You’re viewing a text-only version of this website that uses less data. View the main version of the website including all images and videos.
ਦਿੱਲੀ ਵਿੱਚ ਭਗਵੰਤ ਮਾਨ ਦੀ ਰਿਹਾਇਸ਼ ਉੱਤੇ ਚੋਣ ਕਮਿਸ਼ਨ ਦੀ ਟੀਮ ਪਹੁੰਚੀ, ਹੁਣ ਤੱਕ ਕੀ-ਕੀ ਪਤਾ ਹੈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਸਥਿਤ ਰਿਹਾਇਸ਼ ʼਤੇ ਚੋਣ ਕਮਿਸ਼ਨ ਟੀਮ ਪਹੁੰਚੀ ਹੋਈ ਹੈ ਤਲਾਸ਼ੀ ਲੈ ਰਹੀ ਹੈ।
ਦਿੱਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਹੈ।
ਚੋਣ ਕਮਿਸ਼ਨ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਥਾਂ ʼਤੇ ਪੈਸੇ ਵੰਡਣ ਦੀ ਜਾਣਕਾਰੀ ਮਿਲੀ ਅਤੇ ਇਸੇ ਲਈ ਉਹ ਇੱਥੇ ਪਹੁੰਚੇ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਰਿਟਰਨਿੰਗ ਅਫ਼ਸਰ ਓਪੀ ਪਾਂਡੇ ਨੇ ਦੱਸਿਆ, "ਸਾਨੂੰ ਪੈਸੇ ਵੰਡਣ ਦੀ ਸ਼ਿਕਾਇਤ ਮਿਲੀ ਸੀ। ਸਾਨੂੰ ਅਜਿਹੀ ਸ਼ਿਕਾਇਤ ʼਤੇ 100 ਮਿੰਟਾਂ ਅੰਦਰ ਕਾਰਵਾਈ ਕਰਨੀ ਪੈਂਦੀ ਹੈ।"
"ਪਰ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ ਇਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਕੈਮਰੇ ਦੇ ਨਾਲ ਅੰਦਰ ਜਾ ਲੈਣ ਦਿਓ। ਪੈਸੇ ਵੰਡਣ ਦੀ ਸ਼ਿਕਾਇਤ ਚੋਣ ਕਮਿਸ਼ਨ ਦੀ ਐਪ ਸੀਵਿਜਿਲ (cVIGIL)ʼਤੇ ਮਿਲੀ ਸੀ।"
ਇੱਕ ਹੋਰ ਬਿਆਨ ਵਿੱਚ ਅਧਿਕਾਰੀ ਨੇ ਕਿਹਾ, "ਅਸੀਂ ਬੇਨਤੀ ਕੀਤੀ ਸੀ ਕਿ ਸਾਨੂੰ ਕਾਰਵਾਈ ਕਰ ਲੈਣ ਦਿਓ ਪਰ ਅੰਦਰ ਕੁਝ ਕਮਰਿਆਂ ਨੂੰ ਤਾਲੇ ਲੱਗੇ ਹੋਣ ਕਾਰਨ ਸਾਡੀ ਜਾਂਚ ਪੂਰੀ ਨਹੀਂ ਹੋ ਸਕੀ।"
ਦਿੱਲੀ ਦੀ ਮੁੱਖ ਮੰਤਰੀ ਨੇ ਕੀ ਕਿਹਾ
ਇਸ ਬਾਰੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਐਕਸ ਹੈਂਡਲ ʼਤੇ ਪ੍ਰਤੀਕਿਰਿਆ ਦਿੱਤੀ ਹੈ।
ਜਿਸ ਵਿੱਚ ਉਨ੍ਹਾਂ ਨੇ ਕਿਹਾ, "ਦਿੱਲੀ ਪੁਲਿਸ ਭਗਵੰਤ ਮਾਨ ਦੇ ਦਿੱਲੀ ਵਾਲੇ ਘਰ ਰੇਡ ਕਰਨ ਪਹੁੰਚ ਗਈ ਹੈ। ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਉਹ ਨਹੀਂ ਨਜ਼ਰ ਆਉਂਦਾ।"
"ਬਲਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਨਿਵਾਸ ʼਤੇ ਰੇਡ ਕਰ ਪਹੁੰਚ ਜਾਂਦੇ ਹਨ। ਵਾਹ ਰੀ ਭਾਜਪਾ! ਦਿੱਲੀ ਵਾਲੇ 5 ਫਰਵਰੀ ਨੂੰ ਜਵਾਬ ਦੇਣਗੇ।"
