ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ ਲੜੀ ਜਾਵੇਗੀ ਚੋਣ, 22 ਕਿਸਾਨ ਜੱਥੇਬੰਦੀਆਂ ਨੇ ਕੀਤਾ ਸੰਯੁਕਤ ਸਮਾਜ ਮੋਰਚੇ ਦਾ ਐਲਾਨ

ਕਿਸਾਨ

ਤਸਵੀਰ ਸਰੋਤ, Pankaj Nangia/Anadolu Agency via Getty Images

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਸਿੰਘੂ ਬਾਰਡਰ ਤੇ ਧਰਨੇ ਤੇ ਬੈਠੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ 22 ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੋਰਚਾ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੌਰਾਨ ਸਾਰੀਆਂ 117 ਸੀਟਾਂ ਲਈ ਤਿਆਰ-ਬਰ-ਤਿਆਰ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮੋਰਚੇ ਦਾ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੋਣਗੇ।

ਦੂਜੇ ਪਾਸੇ, ਸੰਯੁਕਤ ਕਿਸਾਨ ਮੋਰਚੇ ਦੀ ਨੌਂ ਮੈਂਬਰੀ ਕੋਰ ਕਮੇਟੀ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਮੋਰਚਾ ਚੋਣਾਂ ਨਹੀਂ ਲੜੇਗਾ ਅਤੇ ਨਾ ਹੀ ਕੋਈ ਇਸ ਦੇ ਨਾਮ ਦੀ ਵਰਤੋਂ ਕਰੇ।

ਇਸ ਹੁਣ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ 22 ਨੇ ਸੰਯੁਕਤ ਸਮਾਜ ਮੋਰਚਾ ਬਣਾਉਣ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਵਿੱਚ ਸਮੁੱਚੇ ਭਾਰਤ ਦੀਆਂ 400 ਤੋਂ ਵਧੇਰੇ ਜੱਥੇਬੰਦੀਆਂ ਸ਼ਾਮਲ ਸਨ।

ਸੰਯੁਕਤ ਕਿਸਾਨ ਮੋਰਚਾ ਦਾ ਗਠਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਸਾਂਝੇ ਮੋਰਚੇ ਵਜੋਂ ਕੀਤਾ ਗਿਆ ਸੀ।

ਕੋਰੋਨਾਵਾਇਰਸ

ਕਿਸਾਨਾਂ ਦੀ ਪ੍ਰੈੱਸ ਕਾਨਫ਼ਰੰਸ ਦੇ 5 ਨੁਕਤੇ

  • ਕਿਸਾਨ ਆਗੂਆਂ ਨੇ ਕਿਹਾ ਕਿ 22 ਕਿਸਾਨ ਜੱਥੇਬੰਦੀਆਂ ਵੱਲੋਂ ਸਿਆਸੀ ਮੰਚ ਬਣਾਉਣ ਦਾ ਫ਼ੈਸਲਾ ਲੋਕਾਂ ਦੀ ਮੰਗ ਤੋਂ ਬਾਅਦ ਕੀਤਾ ਗਿਆ।
  • ਸੰਯੁਕਤ ਸਮਾਜ ਮੋਰਚੇ ਦਾ ਚਿਹਰਾ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਣਗੇ।
  • ਸੰਯੁਕਤ ਸਮਾਜ ਮੋਰਚੇ ਵਿੱਚ ਸਮਾਜ ਦਾ ਹਰ ਵਰਗ ਹਿੱਸਾ ਪਾਵੇਗਾ।
  • ਮੋਰਚੇ ਦਾ ਉਦੇਸ਼ ਪੰਜਾਬ ਨੂੰ ਮੁੜ ਤੋਂ ਪਹਿਲੇ ਨੰਬਰ ਤੇ ਲੈਕੇ ਆਉਣਾ ਅਤੇ ਨੌਜਵਾਨਾਂ ਦੇ ਪ੍ਰਵਾਸ ਨੂੰ ਰੋਕਣਾ ਹੈ।
  • ਮੋਰਚੇ ਵਿੱਚ ਆਮ ਲੋਕ ਹੋਣਗੇ ਅਤੇ ਹਰ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਲਈ ਅੱਗੇ ਆਉਣ।
ਕੋਰੋਨਾਵਾਇਰਸ

