ਤੁਹਾਡੀ ਰੀਲਾਂ ਵੇਖਣ ਦੀ ਆਦਤ ਕਿਵੇਂ ਮਾਨਸਿਕ ਸਿਹਤ ਵਿਗਾੜ ਰਹੀ, ਮਾਨਸਿਕ ਸਿਹਤ ਚੰਗੀ ਚਾਹੀਦੀ ਹੈ ਤਾਂ ਅੱਜ ਤੋਂ ਹੀ ਬਦਲ ਲਵੋ ਇਹ ਆਦਤਾਂ

ਮਹਿਲਾ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਬਹੁਤ ਜ਼ਿਆਦਾ ਤਣਾਅ ਜਾਂ ਪਰੇਸ਼ਾਨੀ ਵਰਗੇ ਲੱਛਣ ਦਿਖਾਈ ਦੇਣ ਤਾਂ ਮੈਂਟਲ ਹੈਲਥ ਪ੍ਰੋਫੈਸ਼ਨਲ ਦੀ ਲੋੜ ਪੈ ਸਕਦੀ ਹੈ (ਸੰਕੇਤਕ ਤਸਵੀਰ)
    • ਲੇਖਕ, ਪ੍ਰਿਅੰਕਾ ਧੀਮਾਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਇੱਕ ਇਨਸਾਨ ਕਿਵੇਂ ਆਪਣੀ ਮਾਨਸਿਕ ਸਿਹਤ ਬਾਰੇ ਜਾਣ ਸਕਦਾ ਹੈ, ਤੁਹਾਡਾ ਪਰੇਸ਼ਾਨ ਹੋਣਾ ਕਦੋਂ ਇੱਕ ਗੰਭੀਰ ਬਿਮਾਰੀ ਬਣ ਜਾਂਦਾ ਹੈ।

ਡਿਪ੍ਰੈਸ਼ਨ, ਐਂਗਜ਼ਾਇਟੀ ਅਤੇ ਤਣਾਅ ਨਾਲ ਜੂਝ ਰਹੇ ਕਿਸੇ ਸ਼ਖ਼ਸ ਨੂੰ ਕਦੋਂ ਡਾਕਟਰ ਦੀ ਮਦਦ ਦੀ ਲੋੜ ਪੈਂਦੀ ਹੈ ਅਤੇ ਸਾਨੂੰ ਸਭ ਨੂੰ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਕੀ ਕੁਝ ਕਰਨ ਦੀ ਲੋੜ ਹੈ।

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਮਨੋਵਿਗਿਆਨੀ ਡਾ. ਕੋਮਲਪ੍ਰੀਤ ਕੌਰ ਨਾਲ ਸੰਖੇਪ ਵਿੱਚ ਗੱਲਬਾਤ ਕੀਤੀ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਮਨੋਵਿਗਿਆਨੀ ਡਾ. ਕੋਮਲਪ੍ਰੀਤ ਕੌਰ ਨਾਲ ਗੱਲਬਾਤ ਕਰਦੇ ਹੋਏ
ਤਸਵੀਰ ਕੈਪਸ਼ਨ, ਮੈਂਟਲ ਹੈਲਥ ਨਾਲ ਜੁੜੇ ਸਵਾਲਾਂ ਦੇ ਜਵਾਬ ਜਾਨਣ ਲਈ ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਮਨੋਵਿਗਿਆਨੀ ਡਾ. ਕੋਮਲਪ੍ਰੀਤ ਕੌਰ ਨਾਲ ਗੱਲਬਾਤ ਕੀਤੀ

ਸਵਾਲ: ਸਾਈਕੋਲੋਜਿਸਟ ਅਤੇ ਸਾਈਕੈਟਰਿਸਟ- ਦੋਹਾਂ ਵਿੱਚ ਫਰਕ ਕੀ ਹੈ ਅਤੇ ਦੋਹਾਂ ਦਾ ਕੰਮ ਕੀ ਹੈ ?

ਜਵਾਬ: ਸਾਈਕੋਲੋਜਿਸਟ ਉਹ ਮੈਂਟਲ ਹੈਲਥ ਪ੍ਰੋਫੈਸ਼ਨਲ ਹੈ, ਜੋ ਸਾਡੀ ਸੋਚ ਨੂੰ, ਸਾਡੀਆਂ ਭਾਵਨਾਵਾਂ ਨੂੰ, ਸਾਡੇ ਐਕਸ਼ਨਜ਼ ਨੂੰ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ।

ਸਾਈਕੋਲੋਜਿਸਟ ਕਾਊਂਸਲਿੰਗ ਅਤੇ ਸਾਈਕੋਥੈਰੇਪੀ ਦੇ ਨਾਲ ਭਾਵਨਾਮਤਕ ਮੁਸ਼ਕਿਲਾਂ ਵਿੱਚੋਂ ਨਿਕਲਣ 'ਚ ਸਾਡੀ ਮਦਦ ਕਰਦਾ ਹੈ।

ਦੂਜੇ ਪਾਸੇ ਸਾਈਕੈਟਰਿਸਟ ਉਹ ਮੈਡੀਕਲ ਡਾਕਟਰ ਹੈ ਜੋ ਦਵਾਈਆਂ ਦੇ ਨਾਲ ਮਰੀਜ਼ ਦਾ ਇਲਾਜ ਕਰਦਾ ਹੈ। ਸਾਈਕੋਲੋਜਿਸਟ ਦਵਾਈਆਂ ਨਹੀਂ ਦਿੰਦੇ। ਜਦੋਂ ਕਿਸੇ ਦੀ ਮਾਨਸਿਕ ਬਿਮਾਰੀ ਬਹੁਤ ਗੰਭੀਰ ਹੋ ਜਾਂਦੀ ਹੈ ਤਾਂ ਉਸ ਵੇਲੇ ਦਵਾਈਆਂ ਦੀ ਲੋੜ ਪੈਂਦੀ ਹੈ ਜੋ ਇੱਕ ਸਾਈਕੈਟਰਿਸਟ ਮੁਹੱਈਆ ਕਰਵਾਉਂਦਾ ਹੈ।

ਕਈ ਮਾਮਲਿਆਂ ਵਿੱਚ ਸਾਈਕੋਲੋਜਿਸਟ ਅਤੇ ਸਾਈਕੈਟਰਿਸਟ ਦੋਵੇਂ ਇੱਕ ਟੀਮ ਵਾਂਗ ਵੀ ਕੰਮ ਕਰਦੇ ਹਨ।

ਸਵਾਲ: ਕਿਹੜੇ ਸ਼ੁਰੂਆਤੀ ਲੱਛਣ ਹੁੰਦੇ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਸ਼ਖ਼ਸ ਨੂੰ ਸਾਈਕੋਲੋਜੀਕਲ ਮਦਦ ਦੀ ਲੋੜ ਹੈ ?