ਭਗਵੰਤ ਮਾਨ ਦੀ ਪ੍ਰਤੀਕਿਰਿਆ
ਚੋਣ ਕਮਿਸ਼ਨ ਦੀ ਕਾਰਵਾਈ ʼਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਪ੍ਰਤੀਕਿਰਿਆ ਐਕਸ ਹੈਂਡਲ ʼਤੇ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਐਕਸ ʼਤੇ ਲਿਖਿਆ ਹੈ, "ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਹਨ।"
"ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁਝ ਵੀ ਨਹੀਂ ਦਿਖ ਰਿਹਾ। ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।"
ਚੋਣ ਕਮਿਸ਼ਨ ਨੇ ਕੀ ਕਿਹਾ
ਇਸ ਪੂਰੀ ਘਟਨਾ ʼਤੇ ਚੋਣ ਕਮਿਸ਼ਨ ਨੇ ਇੱਕ ਬਿਆਨ ਜਾਰੀ ਕੀਤਾ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਚੋਣ ਕਮਿਸ਼ਨ ਨੇ ਕਿਹਾ ਹੈ, "ਇਹ ਕਾਰਵਾਈ ਸੀਵਿਜਿਲ ਆਈਡੀ ਨੰਬਰ 1282744 ਦੇ ਜਵਾਬ ਵਿੱਚ ਕੀਤੀ ਗਈ ਹੈ। ਇਸ ਵਿੱਚ ਸ਼ਿਕਾਇਤ ਮਿਲੀ ਸੀ ਕਿ ਨਵੀਂ ਦਿੱਲੀ ਸਥਿਤ ਕਪੂਰਥਲਾ ਹਾਊਸ ਵਿੱਚ ਪੈਸੇ ਵੰਡੇ ਜਾ ਰਹੇ ਹਨ।"
"ਸਟੈਂਡਰਡ ਪ੍ਰੋਟੋਕੋਲ ਮੁਤਾਬਕ ਇਸ ਸ਼ਿਕਾਇਤ ʼਤੇ ਕਾਰਵਾਈ ਕਰਨ ਲਈ ਨੇੜਲੇ ਕੰਟ੍ਰੋਲ ਰੂਮ ਦੀ ਫਲਾਇੰਗ ਸਕੁਐਡ ਟੀਮ (ਐੱਫਐੱਸਟੀ) ਨੂੰ ਸੂਚਿਤ ਕੀਤਾ ਤਾਂ 100 ਮਿੰਟਾਂ ਅੰਦਰ ਉਚਿਤ ਕਾਰਵਾਈ ਕੀਤੀ ਜਾ ਸਕੇ।"
"ਸ਼ਿਕਾਇਤ ਮਿਲਣ ʼਤੇ ਐੱਫਐੱਸਟੀ ਟੀਮ ਤੁਰੰਤ ਕਪੂਰਥਲਾ ਪਹੁੰਚੀ ਪਰ ਟੀਮ ਨੂੰ ਸੁਰੱਖਿਆ ਕਰਮੀਆਂ ਵੱਲੋਂ ਸਾਨੂੰ ਅੰਦਰ ਨਹੀਂ ਜਾਣ ਨਹੀਂ ਦਿੱਤਾ।"
ਸੀਵਿਜਿਲ ਐਪ ਕੀ ਹੈ
ਸੀਵਿਜਿਲ ਐਪ, ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਇੱਕ ਮੌਬਾਈਲ ਐਪ ਹੈ।
ਚੋਣ ਕਮਿਸ਼ਨ ਦੀ ਵੈਬਸਾਈਟ ਅਨੁਸਾਰ, ਇਸ ਨੂੰ ਤਿਆਰ ਕਰਨ ਦਾ ਉਦੇਸ਼ ਇਹ ਹੈ ਨਾਗਰਿਕ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰ ਸਕਣ।
ਇਹ ਐਪ ਐਂਡਰਾਇਡ ਅਤੇ ਆਈਓਐੱਸ (iOS) ਡਿਵਾਈਸਾਂ 'ਤੇ ਡਾਊਨਲੋਡ ਕਰਨ ਲਈ ਉਪਲਬਧ ਹੈ।
ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਇਸ ਦੀ ਸੁਖਾਲੀ ਵਰਤੋਂ, ਪ੍ਰਮਾਣਿਕਤਾ ਅਤੇ ਉਪਭੋਗਤਾ ਦੀ ਜਾਣਕਾਰੀ ਗੁਪਤ ਰੱਖਣ ਨੂੰ ਲੈ ਕੇ, ਇਸ ਦੀ ਕਾਫੀ ਸ਼ਲਾਘਾ ਵੀ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