ ਗੱਲ੍ਹ 'ਤੇ ਇੱਕ ਵਾਰ ਥੱਪੜ ਵੀ ਮਾਰਿਆ।"
ਤਸਵੀਰ ਕੈਪਸ਼ਨ, ਵਿਸ਼ਾਖਾਪੱਟਨਮ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ

ਵਨ ਟਾਊਨ ਦੇ ਪੁਲਿਸ ਇੰਸਪੈਕਟਰ ਵਰਪ੍ਰਸਾਦ ਨੇ ਬੀਬੀਸੀ ਨੂੰ ਦੱਸਿਆ, "ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਸ ਦੇ ਆਧਾਰ 'ਤੇ ਅਗਲੀ ਜਾਂਚ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਮਾਪਿਆਂ ਨੇ ਤੁਰੰਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ।''

''ਪਰ ਸ਼ਾਮ ਨੂੰ ਉਨ੍ਹਾਂ ਨੇ ਮਾਮਲਾ ਦਰਜ ਨਾ ਕਰਨ ਲਈ ਕਿਹਾ। ਪਰ ਅਜਿਹੀ ਘਟਨਾ ਤੋਂ ਬਾਅਦ ਅਸਲ ਵਿੱਚ ਕੀ ਹੋਇਆ, ਇਸ ਦੀ ਜਾਂਚ ਕਰਨ ਲਈ ਪੁਲਿਸ ਨੂੰ ਕਾਨੂੰਨ ਮੁਤਾਬਕ ਮਾਮਲਾ ਦਰਜ ਕਰਨਾ ਪੈਂਦਾ ਹੈ। ਫਿਲਹਾਲ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।"

'ਅਧਿਆਪਕਾ ਨੇ ਬੱਚੇ ਨੂੰ ਕੁੱਟਿਆ, ਇਹ ਦਿਖਾਈ ਦੇ ਰਿਹਾ ਹੈ'

ਡੀਈਓ ਪ੍ਰੇਮ ਕੁਮਾਰ
ਤਸਵੀਰ ਕੈਪਸ਼ਨ, ਡੀਈਓ ਪ੍ਰੇਮ ਕੁਮਾਰ ਨੇ ਕਿਹਾ, ''ਅਸੀਂ ਸਕੂਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਉਸ ਵਿੱਚ ਅਧਿਆਪਕਾ ਬੱਚੇ ਨਾਲ ਗੁੱਸੇ 'ਚ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਗੱਲ੍ਹ 'ਤੇ ਇੱਕ ਵਾਰ ਥੱਪੜ ਵੀ ਮਾਰਿਆ।

ਇਸ ਘਟਨਾ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਪ੍ਰੇਮ ਕੁਮਾਰ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਡੀਈਓ ਪ੍ਰੇਮ ਕੁਮਾਰ ਨੇ ਕਿਹਾ, "ਅਸੀਂ ਸਕੂਲ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਉਸ ਵਿੱਚ ਅਧਿਆਪਕਾ ਬੱਚੇ ਨਾਲ ਗੁੱਸੇ ਵਿੱਚ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ, ਇਹ ਵੀ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਬੱਚੇ ਦੀ ਗੱਲ੍ਹ 'ਤੇ ਇੱਕ ਵਾਰ ਥੱਪੜ ਵੀ ਮਾਰਿਆ।"

ਉਨ੍ਹਾਂ ਕਿਹਾ ਕਿ ਅਸੀਂ ਉਸ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਬੱਚੇ ਦੀ ਮੌਤ ਡਰ ਜਾਂ ਕੁੱਟਮਾਰ ਕਾਰਨ ਹੋਈ ਜਾਂ ਇਸ ਦੇ ਪਿੱਛੇ ਕੋਈ ਹੋਰ ਸਿਹਤ ਸਬੰਧੀ ਕਾਰਨ ਸੀ, ਇਹ ਪੋਸਟਮਾਰਟਮ ਰਿਪੋਰਟ ਤੋਂ ਸਪੱਸ਼ਟ ਹੋਵੇਗਾ।

ਡੀਈਓ ਪ੍ਰੇਮ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਇੱਕ ਵਾਰ ਰਿਪੋਰਟ ਆ ਜਾਣ ਤੋਂ ਬਾਅਦ ਅਸੀਂ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ ਅਤੇ ਉਸ ਦੇ ਆਧਾਰ 'ਤੇ ਅਧਿਆਪਕਾ ਅਤੇ ਸਕੂਲ ਪ੍ਰਬੰਧਨ ਵਿਰੁੱਧ ਕਾਰਵਾਈ ਕਰਾਂਗੇ,"

ਪੁਲਿਸ
ਤਸਵੀਰ ਕੈਪਸ਼ਨ, ਪੁਲਿਸ ਨੇ ਕਿਹਾ ਕਿ ਮਾਪਿਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਸ਼ੱਕੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ

ਪੋਸਟਮਾਰਟਮ ਰਿਪੋਰਟ ਹੀ ਮਹੱਤਵਪੂਰਨ

ਵਨ ਟਾਊਨ ਪੁਲਿਸ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਘਟਨਾ ਦੇ ਪਿੱਛੇ ਦਾ ਅਸਲ ਕਾਰਨ ਸਪੱਸ਼ਟ ਹੋਵੇਗਾ। ਇਸ ਲਈ ਪੈਥੋਲੋਜੀ ਰਿਪੋਰਟ ਵੀ ਮੰਗਵਾਈ ਗਈ ਹੈ।

ਆਮ ਤੌਰ 'ਤੇ ਸ਼ੱਕੀ ਮੌਤ ਦੇ ਮਾਮਲੇ ਵਿੱਚ (ਬੀਐਨਐਸਐਸ ਦੀ ਧਾਰਾ 194 ਤਹਿਤ) ਪੁਲਿਸ ਜਾਂਚ ਸ਼ੁਰੂ ਕਰਦੀ ਹੈ। ਇਸ ਤੋਂ ਬਾਅਦ ਪੁਲਿਸ ਦੀ ਬੇਨਤੀ 'ਤੇ ਡਾਕਟਰ, ਫੋਰੈਂਸਿਕ ਅਤੇ ਪੈਥੋਲੋਜੀ ਮਾਹਿਰ ਮ੍ਰਿਤਕ ਦੇਹ ਦੀ ਜਾਂਚ ਕਰਕੇ ਲੋੜੀਂਦੇ ਨਮੂਨੇ ਲੈਂਦੇ ਹਨ।

ਪੁਲਿਸ ਨੇ ਦੱਸਿਆ ਕਿ ਇਹ ਨਮੂਨੇ ਪੁਲਿਸ ਵੱਲੋਂ ਸਬੰਧਤ ਫੋਰੈਂਸਿਕ ਜਾਂ ਪੈਥੋਲੋਜੀ ਲੈਬ ਵਿੱਚ ਭੇਜੇ ਜਾਂਦੇ ਹਨ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਆਮ ਤੌਰ 'ਤੇ 1 ਤੋਂ 10 ਦਿਨ ਲੱਗ ਸਕਦੇ ਹਨ। ਹਾਲਾਂਕਿ, ਮਾਮਲੇ ਦੀ ਗੰਭੀਰਤਾ ਦੇ ਆਧਾਰ 'ਤੇ ਇਹ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।

ਪੁਲਿਸ ਇੰਸਪੈਕਟਰ ਵਰਪ੍ਰਸਾਦ ਨੇ ਬੀਬੀਸੀ ਨੂੰ ਦੱਸਿਆ, "ਇਹ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਬੱਚੇ ਦੀ ਮੌਤ ਅਸਲ ਵਿੱਚ ਕਿਸ ਕਾਰਨ ਹੋਈ। ਕੀ ਡਰ ਕਾਰਨ ਦਿਲ ਨੇ ਕੰਮ ਕਰਨਾ ਬੰਦ ਕੀਤਾ, ਕੁੱਟਮਾਰ ਕਾਰਨ ਕੋਈ ਸੱਟ ਲੱਗੀ ਜਾਂ ਕੋਈ ਹੋਰ ਕਾਰਨ ਸੀ, ਇਸ ਦੀ ਜਾਂਚ ਕੀਤੀ ਜਾਵੇਗੀ।"

"ਬੱਚੇ ਦੇ ਸਰੀਰ 'ਤੇ ਕੋਈ ਸੱਟਾਂ ਸਨ ਜਾਂ ਅਚਾਨਕ ਕੋਈ ਸਿਹਤ ਸਮੱਸਿਆ ਪੈਦਾ ਹੋਈ ਸੀ, ਇਹ ਜਾਣਨ ਲਈ ਪੈਥੋਲੋਜੀ ਰਿਪੋਰਟ ਮੰਗਵਾਈ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਉਸ ਦੇ ਆਧਾਰ 'ਤੇ ਅਗਲੀ ਜਾਂਚ ਕੀਤੀ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)