ਜਵਾਬ: ਜੇਕਰ ਕੋਈ ਸ਼ਖ਼ਸ ਦੋ ਹਫ਼ਤੇ ਤੋਂ ਵੱਧ ਪਰੇਸ਼ਾਨ ਹੈ, ਬਿਨ੍ਹਾਂ ਕਿਸੇ ਗੱਲ ਤੋਂ ਚਿੰਤਾ ਵਿੱਚ ਹੈ, ਬਹੁਤ ਜ਼ਿਆਦਾ ਸੌਂ ਰਿਹਾ ਹੈ ਜਾਂ ਬਹੁਤ ਘੱਟ ਸੌਂ ਰਿਹਾ ਹੈ, ਭੁੱਖ ਬਹੁਤ ਜ਼ਿਆਦਾ ਲੱਗ ਰਹੀ ਹੈ ਜਾਂ ਬਹੁਤ ਘੱਟ ਲੱਗ ਰਹੀ ਹੈ।

ਬਹੁਤ ਜ਼ਿਆਦਾ ਤਣਾਅ ਜਾਂ ਪਰੇਸ਼ਾਨੀ ਵਿੱਚ ਰਹਿਣ ਲੱਗ ਪਿਆ ਹੈ, ਆਪਣੇ ਆਪ ਨੂੰ ਲੋਕਾਂ ਤੋਂ ਵੱਖ ਕਰ ਲੈਣਾ, ਕਿਸੇ ਨੂੰ ਮਿਲਣਾ ਨਹੀਂ, ਉਹ ਸਾਰੇ ਕੰਮ ਨਾ ਕਰਨਾ, ਜੋ ਪਹਿਲਾਂ ਉਹ ਬਹੁਤ ਖੁਸ਼ੀ ਨਾਲ ਕਰਦਾ ਸੀ।

ਜਦੋਂ ਇਸ ਤਰ੍ਹਾਂ ਦੇ ਲੱਛਣ ਦਿਖਣ ਲੱਗਣ ਤਾਂ ਮਤਲਬ ਕੋਈ ਨਾ ਕੋਈ ਪਰੇਸ਼ਾਨੀ ਹੈ। ਉਸ ਵੇਲੇ ਤੁਹਾਨੂੰ ਮੈਂਟਲ ਹੈਲਥ ਪ੍ਰੋਫੈਸ਼ਨਲ ਦੀ ਲੋੜ ਪੈਂਦੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਨਸਿਕ ਬਿਮਾਰੀ ਦੇ ਕੁਝ ਕਾਰਨ ਸਾਡੇ ਜੀਨਸ ਉੱਤੇ ਨਿਰਭਰ ਕਰਦੇ ਹਨ ਅਤੇ ਕੁਝ ਆਲੇ-ਦੁਆਲੇ ਦੇ ਮਾਹੌਲ ਉੱਤੇ: ਡਾ. ਕੋਮਲਪ੍ਰੀਤ ਕੌਰ (ਸੰਕੇਤਕ ਤਸਵੀਰ)

ਸਵਾਲ: ਆਮ ਉਦਾਸੀ ਅਤੇ ਡਿਪ੍ਰੈਸ਼ਨ ਵਾਲੀ ਉਦਾਸੀ ਵਿੱਚ ਫਰਕ ਕਿਵੇਂ ਪਤਾ ਲੱਗਦਾ ਹੈ ?

ਜਵਾਬ: ਆਮ ਉਦਾਸੀ ਹਾਲਾਤ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਉਹ ਕੁਝ ਸਮੇਂ ਬਾਅਦ ਠੀਕ ਹੋ ਜਾਂਦੀ ਹੈ। ਪਰ ਜੋ ਡਿਪ੍ਰੈਸ਼ਨ ਵਾਲੀ ਉਦਾਸੀ ਹੈ ਉਹ ਕਾਫ਼ੀ ਸਮੇਂ ਤੱਕ ਠਹਿਰੀ ਰਹੇਗੀ।

ਇਸਦਾ ਅਸਰ ਉਸ ਦੇ ਸਰੀਰ ਉੱਤੇ ਵੀ ਦਿਖਣ ਲੱਗੇਗਾ, ਉਹ ਸੌਂ ਨਹੀਂ ਸਕੇਗਾ। ਸਹੀ ਤਰੀਕੇ ਨਾਲ ਖਾ-ਪੀ ਨਹੀਂ ਸਕੇਗਾ। ਲੋਕਾਂ ਨਾਲ ਨਾਤਾ ਰੱਖਣਾ ਬੰਦ ਕਰ ਦੇਵੇਗਾ। ਇਸ ਨਾਲ ਉਸ ਦੀ ਰੋਜ਼ਾਨਾ ਜ਼ਿੰਦਗੀ ਅਤੇ ਰਿਸ਼ਤਿਆਂ ਉੱਤੇ ਵੀ ਅਸਰ ਦਿਖਣ ਲੱਗੇਗਾ।

ਸਵਾਲ: ਮਾਨਸਿਕ ਬਿਮਾਰੀ ਜਾਂ ਡਿਪ੍ਰੈਸ਼ਨ ਦੇ ਕਾਰਨ ਕੀ ਹੁੰਦੇ ਹਨ ?

