ਪੰਜਾਬ ਵਿਚ ਗੁੱਜਰ ਭਾਈਚਾਰੇ ਦੇ ਦੁੱਧ ਦੀ ਵਿਕਰੀ ਪੁਲਿਸ ਪਹਿਰੇ ਹੇਠ ਕਿਉਂ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 8 ਮਿੰਟ

ਹੁਸ਼ਿਆਰਪੁਰ ਪੁਲਿਸ ਵੱਲੋਂ 15 ਅਪ੍ਰੈਲ ਨੂੰ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਵੀਡੀਓ ਜਾਰੀ ਕੀਤੀ ਗਈ ਸੀ। ਉਸ ਵੀਡੀਓ ਵਿੱਚ ਹਾਜੀ ਕਾਸਿਮ ਦੀਨ ਬਲਾਕ ਹਾਜੀਪੁਰ ਨਾਂਅ ਦਾ ਇੱਕ ਵਿਅਕਤੀ ਹੈ। ਉਹ ਖ਼ੁਦ ਗੁੱਜਰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਨ੍ਹਾਂ ਦੇ ਦੁੱਧ ਦੀ ਵਿਕਰੀ ਦਾ ਪ੍ਰਬੰਧ ਪੁਲਿਸ ਵੱਲੋਂ ਕੀਤਾ ਗਿਆ ਹੈ।

ਉਹ ਅੱਗੇ ਕਹਿੰਦਾ ਹੈ ਕਿ ਪ੍ਰਸ਼ਾਸਨ ਨੇ ਭੇਦਭਾਵ ਖ਼ਤਮ ਕਰ ਦਿੱਤਾ ਅਤੇ ਸਾਨੂੰ ਹੁਣ ਕੋਈ ਦਿੱਕਤ ਨਹੀਂ ਹੈ।

ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਪੁਲਿਸ ਦੇ ਪਹਿਰੇ ਵਿੱਚ ਗੁੱਜਰ ਭਾਈਚਾਰੇ ਦੇ ਦੁੱਧ ਦੀ ਵਿਕਰੀ ਹੁੰਦੀ ਦਿਖਾਈ ਦੇ ਰਹੀ ਹੈ।

ਇਸ ਤੋਂ ਇਲਾਵਾ ਬੁੱਧਵਾਰ ਸ਼ਾਮੀਂ ਪੰਜਾਬ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹੁਸ਼ਿਆਰਪੁਰ ਇਲਾਕੇ ਵਿੱਚ ਗੁੱਜਰ ਭਾਈਚਾਰੇ ਨੂੰ ਦੁੱਧ ਵੇਚਣ ਅਤੇ ਖਾਣ-ਪੀਣ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਬੀਬੀਸੀ ਪੰਜਾਬੀ ਨੇ ਕੋਰੋਨਾਵਾਇਰਸ ਦੇ ਸੰਕਟ ਕਰਕੇ ਪੰਜਾਬ ਵਿੱਚ ਗੁੱਜਰ ਭਾਈਚਾਰੇ ਨੂੰ ਹੋ ਰਹੀ ਦਿੱਕਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।

ਹੁਸ਼ਿਆਰਪੁਰ ਦੇ ਮੀਰ ਹਮਜ਼ਾ ਨਾਮਕ ਗੁੱਜਰ ਹਨ। ਉਨ੍ਹਾਂ ਨੇ ਦੱਸਿਆ, “ਜਦੋਂ ਪੰਜਾਬ ਵਿੱਚ ਕਰਫ਼ਿਊ ਲੱਗਿਆ ਤਾਂ ਉਦੋਂ ਤੱਕ ਸਭ ਕੁਝ ਠੀਕ ਸੀ, ਪਰ ਅਚਾਨਕ ਮਰਕਜ਼ ਦੇ ਜਮਾਤੀਆਂ ਦਾ ਰੌਲਾ ਪੈਣ ਤੋਂ ਬਾਅਦ ਸਾਡੀਆਂ ਦਿੱਕਤਾਂ ਸ਼ੁਰੂ ਹੋ ਗਈਆਂ।“

“ਮੁਸਲਿਮ ਭਾਈਚਾਰੇ ਨਾਲ ਸਬੰਧਿਤ ਹੋਣ ਕਾਰਨ ਲੋਕ ਸਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ। ਕੁਝ ਥਾਵਾਂ ’ਤੇ ਸਾਡੇ ਭਾਈਚਾਰੇ ਦੇ ਕੁਝ ਲੋਕਾਂ ਦੀ ਕੁੱਟਮਾਰ ਦੀਆਂ ਰਿਪੋਰਟਾਂ ਮੀਡੀਆ ਰਾਹੀਂ ਮਿਲੀਆਂ।”

ਮੀਰ ਹਮਜ਼ਾ ਨੇ ਦੱਸਿਆ ਕਿ ਸਾਡੇ ਦੁੱਧ ਦੀ ਵਿਕਰੀ ਤਾਂ ਬੰਦ ਹੋਈ ਹੀ ਨਾਲ ਹੀ ਪਸ਼ੂਆਂ ਦੇ ਹਰੇ ਚਾਰੇ ਦੀ ਸਮੱਸਿਆ ਖੜੀ ਹੋ ਗਈ।

ਮੀਰ ਹਮਜ਼ਾ ਮੁਤਾਬਕ ਹੁਣ ਪੁਲਿਸ ਦੀ ਮਦਦ ਨਾਲ ਸਾਡੇ ਦੁੱਧ ਦੀ ਵਿਕਰੀ ਫਿਰ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਸਾਡੇ ਖਾਣ ਪੀਣ ਦਾ ਵੀ ਪ੍ਰਬੰਧ ਕਰ ਰਿਹਾ ਹੈ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਗੁੱਜਰ ਭਾਈਚਾਰੇ ਨਾਲ ਸਬੰਧਿਤ ਜ਼ੁਲਫਾਂ ਨਾਮਕ ਮਹਿਲਾ ਨੇ ਕੁਝ ਹਫ਼ਤੇ ਪਹਿਲਾਂ ਦੀ ਸਥਿਤੀ ਨੂੰ ਯਾਦ ਕਰਦਿਆਂ ਦੱਸਿਆ, “ਕੀ ਦੱਸੀਏ ਵੀਰਾ ਜ਼ਿੰਦਗੀ ਬਹੁਤ ਔਖੀ ਹੋਈ ਪਈ ਹੈ। ਇੱਕ ਵਾਰ ਤਾਂ ਘਰ ਵਿੱਚ ਖਾਣ ਲਈ ਆਟਾ ਵੀ ਖ਼ਤਮ ਹੋ ਗਿਆ ਸੀ।”

“ਡੰਗਰਾਂ ਨੂੰ ਹਰੇ ਚਾਰੇ ਦੀ ਥੁੜ ਪੈਦਾ ਹੋ ਗਈ ਸੀ। ਪਿੰਡ ਦੇ ਲੋਕਾਂ ਤੋਂ ਅਸੀਂ ਮੰਗ ਨਹੀਂ ਸੀ ਸਕਦੇ ਕਿਉਂਕਿ ਉਹ ਸ਼ੱਕ ਕਾਰਨ ਸਾਨੂੰ ਨੇੜੇ ਨਹੀਂ ਸੀ ਆਉਣ ਦਿੰਦੇ ਸਨ।”

ਉਨ੍ਹਾਂ ਨੇ ਦੱਸਿਆ ਕਿ ਮਾਮਲਾ ਸਰਕਾਰੇ-ਦਰਬਾਰੇ ਪਹੁੰਚਿਆਂ ਤਾਂ ਸਾਡੇ ਤੱਕ ਰਸਦ ਪਹੁੰਚਾ ਦਿੱਤੀ ਗਈ।

ਜ਼ੁਲਫਾਂ ਨੇ ਦੱਸਿਆ ਕਿ ਉਹ ਤਾਂ ਔਖੇ-ਸੌਖੇ ਟਾਈਮ ਪਾਸ ਕਰ ਰਹੇ ਹਨ ਡੰਗਰਾਂ ਦਾ ਚਾਰੇ ਬਿਨਾਂ ਮੁਸ਼ਕਲ ਹੈ।

ਸਰਾਏ ਦੀਨ ਨਾਮਕ ਇੱਕ ਹੋਰ ਗੁੱਜਰ ਨੌਜਵਾਨ ਨੇ ਦੱਸਿਆ ਕਿ ਹਰ ਸਾਲ ਅਸੀਂ ਇਸ ਮੌਸਮ ਵਿੱਚ ਵਾਪਸ ਆਪਣੇ ਪਿੰਡਾਂ ਨੂੰ ਚੱਲੇ ਜਾਂਦੇ ਹਾਂ, ਪਰ ਇਸ ਵਾਰ ਅਸੀਂ ਵਿਚਾਲੇ ਅਟਕੇ ਪਏ ਹਾਂ, ਕਰਫ਼ਿਊ ਕਾਰਨ ਅਸੀਂ ਵਾਪਸ ਜਾ ਨਹੀਂ ਸਕਦੇ ਅਤੇ ਜਿੱਥੇ ਅਸੀਂ ਹਾਂ ਉੱਥੇ ਸਾਡੇ ਕੋਲ ਸਾਧਨ ਨਹੀਂ ਹਨ।

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਉਨ੍ਹਾਂ ਦੱਸਿਆ,“ਹੁਣ ਅਸੀਂ ਖੁੱਲ੍ਹੇ ਅਸਮਾਨ ਦੇ ਥੱਲੇ ਰਹਿਣ ਲਈ ਮਜਬੂਰ ਹਾਂ ਕਿਉਂਕਿ ਹਿਮਾਚਲ ਸਰਕਾਰ ਸਾਨੂੰ ਐਂਟਰੀ ਨਹੀਂ ਦੇ ਰਹੀ ਹੈ।”

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਖ਼ੁਦ ਗੁੱਜਰ ਭਾਈਚਾਰੇ ਦਾ ਦੁੱਧ ਵਿਕਾ ਰਹੀ ਹੈ ਪਰ ਪਿਛਲੇ ਕੁਝ ਦਿਨ ਇਨ੍ਹਾਂ ਲੋਕਾਂ ਨੇ ਬਹੁਤ ਮਾੜੇ ਦੇਖੇ ਹਨ। ਪੁਲਿਸ ਦੇ ਪਹਿਰੇ ਵਿਚ ਦੁੱਧ ਵਿਕਣਾ, ਇਸ ਗੱਲ ਦਾ ਸੰਕੇਤ ਹੈ ਕਿ ਇਨ੍ਹਾਂ ਦੇ ਨਾਲ ਠੀਕ ਵਰਤਾਰਾ ਨਹੀਂ ਸੀ ਹੋ ਰਿਹਾ।

ਤਲਵਾੜਾ ਵਿੱਚ ਦਰਿਆ ਦੇ ਕੰਢੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਵਾਲੇ ਸ਼ਫੀ ਨਾਮਕ ਇੱਕ ਗੁੱਜਰ ਨੌਜਵਾਨ ਨੇ ਦੱਸਿਆ, “ਅਸੀਂ ਆਪਣੀ ਮਿਹਨਤ ਕਰ ਕੇ ਆਪਣਾ ਪੇਟ ਪਾਲਦੇ ਹਾਂ। ਡੰਗਰਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ। ਸਾਡੇ ਕੋਲ ਨਾਂ ਤਾਂ ਜ਼ਮੀਨ ਹੈ। ਅਸੀਂ ਤਾਂ ਖ਼ਾਨਾਬਦੋਸ਼ ਹਾਂ। ਪੇਟ ਦੇ ਲਈ ਪਹਾੜ, ਅਤੇ ਫਿਰ ਉੱਥੋਂ ਪੰਜਾਬ ਦਾ ਰਸਤਾ ਤੈਅ ਕਰਦੇ ਹੋਏ ਜ਼ਿੰਦਗੀ ਬਸਰ ਕਰਦੇ ਹਾਂ।”

ਹੁਸ਼ਿਆਰਪੁਰ ਦੇ ਹਾਜੀਪੁਰ ਬਲਾਕ ਨਾਲ ਸਬੰਧਿਤ ਨੌਜਵਾਨ ਧਰਮਿੰਦਰ ਸਿੰਘ ਹਾਜੀਪੁਰ ਨੇ ਦੱਸਿਆ ਕਿ ਫ਼ਿਲਹਾਲ ਸਮੱਸਿਆ ਪ੍ਰਸ਼ਾਸਨ ਦੇ ਦਖ਼ਲ ਨਾਲ ਹੱਲ ਹੋ ਗਈ ਹੈ ਪਰ ਇਸ ਦਾ ਅਸਰ ਗੁੱਜਰ ਭਾਈਚਾਰੇ ਦੀ ਅਰਥ ਵਿਵਸਥਾ ਉੱਤੇ ਜ਼ਰੂਰ ਪਏਗਾ।

ਜ਼ਿਲ੍ਹਾ ਪ੍ਰਸ਼ਾਸਨ ਦਾ ਪੱਖ

ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਪੁਲਿਸ ਥਾਣੇ ਦੇ ਮੁਖੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਕਈ ਪਿੰਡਾਂ ਵਿੱਚ ਗੁੱਜਰ ਭਾਈਚਾਰੇ ਦੇ ਲੋਕ ਰਹਿੰਦੇ ਹਨ।

ਉਨ੍ਹਾਂ ਨੇ ਮੰਨਿਆ ਕਿ ਗੁੱਜਰ ਭਾਈਚਾਰੇ ਨਾਲ ਤਲਵਾੜਾ ਲਾਗੇ ਇੱਕ ਪਿੰਡ ਵਿੱਚ ਕੁੱਟਮਾਰ ਦੀ ਇੱਕ ਘਟਨਾ ਜ਼ਰੂਰ ਹੋਈ ਸੀ ਜਿਸ ਤੋਂ ਬਾਅਦ ਸਥਾਨਕ ਪੁਲਿਸ ਤੁਰੰਤ ਇਨ੍ਹਾਂ ਦੀ ਮਦਦ ਲਈ ਪਹੁੰਚੀ।

ਉਨ੍ਹਾਂ ਨੇ ਦੱਸਿਆ, “ਇਸ ਘਟਨਾ ਤੋਂ ਬਾਅਦ ਗੁੱਜਰ ਭਾਈਚਾਰੇ ਦੀ ਸਭ ਤੋਂ ਵੱਡੀ ਸਮੱਸਿਆ ਦੁੱਧ ਦੀ ਵਿਕਰੀ ਅਤੇ ਰਸਦ ਸੀ। ਹੁਣ ਸਾਰਾ ਦੁੱਧ ਵੇਰਕਾ ਵੱਲੋਂ ਖ਼ਰੀਦਿਆ ਜਾ ਰਿਹਾ ਹੈ ਅਤੇ ਹੁਣ ਇਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ।”

ਉੱਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੀਡੀਆ ਦੇ ਇੱਕ ਹਲਕੇ ਵਿੱਚ ਮਰਕਜ਼ ਨਾਲ ਸਬੰਧਿਤ ਖ਼ਬਰਾਂ ਆਉਣ ਤੋਂ ਬਾਅਦ ਪਿੰਡਾਂ ਦੇ ਲੋਕਾਂ ਵਿਚ ਸਹਿਮ ਜ਼ਰੂਰ ਆ ਗਿਆ ਸੀ ਪਰ ਹੁਣ ਅਜਿਹਾ ਨਹੀਂ ਹੈ।

ਉਨ੍ਹਾਂ ਦੇ ਮੁਤਾਬਕ, “ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਹੁਣ ਇਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ।”

ਮੁਕੇਰੀਆਂ ਦੇ ਐੱਸਡੀਐੱਮ ਅਸ਼ੋਕ ਕੁਮਾਰ ਨੇ ਮੀਡੀਆ ਨੂੰ ਦੱਸਿਆ ਕੁਝ ਲੋਕਾਂ ਨੇ ਗੁੱਜਰ ਭਾਈਚਾਰੇ ਬਾਰੇ ਗ਼ਲਤ ਅਫ਼ਵਾਹਾਂ ਫੈਲਾਅ ਦਿੱਤੀਆਂ ਸਨ।

ਐੱਸਡੀਐੱਮ ਅਸ਼ੋਕ ਕੁਮਾਰ ਨੇ ਦੱਸਿਆ,”ਇਹ ਭਾਈਚਾਰਾ ਜ਼ਿਆਦਾਤਰ ਦੁੱਧ ਹਲਵਾਈਆਂ ਨੂੰ ਵੇਚਦੇ ਹਨ, ਪਰ ਕਰਫ਼ਿਊ ਕਾਰਨ ਮਠਿਆਈ ਦੀਆਂ ਦੁਕਾਨਾਂ ਬੰਦ ਹੋ ਜਾਣ ਕਾਰਨ ਇਨ੍ਹਾਂ ਦੇ ਦੁੱਧ ਦੀ ਸਪਲਾਈ ਰੁਕ ਗਈ ਸੀ, ਪਰ ਹੁਣ ਤੋਂ ਵੇਰਕਾ ਮਿਲਕ ਪਲਾਂਟ ਦੀ ਗੱਡੀ ਇਹਨਾਂ ਦਾ ਦੁੱਧ ਰੋਜ਼ਾਨਾ ਲੈ ਕੇ ਜਾਵੇਗੀ।”

ਉਨ੍ਹਾਂ ਦੱਸਿਆ ਕਿ ਦੁੱਧ ਦੀ ਸਪਲਾਈ ਰੁਕਣ ਕਾਰਨ ਇਹਨਾਂ ਕੋਲ ਪੈਸੇ ਦੀ ਕਿੱਲਤ ਪੈਦਾ ਹੋ ਗਈ ਸੀ ਜਿਸ ਕਾਰਨ ਇਨ੍ਹਾਂ ਨੂੰ ਹਰੇ ਚਾਰੇ ਦੀ ਦਿੱਕਤ ਆ ਰਹੀ ਸੀ। ਜੋ ਕਿ ਹੁਣ ਉਮੀਦ ਹੈ ਕਿ ਠੀਕ ਹੋ ਜਾਵੇਗੀ।

ਉਨ੍ਹਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਰਸਦ ਵੀ ਦਿੱਤੀ ਜਾ ਰਹੀ ਹੈ।

ਅਫ਼ਵਾਹਾਂ ਫੈਲਾਉਣ ਦੇ ਦੋਸ਼ ਵਿੱਚ ਇੱਕ ਗ੍ਰਿਫ਼ਤਾਰ

ਉੱਧਰ ਅਫ਼ਵਾਹਾਂ ਫੈਲਾਉਣ ਦੇ ਦੋਸ਼ ਵਿੱਚ ਬਟਾਲਾ ਪੁਲਿਸ ਨੇ ਪਿੰਡ ਦਾਲਮ ਦੇ ਇੱਕ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ, “ਪਿੰਡ ਦਾਲਮ ਦੇ ਵਸਨੀਕ ਹਰਜੀਤ ਸਿੰਘ ਨੇ 4 ਅਪ੍ਰੈਲ 2020 ਨੂੰ ਸ਼ਾਮ ਵੇਲੇ ਆਪਣੇ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਰਾਹੀਂ ਇੱਕ ਝੂਠੀ ਅਨਾਊਸਮੈਂਟ ਕੀਤੀ ਸੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗੁੱਜਰਾਂ ਤੋਂ ਦੁੱਧ ਨਾ ਲੈਣ ਦੇ ਹੁਕਮ ਦਿੱਤੇ ਗਏ ਹਨ।”

“ਜਦਕਿ ਅਸਲ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਅਜਿਹੇ ਕੋਈ ਹੁਕਮ ਨਹੀਂ ਦਿੱਤੇ ਗਏ ਸਨ। ਹਰਜੀਤ ਸਿੰਘ ਦੀ ਇਸ ਗ਼ਲਤ ਅਨਾਊਸਮੈਂਟ ਕਾਰਨ ਲੋਕਾਂ ਵਿੱਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ। ਝੂਠੀ ਸੂਚਨਾ ਨੂੰ ਫੈਲਾਉਣ ਦੇ ਦੋਸ਼ ਵਿਚ ਹਰਜੀਤ ਸਿੰਘ ਖ਼ਿਲਾਫ਼ ਧਾਰਾ 188 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।”

ਸਰਪੰਚ ਨੇ ਗੁੱਜਰ ਭਾਈਚਾਰੇ ਦੀ ਮਦਦ ਕੀਤੀ

ਲੁਧਿਆਣਾ ਦੇ ਇੱਕ ਇਲਾਕੇ ਵਿੱਚ ਵੀ ਗੁੱਜਰ ਭਾਈਚਾਰੇ ਨਾਲ ਵਧੀਕੀਆਂ ਦੀ ਇੱਕ ਵੀਡੀਓ ਵਾਇਰਲ ਹੋਈ।

ਇਹ ਵੀਡੀਓ ਜ਼ਿਲ੍ਹੇ ਦੇ ਬਲਾਕ ਡੇਹਲੋਂ ਦੇ ਪਿੰਡ ਗੁਰਮ ਦੀ ਸੀ ਅਤੇ ਇੱਥੇ ਰਹਿਣ ਵਾਲੇ ਸ਼ੁਕਰਦੀਨ ਰਾਣਾ ਨਾਮਕ ਗੁੱਜਰ ਭਾਈਚਾਰੇ ਦੇ ਇੱਕ ਵਿਅਕਤੀ ਵੱਲੋਂ ਇਸ ਨੂੰ ਬਣਾਇਆ ਸੀ।

ਬੀਬੀਸੀ ਨੇ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਸ਼ੁਕਰਦੀਨ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਵੀਡੀਓ ਉਸ ਨੇ ਹੀ ਬਣਾਈ ਸੀ ਅਤੇ ਪਰ ਹੁਣ ਉਸ ਦਾ ਮਸਲਾ ਵੀ ਹੱਲ ਹੋ ਗਿਆ।

ਉਸ ਨੇ ਦੱਸਿਆ, “ਮੈਂ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਨੇੜੇ ਪੈਂਦੇ ਗੁਰਮ ਪਿੰਡ ਵਿੱਚ ਦੁੱਧ ਦਾ ਕੰਮ ਕਰਦਾ ਹਾਂ। ਕੋਰੋਨਾਵਾਇਰਸ ਤੋਂ ਬਾਅਦ ਜਦੋਂ ਦਿੱਲੀ ਦੇ ਮਰਕਜ਼ ਦਾ ਰੌਲਾ ਪਿਆ ਤਾਂ ਪੁਲਿਸ ਸਾਡੇ ਡੇਰੇ ਵੀ ਆਈ।”

“ਪੁਲਿਸ ਨੇ ਜੋ ਸਾਡੇ ਤੋਂ ਪੁੱਛਿਆ ਅਸੀਂ ਜਾਣਕਾਰੀ ਦਿੱਤੀ ਅਤੇ ਨਾਲ ਹੀ ਸਪਸ਼ਟ ਕੀਤਾ ਕਿ ਮਰਕਜ਼ ਤੋਂ ਸਾਡੇ ਡੇਰੇ ਵਿਚ ਕੋਈ ਵੀ ਵਿਅਕਤੀ ਨਹੀਂ ਹੈ।”

“ਇਸ ਤੋ ਬਾਅਦ ਪਿੰਡ ਦੇ ਲੋਕਾਂ ਨੂੰ ਸਾਡੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ, ਫਿਰ ਮੈਂ ਜਦੋਂ ਡੇਅਰੀ ਵਿਚ ਦੁੱਧ ਪਾਉਣ ਗਿਆ ਤਾਂ ਉੱਥੇ ਕੁਝ ਲੋਕਾਂ ਨੇ ਇਸ ਉੱਤੇ ਇਤਰਾਜ਼ ਕੀਤਾ। ਮੈਂ ਵੀਡੀਓ ਬਣਾ ਦਿੱਤੀ ਅਤੇ ਜੋ ਇੰਟਰਨੈੱਟ ਉੱਤੇ ਵਾਇਰਲ ਹੋ ਗਈ, ਜਿਸ ਦਾ ਮੈਨੂੰ ਅਫ਼ਸੋਸ ਹੈ।”

ਵਿਵਾਦ ਭਖਦਾ ਵੇਖ ਹੁਣ ਸ਼ੁਕਰਦੀਨ ਨੇ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਉਹ ਆਖਦਾ ਹੈ ਕਿ ਉਸ ਤੋਂ ਗ਼ਲਤੀ ਨਾਲ ਵੀਡੀਓ ਬਣੀ ਜਦੋਂਕਿ ਅਜਿਹਾ ਕੁਝ ਵੀ ਨਹੀਂ ਸੀ।

ਉਨ੍ਹਾਂ ਨੇ ਦੱਸਿਆ ਕਿ ਮਾਮਲਾ ਇੰਨਾ ਵੱਡਾ ਹੈ ਨਹੀਂ ਸੀ ਜਿੰਨਾ ਬਣ ਗਿਆ।

ਪਿੰਡ ਗੁਰਮ ਦੀ ਸਰਪੰਚ ਹਰਮੀਤ ਕੌਰ ਦੇ ਪਤੀ ਬਲਰਾਜ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਸ਼ੁਕਰਦੀਨ ਰਾਣਾ ਪਿਛਲੇ 12 ਸਾਲਾਂ ਤੋਂ ਪਿੰਡ ਵਿਚ ਰਹਿੰਦਾ ਹੈ ਅਤੇ ਇੱਥੇ ਹੀ ਇਨ੍ਹਾਂ ਦੀ ਵੋਟ ਬਣੀ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਕਦੇ ਵੀ ਪਿੰਡ ਵਿੱਚ ਇਨ੍ਹਾਂ ਨਾਲ ਵਿਤਕਰਾ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ, “ਕੁਝ ਪਿੰਡ ਵਾਲਿਆਂ ਨੇ ਮੌਜੂਦਾ ਹਾਲਤ ਦੇ ਮੱਦੇਨਜ਼ਰ ਸਵਾਲ ਜ਼ਰੂਰ ਕੀਤੇ ਸਨ ਪਰ ਬਾਅਦ ਉਨ੍ਹਾਂ ਨੂੰ ਸਮਝਾ ਦਿੱਤਾ ਗਿਆ ਸੀ।”

“ਛੋਟੀ ਅਜਿਹੀ ਗੱਲ ਕਾਰਨ ਪਿੰਡ ਦੀ ਬਦਨਾਮੀ ਕਰ ਦਿੱਤੀ ਗਈ, ਜਿਸ ਦਾ ਅਹਿਸਾਸ ਸ਼ੁਕਰ ਦੀਨ ਨੂੰ ਵੀ ਹੈ।”

ਉਨ੍ਹਾਂ ਨੇ ਆਖਿਆ ਕਿ ਜਿਸ ਦਿਨ ਪੁਲਿਸ ਇਨ੍ਹਾਂ ਦੇ ਡੇਰੇ ਵਿੱਚ ਆਈ ਸੀ ਤਾਂ ਉਹ ਖ਼ੁਦ ਉੱਥੇ ਗਏ ਸਨ ਜਦੋਂ ਉਨ੍ਹਾਂ ਨੇ ਦੱਸਿਆ ਗਿਆ ਕਿ ਮਰਕਜ਼ ਨਾਲ ਸਬੰਧਿਤ ਕੋਈ ਵੀ ਵਿਅਕਤੀ ਉਨ੍ਹਾਂ ਦੇ ਡੇਰੇ ਨਹੀਂ ਆਇਆ ਤਾਂ ਗੱਲ ਸਪਸ਼ਟ ਹੋ ਗਈ।

ਸ਼ੁਕਰ ਦੀਨ ਰਾਣਾ ਮੂਲ ਰੂਪ ਵਿੱਚ ਹਿਮਾਚਲ ਪਰਦੇਸ਼ ਦੇ ਚੰਬਾ ਦਾ ਵਾਸੀ ਹੈ ਪਰ ਉਹ ਕਈ ਸਾਲਾਂ ਤੋਂ ਗੁਰਮ ਪਿੰਡ ਵਿੱਚ ਡੇਅਰੀ ਦਾ ਕੰਮ ਕਰਦਾ ਹੈ।

ਸ਼ੁਕਰਦੀਨ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਵੀਡੀਓ ਉੱਤੇ ਕਾਫ਼ੀ ਇਤਰਾਜ਼ਯੋਗ ਗੱਲਾਂ ਲਿਖੀਆਂ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਅਫ਼ਸੋਸ ਹੈ। ਕੁਝ ਲੋਕ ਇਸ ਵੀਡੀਓ ਦੇ ਆਧਾਰ ਉੱਤੇ ਪਿੰਡਾਂ ਦਾ ਭਾਈਚਾਰਾ ਖ਼ਰਾਬ ਕਰਨ ਦੀ ਤਾਕ ਵਿੱਚ ਹਨ।

ਸ਼ੁਕਰਦੀਨ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਕੁਝ ਘਟਨਾਵਾਂ ਸਾਹਮਣੇ ਆਈਆਂ ਸਨ ਪਰ ਇਸ ਵਕਤ ਸਾਰੀਆਂ ਥਾਵਾਂ ਉੱਤੇ ਸਥਿਤੀ ਠੀਕ ਹੈ।

ਗੁੱਜਰ ਭਾਈਚਾਰਾ

ਸ਼ਕਰਦੀਨ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੁੱਜਰ ਭਾਈਚਾਰੇ ਦੇ ਲੋਕ ਰਹਿੰਦੇ ਹਨ ਜੋਂ ਜ਼ਿਆਦਾਤਰ ਪਸ਼ੂ ਪਾਲਨ ਦਾ ਕੰਮ ਕਰਦੇ ਹਨ।

ਉਨ੍ਹਾਂ ਮੁਤਾਬਕ ਜ਼ਿਆਦਾਤਰ ਗੁੱਜਰਾਂ ਦਾ ਸਬੰਧ ਮੁਸਲਿਮ ਭਾਈਚਾਰੇ ਨਾਲ ਹੈ। ਜਿਨ੍ਹਾਂ ਦਾ ਪਿਛੋਕੜ ਸਬੰਧ ਜੰਮੂ-ਕਸ਼ਮੀਰ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਨਾਲ ਹੈ।

ਉਹ ਦੱਸਦੇ ਹਨ ਸ਼ੁਰੂ ਵਿੱਚ ਸਰਦੀਆਂ ਦੇ ਮੌਸਮ ਦੌਰਾਨ ਇਹ ਲੋਕ ਵਾਪਸ ਆਪਣੇ ਆਪ ਮੂਲ ਥਾਵਾਂ ਉੱਤੇ ਚਲੇ ਜਾਂਦੇ ਸਨ। ਹੁਣ ਕੁਝ ਨੇ ਪੰਜਾਬ ਵਿਚ ਪੱਕੇ ਟਿਕਾਣੇ ਵੀ ਬਣਾ ਲਏ ਹਨ।

ਅਕਸਰ ਇਹ ਲੋਕ ਪਿੰਡ ਤੋਂ ਬਾਹਰ ਖੁੱਲੀ ਸਾਂਝੀ ਥਾਂ ਵਿੱਚ ਰਹਿੰਦੇ ਹਨ।

ਉਨ੍ਹਾਂ ਨੇ ਦੱਸਿਆ, “ਅਜੇ ਵੀ ਬਹੁਤ ਸਾਰੇ ਗੁਜਰ ਕੁਝ ਸਮਾਂ ਪੰਜਾਬ ਵਿਚ ਅਤੇ ਕੁਝ ਸਮਾਂ ਪਹਾੜਾਂ ਵਿਚ ਰਹਿੰਦੇ ਹਨ। ਪੰਜਾਬ ਦੇ ਬਠਿੰਡਾ, ਸੰਗਰੂਰ, ਬਰਨਾਲਾ, ਲੁਧਿਆਣਾ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਵੀ ਗੁੱਜਰ ਭਾਈਚਾਰੇ ਦੇ ਲੋਕ ਵਸੇ ਹੋਏ ਹਨ।”

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)