You’re viewing a text-only version of this website that uses less data. View the main version of the website including all images and videos.
ਬ੍ਰਿਟੇਨ ਦੀ ਨਾਗਰਿਕਤਾ ਦਿਵਾਉਣ ਲਈ ਕਿਵੇਂ ਹਜ਼ਾਰਾਂ ਪਾਊਂਡ ਬਦਲੇ ਨਕਲੀ ਪਿਤਾ ਬਣਨ ਨੂੰ ਤਿਆਰ ਹਨ ਕੁਝ ਮਰਦ
- ਲੇਖਕ, ਪੈਟ੍ਰਿਕ ਕਲਾਹਨੇ, ਦਿਵਿਆ ਤਲਵਾਰ ਅਤੇ ਖੂਈ ਬੀ ਲੂ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਮੁੰਡਿਆਂ ਵੱਲੋਂ ਆਈਲਟਸ ਪਾਸ ਕੁੜੀ ਨਾਲ ਜਾਅਲੀ ਵਿਆਹ (ਕੌਂਟ੍ਰੈਕਟ ਮੈਰਿਜ) ਕਰਵਾ ਕੇ ਵਿਦੇਸ਼ ਜਾਣਾ ਇੱਕ ਸੌਖਾ ਬਦਲ ਮੰਨਿਆ ਜਾਂਦਾ ਹੈ।
ਵਿਦੇਸ਼ਾਂ ਵਿੱਚ ਪੱਕੇ ਹੋਣ ਲਈ ਉੱਥੇ ਕਿਸੇ ਕੁੜੀ ਨਾਲ ਪੈਸੇ ਦੇ ਕੇ ਵਿਆਹ ਕਰਵਾਉਣ ਬਾਰੇ ਵੀ ਤੁਸੀਂ ਸੁਣਿਆ ਹੋਣਾ।
ਇਹ ਸਿਰਫ਼ ਤੁਸੀਂ ਜ਼ਿਆਦਾਤਰ ਮੁੰਡਿਆਂ ਵੱਲੋਂ ਹੀ ਹੁੰਦਾ ਦੇਖਿਆ ਹੋਣਾ, ਪਰ ਹੁਣ ਵਿਦੇਸ਼ੀ ਮੁੰਡੇ, ਕੁੜੀਆਂ ਨੂੰ ਅਜਿਹਾ ਹੀ ਬਦਲ ਦੇ ਰਹੇ ਹਨ।
ਬੀਬੀਸੀ ਦੀ ਪੜਤਾਲੀਆ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪਰਵਾਸੀ ਔਰਤਾਂ ਦੇ ਬੱਚੇ ਦੇ ਪਿਤਾ ਵਜੋਂ ਪੇਸ਼ ਹੋਣ ਦੇ ਬਦਲੇ ਯੂਕੇ ਦੇ ਕੁਝ ਆਦਮੀ ਹਜ਼ਾਰਾਂ ਪੌਂਡ ਲੈ ਰਹੇ ਹਨ।
ਇੱਕ-ਇੱਕ ਆਦਮੀ ਨੂੰ ਬੱਚਿਆਂ ਦੇ ਜਨਮ ਸਰਟੀਫਿਕੇਟ ਵਿੱਚ ਪਿਤਾ ਵਜੋਂ ਆਪਣਾ ਨਾਮ ਜੋੜਨ ਬਦਲੇ 10,000 ਪੌਂਡ ਤੱਕ ਦੀ ਪੇਸ਼ਕਸ਼ ਹੋ ਰਹੀ ਹੈ।
ਇਸ ਦਾ ਕਾਰਨ ਇਹ ਕਿ ਬੱਚੇ ਨੂੰ ਬ੍ਰਿਟੇਨ ਦੀ ਨਾਗਰਿਕਤਾ ਮਿਲ ਸਕੇ ਅਤੇ ਮਾਵਾਂ ਨੂੰ ਰੈਜ਼ੀਡੈਂਸੀ ਮਿਲ ਸਕੇ।
ਅਜਿਹਾ ਸਕੈਮ ਕਰਨ ਵਾਲੇ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ ਅਤੇ ਹਜ਼ਾਰਾਂ ਔਰਤਾਂ ਨੂੰ ਇਸ ਤਰ੍ਹਾਂ ਮਦਦ ਕਰਨ ਦਾ ਦਾਅਵਾ ਕਰਦੇ ਹਨ।
ਫੇਸਬੁੱਕ ਕਹਿੰਦਾ ਹੈ ਕਿ ਨਿਯਮਾਂ ਮੁਤਾਬਕ ਅਜਿਹਾ ਕੰਟੈਂਟ ਬੈਨ ਕੀਤਾ ਹੋਇਆ ਹੈ।
ਕੀ ਹੈ ਮਾਮਲਾ
ਬੀਬੀਸੀ ਨਿਊਜ਼ਨਾਈਟ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਧੋਖਾਧੜੀ ਬ੍ਰਿਟੇਨ ਭਰ ਵਿੱਚ ਕਈ ਭਾਈਚਾਰਿਆਂ ਵਿੱਚ ਹੋ ਰਹੀ ਹੈ।
ਇਸ ਜਾਂਚ ਵਿੱਚ ਉਨ੍ਹਾਂ ਏਜੰਟਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਨਕਲੀ ਪਿਤਾ ਬਣਨ ਲਈ ਬ੍ਰਿਟਿਸ਼ ਆਦਮੀਆਂ ਨੂੰ ਲੱਭਦੇ ਹਨ।
ਇੱਕ ਖੋਜੀ ਨੇ ਅੰਡਰਕਵਰ ਹੋ ਕੇ ਇਹ ਸਭ ਪਤਾ ਲਗਾਇਆ। ਉਨ੍ਹਾਂ ਨੇ ਖੁਦ ਨੂੰ ਯੂਕੇ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੀ ਇੱਕ ਗਰਭਵਤੀ ਔਰਤ ਵਜੋਂ ਪੇਸ਼ ਕੀਤਾ ਅਤੇ ਉਨ੍ਹਾਂ ਏਜੰਟਾਂ ਨਾਲ ਗੱਲਬਾਤ ਕੀਤੀ ਜੋ ਇਹ ਸੇਵਾਵਾਂ ਦਿੰਦੇ ਸੀ।
ਥਾਈ ਨਾਮ ਦੇ ਇੱਕ ਏਜੰਟ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਕਈ ਬ੍ਰਿਟਿਸ਼ ਆਦਮੀ ਹਨ ਜੋ ਉਸ ਦੇ ਬੱਚੇ ਦੇ ਪਿਤਾ ਵਜੋਂ ਪੇਸ਼ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਪੂਰਾ ਕੰਮ ਗਿਆਰਾਂ ਹਜ਼ਾਰ ਪੌਂਡ ਦੇ ਪੈਕੇਜ ਵਿੱਚ ਹੋ ਸਕਦਾ ਹੈ।
ਏਜੰਟ ਨੇ ਸਾਰੀ ਪ੍ਰਕਿਰਿਆ ‘ਬਹੁਤ ਅਸਾਨ’ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਬੱਚੇ ਨੂੰ ‘ਯੂਕੇ ਦਾ ਪਾਸਪੋਰਟ ਦਿਵਾਉਣ ਲਈ ਉਹ ਕੁਝ ਵੀ ਕਰੇਗਾ।’
ਥਾਈ ਨੇ ਫੇਸਬੁੱਕ ‘ਤੇ ਇਸ਼ਤਿਹਾਰ ਨਹੀਂ ਦਿੱਤਾ ਸੀ। ਉਸ ਨੇ ਕਿਹਾ ਕਿ ਉਹ ਅਜਿਹੀ ਕਹਾਣੀ ਤਿਆਰ ਕਰੇਗਾ ਜਿਸ ਨਾਲ ਅਥਾਰਟੀਜ਼ ਨੂੰ ਇਸ ਦੇ ਝੂਠਾ ਹੋਣ ਬਾਰੇ ਬਿਲਕੁਲ ਪਤਾ ਨਹੀਂ ਲੱਗੇਗਾ।
ਉਸ ਨੇ ਅੰਡਰਕਵਰ ਖੋਜੀ ਨੂੰ ਇੱਕ ਬ੍ਰਿਟਿਸ਼ ਆਦਮੀ ਐਂਡਰਿਊ ਨਾਲ ਮਿਲਵਾਇਆ ਜੋ ਕਿ ਉਸ ਦੇ ਬੱਚੇ ਦਾ ਝੂਠਾ ਪਿਤਾ ਬਣਨ ਨੂੰ ਤਿਆਰ ਸੀ। ਕੁੱਲ ਫ਼ੀਸ ਵਿੱਚੋਂ ਅੱਠ ਹਜ਼ਾਰ ਪੌਂਡ ਐਂਡਰਿਊ ਨੂੰ ਦਿੱਤੇ ਜਾਣੇ ਸਨ।
ਇਸ ਮੀਟਿੰਗ ਦੌਰਾਨ, ਐਂਡਰਿਊ ਨੇ ਆਪਣਾ ਪਾਸਪੋਰਟ ਦਿਖਾ ਕੇ ਪੁਸ਼ਟੀ ਕੀਤੀ ਕਿ ਉਹ ਯੂਕੇ ਦਾ ਨਾਗਰਿਕ ਹੈ। ਉਸ ਨੇ ਖੋਜੀ ਨਾਲ ਸੈਲਫੀਆਂ ਵੀ ਖਿੱਚੀਆਂ।
ਬੀਬੀਸੀ ਨੇ ਅਜਿਹੇ ਕਿਸੇ ਵੀ ਏਜੰਟ ਨੂੰ ਕੋਈ ਪੈਸਾ ਨਹੀਂ ਦਿੱਤਾ।
ਜਦੋਂ ਬਾਅਦ ਵਿੱਚ ਥਾਈ ਨੂੰ ਰੈਕੇਟ ਦਾ ਹਿੱਸਾ ਹੋਣ ਬਾਰੇ ਸਿੱਧੇ ਸਵਾਲ-ਜਵਾਬ ਕੀਤੇ ਗਏ ਤਾਂ ਉਸ ਨੇ ਕਿਸੇ ਵੀ ਗ਼ਲਤ ਗਤੀਵਿਧੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।
ਐਂਡਰਿਊ ਨੇ ਇਸ ਬਾਰੇ ਟਿੱਪਣੀ ਕਰਨ ਦੀ ਸਾਡੀ ਬੇਨਤੀ ਦਾ ਕੋਈ ਜਵਾਬ ਨਹੀਂ ਦਿੱਤਾ।
ਇੱਕ ਹੋਰ ਏਜੰਟ ਜੋ ਖ਼ੁਦ ਨੂੰ ਥੀ ਕਿਮ ਕਹਿੰਦੀ ਸੀ, ਨੇ ਦਾਅਵਾ ਕੀਤਾ ਕਿ ਉਸ ਨੇ ਹਜ਼ਾਰਾਂ ਪਰਵਾਸੀ ਗਰਭਵਤੀ ਔਰਤਾਂ ਦੀ ਮਦਦ ਕੀਤੀ ਹੈ।
ਕਿਮ ਨੇ ਕਿਹਾ ਕਿ ਉਹ ਬ੍ਰਿਟਿਸ਼ ਆਦਮੀ ਮੁਹੱਈਆ ਕਰਵਾ ਸਕਦੀ ਹੈ ਅਤੇ ਪਿਤਾ ਵਜੋਂ ਪੇਸ਼ ਹੋਣ ਵਾਲੇ ਨੂੰ ਦਸ ਹਜ਼ਾਰ ਪੌਂਡ ਦਿੱਤੇ ਜਾਣਗੇ ਅਤੇ ਉਸ ਦੀ ਫ਼ੀਸ ਤਿੰਨ ਸੌ ਪੌਂਡ ਹੋਵੇਗੀ।
ਕਿਮ ਨੇ ਖੋਜੀ ਪੱਤਰਕਾਰ ਨੂੰ ਕਿਹਾ, “ਮੈਂ ਜਿੰਨੇ ਵੀ ਆਦਮੀਆਂ ਨੂੰ ਇਸ ਕੰਮ ਲਈ ਵਰਤਦੀ ਹਾਂ, ਉਹ ਸਭ ਇੱਥੋਂ ਦੇ ਜਨਮੇ ਹਨ ਅਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਬੱਚਿਆਂ ਲਈ ਪੰਜੀਕਰਨ ਨਹੀਂ ਕਰਵਾਇਆ ਹੈ।”
“ਮੈਨੂੰ ਪਤਾ ਹੈ ਸਭ ਕਿਵੇਂ ਹੈਂਡਲ ਕਰਨਾ ਹੈ। ਤੁਹਾਨੂੰ ਪਾਸਪੋਰਟ ਨਾ ਹੋਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਤੁਹਾਨੂੰ ਜ਼ਰੂਰ ਮਿਲ ਜਾਏਗਾ।”
ਕਿਮ ਨੇ ਆਪਣਾ ਪੱਖ ਰੱਖਣ ਦੀ ਬੀਬੀਸੀ ਦੀ ਬੇਨਤੀ ਨਹੀਂ ਸਵੀਕਾਰੀ ਹੈ।
ਇਮੀਗਰੇਸ਼ਨ ਵਕੀਲ ਐਨਾ ਗੋਨਜ਼ਾਲਿਜ਼ ਇਸ ਸਕੈਮ ਬਾਰੇ ਕਹਿੰਦੇ ਹਨ, “ਇਹ ਬਹੁਤ ਸੂਖ਼ਮ ਹੈ ਅਤੇ ਇਸ ਦੀ ਜਾਂਚ ਕਰਨਾ ਬਹੁਤ ਔਖਾ ਹੈ। ਇੱਕ ਤਰ੍ਹਾਂ ਨਾਲ ਸਬੂਤ ਹੈ ਕਿ ਇਹ ਔਰਤਾਂ ਕਿੰਨੀਆਂ ਹਤਾਸ਼ ਤੇ ਕਾਹਲ਼ੀਆਂ ਹਨ ਅਤੇ ਯੂਕੇ ਵਿੱਚ ਰਹਿਣ ਦਾ ਹੱਕ ਹਾਸਿਲ ਕਰਨ ਲਈ ਕਿਸ ਹੱਦ ਤੱਕ ਜਾਣ ਲਈ ਤਿਆਰ ਹਨ।”
ਕਿਸ ਬਾਰੇ ਹੈ ਬੀਬੀਸੀ ਦੀ ਜਾਂਚ ਰਿਪੋਰਟ
- ਬ੍ਰਿਟੇਨ ਵਿੱਚ ਨਾਗਰਿਕਤਾ ਹਾਸਿਲ ਕਰਨ ਲਈ ਸਾਹਮਣੇ ਆ ਰਹੇ ਹਨ ਨਕਲੀ ਪਿਤਾ
- ਬ੍ਰਿਟਿਸ਼ ਨਾਗਰਿਕ ਆਦਮੀ ਖ਼ੁਦ ਨੂੰ ਨਕਲੀ ਪਿਤਾ ਬਣਨ ਦੀ ਦਾਅਵੇਦਾਰੀ ਪੇਸ਼ ਕਰਦੇ ਹਨ
- ਨਕਲੀ ਪਿਤਾ ਬਣਨ ਲਈ ਪੁਰਸ਼ਾਂ ਗਰਭਵਤੀ ਔਰਤਾਂ ਕੋਲੋਂ ਹਜ਼ਾਰਾਂ ਪੌਂਡ ਲੈਂਦੇ ਹਨ
- ਬੱਚੇ ਨੂੰ ਬ੍ਰਿਟੇਨ ਦੀ ਨਾਗਰਿਕਤਾ ਅਤੇ ਮਾਵਾਂ ਨੂੰ ਰੈਜ਼ੀਡੈਂਸੀ ਮਿਲਣ ਲਈ ਅਜਿਹਾ ਕੀਤਾ ਜਾ ਰਿਹਾ ਹੈ
- ਇਸ ਲਈ ਕਈ ਏਜੰਟ ਵੀ ਕੰਮ ਕਰਦੇ ਹਨ ਅਤੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਭਾਲ ਕਰਦੇ ਹਨ
ਕੀ ਕਹਿੰਦਾ ਹੈ ਕਾਨੂੰਨ
ਜੇ ਇੱਕ ਪਰਵਾਸੀ ਬੀਬੀ ਗ਼ੈਰ-ਕਾਨੂੰਨੀ ਤੌਰ ’ਤੇ ਯੂਕੇ ਵਿੱਚ ਹੈ ਅਤੇ ਬ੍ਰਿਟਿਸ਼ ਆਦਮੀ ਦੇ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਬੱਚਾ ਜਨਮ ਤੋਂ ਬ੍ਰਿਟਿਸ਼ ਹੋਏਗਾ।
ਫਿਰ ਮਾਂ ਫੈਮਿਲੀ ਵੀਜ਼ਾ ਲਈ ਅਰਜ਼ੀ ਦੇ ਸਕਦੀ ਹੈ, ਜਿਸ ਨਾਲ ਉਸ ਨੂੰ ਇੱਥੇ ਰਹਿਣ ਦਾ ਹੱਕ ਮਿਲੇਗਾ ਅਤੇ ਫਿਰ ਯੂਕੇ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਦੀ ਹੈ।
ਗੋਨਜ਼ਾਲਿਜ਼ ਨੇ ਕਿਹਾ, “ਨਿਯਮ ਬੱਚਿਆਂ ਦੀ ਰੱਖਿਆ ਲਈ ਹੈ, ਉਨ੍ਹਾਂ ਔਰਤਾਂ ਨੂੰ ਵੀਜ਼ਾ ਦੇਣ ਲਈ ਨਹੀਂ ਜਿਨ੍ਹਾਂ ਕੋਲ ਯੂਕੇ ਦਾ ਕੋਈ ਦਸਤਾਵੇਜ਼ ਨਹੀਂ। ਇਹ ਖ਼ਾਮੀ ਨਹੀਂ ਹੈ, ਇਸ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾਣਾ ਚਾਹੀਦਾ।”
ਬੀਬੀਸੀ ਇਸ ਧੋਖਾਧੜੀ ਦੇ ਸਕੇਲ ਦਾ ਅੰਦਾਜ਼ਾ ਨਹੀਂ ਲਗਾ ਸਕਿਆ, ਕਿਉਂਕਿ ਗ੍ਰਹਿ ਵਿਭਾਗ ਦਫ਼ਤਰ ਅਜਿਹੇ ਕੇਸਾਂ ਦੀ ਗਿਣਤੀ ਨਹੀਂ ਦੇ ਸਕਿਆ ਜਿੰਨਾ ਦੀ ਉਨ੍ਹਾਂ ਨੇ ਜਾਂਚ ਕੀਤੀ ਹੈ।
ਬ੍ਰਿਟਸ਼ ਬੱਚਿਆਂ ਦੇ ਕਿੰਨੇ ਗ਼ੈਰ-ਯੂਕੇ ਵਾਸੀ ਮਾਪਿਆਂ ਨੂੰ ਵੀਜ਼ਾ ਦਿੱਤਾ ਗਿਆ, ਇਸ ਦੀ ਗਿਣਤੀ ਵੀ ਨਹੀਂ ਹੈ।
'ਇਹ ਕਹਾਣੀ ਇੱਕ ਵਾਰ ਦੀ ਨਹੀਂ, ਸਾਲਾਂ ਪੁਰਾਣੀ'
ਹਾਲਾਂਕਿ ਪਿਛਲੇ ਸਾਲ, ‘ਹੋਰ ਨਿਰਭਰ’ ਕੈਟੇਗਰੀ ਵਿਚ 4,860 ਫੈਮਿਲੀ ਵੀਜ਼ਾ ਦਿੱਤੇ ਗਏ ਸੀ।
ਇਸ ਕੈਟੇਗਰੀ ਵਿੱਚ ਬ੍ਰਿਟਿਸ਼ ਬੱਚਿਆਂ ਦੇ ਮਾਪਿਆਂ ਵਜੋਂ ਯੂਕੇ ਵਿੱਚ ਰਹਿਣ ਲਈ ਅਰਜ਼ੀ ਦੇਣ ਵਾਲੇ ਵੀ ਸ਼ਾਮਲ ਹੁੰਦੇ ਹਨ।
ਜਨਮ ਸਰਟੀਫਿਕੇਟ ‘ਤੇ ਜਾਣ ਬੁੱਝ ਕੇ ਗ਼ਲਤ ਜਾਣਕਾਰੀਆਂ ਦੇਣਾ ਕਾਨੂੰਨੀ ਅਪਰਾਧ ਹੈ।
ਗ੍ਰਹਿ ਵਿਭਾਗ ਨੇ ਬੀਬੀਸੀ ਨੂੰ ਦੱਸਿਆ ਕਿ ਗ਼ਲਤ ਜਨਮ ਸਰਟੀਫਿਕੇਟਾਂ ਰਾਹੀਂ ਅਜਿਹੇ ਧੋਖਿਆਂ ਨੂੰ ਰੋਕਣ ਅਤੇ ਪਤਾ ਲਾਉਣ ਲਈ ਉਹ ਕੰਮ ਕਰਦੇ ਹਨ।
ਉਹ ਕਹਿੰਦੇ ਹਨ, “ਮਹਿਜ਼ ਜਨਮ ਪ੍ਰਮਾਣ ਪੱਤਰ ਪਿਤਾ ਹੋਣ ਦਾ ਸਬੂਤ ਨਹੀਂ ਹੋ ਸਕਦਾ ਅਤੇ ਜਿਹੜੇ ਕੇਸਾਂ ਵਿੱਚ ਅਸਲ ਪਿਤਾ ਸਥਾਪਿਤ ਕੀਤੇ ਜਾਣ ਦੀ ਲੋੜ ਹੁੰਦੀ ਹੈ, ਹੋਰ ਸਬੂਤ ਵੀ ਮੰਗੇ ਜਾ ਸਕਦੇ ਹਨ।”
ਹਾਲਾਂਕਿ ਇਮੀਗਰੇਸ਼ਨ ਵਕੀਲ ਹਰਜਪ ਭੰਗਲ, ਚੁੱਕੇ ਜਾ ਰਹੇ ਕਦਮਾਂ ਨਾਲ ਸਹਿਮਤ ਨਹੀਂ ਹਨ ਅਤੇ ਕਹਿੰਦੇ ਹਨ, “ਇਹ ਮਹਿਜ਼ ਇੱਕ ਵਾਰ ਦੀ ਗੱਲ ਨਹੀਂ ਹੈ, ਅਜਿਹੇ ਹਜ਼ਾਰਾਂ ਕੇਸ ਹਨ…ਗ੍ਰਹਿ ਵਿਭਾਗ ਇਸ ਬਾਰੇ ਸਰਗਰਮ ਨਹੀਂ ਹੈ।”
ਹਰਜਪ ਭੰਗਲ ਕਹਿੰਦੇ ਹਨ ਕਿ ਅਜਿਹੀਆਂ ਗਤੀਵਿਧੀਆਂ ਕਈ ਪਰਵਾਸੀ ਭਾਈਚਾਰਿਆਂ ਵਿੱਚ ਪ੍ਰਚਲਿਤ ਹਨ। ਜਿਵੇਂ ਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨਾਈਜੀਰੀਆ ਅਤੇ ਸ੍ਰੀ ਲੰਕਾਂ ਤੋਂ ਆਉਣ ਵਾਲੇ ਪਰਵਾਸੀਆਂ ਵਿੱਚ ਅਤੇ ਇਹ ਸਭ ਸਾਲਾਂ ਤੋਂ ਚੱਲ ਰਿਹਾ ਹੈ।
ਨਿਊਜ਼ਨਾਈਟ ਦੀ ਖੋਜ ਵਿੱਚ ਪਤਾ ਲੱਗਿਆ ਕਿ ਇਸ ਗ਼ੈਰ-ਕਾਨੂੰਨੀ ਗਤੀਵਿਧੀ ਬਾਰੇ ਸ਼ਰੇਆਮ ਨੌਕਰੀ ਦੇ ਚਾਹਵਾਨਾਂ ਲਈ ਬਣੇ ਵੀਅਤਨਾਮ ਦੇ ਇੱਕ ਫੇਸਬੁੱਕ ਗਰੁਪ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ।
ਫੇਸਬੁੱਕ ਰਾਹੀਂ ਕਿਵੇਂ ਇੱਕ ਦੂਜੇ ਨੂੰ ਲੱਭਦੇ ਹਨ ?
ਸਾਨੂੰ ਅਜਿਹੀਆਂ ਦਰਜਨਾਂ ਪੋਸਟਾਂ ਮਿਲੀਆਂ ਜਿਨ੍ਹਾਂ ਵਿੱਚ ਕਈ ਬ੍ਰਿਟਿਸ਼ ਨਾਗਰਿਕ ਆਦਮੀ ਖ਼ੁਦ ਨੂੰ ਨਕਲੀ ਪਿਤਾ ਬਣਨ ਦੀ ਦਾਅਵੇਦਾਰੀ ਪੇਸ਼ ਕਰਦੇ ਹਨ ਅਤੇ ਔਰਤਾਂ ਅਜਿਹੇ ਬ੍ਰਿਟਿਸ਼ ਆਦਮੀਆਂ ਦੀ ਤਲਾਸ਼ ਕਰਦੀਆਂ ਹਨ।
ਇੱਕ ਅਕਾਊਂਟ ਤੋਂ ਪੋਸਟ ਕੀਤਾ ਗਿਆ, “ਮੈਂ ਚਾਰ ਮਹੀਨੇ ਦੀ ਗਰਭਵਤੀ ਹਾਂ। 25-45 ਸਾਲ ਦੀ ਉਮਰ ਦੇ ‘ਸਿਟੀਸ਼ਨਸ਼ਿਪ ਡੈਡੀ’ ਦੀ ਤਲਾਸ਼ ਵਿੱਚ ਹਾਂ।”
ਇੱਕ ਹੋਰ ਅਕਾਊਂਟ ਤੋਂ ਲਿਖਿਆ ਗਿਆ ਸੀ, “ਮੈਂ ਰੈੱਡ ਬੁੱਕ (ਯੂਕੇ ਪਾਸਪੋਰਟ ਲਈ ਵੀਅਤਨਾਮ ਦਾ ਸਲੈਂਗ) ਡੈਡੀ ਹਾਂ। ਜੇ ਤੁਸੀਂ ਗਰਭਵਤੀ ਹੋ ਅਤੇ ਬੱਚੇ ਦੇ ਪਿਤਾ ਵਜੋਂ ਕੋਈ ਨਹੀਂ ਮਿਲਿਆ ਹੈ, ਤਾਂ ਮੈਨੂੰ ਸਿੱਧਾ ਸੰਦੇਸ਼ ਭੇਜੋ।”
ਫੇਸਬੁੱਕ ਦੀ ਮਾਲਕ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਹ ਫੇਸਬੁੱਕ ’ਤੇ ‘ਜਨਮ ਸਰਟੀਫਿਕੇਟ ਧੋਖਾਧੜੀ ਜਾਂ ਗੋਦ ਲੈਣ ਦੀਆਂ ਬੇਨਤੀਆਂ ਦੀ ਇਜਾਜ਼ਤ’ ਨਹੀਂ ਦੇਣਗੇ ਅਤੇ ਉਨ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੰਟੈਂਟ ਨੂੰ ਹਟਾਉਣਾ ਲਗਾਤਾਰ ਜਾਰੀ ਰੱਖਣਗੇ।
ਬ੍ਰਿਟਿਸ਼ ਡੈਡ ਨੂੰ ਖ਼ਰੀਦਣਾ
ਦਿਵਿਆ ਤਲਵਾਰ ਵਿਸਤ੍ਰਿਤ ਇਮੀਗਰੇਸ਼ਨ ਸਕੈਮ ਦੀ ਪੜਤਾਲ ਕਰਦੇ ਹਨ ਜਿੱਥੇ ਗਰਭਵਤੀ ਪਰਵਾਸੀ ਔਰਤਾਂ ਬ੍ਰਿਟਿਸ਼ ਆਦਮੀਆਂ ਨੂੰ ਹਜ਼ਾਰਾਂ ਪੌਂਡ ਅਦਾ ਕਰਦੀਆਂ ਹਨ ਤਾਂ ਜੋ ਉਹ ਬੱਚਿਆਂ ਦੇ ਝੂਠੇ ਪਿਤਾ ਬਣਨ।
ਅਸੀਂ ਇੱਕ ਔਰਤ ਨਾਲ ਗੱਲ ਕੀਤੀ ਜਿਸ ਨੇ ਇੱਕ ਆਦਮੀ ਨੂੰ ਉਸ ਦੇ ਬੱਚੇ ਦੇ ਪਿਤਾ ਵਜੋਂ ਪੇਸ਼ ਹੋਣ ਬਦਲੇ 9,000 ਪੌਂਡ ਅਦਾ ਕੀਤੇ।
ਉਸ ਨੇ ਕਿਹਾ, “ਉਹ ਮੇਰੇ ਤੋਂ ਤੀਹ ਸਾਲ ਵੱਡਾ ਸੀ। ਮੈਂ ਸੁਣਿਆ ਸੀ ਕਿ ਉਸ ਨੇ ਪਹਿਲਾਂ ਇੱਕ ਹੋਰ ਔਰਤ ਲਈ ਵੀ ਇਹ ਕੀਤਾ ਸੀ।”
ਉਸ ਬੀਬੀ ਨੇ ਦੱਸਿਆ ਕਿ ਉਸ ਦਾ ਆਦਮੀ ਨਾਲ ਬਹੁਤਾ ਰਾਬਤਾ ਨਹੀਂ ਸੀ। ਦੋਵੇਂ ਜਨਮ ਸਰਟੀਫਿਕੇਟ ਲੈ ਕੇ ਰਜਿਸਟਰ ਦਫ਼ਤਰ ਜਾਣ ਸਮੇਤ ਸਿਰਫ਼ ਤਿੰਨ ਵਾਰ ਮਿਲੇ।
ਇੱਕ ਹੋਰ ਬੀਬੀ ਨੇ ਸਾਨੂੰ ਦੱਸਿਆ ਕਿ ਉਸ ਨੇ ਝੂਠਾ ਪਿਤਾ ਬਣਨ ਬਦਲੇ ਇੱਕ ਆਦਮੀ ਨੂੰ 10,000 ਪੌਂਡ ਅਦਾ ਕੀਤੇ- ਬਾਅਦ ਵਿਚ ਪਤਾ ਲੱਗਿਆ ਕਿ ਉਸ ਨੇ ਆਪਣੇ ਇਮੀਗਰੇਸ਼ਨ ਸਟੇਟਸ ਬਾਰੇ ਉਸ ਨੂੰ ਝੂਠ ਦੱਸਿਆ ਸੀ।
ਉਨ੍ਹਾਂ ਨੇ ਕਿਹਾ, “ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਲੈਣ ਦੇ ਇੱਕ ਦਿਨ ਬਾਅਦ ਮੈਨੂੰ ਪਤਾ ਲੱਗਿਆ ਕਿ ਅਸਲ ਵਿੱਚ ਉਸ ਕੋਲ ਸਿਟੀਜ਼ਨਸ਼ਿਪ ਹੈ ਹੀ ਨਹੀਂ। ਮੈਂ ਬੌਖ਼ਲਾ ਗਈ। ਮੈਂ ਜਨਮ ਸਰਟੀਫਿਕੇਟ ਵਿਚ ਉਸ ਆਦਮੀਆਂ ਦੀ ਜਾਣਕਾਰੀ ਭਰ ਚੁੱਕੀ ਸੀ, ਹੁਣ ਬਦਲ ਨਹੀਂ ਸੀ ਸਕਦੀ।“
ਹੁਣ ਇੱਕ ਅਜਨਬੀ ਉਸ ਔਰਤ ਦੇ ਬੱਚੇ ਦੇ ਪਿਤਾ ਵਜੋਂ ਰਜਿਸਟਰ ਹੈ ਅਤੇ ਮਾਂ-ਬੱਚੇ ਕੋਲ ਯੂਕੇ ਵਿੱਚ ਰਹਿਣ ਦਾ ਹੱਕ ਨਹੀਂ ਹੈ।
ਹਰਜਪ ਭੰਗਲ ਕਹਿੰਦੇ ਹਨ ਕਿ ਗ੍ਰਹਿ ਅਧਿਕਾਰੀਆਂ ਨੂੰ ‘ਰੈਡ ਫਲੈਗ’ ਦੇ ਸੰਕੇਤ ਵਾਲੇ ਵਧੇਰੇ ਵੀਜ਼ਾ ਕੇਸ ਅਰਜ਼ੀਆਂ ਦੀ ਪੜਤਾਲ ਕਰਨ ਦੀ ਲੋੜ ਹੈ।
ਜੇ ਇੱਕ ਬੱਚਾ ਬ੍ਰਿਟਿਸ਼ ਹੋਣ ਦਾ ਦਾਅਵਾ ਕਰਦਾ ਹੈ ਅਤੇ ਮਾਪਿਆ ਵਿੱਚੋਂ ਇੱਕ ਬ੍ਰਿਟਿਸ਼ ਹੈ ਅਤੇ ਦੂਜੇ ਕੋਲ ਵੀਜ਼ਾ ਨਹੀਂ ਹੈ ਤਾਂ ਇਹ ਕੇਸ ਡੀਐੱਨਏ ਟੈਸਟ ਦੀ ਬੇਨਤੀ ਕਰਨ ਲਈ ਪਰਫੈਕਟ ਕੇਸ ਹੋਣਾ ਚਾਹੀਦਾ ਹੈ।
ਯੂਕੇ ਵਿੱਚ ਜਨਮ ਦੇ ਪੰਜੀਕਰਨ ਜਾਂ ਬੱਚੇ ਦਾ ਬ੍ਰਿਟਿਸ਼ ਪਾਸਪੋਰਟ ਅਪਲਾਈ ਕਰਨ ਲਈ ਡੀਐੱਨਏ ਟੈਸਟਿੰਗ ਨਹੀਂ ਮੰਗੀ ਜਾਂਦੀ।
ਭੰਗਲ ਮੁਤਾਬਕ ਉਨ੍ਹਾਂ ਨੂੰ ਨਹੀਂ ਲਗਦਾ ਕਿ ਕਿ ਅਜਿਹੇ ਅਪਰਾਧ ਕਰਨ ਵਾਲੇ ਬਹੁਤੇ ਲੋਕਾਂ ਨੂੰ ਸਜ਼ਾ ਮਿਲਦੀ ਹੈ।
ਉਨ੍ਹਾਂ ਨੇ ਕਿਹਾ, “ਇਸੇ ਲਈ ਲੋਕ ਅਜਿਹਾ ਕਰਦੇ ਹਨ-ਕਿਉਂਕਿ ਇਸ ਦੇ ਬੁਰੇ ਨਤੀਜਿਆਂ ਦਾ ਡਰ ਨਹੀਂ ਹੈ।”