ਸੰਯੁਕਤ ਸਮਾਜ ਮੋਰਚੇ ਦੇ ਐਲਾਨ ਮੌਕੇ ਕੀ ਕਿਹਾ ਗਿਆ

ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਬਾਕੀ ਜੱਥੇਬੰਦੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮੋਰਚਾ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੌਰਾਨ ਸਾਰੀਆਂ 117 ਸੀਟਾਂ ਲਈ ਤਿਆਰ-ਬਰ-ਤਿਆਰ ਹੈ।

ਕਿਸਾਨਾਂ ਵੱਲੋਂ ਐਲਾਨੀ ਗਏ ਸਿਆਸੀ ਦਲ ਦਾ ਨਾਮ ਸੰਯੁਕਤ ਸਮਾਜ ਮੋਰਚਾ ਰੱਖਿਆ ਗਿਆ ਹੈ ਜਿਸ ਵਿੱਚ ਸਮਾਜ ਦਾ ਹਰ ਵਰਗ ਹਿੱਸਾ ਪਾਵੇਗਾ।

ਵੀਡੀਓ ਕੈਪਸ਼ਨ, ਰਾਜੇਵਾਲ ਦੀ ਅਗਵਾਈ ’ਚ ਚੋਣਾਂ ਲੜਨ ਦਾ ਐਲਾਨ, ਪਰ ਵਜ੍ਹਾ ਕੀ

ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮੋਰਚੇ ਦਾ ਚਿਹਰਾ ਬਲਬੀਰ ਸਿੰਘ ਰਾਜੇਵਾਲ ਹੋਣਗੇ।

ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਇੱਕ ਸਾਂਝਾ ਅਤੇ ਆਮ ਲੋਕਾਂ ਦਾ ਮੋਰਚਾ ਹੈ।

ਉਨ੍ਹਾਂ ਨੇ ਦੱਸਿਆ, “ਇਹ ਸਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਤੌਰ ਤੇ ਬਣਿਆ ਸੀ ਅਤੇ ਅਸੀਂ ਗੈਰ-ਸਿਆਸੀ ਤੌਰ ਤੇ ਹੀ ਜਿੱਤ ਕੇ ਆਏ ਸੀ।”

“ਮੋਰਚਾ ਬਿਲਕੁਲ ਗੈਰ ਸਿਆਸੀ ਸੀ ਅਤੇ ਅਸੀਂ ਮੋਰਚੇ ਦੀ ਸਟੇਜ ਉੱਪਰੋਂ ਕਿਸੇ ਸਿਆਸੀ ਬੰਦੇ ਨੂੰ ਬੋਲਣ ਨਹੀਂ ਦਿੱਤਾਆ।”

‘ਇਸ ਦੌਰਾਨ ਜਿਹੜੇ ਵੀ ਲੋਕ ਸਾਡੇ ਨਾਲ ਜੁੜੇ ਉਹ ਗੈਰ-ਸਿਆਸੀ ਤੌਰ ’ਤੇ ਜੁੜੇ ਸਨ।”

ਬਲਬੀਰ ਸਿੰਘ ਰਾਜੇਵਾਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕਿਸਾਨ ਆਗੂਆਂ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਮੋਰਚੇ ਦੀ ਅਗਵਾਈ ਦੀ ਜ਼ਿੰਮੇਵਾਰੀ ਸਾਂਭਣ ਲਈ ਮਨਾਇਆ ਗਿਆ ਹੈ।

“ਹਾਲਾਂਕਿ ਜਦੋਂ ਅਸੀਂ ਜਿੱਤ ਕੇ ਪਿੰਡਾਂ ਵਿੱਚ ਗਏ ਤਾਂ ਜਿਹੜੇ ਲੋਕ ਸਾਡੇ ਨਾਲ ਜੁੜੇ ਸਨ ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸਾਰੀਆਂ ਸਿਆਸਤਾਂ ਛੱਡ ਕੇ ਤੁਹਾਡੇ ਮਗਰ ਲੱਗ ਗਏ, ਅਸੀਂ ਪਿੰਡਾਂ ਵਿੱਚ ਕਿਸੇ ਸਿਆਸੀ ਪਾਰਟੀ ਦਾ ਸਮਾਗਮ ਨਹੀਂ ਹੋਣ ਦਿੱਤਾ। ਹੁਣ ਸਾਡੀ ਬਾਂਹ ਫੜੋ ਅਤੇ ਕੋਈ ਮੋਰਚਾ ਬਣਾਓ।”

