You’re viewing a text-only version of this website that uses less data. View the main version of the website including all images and videos.
ਅੰਡਰ-19 ਵਿਸ਼ਵ ਕੱਪ 2022 ’ਚ ਭਾਰਤੀ ਟੀਮ ਦੇ ਉਹ ਪੰਜਾਬੀ ਸਿਤਾਰੇ ਜਿਨ੍ਹਾਂ ਦੀ ਪੀੜ੍ਹੀਆਂ ਖੇਡ ਜਗਤ ਨਾਲ ਜੁੜੀਆਂ
ਪਹਿਲਾਂ ਰਾਜ ਬਾਵਾ ਅਤੇ ਰਵੀ ਕੁਮਾਰ ਦੀ ਜ਼ਬਰਦਸਤ ਗੇਂਦਬਾਜ਼ੀ ਅਤੇ ਫਿਰ ਉਪ ਕਪਤਾਨ ਸ਼ੇਖ ਰਾਸ਼ਿਦ, ਆਲਰਾਊਂਡਰ ਰਾਜ ਬਾਵਾ ਅਤੇ ਨਿਸ਼ਾਂਤ ਸਿੰਧੂ ਦੀ ਦਮਦਾਰ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜਵੀਂ ਬਾਰ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ।
ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 189 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਭਾਰਤੀ ਉਪ ਕਪਤਾਨ ਰਾਸ਼ਿਦ ਅਤੇ ਨਿਸ਼ਾਂਤ ਸਿੰਧੂ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ।
ਭਾਰਤੀ ਟੀਮ 'ਚ 2 ਨਾਮ ਪੰਜਾਬ ਦੇ ਖਿਡਾਰੀਆਂ ਦੇ ਵੀ ਹਨ - ਹਰਨੂਰ ਸਿੰਘ ਪੰਨੂ ਅਤੇ ਰਾਜ ਅੰਗਦ ਬਾਵਾ।
ਆਓ ਜਾਣਦੇ ਹਾਂ ਇਨ੍ਹਾਂ ਦੋ ਖਿਡਾਰੀਆਂ ਬਾਰੇ:
ਇਹ ਵੀ ਪੜ੍ਹੋ:
ਹਰਨੂਰ ਸਿੰਘ ਪੰਨੂੰ
ਹਰਨੂਰ ਸਿੰਘ ਪੰਨੂੰ ਪਿਛਲੇ ਸਾਲ ਉਸ ਵੇਲੇ ਚਰਚਾ 'ਚ ਆਏ ਸਨ ਜਦੋਂ ਉਨ੍ਹਾਂ ਨੇ ਏਜ-ਗਰੁੱਪ ਚੈਲੰਜਰ ਟਰਾਫੀ ਵਿੱਚ ਤਿੰਨ ਸੈਂਕੜੇ ਲਗਾਏ ਸਨ।
ਈਐੱਸਪੀਐੱਨ ਕ੍ਰਿਕਇੰਫੋ ਮੁਤਾਬਿਕ, ਹਰਨੂਰ ਸਿੰਘ ਪੰਨੂੰ ਦਾ ਜਨਮ 30 ਜਨਵਰੀ 2003 'ਚ ਪੰਜਾਬ ਦੇ ਜਲੰਧਰ 'ਚ ਹੋਇਆ। ਹਰਨੂਰ ਦਾ ਕ੍ਰਿਕਟ ਨਾਲ ਖਾਸ ਸਬੰਧ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦਾਦਾ ਅਤੇ ਪਿਤਾ ਦੋਵੇਂ ਹੀ ਕ੍ਰਿਕਟ ਖੇਡਦੇ ਰਹੇ ਹਨ।
ਹਰਨੂਰ ਦੇ ਦਾਦਾ ਰਾਜਿੰਦਰ ਸਿੰਘ ਵੀ ਪੰਜਾਬ ਕ੍ਰਿਕਟ ਨਾਲ ਜੁੜੇ ਹੋਏ ਸਨ, ਜਦਕਿ ਉਨ੍ਹਾਂ ਦੇ ਪਿਤਾ ਬੀਰਇੰਦਰ ਸਿੰਘ ਨੇ ਅੰਡਰ-19 ਪੱਧਰ 'ਤੇ ਸੂਬੇ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਦੇ ਵੱਡੇ ਭਰਾ ਨੇ ਵੀ ਇੱਕ ਬੱਲੇਬਾਜ਼ ਦੇ ਤੌਰ 'ਤੇ ਅੰਡਰ-19 ਕ੍ਰਿਕਟ ਖੇਡੀ ਹੈ।
ਹਰਨੂਰ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਇੱਕ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਕੀਤੀ ਸੀ, ਪਰ ਫਿਰ ਆਪਣੇ ਦਾਦਾ ਦੇ ਮਾਰਗਦਰਸ਼ਨ ਨਾਲ ਉਹ ਬੱਲੇਬਾਜ਼ੀ ਵੱਲ ਆਏ।
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਹਰਨੂਰ, ਲੰਘੇ ਸਾਲ ਨਵੰਬਰ 'ਚ ਅੰਡਰ-19 ਟੀਮ 'ਚ ਜਗ੍ਹਾ ਬਣਾਉਣ ਤੋਂ ਬਾਅਦ ਵੀ ਆਪਣਾ ਇਹ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।