ਜਵਾਬ: ਕੁਝ ਚੀਜ਼ਾਂ ਸਾਡੇ ਜੀਨਸ ਉੱਤੇ ਨਿਰਭਰ ਕਰਦੀਆਂ ਹਨ ਅਤੇ ਕੁਝ ਆਲੇ-ਦੁਆਲੇ ਦੇ ਮਾਹੌਲ ਉੱਤੇ। ਮੰਨ ਲਵੋ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਡਿਪ੍ਰੈਸ਼ਨ ਵਰਗੀ ਬਿਮਾਰੀ ਸੀ ਤਾਂ ਬਹੁਤ ਚਾਂਸ ਹੁੰਦੇ ਹਨ ਉਸ ਸ਼ਖ਼ਸ ਦੇ ਵੀ ਅਜਿਹੀ ਸਥਿਤੀ ਵੱਲ ਜਾਣ ਦੇ, ਕਿਉਂਕਿ ਉਨ੍ਹਾਂ ਨੂੰ ਮਾਹੌਲ ਉਸ ਤਰੀਕੇ ਨਾਲ ਮਿਲ ਰਿਹਾ ਹੈ।

ਅਜਿਹੇ ਲੋਕ ਖ਼ੁਦ ਵੀ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਨ। ਉਹ ਦੁਨੀਆ ਬਾਰੇ ਵੀ ਨੈਗੇਟਿਵ ਸੋਚਦਾ ਹੈ ਅਤੇ ਉਹ ਭਵਿੱਖ ਬਾਰੇ ਨੈਗੇਟਿਵ ਸੋਚਣ ਲੱਗਦਾ ਹੈ। ਉਸ ਨੂੰ ਅੱਗੇ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਅਜਿਹੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ ਇਨ੍ਹਾਂ ਚੀਜ਼ਾਂ ਦੀ ਉਸੇ ਵੇਲੇ ਪਛਾਣ ਕਰਨਾ।

ਮਰੀਜ਼ ਅਤੇ ਡਾਕਟਰ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਕੋਮਲਪ੍ਰੀਤ ਮੁਤਾਬਕ ਮਾਨਸਿਕ ਬਿਮਾਰੀ ਨਾਲ ਪੀੜਤ ਸ਼ਖਸ ਦਾ ਕਈ ਤਰ੍ਹਾਂ ਦੀਆਂ ਥੈਰੇਪੀਆਂ ਜ਼ਰੀਏ ਇਲਾਜ ਕੀਤਾ ਜਾ ਸਕਦਾ ਹੈ (ਸੰਕੇਤਕ ਤਸਵੀਰ)

ਸਵਾਲ: ਮਾਨਸਿਕ ਬਿਮਾਰੀ ਨਾਲ ਜੂਝ ਰਹੇ ਸ਼ਖ਼ਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?

ਜਵਾਬ: ਅਸੀਂ ਸਾਈਕੋਥੈਰੇਪਿਸਟ ਲਗਾਉਂਦੇ ਹਾਂ ਜਿਵੇਂ ਸੀਬੀਟੀ (ਕਾਗਨੀਟਿਵ ਬੇਹਵਰਿਅਲ ਥੈਰੇਪੀ)। ਜੋ ਸਿੱਧਾ ਉਸ ਸ਼ਖ਼ਸ ਦੀ ਸੋਚ ਨੂੰ ਰੀ-ਸਟਰੱਕਚਰ ਕਰਦਾ ਹੈ। ਫਿਰ ਅਸੀਂ ਡੀਬੀਟੀ (ਡਾਇਲੈਕਟਿਕਲ ਬੇਹਵਰਿਅਲ ਥੈਰੇਪੀ) ਲਗਾਉਂਦੇ ਹਾਂ ਜੋ ਸਿੱਧਾ ਉਸ ਸ਼ਖ਼ਸ ਦੀਆਂ ਭਾਵਨਾਵਾਂ ਬਾਰੇ ਕੰਮ ਕਰਦਾ ਹੈ।

ਇਸੇ ਤਰ੍ਹਾਂ ਹਿਪਨੋਥੈਰੇਪੀ ਅਤੇ ਐਨਐਲਪੀ ਵਰਗੀਆਂ ਥੈਰੇਪੀਆਂ ਦਿੰਦੇ ਹਾਂ ਜੋ ਨਵੀਂ ਸੋਚ ਅਤੇ ਨਵੇਂ ਪੈਟਰਨ ਦੀ ਰੀ-ਵਾਇਰਿੰਗ ਕਰਦੇ ਹਨ। ਫਿਰ ਗੈਸਟਾਲਟ ਥੈਰੇਪੀ ਦਿੱਤੀ ਜਾਂਦੀ ਹੈ ਜੋ ਸਰੀਰ, ਦਿਮਾਗ ਅਤੇ ਭਾਵਨਾਵਾਂ ਲਈ ਕੰਮ ਕਰਦੀ ਹੈ।

ਸਵਾਲ: ਮਾਨਸਿਕ ਸਿਹਤ ਕੀ ਹੈ ਅਤੇ ਇਹ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਕਿਵੇਂ ਹੈ ?

ਜਵਾਬ: ਜੇਕਰ ਤੁਹਾਡੀ ਮਾਨਸਿਕ ਸਿਹਤ ਠੀਕ ਨਹੀਂ ਹੈ ਤਾਂ ਤੁਹਾਨੂੰ ਮਾਨਸਿਕ ਬਿਮਾਰੀ ਹੋਣ ਦੇ ਚਾਂਸ ਹਨ। ਜਿਵੇਂ ਜੇਕਰ ਤੁਹਾਡੀ ਸਰੀਰਕ ਸਿਹਤ ਠੀਕ ਨਹੀਂ ਹੈ ਤਾਂ ਤੁਸੀਂ ਵਾਰ-ਵਾਰ ਬਿਮਾਰ ਹੋਵੇਗੇ।

ਇਸੇ ਤਰ੍ਹਾਂ ਹੀ ਜੇਕਰ ਤੁਹਾਡੀ ਮਾਨਸਿਕ ਸਿਹਤ ਮਜਬੂਤ ਨਹੀਂ ਹੈ ਤਾਂ ਤੁਸੀਂ ਹਰ ਚੀਜ਼ ਨੂੰ ਨੈਗੇਟਿਵ ਦੇਖਣਾ ਸ਼ੁਰੂ ਕਰ ਦਿਓਗੇ। ਤੁਹਾਡੇ ਐਕਸ਼ਨ ਵੀ ਨੈਗੇਟਿਵ ਹੋਣਗੇ।

ਇਸ ਲਈ ਮਾਨਸਿਕ ਸਿਹਤ ਦਾ ਬਹੁਤ ਮਹੱਤਵਪੂਰਨ ਰੋਲ ਹੈ। ਮਾਨਸਿਕ ਬਿਮਾਰੀਆਂ ਤੋਂ ਤੁਸੀਂ ਤਾਂ ਹੀ ਦੂਰ ਰਹਿ ਸਕਦੇ ਹੋ ਜੇਕਰ ਤੁਹਾਡੀ ਮਾਨਸਿਕ ਸਿਹਤ ਚੰਗੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਗੀ ਮੈਂਟਲ ਹੈਲਥ ਲਈ ਕਸਰਤ, ਡਾਈਟ, ਨੀਂਦ ਅਤੇ ਮੈਡੀਟੇਸ਼ਨ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ: ਡਾ. ਕੋਮਲਪ੍ਰੀਤ (ਸੰਕੇਤਕ ਤਸਵੀਰ)

ਸਵਾਲ: ਚੰਗੀ ਮਾਨਸਿਕ ਸਿਹਤ ਲਈ ਕੁਝ ਟਿਪਸ ਦਿਓ।

ਜਵਾਬ: ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਆਪਣੇ ਲਈ ਕੱਢੋ। ਕਸਰਤ ਕਰੋ, ਸੈਰ ਕਰੋ, ਚੰਗਾ ਖਾਣਾ ਖਾਓ, ਜੰਕ ਫੂਡ ਤੋਂ ਦੂਰ ਰਹੋ।

ਸਹੀ ਕਿਹਾ ਗਿਆ ਹੈ ਜਿਵੇਂ ਦਾ ਖਾਓਗੇ ਅੰਨ, ਉਸ ਤਰ੍ਹਾਂ ਦਾ ਬਣੇਗਾ ਮਨ। ਰੋਜ਼ਾਨਾ ਪ੍ਰਮਾਤਮਾ ਦਾ ਸ਼ੁਕਰ ਕਰਨਾ, ਮੈਡੀਟੇਸ਼ਨ ਕਰਨਾ, ਡੀਪ ਬ੍ਰੀਥ ਕਰਨਾ। ਇਹ ਸਾਰੀਆਂ ਚੀਜ਼ਾਂ ਐਂਟੀ-ਵਾਇਰਸ ਵਾਂਗ ਕੰਮ ਕਰਦੀਆਂ ਹਨ, ਤੁਹਾਨੂੰ ਹਰ ਰੋਜ਼ ਐਕਟਿਵ ਅਤੇ ਪੌਜ਼ੀਟਿਵ ਰੱਖਣ ਵਿੱਚ ਮਦਦ ਕਰਦੀਆਂ ਹਨ।

ਇਨ੍ਹਾਂ ਐਕਟੀਵਿਟੀਜ਼ ਦੇ ਨਾਲ ਸਾਡੇ ਹੈਪੀ ਹਾਰਮੋਨਜ਼ ਰਿਲੀਜ਼ ਹੁੰਦੇ ਹਨ।

ਸਵਾਲ: ਡਿਪ੍ਰੈਸ਼ਨ, ਤਣਾਅ ਅਤੇ ਐਂਗਜ਼ਾਇਟੀ- ਇਨ੍ਹਾਂ ਤਿੰਨਾਂ ਵਿੱਚ ਫਰਕ ਕੀ ਹੈ ?

ਜਵਾਬ: ਤਣਾਅ ਹਾਲਾਤ ਦੇ ਹਿਸਾਬ ਨਾਲ ਹੁੰਦਾ ਹੈ। ਹਾਲਾਤ ਜਦੋਂ ਠੀਕ ਹੋ ਜਾਂਦੇ ਹਨ ਤਾਂ ਤਣਾਅ ਵੀ ਚਲਾ ਜਾਂਦਾ ਹੈ। ਡਿਪ੍ਰੈਸ਼ਨ ਮਤਲਬ ਜਦੋਂ ਤੁਸੀਂ ਅਤੀਤ ਦੀ ਕਿਸੇ ਦਰਦ ਭਰੀ ਯਾਦ ਨੂੰ ਵਾਰ-ਵਾਰ ਜੀਅ ਰਹੇ ਹੋ ਅਤੇ ਐਂਗਜ਼ਾਇਟੀ ਮਤਲਬ ਜਦੋਂ ਤੁਹਾਨੂੰ ਭਵਿੱਖ ਬਾਰੇ ਕੋਈ ਚਿੰਤਾ ਹੁੰਦੀ ਹੈ।

ਬਿਨ੍ਹਾਂ ਕਿਸੇ ਕਾਰਨ ਜਾਂ ਫਿਰ ਕਾਰਨ ਕਰਕੇ ਵੀ ਚਿੰਤਾ ਹੋ ਰਹੀ ਹੈ ਅਤੇ ਉਹ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ।

ਸਵਾਲ: ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਕਿੰਨਾ ਪ੍ਰਭਾਵ ਪੈਂਦਾ ਹੈ ?

ਜਵਾਬ: ਜਦੋਂ ਤੁਸੀਂ ਇੰਸਟਾਗ੍ਰਾਮ 'ਤੇ ਲਗਾਤਾਰ ਰੀਲਸ ਵੇਖਦੇ ਹੋ ਤਾਂ ਇੱਕ ਰੀਲ ਵਿੱਚ ਕੋਈ ਹੋਰ ਇਮੋਸ਼ਨ ਹੈ, ਦੂਜੀ ਰੀਲ ਵਿੱਚ ਕੋਈ ਹੋਰ ਇਮੋਸ਼ਨ ਹੈ, ਤੀਜੀ ਵਿੱਚ ਕੋਈ ਹੋਰ ਇਮੋਸ਼ਨ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਗਾਤਾਰ ਰੀਲਜ਼ ਦੇਖਣ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਹੀ ਢੰਗ ਨਾਲ ਪ੍ਰੋਸੈੱਸ ਨਹੀਂ ਕਰ ਪਾਉਂਦੇ: ਡਾ. ਕੋਮਲਪ੍ਰੀਤ (ਸੰਕੇਤਕ ਤਸਵੀਰ)

ਤੁਹਾਡੇ ਇਮੋਸ਼ਨਜ਼ ਫਟਾਫਟ ਬਦਲ ਰਹੇ ਹਨ ਅਤੇ ਸਹੀ ਢੰਗ ਨਾਲ ਪ੍ਰੋਸੈੱਸ ਨਹੀਂ ਹੋ ਰਹੇ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਇਮੋਸ਼ਨਜ਼ ਨੂੰ ਪ੍ਰੋਸੈੱਸ ਕਿਵੇਂ ਕਰਨਾ ਹੈ।