ਬਲਬੀਰ ਸਿੰਘ ਰਾਜੇਵਾਲ ਨੇ ਕੀ ਕਿਹਾ

ਸੰਯੁਕਤ ਸਮਾਜ ਮੋਰਚੇ ਦੇ ਐਲਾਨ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ,“ਪੰਜਾਬ ਦੀ ਕਾਇਆ ਕਲਪ ਕਰਨ, ਅਤੇ ਗੰਦੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਇਹ ਮੋਰਚਾ ਆਮ ਲੋਕਾਂ ਦੀ ਜਮਾਤ ਹੋਏਗੀ, ਕਿਸੇ ਧਨਾਢ ਦੀ ਨਹੀਂ। ਇਸ ਵਿੱਚ ਆਮ ਲੋਕਾਂ ਦੀ ਨੁਮਾਇੰਦਗੀ ਹੋਵੇਗੀ।”

ਉਨ੍ਹਾਂ ਨੇ ਕਿਹਾ ਕਿ ਮੋਰਚੇ ਦੇ ਕੰਮ ਦਾ ਜ਼ਿੰਮਾ ਹਰ ਪਿੰਡਾ ਨੂੰ ਖ਼ੁਦ ਸੰਭਾਲਣਾ ਪਵੇਗਾ ਕਿਉਂਕਿ ਇਹ ਆਮ ਲੋਕਾਂ ਦਾ ਹੀ ਮੋਰਚਾ ਹੈ ਅਤੇ ਇੱਥੇ ਆਮ ਲੋਕਾਂ ਦੀ ਦੀ ਹੀ ਸੁਣੀ ਜਾਵੇਗੀ।”

ਵੀਡੀਓ ਕੈਪਸ਼ਨ, ਬਲਬੀਰ ਸਿੰਘ ਰਾਜੇਵਾਲ ਦੇ ਸਿਆਸਤ ਵਿੱਚ ਆਉਣ ਦੇ ਸੰਕੇਤ 'ਕੁਦਰਤ ਕੁਝ ਕਰਨਾ ਚਾਹੁੰਦੀ ਹੈ'

ਸ਼ਨਿੱਚਰਵਾਰ ਦੀ ਬੈਠਕ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜਿਹੜੀਆਂ ਜੱਥੇਬੰਦੀਆਂ ਚੋਣਾਂ ਲੜਨੀਆਂ ਚਾਹੁੰਦੀਆਂ ਹਨ ਉਹ ਲੜਨ ਅਤੇ ਜੋ ਨਹੀਂ ਚਾਹੁੰਦੀਆਂ ਉਹ ਨਾ ਲੜਨ ਪਰ ਮੋਰਚਾ ਇਕੱਠਾ ਰਹੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਪਾਰਟੀ ਬਣਾਉਣ ਬਾਰੇ ਕੀ ਕਿਹਾ

ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਨੇ ਸ਼ਨਿੱਚਰਵਾਰ ਨੂੰ ਸਪਸ਼ਟ ਕਰ ਦਿੱਤਾ ਕਿ ਮੋਰਚਾ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨਹੀਂ ਲੜ ਰਿਹਾ ਹੈ।

ਇਹ ਜਾਣਕਾਰੀ ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਡਾ ਦਰਸ਼ਨਪਾਲ ਨੇ ਦਿੱਤੀ ।

ਸੰਯੁਕਤ ਕਿਸਾਨ ਮੋਰਚਾ 400 ਤੋਂ ਜ਼ਿਆਦਾ ਕਿਸਾਨ ਜੱਥੇਬੰਦੀਆਂ ਦੀ ਨੁਮਾਇੰਦਾ ਸਟੇਜ ਸੀ। ਇਸ ਦਾ ਗਠਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਸਾਂਝੇ ਮੋਰਚੇ ਵਜੋਂ ਕੀਤਾ ਗਿਆ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜੋ ਦੇਸ਼ ਭਰ ਦੀਆਂ 400 ਤੋਂ ਵੱਧ ਵੱਖ ਵੱਖ ਵਿਚਾਰਧਾਰਾ ਦੀਆਂ ਜਥੇਬੰਦੀਆਂ ਦਾ ਸਿਰਫ ਕਿਸਾਨੀ ਮੁੱਦਿਆਂ 'ਤੇ ਬਣਿਆ ਇੱਕ ਥੜਾ ਹੈ ਜਿਸ ਵਲੋਂ ਨਾ ਤਾਂ ਚੋਣਾ ਦਾ ਬਾਈਕਾਟ ਕਰਨ ਦਾ ਸੱਦਾ ਹੈ ਅਤੇ ਨਾ ਹੀ ਚੋਣਾਂ ਲੜਨ ਦੀ ਕੋਈ ਸਮਝ ਹੈ।

ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੌਲੀ-ਹੌਲੀ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਖਾਲੀ ਕਰ ਦਿੱਤੇ ਸਨ।

ਹਾਲਾਂਕਿ ਇਹ ਸਵਾਲ ਲਗਾਤਾਰ ਹੀ ਉਠਦਾ ਰਿਹਾ ਸੀ ਕਿ ਕੀ ਮੋਰਚੇ ਤੋਂ ਬਾਅਦ ਕਿਸਾਨ ਆਪਣੀ ਵੱਖਰੀ ਸਿਆਸੀ ਪਾਰਟੀ ਬਣਾਉਣਗੇ?

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਹਾਲਾਂਕਿ ਗੁਰਨਾਮ ਸਿੰਘ ਚਢੂਨੀ ਵੱਲੋਂ ਆਪਣੀ ਸਿਆਸੀ ਪਾਰਟੀ ਐਲਾਨੇ ਜਾਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ।

ਗੁਰਨਾਮ ਸਿੰਘ ਚਢੂਨੀ ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕੋਰ ਕਮੇਟੀ ਦੇ ਮੈਂਬਰ ਵੀ ਸਨ। ਉਹ ਕਿਸਾਨ ਅੰਦੋਲਨ ਦੌਰਾਨ ਕਈ ਵਾਰ ਕਹਿ ਚੁੱਕੇ ਸਨ ਕਿ ਜਦੋਂ ਤੱਕ ਕਿਸਾਨ ਸਿਆਸਤ ਵਿੱਚ ਧਿਰ ਬਣ ਕੇ ਨਹੀਂ ਆਉਂਦੇ ਉਦੋਂ ਤੱਕ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਰਹੇਗਾ। ਕਿਸਾਨਾਂ ਨੂੰ ਆਪਣੀਆਂ ਮੁਸ਼ਕਲਾਂ ਲਈ ਅੰਦੋਲਨ ਕਰਦੇ ਰਹਿਣਾ ਪਵੇਗਾ।

ਇਹ ਵੀ ਪੜ੍ਹੋ:

ਕਿਸਾਨ ਆਗੂਆਂ ਨੇ ਸਿਆਸੀ ਚਾਹਵਾਨਾਂ ਨੂੰ ਕੀ ਕਿਹਾ

ਪੰਜਾਬ ਦੀਆਂ 32 ਜਥੇਬੰਦੀਆਂ ਬਾਰੇ ਜਗਜੀਤ ਸਿੰਘ ਡੱਲੇਵਾਲ ਅਤੇ ਡਾ਼ ਦਰਸ਼ਨਪਾਲ ਨੇ ਕਿਹਾ ਕਿ ਇਸ ਧੜੇ ਵਿੱਚ ਚੋਣਾਂ ਵਿੱਚ ਸਾਂਝੇ ਤੌਰ 'ਤੇ ਜਾਣ ਵਿੱਚ ਸਹਿਮਤੀ ਨਹੀਂ ਬਣੀ ਹੈ।

ਉਨ੍ਹਾਂ ਕਿਹਾ ਕਿ ਇਹ ਤੈਅ ਹੋ ਚੁੱਕਾ ਹੈ ਕਿ ਚੋਣਾ ਅੰਦਰ ਜਾਣ ਵਾਲੇ ਵਿਅਕਤੀ ਜਾਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਜਾਂ 32 ਜਥੇਬੰਦੀਆਂ ਦਾ ਨਾਮ ਨਹੀ ਵਰਤਣਗੇ। ਅਜਿਹਾ ਕਰਨ 'ਤੇ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ ।

ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕੀ 32 ਜਥੇਬੰਦੀਆਂ ਦੇ ਫਰੰਟ ਅੰਦਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ(ਦਰਸ਼ਨਪਾਲ),ਬੀ ਕੇ ਯੂ ਕ੍ਰਾਂਤੀਕਾਰੀ (ਸੁਰਜੀਤ ਸਿੰਘ ਫੂਲ), ਬੀ ਕੇ ਯੂ ਸਿੱਧੂਪੁਰ (ਜਗਜੀਤ ਸਿੰਘ ਡੱਲੇਵਾਲ), ਅਜ਼ਾਦ ਕਿਸਾਨ ਕਮੇਟੀ ਦੋਆਬਾ (ਹਰਪਾਲ ਸਿੰਘ ਸੰਘਾ), ਜੈ ਕਿਸਾਨ ਅੰਦੋਲਨ (ਗੁਰਬਖਸ਼ ਸਿੰਘ ਬਰਨਾਲਾ), ਦਸੂਹਾ ਗੰਨਾ ਸੰਘਰਸ਼ ਕਮੇਟੀ (ਸੁਖਪਾਲ ਸਿੰਘ ਡੱਫਰ), ਕਿਸਾਨ ਸ਼ੰਘਰਸ਼ ਕਮੇਟੀ ਪੰਜਾਬ (ਇੰਦਰਜੀਤ ਸਿੰਘ ਕੋਟਬੁੱਢਾ), ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ (ਬਲਦੇਵ ਸਿੰਘ ਸਿਰਸਾ) ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ (ਹਰਦੇਵ ਸਿੰਘ ਸੰਧੂ) ਆਦਿ ਜਥੇਬੰਦੀਆਂ ਨੇ ਚੋਣਾਂ ਨਾ ਲੜਨ ਬਾਰੇ ਸਪੱਸ਼ਟ ਸਟੈਂਡ ਲਿਆ ਹੈ।

ਕਿਸਾਨ ਆਗੂ

ਤਸਵੀਰ ਸਰੋਤ, SKM/Facebook

ਤਸਵੀਰ ਕੈਪਸ਼ਨ, ਕਿਸਾਨ ਆਗੂਆਂ ਨੇ ਕਿਹਾ ਕਿ ਉਹ ਚੋਣਾਂ ਦਾ ਬਾਈਕਾਟ ਨਹੀਂ ਕਰ ਰਹੇ (ਫ਼ਾਈਲ ਫ਼ੋਟੋ)

ਕਿਸਾਨ ਆਗੂਆਂ ਨੇ ਕਿਹਾ ਕਿ ਉਹ ਨਾ ਤਾਂ ਚੋਣਾਂ ਦੇ ਬਾਈਕਾਟ ਦਾ ਸੱਦਾ ਦੇ ਰਹੇ ਹਨ ਅਤੇ ਨਾ ਹੀ ਚੋਣਾਂ ਲੜਨ ਦਾ ਕੋਈ ਐਲਾਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮੋਰਚਾ ਲੋਕ ਤਾਕਤ ਨਾਲ ਸਰਕਾਰ ਤੋਂ ਹੱਕ ਹਾਸਲ ਕਰਨ ਲਈ ਬਣਿਆ ਹੈ। ਮੋਰਚਾ ਜੋ ਕੇ ਫਿਲਹਾਲ ਮੁਲਤਵੀ ਚੱਲ ਰਿਹਾ ਹੈ ਦੀ ਅਗਲੀ ਰਣਨੀਤੀ ਬਾਰੇ ਫ਼ੈਸਲਾ 15 ਜਨਵਰੀ ਦੀ ਬੈਠਕ ਵਿੱਚ ਕੀਤਾ ਜਾਵੇਗਾ।