ਅੰਡਰ-19 ਵਿਸ਼ਵ ਕੱਪ ਮੁਕਾਬਲੇ 'ਚ ਹਰਨੂਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡਦਿਆਂ ਹੋਇਆਂ ਨਾਬਾਦ ਸੈਂਕੜਾ ਬਣਾਇਆ। ਇਸੇ ਤਰਾਂ ਉਨ੍ਹਾਂ ਨੇ ਆਇਰਲੈਂਡ ਖਿਲਾਫ ਬੇਹਤਰੀਨ 88 ਦੌੜਾਂ ਤੇ ਅਫਗਾਨਿਸਤਾਨ ਖਿਲਾਫ 65 ਦੌੜਾਂ ਬਣਾਈਆਂ।
ਰਾਜ ਅੰਗਦ ਬਾਵਾ
ਖੱਬੇ ਹੱਥ ਦੇ ਸਲਾਮੀ ਬੱਲੇਬਾਜ ਅਤੇ ਤੇਜ਼ ਗੇਂਦਬਾਜ਼ ਰਾਜ ਬਾਵਾ, ਅੰਡਰ-19 ਭਾਰਤੀ ਟੀਮ ਦੇ ਆਲਰਾਊਂਡਰ ਮੰਨੇ ਜਾ ਰਹੇ ਹਨ। ਉਨ੍ਹਾਂ ਦਾ ਜਨਮ ਹਿਮਾਚਲ ਦੇ ਨਾਹਨ ਵਿੱਚ ਹੋਇਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਚੰਡੀਗੜ੍ਹ ਆ ਗਿਆ।
ਅੰਡਰ-19 ਵਿਸ਼ਵ ਕੱਪ 'ਚ ਉਨ੍ਹਾਂ ਨੇ ਯੂਗਾਂਡਾ ਦੇ ਖਿਲਾਫ 162 ਰਨਾਂ ਦੀਆਂ ਦੀ ਨਾਬਾਦ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਇਰਲੈਂਡ ਖ਼ਿਲਾਫ਼ ਵੀ 42 ਦੌੜਾਂ ਦੀ ਪਾਰੀ ਖੇਡੀ ਸੀ।
ਉਹ ਇੱਕ ਸ਼ਾਨਦਾਰ ਬੱਲੇਬਾਜ਼ ਹਨ ਪਰ ਨਾਲ ਹੀ ਮੱਧਮ ਰਫ਼ਤਾਰ ਨਾਲ ਸਿੱਧੀ ਹੱਥ ਦੀ ਗੇਂਦਬਾਜ਼ੀ ਵੀ ਕਰਦੇ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ 47 ਦੌੜਾਂ ਦੇ ਕੇ ਚਾਰ ਵਿਕਟਾਂ ਵੀ ਲਈਆਂ ਸਨ।
ਰਾਜ ਅੰਗਦ ਬਾਵਾ ਜਾਣੇ-ਮਾਣੇ ਹਾਕੀ ਖਿਡਾਰੀ ਤੇ ਓਲੰਪੀਅਨ ਤਰਲੋਚਨ ਬਾਵਾ ਦੇ ਪੋਤੇ ਹਨ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਰਾਜ ਬਾਵਾ ਸਿਰਫ ਪੰਜ ਸਾਲਾਂ ਦੇ ਸਨ ਜਦੋਂ ਉਨ੍ਹਾਂ ਨੇ ਆਪਣੇ ਦਾਦਾ ਤਰਲੋਚਨ ਬਾਵਾ ਨੂੰ ਗੁਆ ਦਿੱਤਾ।
ਤਰਲੋਚਨ ਬਾਵਾ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਸਨ ਅਤੇ ਉਨ੍ਹਾਂ ਦੀ ਟੀਮ ਨੇ ਯੂਨਾਈਟਿਡ ਕਿੰਗਡਮ ਵਿੱਚ 1948 ਦੀਆਂ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਸੀ।
1948 ਓਲੰਪਿਕ ਵਿੱਚ ਤਰਲੋਚਨ ਨੇ ਦੋ ਗੋਲ ਕੀਤੇ ਸਨ ਅਤੇ ਭਾਰਤੀ ਟੀਮ ਨੇ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਉੱਤੇ 4-0 ਨਾਲ ਜਿੱਤ ਕਰਕੇ ਕਰਕੇ ਆਜ਼ਾਦ ਭਾਰਤ ਲਈ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਸੀ।
ਇਸ ਤੋਂ ਇਲਾਵਾ ਰਾਜ ਦੇ ਪਿਤਾ ਸੁਖਵਿੰਦਰ ਬਾਵਾ ਵੀ ਕ੍ਰਿਕਟ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਭਾਰਤੀ ਟੀਮ ਦੇ ਆਲਰਾਊਂਡਰ ਰਹੇ ਯੁਵਰਾਜ ਸਿੰਘ ਅਤੇ ਵੀਆਰਵੀ ਸਿੰਘ ਨੂੰ ਕ੍ਰਿਕਟ ਦੇ ਗੁਰ ਸਿਖਾਏ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: