ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ, 1984 ਦੇ ਸਿੱਖ ਕਤਲੇਆਮ ਵਿੱਚ ਦੋ ਸਿੱਖਾਂ ਦੇ ਕਤਲ ਮਾਮਲੇ 'ਚ ਹੋਈ ਸੀ ਉਮਰ ਕੈਦ

ਤਸਵੀਰ ਸਰੋਤ, The The India Today Group via Getty Images
ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਹਸਪਤਾਲ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਉਸ ਤੋਂ ਪਹਿਲਾਂ ਖ਼ਬਰ ਏਜੰਸੀ ਏਐਨਆਈ ਦੀ ਐਕਸ ਪੋਸਟ ਮੁਤਾਬਕ, ਸਫ਼ਦਰਜੰਗ ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ 84 ਸਾਲਾ ਸੱਜਣ ਕੁਮਾਰ ਨੂੰ ਵੀਰਵਾਰ ਸਵੇਰੇ ਕਰੀਬ 11 ਵਜੇ ਪੁਲਿਸ ਵੱਲੋਂ ਵੀਐੱਮਐੱਮਸੀ ਅਤੇ ਸਫ਼ਦਰਜੰਗ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ਸਮੇਂ ਉਨ੍ਹਾਂ ਦੀ ਹੋਸ਼ ਵਿੱਚ ਨਹੀਂ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਕੇ ਮੁੜ ਜੀਵਨ ਬਚਾਉਣ ਵਾਲੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ।
ਡਾਕਟਰਾਂ ਵੱਲੋਂ ਸਾਰੇ ਲੋੜੀਂਦੇ ਇਲਾਜ ਅਤੇ ਲਾਈਫ਼-ਸਪੋਰਟ ਉਪਾਅ ਕੀਤੇ ਗਏ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਮੁਤਾਬਕ ਸੱਜਣ ਕੁਮਾਰ ਦੀ ਦੁਪਹਿਰ 12:30 ਵਜੇ ਮੌਤ ਹੋ ਗਈ। ਹਸਪਤਾਲ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਅਤੇ ਪਾਰਕਿਨਸਨ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਹਸਪਤਾਲ ਵਿੱਚ ਦਾਖ਼ਲ ਹੋ ਚੁੱਕੇ ਸਨ।
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ 1984 ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ 12 ਫਰਵਰੀ 2025 ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ।
ਜਦੋਂ ਸੱਜਣ ਕੁਮਾਰ ਨੂੰ ਅਦਾਲਤ ਨੇ ਫਰਵਰੀ 2025 ਵਿੱਚ 1984 ਦੇ ਸਿੱਖ ਕਤਲੇਆਮ ਸਬੰਧੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਉਸ ਵੇਲੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਵਤਾਰ ਸਿੰਘ ਨੇ ਇਸ ਮਾਮਲੇ ਬਾਰੇ ਇੱਕ ਰਿਪੋਰਟ ਲਿਖੀ ਸੀ। ਇੱਥੇ ਅਸੀਂ ਉਸੇ ਰਿਪੋਰਟ ਦੇ ਕੁਝ ਅੰਸ਼ ਪ੍ਰਕਾਸ਼ਿਤ ਕਰ ਰਹੇ ਹਾਂ...
ਦੋ ਸਿੱਖਾਂ ਨੂੰ ਜ਼ਿੰਦਾ ਸਾੜਨ ਦਾ ਕੀ ਮਾਮਲਾ ਸੀ?

ਉਸ ਵੇਲੇ ਪੀੜ੍ਹਤਾਂ ਦੇ ਵਕੀਲ ਐੱਚਐੱਸ ਫੂਲਕਾ ਨੇ ਦੱਸਿਆ ਸੀ ਕਿ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਨੂੰ ਪੱਛਮੀ ਦਿੱਲੀ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ।
ਫੂਲਕਾ ਕਹਿੰਦੇ ਹਨ, ''ਦੋਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ। ਉਨ੍ਹਾਂ ਦੇ ਘਰ ਨੂੰ ਲੁੱਟਿਆ ਗਿਆ। ਜਸਵੰਤ ਸਿੰਘ ਦੀ ਪਤਨੀ, ਧੀ ਅਤੇ ਭਤੀਜੀਆਂ ਨੂੰ ਵੀ ਭੀੜ ਵੱਲੋਂ ਕੁੱਟਿਆ ਗਿਆ ਸੀ। ਇਸ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ।''
ਇਸ ਕੇਸ ਦੇ ਰਿਕਾਰਡ ਵਿੱਚ ਜਸਵੰਤ ਸਿੰਘ ਦੀ ਧੀ ਪੀੜ੍ਹਤ 'Y' ਹੈ ਅਤੇ ਗਵਾਹ ਨੰਬਰ 11 ਹੈ। ਰਿਕਾਰਡ ਮੁਤਾਬਕ, ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸ਼ਾਮ ਨੂੰ ਕਰੀਬ 4-4.30 ਵਜੇ ਭੀੜ ਇੱਕ ਵਾਰ ਫਿਰ ਆਈ ਅਤੇ ਉਨ੍ਹਾਂ ਦੇ ਘਰ ਦੇ ਅੱਗੇ ਅਤੇ ਪਿਛਲੇ ਵਾਲੇ ਪਾਸੇ ਤੋਂ ਹਮਲਾ ਕੀਤਾ।
ਉਹ ਅੱਗੇ ਕਹਿੰਦੇ ਹਨ ਕਿ ਜਿਵੇਂ ਕਿ ਉਨ੍ਹਾਂ ਨੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਵੇਖੀ ਜਿਨ੍ਹਾਂ ਕੋਲ ਇੱਟਾਂ, ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਸਨ। ਭੀੜ ਨੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਉਸ ਦੇ ਸਿਰ 'ਤੇ ਇੱਟ ਨਾਲ ਹਮਲਾ ਕੀਤਾ ਗਿਆ।
ਮ੍ਰਿਤਕ ਦੇ ਪਤਨੀ ਨੇ ਜਸਟਿਸ ਜੇ.ਡੀ. ਜੈਨ ਅਤੇ ਜਸਟਿਸ ਡੀ.ਕੇ. ਅਗਰਵਾਲ ਦੀ ਬਣੀ ਕਮੇਟੀ ਨੂੰ 6 ਨਵੰਬਰ 1991 ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹਨਾਂ ਨੇ ਮੁਲਜ਼ਮ ਦੀ ਤਸਵੀਰ ਬਾਅਦ ਵਿੱਚ ਇੱਕ ਰਸਾਲੇ ਵਿੱਚ ਦੇਖੀ ਸੀ ਅਤੇ ਪਛਾਣਿਆ ਸੀ ਕਿ ਭੀੜ ਨੂੰ ਭੜਕਾਉਣਾ ਵਾਲਾ ਬੰਦਾ ਕੌਣ ਹੈ।
ਦੋਸ਼ੀ ਕਰਾਰ ਦੇਣ ਵੇਲੇ ਜੱਜਾਂ ਨੇ ਕੀ ਕਿਹਾ ਸੀ