ਨਾਲੇ ਇੰਨੀਆਂ ਸਾਰੀਆਂ ਚੀਜ਼ਾਂ ਜੋ ਅਸੀਂ ਸਕ੍ਰੀਨ ਉੱਤੇ ਖੋਲ੍ਹ ਰਹੇ ਹਾਂ, ਉਹ ਸਾਰੇ ਟੈਬ ਸਾਡੇ ਦਿਮਾਗ ਵਿੱਚ ਵੀ ਖੁੱਲ੍ਹ ਰਹੇ ਹਨ। ਇਸ ਕਰਕੇ ਬ੍ਰੇਨ ਫੌਗ ਹੋ ਰਹੀ ਹੈ , ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਕਿ ਤੁਸੀਂ ਫੈਸਲਾ ਕੀ ਲੈਣਾ ਹੈ।

ਸਵਾਲ: ਬੱਚਿਆਂ ਵਿੱਚ ਡਿਪ੍ਰੈਸ਼ਨ ਜਾਂ ਫਿਰ ਤਣਾਅ ਵਧਣ ਦਾ ਕਾਰਨ ਕੀ ਹੈ, ਮਾਪਿਆਂ ਨੂੰ ਇੱਥੇ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ ?

ਜਵਾਬ: ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਇਸ ਤੋਂ ਇਲਾਵਾ ਬੱਚੇ ਇੱਕ-ਦੂਜੇ ਨਾਲ ਆਪਣੀ ਤੁਲਨਾ ਬਹੁਤ ਕਰਦੇ ਹਨ। ਮਾਪਿਆਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਸੁਸਾਇਟੀ ਦਾ ਵੀ ਪ੍ਰੈਸ਼ਰ ਹੈ, ਬੱਚਿਆਂ ਦੀਆਂ ਖ਼ੁਦ ਤੋਂ ਵੀ ਉਮੀਦਾਂ ਬਹੁਤ ਜ਼ਿਆਦਾ ਹਨ।

ਜਦੋਂ ਉਹ ਕਰ ਨਹੀਂ ਪਾਉਂਦੇ ਤਾਂ ਫਿਰ ਨੈਗੇਟੀਵਿਟੀ ਵੱਲ ਚਲੇ ਜਾਂਦੇ ਹਨ, ਆਪਣੇ ਆਪ ਨਾਲ ਉਹ ਨੈਗੇਟਿਵ ਗੱਲਾਂ ਕਰਨ ਲੱਗਦੇ ਹਨ। ਜਿਸ ਕਾਰਨ ਉਹ ਹੌਲੀ-ਹੌਲੀ ਡਿਪ੍ਰੈਸ਼ਨ ਵੱਲ ਜਾ ਰਹੇ ਹਨ।

ਮਾਪਿਆਂ ਦਾ ਵੀ ਇਸ ਵਿੱਚ ਬਹੁਤ ਵੱਡਾ ਰੋਲ ਹੈ। ਨੌਕਰੀ ਪੇਸ਼ਾ ਮਾਪੇ ਆਪਣੇ ਬੱਚਿਆਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਂਦੇ। ਇਸ ਲਈ ਉਹ ਬੱਚਿਆਂ ਦੀ ਹਰ ਮੰਗ ਪੂਰੀ ਕਰ ਰਹੇ ਹਨ। ਇਸ ਲਈ ਬੱਚਿਆਂ ਨੂੰ 'ਵਿਟਾਮਿਨ-ਨੋ' ਮਿਲਿਆ ਹੀ ਨਹੀਂ।

ਹੁਣ ਜਦੋਂ ਵੀ ਤੁਸੀਂ ਉਸ ਨੂੰ 'ਨੋ' ਦਿਓਗੇ, ਆਲੇ-ਦੁਆਲੇ ਤੋਂ ਉਸ ਨੂੰ 'ਨੋ' ਮਿਲੇਗਾ ਤਾਂ ਵੀ ਉਹ ਡਿਪ੍ਰੈਸ਼ਨ ਵਿੱਚ ਜਾਵੇਗਾ। 10 ਵਿੱਚੋਂ ਜੋ 4 ਗੱਲਾਂ ਮੰਨਣ ਵਾਲੀਆਂ ਹਨ, ਉਹ ਮੰਨੋ ਪਰ ਬੱਚਿਆਂ ਨੂੰ ਲੋਜਿਕ ਦੇ ਕੇ ਨਾਂਹ ਕਰੋ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ-ਕੱਲ੍ਹ ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਲਈ ਜ਼ਰੂਰੀ ਸਮਾਂ ਕੱਢਣ: ਡਾ. ਕੋਮਲਪ੍ਰੀਤ (ਸੰਕੇਤਕ ਤਸਵੀਰ)

ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਇੱਕ ਕੱਚੀ ਮਿੱਟੀ ਵਰਗੇ ਹੁੰਦੇ ਹਨ। ਜਿਵੇਂ ਘੁਮਿਆਰ ਕੱਚੀ ਮਿੱਟੀ ਨੂੰ ਆਕਾਰ ਦਿੰਦਾ ਹੈ, ਉਸੇ ਤਰ੍ਹਾਂ ਮਾਪੇ ਵੀ ਬੱਚਿਆਂ ਨੂੰ ਆਕਾਰ ਦਿੰਦੇ ਹਨ। ਬੱਚੇ ਜੋ ਕੁਝ ਵੀ ਚੰਗਾ ਕਰ ਰਹੇ ਹਨ, ਮਾਪੇ ਉਨ੍ਹਾਂ ਦੀ ਕੋਸ਼ਿਸ਼ ਦੀ ਤਾਰੀਫ਼ ਕਰਨ, ਇਸ ਨਾਲ ਬੱਚਿਆਂ ਨੂੰ ਲੱਗੇਗਾ ਕਿ ਮੈਂ ਕੋਸ਼ਿਸ਼ ਕੀਤੀ, ਇਸ ਲਈ ਮੈਨੂੰ ਇਹ ਨਤੀਜਾ ਮਿਲਿਆ।