ਚਢੂਨੀ ਨੇ ਬਣਾਈ ਵੱਖਰੀ ਪਾਰਟੀ

ਪਿਛਲੇ ਹਫ਼ਤੇ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੱਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਸੀ।

ਉਨ੍ਹਾਂ ਦੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਹਾਲਾਂਕਿ ਅਜੇ ਇਹ ਫੈਸਲਾ ਨਹੀਂ ਹੋਇਆ ਹੈ ਕਿ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗੀ।

ਵੀਡੀਓ ਕੈਪਸ਼ਨ, ਗੁਰਨਾਮ ਸਿੰਘ ਚਢੂਨੀ ਨੇ ਬਣਾਈ ਸਿਆਸੀ ਪਾਰਟੀ, ਪੰਜਾਬ ਵਿੱਚ ਚੋਣਾਂ ਲੜਨ ਦਾ ਕੀਤਾ ਐਲਾਨ (ਵੀਡੀਓ 18 ਦਸੰਬਰ 2021 ਦਾ ਹੈ)

ਪਾਰਟੀ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ, "ਅੱਜ ਦੀ ਰਾਜਨੀਤੀ ਦੂਸ਼ਿਤ ਹੋ ਗਈ ਹੈ ਤੇ ਇਸ ਨੂੰ ਸ਼ੁੱਧ ਕਰਨ ਦੀ ਲੋੜ ਹੈ।"

ਗੁਰਨਾਮ ਸਿੰਘ ਚਢੂਨੀ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਸਿਆਸੀ ਤੌਰ 'ਤੇ ਸਰਗਰਮ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ।

ਇਸ ਤੋਂ ਪਹਿਲਾਂ ਕਿਸਾਨ ਆਗੂ ਕਹਿੰਦੇ ਰਹੇ ਸਨ ਕਿ ਉਨ੍ਹਾਂ ਦਾ ਮਕਸਦ ਸਿਰਫ਼ ਅੰਦੋਲਨ ਤੱਕ ਹੈ ਅਤੇ ਉਹ ਸਿਆਸਤ ਵਿੱਚ ਨਹੀਂ ਜਾਣਗੇ।

ਕਈ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੇ ਸਿਆਸਤ ਵਿੱਚ ਜਾਣ ਦੇ ਬਿਆਨਾਂ ਅਤੇ ਇਰਾਦਿਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸਦੇ ਸਨ ਅਤੇ ਆਪਣੇ-ਆਪ ਨੂੰ ਉਨ੍ਹਾਂ ਤੋਂ ਵੱਖ ਕਰਦੇ ਸਨ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਗੁਰਨਾਮ ਸਿੰਘ ਚਢੂਨੀ ਦੇ ਕੀ ਹਨ ਸਿਆਸਤ ’ਚ ਆਉਣ ਦੇ ਪਲੈਨ? (ਵੀਡੀਓ 11 ਅਗਸਤ 2021 ਦਾ ਹੈ)

ਕਿਸਾਨ ਮੋਰਚਾ ਦੀ ਸਟੇਜ ਤੋਂ ਸਿਆਸਤਦਾਨਾਂ ਨੂੰ ਦੂਰ ਰੱਖਿਆ

ਸੰਯੁਕਤ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਕਹਿੰਦੀਆਂ ਰਹੀਆਂ ਹਨ ਕਿ ਉਨ੍ਹਾਂ ਦਾ ਅੰਦੋਲਨ ਨਿਰਾ-ਪੁਰਾ ਕਿਸਾਨਾਂ 'ਤੇ ਮਜ਼ਦੂਰਾਂ ਦਾ ਅੰਦੋਲਨ ਹੈ।

ਉਹ ਸਾਰੀਆਂ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਦੇ ਸਨ।

ਸਿੰਘੂ ਬਰਾਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਵਿੱਚ ਕਈ ਸਿਆਸੀ ਆਗੂ ਪਹੁੰਚਦੇ ਸਨ ਪਰ ਉਨ੍ਹਾਂ ਨੂੰ ਸਟੇਜ ਤੋਂ ਬੋਲਣ ਦੀ ਆਗਿਆ ਨਹੀਂ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)