ਤਸਵੀਰ ਸਰੋਤ, Getty Images
ਉਸ ਵੇਲੇ ਅਦਾਲਤ ਨੇ ਆਪਣੀ ਜਜਮੈਂਟ ਵਿੱਚ ਕਿਹਾ ਸੀ, ''ਇਸ ਘਟਨਾ ਦੇ ਸਮੇਂ ਭਾਵ 1 ਨਵੰਬਰ 1984 ਨੂੰ ਗਵਾਹ ਨੰਬਰ-11 ਦੀ ਉਮਰ ਲਗਭਗ 14 ਸਾਲ ਸੀ ਅਤੇ ਉਹ 10ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਅਤੇ ਭਰਾ ਨੂੰ ਜ਼ਿੰਦਾ ਸਾੜਨ ਦੀ ਘਟਨਾ, 14 ਸਾਲ ਦੇ ਬੱਚੇ ਦੀਆਂ ਯਾਦਾਂ 'ਚੋਂ ਕਦੇ ਵੀ ਧੁੰਦਲੀ ਨਹੀਂ ਪੈ ਸਕਦੀ। ਅਦਾਲਤ ਨੂੰ ਉਸ ਦੀ ਗਵਾਹੀ ਨੂੰ ਅਸਵੀਕਾਰ ਕਰਨ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ।''
ਇਹ ਫੈਸਲਾ ਰਾਊਜ਼ ਅਵੈਨਿਊ ਅਦਾਲਤ ਵਿੱਚ ਅਡੀਸ਼ਨਲ ਸੈਸ਼ਨ ਜੱਜ ਅਤੇ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੇ ਸੁਣਾਇਆ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਹਜ਼ਾਰਾਂ ਸਿੱਖਾਂ ਵਿੱਚ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਸੀ।
ਇਹ ਘਟਨਾ ਜਿੱਥੇ ਵਾਪਰੀ ਉਹ ਸਰਸਵਤੀ ਵਿਹਾਰ ਪੁਲਿਸ ਥਾਣੇ ਅਧੀਨ ਆਉਂਦਾ ਸੀ।
ਇਸ ਹਿੰਸਾ ਦੌਰਾਨ ਸੱਜਣ ਕੁਮਾਰ 'ਤੇ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਸੀ। ਜਜਮੈਂਟ ਮੁਤਾਬਕ, ਸੱਜਣ ਕੁਮਾਰ ਨੂੰ ਦੰਗਿਆਂ ਅਤੇ ਕਤਲ ਦੀ ਧਾਰਾ ਸਮੇਤ ਕਈ ਹੋਰ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਸੀ।
ਜਿਸ ਸਮੇਂ ਉਨ੍ਹਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ, ਉਸ ਵੇਲੇ ਉਹ ਪਹਿਲਾਂ ਵੀ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਨ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ।
ਸੱਜਣ ਕੁਮਾਰ ਨੇ ਕੀ ਪੱਖ ਰੱਖਿਆ ਸੀ?

ਤਸਵੀਰ ਸਰੋਤ, Getty Images
ਕੇਸ ਦੀ ਜੱਜਮੈਂਟ ਵਿੱਚ ਸੱਜਣ ਕੁਮਾਰ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ, ਇਹ ਇਲਜ਼ਾਮ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਸਨ।
ਸੱਜਣ ਕੁਮਾਰ ਨੇ ਅਦਾਲਤ ਵਿੱਚ ਬੇਗੁਨਾਹ ਹੋਣ ਦੀ ਦਲੀਲ ਦਿੱਤੀ ਸੀ ਅਤੇ ਕੋਈ ਵੀ ਜੁਰਮ ਕਰਨ ਤੋਂ ਇਨਕਾਰ ਕੀਤਾ ਸੀ।
ਉਨ੍ਹਾਂ ਨੇ ਕਿਸੇ ਅਜਿਹੀ ਭੀੜ ਦਾ ਹਿੱਸਾ ਹੋਣ ਤੋਂ ਵੀ ਇਨਕਾਰ ਕੀਤਾ ਸੀ, ਜਿਸ ਨੇ ਇਲਾਕੇ ਵਿੱਚ ਹਿੰਸਾ ਜਾਂ ਦੰਗੇ ਕੀਤੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


