ਪਰ ਅਸੀਂ ਜਦੋਂ ਸਿੱਧਾ ਬੱਚਿਆਂ ਦੀ ਤਾਰੀਫ਼ ਕਰਾਂਗੇ ਤਾਂ ਉਨ੍ਹਾਂ ਵਿੱਚ ਘਮੰਡ ਆ ਜਾਵੇਗਾ। ਬੱਚਿਆਂ ਨੂੰ ਲੇਬਲ ਨਾ ਦਿਓ ਯਾਨਿ ਕਿ ਉਨ੍ਹਾਂ ਨੂੰ ਨਿਰਾਸ਼ ਕਰਨ ਵਾਲੀਆਂ ਗੱਲਾਂ ਨਾ ਕਰੋ। ਜਿਵੇਂ ਤੂੰ ਤਾਂ ਸੁਸਤ ਹੈ, ਤੂੰ ਤਾਂ ਫੇਲ੍ਹ ਹੋ ਜਾਏਂਗਾ। ਅਜਿਹਾ ਕਰਕੇ ਅਸੀਂ ਉਨ੍ਹਾਂ ਦਾ ਹੀ ਨੁਕਸਾਨ ਕਰ ਰਹੇ ਹਾਂ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਸਮਝਣਾ ਸ਼ੁਰੂ ਕਰ ਦੇਣਗੇ।

ਅਸੀਂ ਬੱਚੇ ਨੂੰ ਕਦੇ ਇਹ ਨਾ ਕਹੀਏ ਕਿ ਤੂੰ ਬੁਰਾ ਹੈ, ਇਸ ਤਰ੍ਹਾਂ ਕਹੋ ਕਿ ਜੋ ਤੂੰ ਕਰ ਰਿਹਾ ਹੈ, ਉਹ ਬੁਰਾ ਹੈ। ਜੋ ਤੂੰ ਐਕਸ਼ਨ ਕਰ ਰਿਹਾ, ਉਹ ਬੁਰਾ ਹੈ ਇਸ ਤੋਂ ਇਲਾਵਾ ਬੱਚਿਆਂ ਨਾਲ ਕੁਆਲਿਟੀ ਟਾਈਮ ਬਤੀਤ ਕਰੋ।

ਮਤਲਬ ਬਿਨ੍ਹਾਂ ਰੋਕੇ ਅਤੇ ਬਿਨ੍ਹਾਂ ਟੋਕੇ, ਉਨ੍ਹਾਂ ਨਾਲ ਸਮਾਂ ਬਤੀਤ ਕਰੋ। ਉਨ੍ਹਾਂ ਨੂੰ ਬਿਨ੍ਹਾਂ ਲੋੜ ਦੀ ਸਲਾਹ ਨਾ ਦਿਓ, ਉਨ੍ਹਾਂ ਨਾਲ ਗੇਮਜ਼ ਖੇਡੋ। ਅੱਜ-ਕੱਲ੍ਹ ਬੱਚਿਆਂ ਅਤੇ ਮਾਪਿਆਂ ਵਿੱਚ ਆਪਸੀ ਕਨੈਕਸ਼ਨ ਘੱਟਦਾ ਜਾ ਰਿਹਾ ਹੈ। ਇਸ ਬੌਂਡਿੰਗ ਨੂੰ ਰੀ-ਕ੍ਰਿਏਟ ਕਰਨਾ ਬਹੁਤ ਜ਼ਰੂਰੀ ਹੈ।

ਬੱਚਿਆਂ ਨੂੰ ਸੁਣੋ। ਅੱਜ-ਕੱਲ੍ਹ ਬੱਚਿਆਂ ਨੂੰ ਇੰਝ ਲੱਗਦਾ ਹੈ ਕਿ ਮਾਪੇ ਉਨ੍ਹਾਂ ਨੂੰ ਸਮਝਦੇ ਨਹੀਂ ਹਨ। ਮੇਰੇ ਕੋਲ ਅਜਿਹੇ ਕਈ ਕੇਸ ਆਉਂਦੇ ਹਨ, ਜਦੋਂ ਬੱਚਾ ਮਾਪਿਆਂ ਕੋਲ ਜਾਂਦਾ ਹੈ ਅਤੇ ਦੱਸਦਾ ਹੈ ਕਿ ਉਸ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਮਾਪੇ ਬੱਚਿਆਂ ਨੂੰ ਹੀ ਡਾਂਟਣਾ ਸ਼ੁਰੂ ਕਰ ਦਿੰਦੇ ਹਨ ਤਾਂ ਫਿਰ ਅਜਿਹੇ ਵਿੱਚ ਬੱਚਾ ਕੀ ਕਰੇਗਾ। ਉਹ ਅਗਲੀ ਵਾਰ ਦੱਸਣਾ ਹੀ ਬੰਦ ਕਰ ਦੇਵੇਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨਾਲ ਬੈਠ ਕੇ ਉਨ੍ਹਾਂ ਦੀ ਗੱਲ ਸੁਣੋ।

ਸਵਾਲ: ਵਰਕ ਪਲੇਸ 'ਤੇ ਆਪਣੀ ਮੈਂਟਲ ਹੈਲਥ ਨੂੰ ਮਜਬੂਤ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?

ਜਵਾਬ: ਵਰਕ ਪਲੇਸ ਦਾ ਸਾਡੀ ਮੈਂਟਲ ਹੈਲਥ 'ਤੇ ਬਹੁਤ ਅਸਰ ਹੁੰਦਾ ਹੈ। ਵਰਕ ਲਾਈਫ ਬੈਲੇਂਸ ਯਾਨੀ ਸਭ ਤੋਂ ਪਹਿਲਾਂ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਵਿਚਾਲੇ ਬੈਲੇਂਸ ਬਣਾਉਣਾ ਸਿੱਖਣਾ ਬਹੁਤ ਜ਼ਰੂਰੀ ਹੈ।

ਜਦੋਂ ਕੋਈ ਸ਼ਖਸ ਘਰ ਜਾ ਰਿਹਾ ਤਾਂ ਆਫਿਸ ਦੀ ਗੱਲ ਆਫਿਸ ਰਹੇ ਅਤੇ ਜਦੋਂ ਆਫਿਸ ਜਾ ਰਿਹਾ ਹੈ ਤਾਂ ਘਰ ਦੀ ਗੱਲ ਘਰ ਰਹੇ। ਇਹ ਬੈਲੇਂਸ ਹੋਣਾ ਬਹੁਤ ਜ਼ਰੂਰੀ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਕੋਮਲਪ੍ਰੀਤ ਕਹਿੰਦੇ ਹਨ ਕਿ ਵਰਕ ਲਾਈਫ ਬੈਲੇਂਸ ਕਰਨਾ ਮੈਂਟਲ ਹੈਲਥ ਲਈ ਬਹੁਤ ਜ਼ਰੂਰੀ ਹੈ (ਸੰਕੇਤਕ ਤਸਵੀਰ)

ਅਜਿਹਾ ਨਾ ਹੋਵੇ ਕਿ ਜਦੋਂ ਤੁਸੀਂ ਘਰ ਜਾ ਰਹੇ ਹੋ ਤਾਂ ਆਫਿਸ ਦੀਆਂ ਸਾਰੀਆਂ ਪਰੇਸ਼ਾਨੀਆਂ ਆਪਣੇ ਨਾਲ ਲੈ ਕੇ ਜਾਓ। ਅਤੇ ਜੇ ਆਫਿਸ ਆ ਰਹੇ ਹੋ ਤਾਂ ਘਰ ਦੀਆਂ ਪਰੇਸ਼ਾਨੀਆਂ ਨਾਲ ਲੈ ਕੇ ਜਾ ਰਹੇ ਹੋ। ਇਸ ਲਈ ਇੱਕ ਬਾਊਂਡ੍ਰੀ ਬਣਾਉਣੀ ਸਾਨੂੰ ਸਿੱਖਣੀ ਪਵੇਗੀ।

ਤੁਸੀਂ ਬ੍ਰੀਦਿੰਗ ਐਕਸਰਸਾਈਜ਼ (ਸਾਹ ਨਾਲ ਜੁੜੀ ਕਸਰਤ) ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ। ਜਿਵੇਂ ਬੌਕਸ ਬ੍ਰੀਦਿੰਗ, ਬਟਰਫਲਾਈ ਬ੍ਰੀਦਿੰਗ, ਡੀਪ ਬ੍ਰੀਦਿੰਗ, ਫੋਰ ਸੈਵਨ ਏਟ ਬ੍ਰੀਦਿੰਗ । ਜਦੋਂ ਵੀ ਇੱਕ ਘੰਟਾ ਜਾਂ ਦੋ ਘੰਟੇ ਦਾ ਸਮਾਂ ਮਿਲੇ ਇਹ ਬ੍ਰੀਦਿੰਗ ਐਕਸਰਸਾਈਜ਼ ਕਰੋ। ਇਸ ਨਾਲ ਤੁਹਾਡਾ ਪੈਰਾਸਿੰਪਥੈਟਿਕ ਨਰਵਸ ਸਿਸਟਮ ਐਕਟਿਵ ਰਹੇਗਾ ਜੋ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ।

ਜਦੋਂ ਅਸੀਂ ਸ਼ਾਂਤ ਰਹਿੰਦੇ ਹਾਂ ਤਾਂ ਫੈਸਲੇ ਵੀ ਸਹੀ ਢੰਗ ਨਾਲ ਲੈ ਪਾਉਂਦੇ ਹਾਂ, ਸਾਡੀ ਪਰਫਾਰਮੈਂਸ ਵੀ ਚੰਗੀ ਆਵੇਗੀ ਅਤੇ ਸਾਡੇ ਰਿਸ਼ਤੇ ਵੀ, ਫਿਰ ਭਾਵੇਂ ਉਹ ਵਰਕ ਪਲੇਸ ਦੇ ਹਨ ਜਾਂ ਘਰ ਦੇ, ਉਹ ਸਹੀ ਰਹਿਣਗੇ। ਅਤੇ ਜਦੋਂ ਸਭ ਸਹੀ ਰਹੇਗਾ ਤਾਂ ਆਪਣੇ ਆਪ ਹੀ ਸਭ ਠੀਕ ਹੋ ਜਾਵੇਗਾ।

ਸਵਾਲ: ਔਰਤਾਂ ਦੀ ਮੈਂਟਲ ਹੈਲਥ ਕਿਹੜੇ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀ ਹੈ ?

ਜਵਾਬ: ਘਰ, ਬੱਚੇ, ਕਰੀਅਰ, ਫਾਈਨੈਂਸ, ਸਭ ਕੁਝ ਬੈਲੇਂਸ ਕਿਵੇਂ ਕਰਨਾ ਹੈ। ਇੱਕ ਔਰਤ ਕੰਮ 'ਤੇ ਗਈ ਹੈ ਤਾਂ ਉਸ ਦੇ ਦਿਮਾਗ ਵਿੱਚ ਹਮੇਸ਼ਾ ਇਹ ਚੱਲ ਰਿਹਾ ਹੁੰਦਾ ਹੈ ਕਿ ਘਰ ਬੱਚੇ ਕੀ ਕਰ ਰਹੇ ਹੋਣਗੇ, ਪਤੀ ਕੀ ਕਰ ਰਿਹਾ ਹੋਵੇਗਾ, ਘਰ ਜਾ ਕੇ ਮੈਨੂੰ ਇਹ ਕੰਮ ਦੇਖਣਾ ਹੈ, ਘਰ ਵਿੱਚ ਮਹਿਮਾਨ ਆਉਣੇ ਹਨ। ਉਨ੍ਹਾਂ ਦੇ ਦਿਮਾਗ ਵਿੱਚ ਬਹੁਤ ਕੁਜ ਚੱਲ ਰਿਹਾ ਹੁੰਦਾ ਹੈ।

ਸਮੇਂ-ਸਮੇਂ 'ਤੇ ਠਹਿਰਾਅ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਵਰਕਿੰਗ ਵੂਮਨ ਹੈ ਤਾਂ ਉਸ ਦੇ ਦਿਮਾਗ ਵਿੱਚ ਜੋ ਓਵਰ ਥਿੰਕਿੰਗ ਚੱਲ ਰਹੀ ਹੈ, ਉਹ ਉਸ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ।

ਜੇ ਵਰਕਿੰਗ ਵੂਮਨ ਨਹੀਂ ਹੈ ਤਾਂ ਵੀ ਇਹ ਸਮੱਸਿਆ ਹੁੰਦੀ ਹੈ। ਅੱਜ-ਕੱਲ੍ਹ ਸਾਰੇ ਪੜ੍ਹੇ-ਲਿਖੇ ਹਨ ਪਰ ਵਿਆਹ ਤੋਂ ਬਾਅਦ ਪਰਿਵਾਰ ਸੰਭਾਲਣ ਲਈ ਨੌਕਰੀ ਨਹੀਂ ਕੀਤੀ। ਸਾਰਾ ਸਮਾਂ ਆਪਣੇ ਬੱਚਿਆਂ, ਪਤੀ ਅਤੇ ਪਰਿਵਾਰ ਨੂੰ ਦੇ ਦਿੱਤਾ।

ਹੁਣ ਜਦੋਂ ਬੱਚੇ ਵੱਡੇ ਹੋ ਗਏ ਅਤੇ ਆਪਣੀ ਜ਼ਿੰਦਗੀ ਵਿੱਚ ਮਸਰੂਫ਼ ਹੋ ਜਾਂਦੇ ਹਨ ਤਾਂ ਉਹ ਔਰਤ ਇਕੱਲਾ ਮਹਿਸੂਸ ਕਰਨ ਲੱਗਦੀ ਹੈ ਅਤੇ ਡਿਪ੍ਰੈਸ਼ਨ ਵਿੱਚ ਚਲੀ ਜਾਂਦੀ ਹੈ। ਉਨ੍ਹਾਂ ਵਿੱਚ ਇਹ ਨੈਗੇਟਿਵ ਵਿਚਾਰ ਆਉਣ ਲੱਗਦਾ ਹੈ ਕਿ ਮੈਂ ਯੂਜ਼ਲੈੱਸ (ਬੇਕਾਰ) ਹੋ ਗਈ ਹੈ ਉਸ ਤੋਂ ਬਾਅਦ ਔਰਤ ਦਾ ਡਿਪ੍ਰੈਸ਼ਨ ਕਾਫੀ ਵੱਧ ਜਾਂਦਾ ਹੈ।

ਮਨੋਵਿਗਿਆਨੀ ਡਾ. ਕੋਮਲਪ੍ਰੀਤ ਕੌਰ ਦੀ ਟਿੱਪਣੀ

ਸਵਾਲ: ਜੋ ਔਰਤਾਂ ਹਾਊਸ ਵਾਈਫ ਹਨ ਉਨ੍ਹਾਂ ਨੂੰ ਆਪਣੀ ਮੈਂਟਲ ਹੈਲਥ ਲਈ ਕੀ ਕਰਨਾ ਚਾਹੀਦਾ ਹੈ ?

ਜਵਾਬ: "ਸੈਲਫ ਲਵ"। ਆਪਣੇ ਲਈ ਸਮਾਂ ਕੱਢੋ। ਤੁਹਾਡੀਆਂ ਜੋ ਹੌਬੀਜ਼ (ਪਸੰਦੀਦਾ ਕੰਮ) ਹਨ, ਉਹ ਜ਼ਰੂਰ ਕਰੋ। ਉਹ ਤੁਹਾਡੇ ਹੈਪੀ ਹਾਰਮੋਨਜ਼ ਰਿਲੀਜ਼ ਕਰਦੇ ਹਨ।

ਕਸਰਤ, ਖਾਣ-ਪੀਣ, ਨੀਂਦ ਦਾ ਪੂਰਾ ਧਿਆਨ ਰੱਖੋ ਅਤੇ ਤਿਆਰ ਹੋ ਕੇ ਬੈਠੋ। ਅਕਸਰ ਔਰਤਾਂ ਸੋਚਦੀਆਂ ਹਨ ਕਿ ਕਿਤੇ ਜਾਣਾ ਨਹੀਂ ਤਾਂ ਤਿਆਰ ਹੋਣ ਦੀ ਕੀ ਲੋੜ ਹੈ। ਪਰ ਜਦੋਂ ਤੁਸੀਂ ਤਿਆਰ ਹੁੰਦੇ ਹੋ ਤਾਂ ਦਿਮਾਗ ਨੂੰ ਸਿਗਨਲ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਅਹਿਮੀਅਤ ਦੇ ਰਹੇ ਹੋ ਅਤੇ ਇਹ ਹੈਪੀ ਹਾਰਮੋਨ ਰਿਲੀਜ਼ ਕਰਦਾ ਹੈ। ਇਹ ਬਹੁਤ ਜ਼ਰੂਰੀ ਹੈ।

ਡਾਈਟ, ਮੈਡੀਟੇਸ਼ਨ, ਗਰੈਟੀਟਿਊਡ, ਬ੍ਰੀਦਿੰਗ ਐਕਸਰਸਾਈਜ਼ ਇਹ ਤਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਫਿਰ ਭਾਵੇਂ ਉਹ ਹਾਊਸ ਵਾਈਫ ਹੋਵੇ, ਵਰਕਿੰਗ ਵੂਮਨ ਹੋਵੇ ਜਾਂ ਕੋਈ ਵੀ ਹੋਵੇ। ਇਹ ਸਾਰੇ ਐਂਟੀਡੋਟ ਹਨ।

ਸਵਾਲ: ਟਰੈਵਲ ਕਰਨ ਨਾਲ ਮੈਂਟਲ ਹੈਲਥ 'ਤੇ ਅਸਰ ਹੁੰਦਾ ਹੈ ?

ਜਵਾਬ: ਬਿਲਕੁੱਲ, ਸੋਲੋ ਟਰੈਵਲ 'ਤੇ ਜਾਓ। ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਕਰੋ। ਜਦੋਂ ਤੁਸੀਂ ਉਹ ਕੰਮ ਕਰੋਗੇ ਜੋ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਤੁਸੀਂ ਖੁਸ਼ ਹੋਵੋਗੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਹੜਾ ਕੰਮ ਕਰਕੇ ਤੁਹਾਨੂੰ ਖੁਸ਼ੀ ਮਿਲੇ, ਉਹ ਕਰਨਾ ਚਾਹੀਦਾ ਹੈ: ਡਾ. ਕੋਮਲਪ੍ਰੀਤ (ਸੰਕੇਤਕ ਤਸਵੀਰ)

ਤੁਸੀਂ ਖੁਸ਼ ਹੋਵੋਗੇ ਤਾਂ ਤੁਸੀਂ ਆਪਣੇ ਆਸ-ਪਾਸ ਵੀ ਚੰਗਾ ਮਾਹੌਲ ਪੈਦਾ ਕਰੋਗੇ। ਜਿਵੇਂ ਮੈਂ ਪਹਿਲਾਂ ਕਿਹਾ ਸੀ ਜੋ ਤੁਸੀਂ ਅੰਦਰੋਂ ਖੁਸ਼ ਰਹੋਗੇ ਤਾਂ ਬਾਹਰ ਆਪਣੇ ਆਪ ਖੁਸ਼ੀਆਂ ਵਾਲਾ ਮਾਹੌਲ ਬਣੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)